ਛੇਵੇਂ ਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ 'ਤੇ ਕੈਪਟਨ ਵੱਲੋਂ ਸਿੱਖ ਸੰਗਤ ਨੂੰ ਵਧਾਈਆਂ
Saturday, Jun 06, 2020 - 11:31 AM (IST)
ਜਲੰਧਰ : ਸਿੱਖ ਕੌਮ ਦੇ ਛੇਵੇਂ ਗੁਰੂ ਤੇ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ 6 ਜੂਨ, ਮਤਲਬ ਕਿ ਅੱਜ ਬੜੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ। ਇਸ ਮੌਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਮੂਹ ਸਿੱਖ ਸੰਗਤ ਨੂੰ ਵਧਾਈਆਂ ਦਿੱਤੀਆਂ ਹਨ। ਕੈਪਟਨ ਨੇ ਕਿਹਾ ਹੈ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਗੁਰਗੱਦੀ ਦੀ ਪਰੰਪਰਾਗਤ ਰਸਮ ਨੂੰ ਸਮੇਂ ਦੀ ਲੋੜ ਮੁਤਾਬਕ ਬਦਲਿਆ ਅਤੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੋ ਕਿਰਪਾਨਾਂ ਧਾਰਨ ਕੀਤੀਆਂ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਣਾ ਕੀਤੀ, ਜਿੱਥੇ ਦੀਵਾਨ ਸਜਦੇ ਅਤੇ ਗੁਰਬਾਣੀ ਕੀਰਤਨ ਦੇ ਨਾਲ-ਨਾਲ ਬੀਰਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।
ਕੈਪਟਨ ਨੇ ਕਿਹਾ ਕਿ ਪਹਿਲੇ ਪੰਜ ਗੂਰੂ ਸਾਹਿਬਾਨਾਂ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਪਹਿਲੇ ਗੁਰੂ ਸਨ, ਜਿਨ੍ਹਾਂ ਨੇ ਸ਼ਸਤਰ ਧਾਰਨ ਕੀਤੇ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਉਹ ਉਨ੍ਹਾਂ ਨੂੰ ਕੋਟਿ-ਕੋਟਿ ਪ੍ਰਣਾਮ ਕਰਦੇ ਹਨ ਅਤੇ ਸਮੁੱਚੀ ਸਿੱਖ ਸੰਗਤ ਨੂੰ ਵਧਾਈ ਦਿੰਦੇ ਹਨ। ਗੁਰੂ ਹਰਗੋਬਿੰਦ ਸਾਹਿਬ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਪੰਚਮ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ 'ਚ ਨਵੀਂ ਰੂਹ ਫੂਕੀ ਤੇ ਇਨਕਲਾਬੀ ਤਬਦੀਲੀ ਲਿਆਂਦੀ। ਐਸੇ ਮਹਾਨ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ 1595 ਈ. ਨੂੰ ਅੰਮ੍ਰਿਤਸਰ ਦੇ ਵਡਾਲੀ 'ਚ ਪਿਤਾ ਗੁਰੂ ਅਰਜਨ ਦੇਵ ਤੇ ਮਾਤਾ ਗੰਗਾ ਜੀ ਦੇ ਗ੍ਰਹਿ ਵਿਖੇ ਹੋਇਆ। ਗੁਰੂ ਹਰਿਗੋਬਿੰਦ ਸਾਹਿਬ ਦੀ ਉਮਰ ਮਹਿਜ਼ 11 ਸਾਲ ਸੀ, ਜਦੋਂ ਬਾਦਸ਼ਾਹ ਜਹਾਂਗੀਰ ਦੇ ਹੁਕਮ ਤੇ ਪਿਤਾ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ 'ਚ ਸਖਤ ਤਸੀਹੇ ਦੇ ਕੇ ਸ਼ਹੀਦ ਕਰ ਦਿੱਤਾ ਗਿਆ।
