ਸੋਹਾਣਾ ਗੁਰਦੁਆਰਾ ਹੰਗਾਮਾ ਮਾਮਲਾ : 10 ਦਿਨਾਂ ਮਗਰੋਂ ਨਿਹੰਗ ਜਸਦੀਪ ਸਿੰਘ ਸਣੇ ਕਈਆਂ ''ਤੇ FIR
Thursday, Jul 09, 2026 - 12:38 PM (IST)
ਮੋਹਾਲੀ (ਜੱਸੀ) : ਉੱਤਰਾਖੰਡ ਦੇ ਕਰਨਪ੍ਰਯਾਗ ਮਾਮਲੇ ’ਚ ਜ਼ਮਾਨਤ ’ਤੇ ਰਿਹਾਅ ਹੋ ਕੇ ਪੰਜਾਬ ਪਰਤੇ ਨਿਹੰਗ ਸਿੰਘਾਂ ਦੇ ਸਵਾਗਤੀ ਸਮਾਗਮ ਦੌਰਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਹੋਏ ਹੰਗਾਮੇ ਦੇ ਮਾਮਲੇ ’ਚ ਕਰੀਬ 10 ਦਿਨਾਂ ਬਾਅਦ ਸੋਹਾਣਾ ਪੁਲਸ ਨੇ ਪਰਚਾ ਦਰਜ ਕਰ ਲਿਆ ਹੈ। ਪੁਲਸ ਨੇ ਸ਼ਿਕਾਇਤਕਰਤਾ ਪਰਮਜੋਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਨਿਹੰਗ ਸਿੰਘ ਜਸਦੀਪ ਸਿੰਘ, ਰਾਣਾ ਬੱਬਰ, ਜਸਮੀਤ ਸਿੰਘ ਤੇ 7-8 ਅਣਪਛਾਤਿਆਂ ਖ਼ਿਲਾਫ਼ ਬੀ. ਐੱਨ. ਐੱਸ. ਦੀਆਂ ਧਾਰਾਵਾਂ 115(2), 190, 191(3) ਤੇ 351(2) ਤਹਿਤ ਕਰਵਾਈ ਕੀਤੀ ਹੈ। ਸ਼ਿਕਾਇਤਕਰਤਾ ਪਰਮਜੋਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਹ ਪਿੰਡ ਮੌਲੀ ਬੈਦਵਾਣ ’ਚ ਕੰਮ ਕਰਦਾ ਹੈ ਅਤੇ 28 ਜੂਨ ਨੂੰ ਗੁਰਦੁਆਰਾ ਸਿੰਘ ਸ਼ਹੀਦਾਂ ਸੋਹਾਣਾ ਵਿਖੇ ਮੱਥਾ ਟੇਕਣ ਗਿਆ ਸੀ।
ਉਸ ਸਮੇਂ ਉੱਤਰਾਖੰਡ ਦੇ ਕਰਨਪ੍ਰਯਾਗ ਮਾਮਲੇ ’ਚ ਜ਼ਮਾਨਤ ’ਤੇ ਰਿਹਾਅ ਹੋਏ ਨਿਹੰਗ ਸਿੰਘਾਂ ਦੇ ਸਵਾਗਤ ਲਈ ਸਮਾਗਮ ਚੱਲ ਰਿਹਾ ਸੀ। ਉਸ ਦੇ ਮੁਤਾਬਕ ਜਦੋਂ ਨਿਹੰਗ ਜਸਦੀਪ ਸਿੰਘ ਗੁਰਦੁਆਰੇ ਤੋਂ ਬਾਹਰ ਆ ਰਹੇ ਸਨ ਤਾਂ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਕਿਹਾ ਕਿ ਇਹ ਦੋਆਬੀ ਦਾ ਬੰਦਾ ਹੈ, ਇਸ ਨੂੰ ਸਬਕ ਸਿਖਾ ਦਿਓ। ਇਸ ਤੋਂ ਬਾਅਦ ਕੁੱਝ ਨਿਹੰਗ ਸਿੰਘਾਂ ਨੇ ਜੈਕਾਰੇ ਲਾਉਣੇ ਸ਼ੁਰੂ ਕਰ ਦਿੱਤੇ ਅਤੇ ਉਸ ਨਾਲ ਕੁੱਟਮਾਰ ਕੀਤੀ। ਇਸ ਕਾਰਨ ਉਹ ਜ਼ਖ਼ਮੀ ਹੋ ਗਿਆ ਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ। ਸੋਹਾਣਾ ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਗਈ ਤੇ ਤੱਥਾਂ ਦੇ ਆਧਾਰ ’ਤੇ ਐੱਫ. ਆਈ. ਆਰ. ਦਰਜ ਕੀਤੀ ਗਈ ਹੈ। ਪੁਲਸ ਵੱਲੋਂ ਅੱਗੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ : ਚੰਨੀ ਦੇ ਗਿਲੇ-ਸ਼ਿਕਵਿਆਂ 'ਤੇ ਪਹਿਲੀ ਵਾਰ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ, ਪੜ੍ਹੋ ਕੀ ਦਿੱਤਾ ਬਿਆਨ
ਕਰਨਪ੍ਰਯਾਗ ਵਿਵਾਦ ਨਾਲ ਜੁੜਿਆ ਹੈ ਮਾਮਲਾ
ਦੱਸਣਯੋਗ ਹੈ ਕਿ 16 ਜੂਨ ਨੂੰ ਉੱਤਰਾਖੰਡ ਦੇ ਕਰਨਪ੍ਰਯਾਗ ’ਚ ਨਿਹੰਗ ਸਿੰਘਾਂ ਤੇ ਸਥਾਨਕ ਲੋਕਾਂ ਵਿਚਾਲੇ ਝੜਪ ਹੋਈ ਸੀ। ਇਸ ਤੋਂ ਬਾਅਦ ਚਾਰ ਨਿਹੰਗ ਸਿੰਘਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ। ਇਸ ਗ੍ਰਿਫ਼ਤਾਰੀ ਦੇ ਵਿਰੋਧ ’ਚ ਕੁੱਝ ਨਿਹੰਗਾਂ ਨੇ ਗੁਰਦੁਆਰਾ ਸਾਹਿਬ ’ਤੇ ਕਬਜ਼ਾ ਕਰ ਲਿਆ ਸੀ, ਜਦੋਂ ਕਿ ਪੰਜਾਬ ਤੋਂ ਵੱਡੀ ਗਿਣਤੀ ’ਚ ਨਿਹੰਗਾਂ ਨੇ ਉੱਤਰਾਖੰਡ ਵੱਲ ਕੂਚ ਕਰਨ ਦਾ ਐਲਾਨ ਕੀਤਾ ਸੀ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਦੇ ਪਾਊਂਟਾ ਸਾਹਿਬ ਸਰਹੱਦ ’ਤੇ ਹੀ ਰੋਕ ਦਿੱਤਾ ਸੀ। ਬਾਅਦ ’ਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦੇ ਦਖ਼ਲ 'ਤੇ ਉਨ੍ਹਾਂ ਦੇ ਸਿਆਸੀ ਸਲਾਹਕਾਰ ਤਰੁਣ ਭੰਡਾਰੀ ਵੱਲੋਂ ਉੱਤਰਾਖੰਡ ਸਰਕਾਰ ਨਾਲ ਗੱਲਬਾਤ ਤੋਂ ਬਾਅਦ ਵਿਵਾਦ ਸ਼ਾਂਤ ਹੋਇਆ ਤੇ ਚਾਰਾਂ ਨਿਹੰਗ ਸਿੰਘਾਂ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਰਿਹਾਈ ਤੋਂ ਬਾਅਦ ਉਹ 28 ਜੂਨ ਨੂੰ ਪੰਜਾਬ ਪਰਤੇ, ਜਿੱਥੇ ਸੋਹਾਣਾ ਸਥਿਤ ਗੁਰਦੁਆਰਾ ਸਿੰਘ ਸ਼ਹੀਦਾਂ ’ਚ ਉਨ੍ਹਾਂ ਦੇ ਸਨਮਾਨ ’ਚ ਸਵਾਗਤੀ ਸਮਾਗਮ ਰੱਖਿਆ ਗਿਆ ਸੀ। ਇਸੇ ਸਮਾਗਮ ਦੌਰਾਨ ਭੀੜ ’ਚ ਹੋਈ ਹੱਥੋਪਾਈ ਤੋਂ ਬਾਅਦ ਪਰਮਜੋਤ ਸਿੰਘ ਦੀ ਕੁੱਟਮਾਰ ਹੋਣ ਦਾ ਦੋਸ਼ ਲੱਗਿਆ, ਜਿਸ ਸਬੰਧੀ ਹੁਣ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
