ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲਣ ਦੀ ਤਿਆਰੀ !

Monday, Sep 03, 2018 - 06:54 PM (IST)

ਅੰਮ੍ਰਿਤਸਰ : ਵਿਧਾਨ ਸਭਾ ਵਿਚ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਅਤੇ ਡੇਰਾ ਸਿਰਸਾ ਮੁਖੀ ਦੀ ਮੁਆਫੀ ਨੂੰ ਲੈ ਕੇ ਹੋਈ ਚਰਚਾ ਤੋਂ ਬਾਅਦ ਅਕਾਲੀ ਦਲ ਸਿਆਸੀ ਤੌਰ 'ਤੇ ਕਾਫੀ ਕਮਜ਼ੋਰ ਪੈ ਗਿਆ ਹੈ। ਕਿਸੇ ਸਮੇਂ ਜਿਹੜੇ ਪੰਥਕ ਦਲ ਅਕਾਲੀ ਦਲ ਦੀ ਤਾਕਤ ਮੰਨੇ ਜਾਂਦੇ ਸਨ ਅੱੱਜ ਉਹੀ ਅਕਾਲੀ ਦਲ ਦੇ ਵਿਰੋਧੀ ਪਾਲੇ ਵਿਚ ਖੜ੍ਹੇ ਨਜ਼ਰ ਆ ਰਹੇ ਹਨ। ਅਜਿਹੇ ਵਿਚ ਅਕਾਲੀ ਦਲ ਵਲੋਂ ਆਪਣੇ ਖਿਲਾਫ ਚੱਲੀ ਲਹਿਰ ਨੂੰ ਕਾਬੂ ਕਰਨ ਲਈ ਕਈ ਵਿਉਂਤਬੰਦੀਆਂ ਕੀਤੀਆਂ ਜਾ ਰਹੀਆਂ ਹਨ। ਚਰਚਾ ਚੱਲ ਰਹੀ ਹੈ ਕਿ ਡੇਰਾ ਸਿਰਸਾ ਦੀ ਮੁਆਫੀ ਅਤੇ ਬੇਅਦਬੀ ਕਾਂਡ ਨੂੰ ਲੈ ਕੇ ਲੋਕਾਂ ਦੇ ਮੰਨ ਵਿਚ ਅਕਾਲੀ ਦਲ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਖਿਲਾਫ ਕਾਫੀ ਰੋਸ ਹੈ। 

ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਦੇਵ ਸਿੰਘ ਢੀਂਡਸਾ ਅਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਵੀ ਕਹਿ ਦਿੱਤਾ ਹੈ ਕਿ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਬਦਲ ਦੇਣਾ ਚਾਹੀਦਾ ਹੈ। ਅਜਿਹੇ ਵਿਚ ਅਕਾਲੀ ਦਲ ਵੀ ਸੋਚ ਰਿਹਾ ਹੈ ਕਿ ਸ਼ਾਇਦ ਜਥੇਦਾਰ ਨੂੰ ਬਦਲਣ ਦੇ ਨਾਲ ਲੋਕਾਂ ਦਾ ਰੋਸ ਮੱਠਾ ਪਵੇਗਾ ਪਰ ਪਾਰਟੀ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਹੈ ਕਿ ਆਖਿਰਕਾਰ ਨਵਾਂ ਜਥੇਦਾਰ ਲਗਾਇਆ ਜਾਵੇ ਤਾਂ ਕਿਸ ਨੂੰ? 

ਦਰਅਸਲ ਜਥੇਦਾਰ ਨੂੰ ਬਦਲਣ ਦੀ ਸਕੀਮ ਤਾਂ ਪਿਛਲੇ ਦੋ ਸਾਲ ਤੋਂ ਬਣ ਰਹੀ ਹੈ ਪਰ ਸਮੱਸਿਆ ਇਹ ਹੈ ਕਿ ਅਕਾਲੀ ਦਲ ਨੂੰ ਇਸ ਅਹੁਦੇ ਲਈ ਕੋਈ ਵੀ ਅਜਿਹੀ ਧਾਰਮਿਕ ਸ਼ਖਸੀਅਤ ਨਜ਼ਰ ਨਹੀਂ ਆ ਰਹੀ ਜੋ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਸੇਵਾ ਮੁਕਤ ਕਰਨ ਦਾ ਬਦਲ ਬਣ ਸਕੇ। ਇਹ ਵੀ ਚਰਚਾ ਚੱਲੀ ਸੀ ਕਿ ਪ੍ਰਸਿੱਧ ਪ੍ਰਚਾਰਕ ਗਿਆਨੀ ਪਿੰਦਰਪਾਲ ਸਿੰਘ ਤਕ ਵੀ ਅਕਾਲੀ ਦਲ ਨੇ ਪਹੁੰਚ ਕੀਤੀ ਸੀ ਪਰ ਉਨ੍ਹਾਂ ਵਲੋਂ ਸਾਫ ਇਨਕਾਰ ਕਰ ਦਿੱਤਾ ਗਿਆ। ਸੋ ਹੁਣ ਵੇਖਣਾ ਹੋਵੇਗਾ ਕਿ ਨਵਾਂ ਜਥੇਦਾਰ ਅਕਾਲੀ ਦਲ ਵਲੋਂ ਕਿਸ ਨੂੰ ਥਾਪਿਆ ਜਾਂਦਾ ਹੈ ਅਤੇ ਕੀ ਇਹ ਨਵਾਂ ਕਦਮ ਅਕਾਲੀ ਦਲ ਨੂੰ ਰਾਹਤ ਦੇਵੇਗਾ। 

ਇਥੇ ਦੱਸਣਯੋਗ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਡੇਰਾ ਸੱਚਾ ਸੌਦਾ ਸਿਰਸਾ ਮੁਖੀ ਨੂੰ ਮੁਆਫੀ ਦੇਣ ਅਤੇ ਫਿਰ ਵਾਪਸ ਲੈਣ ਦੇ ਫੈਸਲੇ ਤੋਂ ਬਾਅਦ ਗਿਆਨੀ ਗੁਰਬਚਨ ਸਿੰਘ ਵਿਵਾਦਾਂ 'ਚ ਆਏ ਸਨ ਪਰ ਆਪਣੇ ਆਪ ਨੂੰ ਪੰਥਕ ਪਾਰਟੀ ਅਖਵਾਉਣ ਵਾਲੀ ਸ਼੍ਰੋਮਣੀ ਅਕਾਲੀ ਦਲ ਵਲੋਂ ਇਸ ਦਾ ਵਿਰੋਧ ਤਕ ਨਹੀਂ ਕੀਤਾ ਗਿਆ।


Related News