ਪਟਿਆਲਾ ਕੇਂਦਰੀ ਜੇਲ੍ਹ ‘ਚ ਭੈਣਾਂ ਨੇ ਭਰਾਵਾਂ ਦੀਆਂ ਗੁੱਟਾਂ ‘ਤੇ ਬੰਨ੍ਹੀ ਰੱਖੜੀ
Friday, Aug 28, 2026 - 11:25 AM (IST)
ਪਟਿਆਲਾ (ਸੁਖਮੀਤ) : ਰੱਖੜੀ ਦੇ ਪਵਿੱਤਰ ਤਿਉਹਾਰ ਮੌਕੇ ਪਟਿਆਲਾ ਕੇਂਦਰੀ ਜੇਲ੍ਹ 'ਚ ਵੀ ਭੈਣ-ਭਰਾ ਦੇ ਪਵਿੱਤਰ ਰਿਸ਼ਤੇ ਦੀਆਂ ਭਾਵਨਾਵਾਂ ਦੇਖਣ ਨੂੰ ਮਿਲੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ 'ਚ ਬੰਦ ਕੈਦੀਆਂ ਅਤੇ ਹਵਾਲਾਤੀਆਂ ਨੂੰ ਰੱਖੜੀ ਬੰਨ੍ਹਣ ਲਈ ਉਨ੍ਹਾਂ ਦੀਆਂ ਮਾਵਾਂ ਅਤੇ ਭੈਣਾਂ ਵਾਸਤੇ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ। ਪਟਿਆਲਾ ਕੇਂਦਰੀ ਜੇਲ੍ਹ ਦੇ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਆਮ ਮੁਲਾਕਾਤ ਦੌਰਾਨ ਰੱਖੜੀ ਬੰਨ੍ਹਣਾ ਸੰਭਵ ਨਹੀਂ ਹੁੰਦਾ। ਇਸ ਲਈ ਰੱਖੜੀ ਦੇ ਤਿਉਹਾਰ ਨੂੰ ਧਿਆਨ 'ਚ ਰੱਖਦਿਆਂ ਵਿਸ਼ੇਸ਼ ਮੁਲਾਕਾਤਾਂ ਦਾ ਪ੍ਰਬੰਧ ਕੀਤਾ ਗਿਆ ਹੈ। ਜੇਲ੍ਹ ਪ੍ਰਸ਼ਾਸਨ ਵੱਲੋਂ ਜੇਲ੍ਹ ਅੰਦਰ ਰੱਖੜੀਆਂ ਅਤੇ ਮਠਿਆਈ ਦਾ ਵੀ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ, ਤਾਂ ਜੋ ਭੈਣਾਂ ਆਪਣੇ ਭਰਾਵਾਂ ਨੂੰ ਰੱਖੜੀ ਬੰਨ੍ਹ ਕੇ ਖੁਸ਼ੀ-ਖੁਸ਼ੀ ਵਾਪਸ ਜਾ ਸਕਣ। ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਵਾਰ ਕਰੀਬ 500 ਤੋਂ 600 ਦੇ ਕਰੀਬ ਰੱਖੜੀਆਂ ਜੇਲ੍ਹ 'ਚ ਬੰਨ੍ਹੇ ਜਾਣ ਦੀ ਉਮੀਦ ਹੈ। ਜਿਨ੍ਹਾਂ ਕੈਦੀਆਂ ਦੀਆਂ ਭੈਣਾਂ ਜੇਲ੍ਹ ਤੋਂ ਬਾਹਰ ਹਨ, ਉਨ੍ਹਾਂ ਲਈ ਵੀ ਵਿਸ਼ੇਸ਼ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀਆਂ ਭੈਣਾਂ ਜੇਲ੍ਹ ਅੰਦਰ ਹਨ, ਉਨ੍ਹਾਂ ਦੇ ਭਰਾਵਾਂ ਲਈ ਵੀ ਰੱਖੜੀ ਬੰਨ੍ਹਣ ਦੀ ਵਿਵਸਥਾ ਕੀਤੀ ਗਈ ਹੈ। ਵਿਸ਼ੇਸ਼ ਮੁਲਾਕਾਤਾਂ ਦੀ ਸ਼ੁਰੂਆਤ ਸਵੇਰੇ 8 ਵਜੇ ਤੋਂ ਕੀਤੀ ਗਈ ਹੈ ਅਤੇ ਇਹ ਪ੍ਰਕਿਰਿਆ ਸ਼ਾਮ ਕਰੀਬ 6 ਵਜੇ ਤੱਕ ਜਾਰੀ ਰਹਿਣ ਦੀ ਉਮੀਦ ਹੈ। ਜੇਕਰ ਕੋਈ ਪਰਿਵਾਰਕ ਮੈਂਬਰ ਦੇਰ ਨਾਲ ਪਹੁੰਚਦਾ ਹੈ ਤਾਂ ਉਸ ਲਈ ਵੀ ਜ਼ਰੂਰਤ ਅਨੁਸਾਰ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਸੁਪਰੀਡੈਂਟ ਨੇ ਕਿਹਾ ਕਿ ਰੱਖੜੀ ਵਰਗੇ ਪਵਿੱਤਰ ਤਿਉਹਾਰ ਮੌਕੇ ਜੇਲ੍ਹ ਪ੍ਰਸ਼ਾਸਨ ਦਾ ਮਕਸਦ ਸਿਰਫ਼ ਮੁਲਾਕਾਤ ਕਰਵਾਉਣਾ ਹੀ ਨਹੀਂ, ਸਗੋਂ ਭੈਣ-ਭਰਾ ਦੇ ਪਿਆਰ ਅਤੇ ਪਰਿਵਾਰਕ ਸਾਂਝ ਨੂੰ ਕਾਇਮ ਰੱਖਣਾ ਵੀ ਹੈ। ਅੱਜ ਕਿਸੇ ਵੀ ਯੋਗ ਪਰਿਵਾਰਕ ਮੈਂਬਰ ਨੂੰ ਮੁਲਾਕਾਤ ਤੋਂ ਵਾਂਝਾ ਨਹੀਂ ਕੀਤਾ ਜਾਵੇਗਾ।
ਰੱਖੜੀ ਨੇ ਜੇਲ੍ਹ ਦੀਆਂ ਕੰਧਾਂ ਵਿਚਕਾਰ ਵੀ ਜੋੜਿਆ ਪਿਆਰ ਦਾ ਰਿਸ਼ਤਾ
ਰੱਖੜੀ ਦੇ ਇਸ ਪਵਿੱਤਰ ਮੌਕੇ ‘ਤੇ ਜੇਲ੍ਹ ਦੀਆਂ ਉੱਚੀਆਂ ਕੰਧਾਂ ਵੀ ਭੈਣਾਂ ਦੇ ਪਿਆਰ ਅਤੇ ਭਰਾਵਾਂ ਦੀ ਉਡੀਕ ਨੂੰ ਰੋਕ ਨਹੀਂ ਸਕੀਆਂ। ਜੇਲ੍ਹ ਪ੍ਰਸ਼ਾਸਨ ਵੱਲੋਂ ਕੀਤੇ ਇਸ ਵਿਸ਼ੇਸ਼ ਉਪਰਾਲੇ ਨਾਲ ਕੈਦੀਆਂ ਨੂੰ ਆਪਣੇ ਪਰਿਵਾਰ ਨਾਲ ਭਾਵਨਾਤਮਕ ਤੌਰ ‘ਤੇ ਜੁੜਨ ਦਾ ਮੌਕਾ ਮਿਲਿਆ।
