''ਰਾਧਾ ਸੁਆਮੀ'' ਆਖ਼ ਕੇ ਲਗਾਇਆ ਗਲੇ ਤੇ ਫ਼ਿਰ ਲਾਹ ਲਈਆਂ ਸੋਨੇ ਦੀਆਂ ਵਾਲ਼ੀਆਂ
Thursday, Aug 27, 2026 - 01:37 PM (IST)
ਲੁਧਿਆਣਾ (ਰਾਜ): ਮਹਾਨਗਰ ਦੇ ਅਧੀਨ ਪੈਂਦੇ ਪਿੰਡ ਹੰਬੜਾਂ ਵਿਚ ਔਰਤਾਂ ਵੱਲੋਂ ਗਲੇ ਮਿਲ ਕੇ ਸੋਨੇ ਦੇ ਗਹਿਣੇ ਖੋਹਣ ਦਾ ਇਕ ਬਹੁਤ ਹੀ ਚਲਾਕੀ ਭਰਿਆ ਮਾਮਲਾ ਸਾਹਮਣੇ ਆਇਆ ਹੈ। ਆਪਣੀ ਨੂੰਹ ਦੇ ਨਾਲ ਪਤੀ ਨੂੰ ਰੋਟੀ ਦੇਣ ਦੁਕਾਨ 'ਤੇ ਜਾ ਰਹੀ ਇਕ ਬਜ਼ੁਰਗ ਔਰਤ ਨੂੰ ਸਵਿਫਟ ਕਾਰ ਸਵਾਰ ਦੋ ਚਲਾਕ ਔਰਤਾਂ ਨੇ 'ਰਾਧਾ ਸੁਆਮੀ' ਆਖ ਕੇ ਅਚਾਨਕ ਗਲੇ ਲਗਾ ਲਿਆ। ਇਸ ਤੋਂ ਬਾਅਦ ਔਰਤਾਂ ਨੇ ਝਪੱਟਾ ਮਾਰ ਕੇ ਬਜ਼ੁਰਗ ਔਰਤ ਦੇ ਸੱਜੇ ਕੰਨ ਵਿੱਚੋਂ ਸੋਨੇ ਦੀ ਵਾਲ਼ੀ ਖਿਚ ਲਈ ਅਤੇ ਆਪਣੀ ਕਾਰ ਵਿਚ ਬੈਠ ਕੇ ਤੇਜ਼ੀ ਨਾਲ ਫ਼ਰਾਰ ਹੋ ਗਈਆਂ। ਪੀੜਤਾ ਦੀ ਸ਼ਿਕਾਇਤ 'ਤੇ ਪੁਲਿਸ ਨੇ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੂੰ ਦਿੱਤੇ ਬਿਆਨਾਂ ਵਿਚ ਪੀੜਤਾ ਮਾਇਆ ਦੇਵੀ ਨੇ ਦੱਸਿਆ ਕਿ ਸਵੇਰੇ ਕਰੀਬ 10 ਵਜੇ ਉਹ ਆਪਣੀ ਨੂੰਹ ਦੇ ਨਾਲ ਆਪਣੇ ਪਤੀ ਨੂੰ ਦੁਕਾਨ 'ਤੇ ਰੋਟੀ ਦੇਣ ਲਈ ਪੈਦਲ ਜਾ ਰਹੀ ਸੀ। ਜਦੋਂ ਉਹ ਦੋਵੇਂ ਪੰਜਾਬ ਨੈਸ਼ਨਲ ਬੈਂਕ ਪਿੰਡ ਹੰਬੜਾਂ ਕੋਲ ਪਹੁੰਚੀਆਂ, ਤਾਂ ਪਿੱਛੋਂ ਇਕ ਚਿੱਟੇ ਰੰਗ ਦੀ/ਸ਼ੱਕੀ ਸਵਿਫਟ ਕਾਰ ਆ ਕੇ ਉਨ੍ਹਾਂ ਕੋਲ ਰੁਕੀ। ਕਾਰ ਰੁਕਦਿਆਂ ਹੀ ਉਸ ਵਿਚੋਂ ਦੋ ਅਣਪਛਾਤੀਆਂ ਔਰਤਾਂ ਤੇਜ਼ੀ ਨਾਲ ਹੇਠਾਂ ਉਤਰੀਆਂ ਅਤੇ ਬਜ਼ੁਰਗ ਔਰਤ ਦੇ ਕੋਲ ਆ ਗਈਆਂ। ਕਾਰ ਵਿੱਚੋਂ ਉਤਰੀਆਂ ਔਰਤਾਂ ਨੇ ਬਜ਼ੁਰਗ ਔਰਤ ਨੂੰ ਜਾਣ-ਪਛਾਣ ਦਿਖਾਉਂਦੇ ਹੋਏ ਅਚਾਨਕ ਬੜੇ ਪਿਆਰ ਨਾਲ 'ਰਾਧਾ ਸੁਆਮੀ' ਆਖਿਆ ਅਤੇ ਉਨ੍ਹਾਂ ਨੂੰ ਗਲੇ ਲਗਾ ਲਿਆ।
ਗਲੇ ਮਿਲਣ ਦੇ ਬਹਾਨੇ ਚਲਾਕ ਔਰਤਾਂ ਨੇ ਪੀੜਤਾ ਦੇ ਸੱਜੇ ਕੰਨ ਵਿਚ ਪਾਈ ਹੋਈ ਸੋਨੇ ਦੀ ਵਾਲੀ 'ਤੇ ਝਪੱਟਾ ਮਾਰਿਆ ਅਤੇ ਉਸ ਨੂੰ ਝਟਕੇ ਨਾਲ ਖਿੱਚ ਲਿਆ। ਵਾਲੀ ਖਿੱਚਦਿਆਂ ਹੀ ਦੋਵੇਂ ਔਰਤਾਂ ਤੁਰੰਤ ਆਪਣੀ ਸਵਿਫਟ ਕਾਰ ਵਿਚ ਬੈਠ ਗਈਆਂ ਅਤੇ ਡਰਾਈਵਰ ਕਾਰ ਨੂੰ ਤੇਜ਼ ਰਫ਼ਤਾਰ ਨਾਲ ਭਜਾ ਕੇ ਮੌਕੇ ਤੋਂ ਰਫ਼ੂ-ਚੱਕਰ ਹੋ ਗਿਆ। ਅਚਾਨਕ ਹੋਏ ਇਸ ਹਮਲੇ ਨਾਲ ਬਜ਼ੁਰਗ ਔਰਤ ਦਰਦ ਨਾਲ ਚੀਕ ਉੱਠੀ ਅਤੇ ਜਦੋਂ ਤੱਕ ਉਹ ਰੌਲਾ ਪਾਉਂਦੇ, ਮੁਲਜ਼ਮ ਅੱਖਾਂ ਤੋਂ ਓਹਲੇ ਹੋ ਚੁੱਕੇ ਸਨ। ਪੁਲਸ ਪੰਜਾਬ ਨੈਸ਼ਨਲ ਬੈਂਕ ਅਤੇ ਹੰਬੜਾਂ ਮੁੱਖ ਮਾਰਗ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਖੰਗਾਲ ਰਹੀ ਹੈ ਤਾਂ ਜੋ ਸਵਿਫਟ ਕਾਰ ਦੇ ਨੰਬਰ ਅਤੇ ਮੁਲਜ਼ਮਾਂ ਦੇ ਰੂਟ ਨੂੰ ਟ੍ਰੇਸ ਕਰਕੇ ਗਿਰੋਹ ਦਾ ਪਰਦਾਫਾਸ਼ ਕੀਤਾ ਜਾ ਸਕੇ।