ਪੰਚਮ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਛੇਵੇਂ ਗੁਰੂ ਦੇ ਰੂਪ 'ਚ ਹਰਿਗੋਬਿੰਦ ਸਾਹਿਬ ਗੁਰਗੱਦੀ 'ਤੇ ਬਿਰਾਜਮਾਨ ਹੋਏ ਤੇ ਕੌਮ ਦੀ ਚੜ੍ਹਦੀਕਲਾ ਲਈ ਵਡਮੁੱਲੇ ਕਾਰਜ ਕੀਤੇ। ਮੀਰੀ-ਪੀਰੀ ਦੀਆਂ ਕਿਰਪਾਨਾ ਧਾਰਨ ਕਰਨੀਆਂ, ਫੌਜਾਂ ਦੀ ਤਿਆਰੀ ਤੇ ਅਕਾਲ ਤਖ਼ਤ ਦੀ ਸਿਰਜਨਾ ਕਰਕੇ ਲੋਕ ਹਿੱਤ 'ਚ ਫੈਸਲੇ ਕਰਨੇ ਇਨਕਲਾਬੀ ਬਦਲਾਅ ਸਨ। ਅਕਾਲ ਤਖ਼ਤ ਤੇ ਦੀਵਾਨ ਸਜਦੇ, ਗੁਰਬਾਣੀ ਦਾ ਪ੍ਰਵਾਹ ਚੱਲਦਾ, ਢਾਡੀ ਅਬਦੁੱਲਾ ਤੇ ਨੱਥਾ ਬੀਰ ਰਸੀ ਵਾਰਾਂ ਗਾਉਂਦੇ, ਗੁਰੂ ਸਾਹਿਬ ਨੌਜਵਾਨਾਂ ਨੂੰ ਕਸਰਤ, ਕੁਸ਼ਤੀ, ਘੋੜ ਸਵਾਰੀ ਕਰਾਉਂਦੇ ਤੇ ਸ਼ਸਤਰ ਵਿੱਦਿਆ 'ਚ ਨਿਪੁੰਨਤਾ ਲਈ ਯੋਗ ਅਗਵਾਈ ਕਰਦੇ ਸਨ। ਉਸ ਸਮੇਂ ਦੇ ਬਾਦਸ਼ਾਹ ਜਹਾਂਗੀਰ ਤੋਂ ਗੁਰੂ ਸਾਹਿਬ ਦੀਆਂ ਗਤੀਵਿਧੀਆਂ ਸਹਾਰੀਆਂ ਨਾ ਗਈਆਂ। ਉਸ ਨੇ ਗੁਰੂ ਜੀ ਨੂੰ ਗਵਾਲੀਅਰ ਦੇ ਕਿਲ੍ਹੇ 'ਚ ਕੈਦ ਕਰਵਾ ਦਿੱਤਾ। ਆਖਰਕਾਰ ਗੁਰੂ ਸਾਹਿਬ ਨੂੰ 52 ਰਾਜਸੀ ਕੈਦੀਆਂ ਸਮੇਤ ਰਿਹਾਅ ਕਰਨਾ ਪਿਆ।
ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਸਾਹਿਬ ਨੇ ਜ਼ੁਲਮ ਖ਼ਿਲਾਫ਼ ਮੁੱਖ ਚਾਰ ਜੰਗਾਂ ਲੜੀਆਂ ਤੇ ਜਿੱਤ ਹਾਸਲ ਕੀਤੀ। ਅਖੀਰ 'ਚ ਗੁਰੂ ਸਾਹਿਬ ਨੇ ਕੀਰਤਪੁਰ ਸਾਹਿਬ ਨੂੰ ਪੱਕਾ ਟਿਕਾਣਾ ਬਣਾ ਲਿਆ ਤੇ ਧਰਮ ਪ੍ਰਚਾਰ 'ਤੇ ਜ਼ੋਰ ਦਿੱਤਾ। ਗੁਰੂ ਹਰਿਗੋਬਿੰਦ ਜੀ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਦੇ ਪ੍ਰਚਾਰ-ਪ੍ਰਸਾਰ ਲਈ ਪੰਜਾਬ ਤੇ ਇਸ ਤੋਂ ਬਾਹਰ ਕਈ ਯਾਤਰਾਵਾਂ ਕੀਤੀਆਂ । ਆਖਰ 'ਚ ਜੋਤੀ-ਜੋਤ ਸਮਾਉਣ ਦਾ ਸਮਾਂ ਨੇੜੇ ਆਇਆ ਵੇਖ ਕੇ ਸ੍ਰੀ ਹਰਿ ਰਾਇ ਜੀ ਨੂੰ ਸਿੱਖਾਂ ਦੇ ਸੱਤਵੇਂ ਗੁਰੂ ਥਾਪਿਆ ਤੇ 3 ਮਾਰਚ, 1644 ਈ. ਨੂੰ ਆਪ ਜੋਤੀ-ਜੋਤ ਸਮਾ ਗਏ ।