ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ

Monday, Dec 26, 2022 - 05:35 AM (IST)

ਸਿੱਖ ਜਗਤ ‘ਵੀਰ ਬਾਲ ਦਿਵਸ’ ਨਹੀਂ, ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਮਨਾਵੇ : ਐਡਵੋਕੇਟ ਧਾਮੀ

ਅੰਮ੍ਰਿਤਸਰ (ਦੀਪਕ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਵੱਲੋਂ ਮਨਾਏ ਜਾ ਰਹੇ ‘ਵੀਰ ਬਾਲ ਦਿਵਸ’ ਨੂੰ ਰੱਦ ਕਰਦਿਆਂ ਸਿੱਖ ਇਤਿਹਾਸ ਛੁਟਿਆਉਣ ਵਾਲੀ ਸਰਕਾਰੀ ਚਾਲ ਤੋਂ ਸੰਗਤ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਜਾਰੀ ਇਕ ਬਿਆਨ ਵਿਚ ਕਿਹਾ ਕਿ ਭਾਰਤ ਸਰਕਾਰ ਸਿੱਖਾਂ ਦੇ ਇਤਿਹਾਸ ਨੂੰ ਰਲਗੱਡ ਕਰਨ ਦੇ ਰਾਹ ਤੁਰੀ ਹੋਈ ਹੈ ਅਤੇ ਦੁੱਖ ਦੀ ਗੱਲ ਹੈ ਕਿ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਇਸ ’ਚ ਸਹਿਯੋਗ ਕਰ ਰਹੇ ਹਨ। ਸਿੱਖ ਕੌਮ ਦੀਆਂ ਪ੍ਰੰਪਰਾਵਾਂ ਦੇ ਵਿਰੁੱਧ ਜਾ ਕੇ ਭਾਰਤ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹਾਦਤ ਦਿਵਸ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣਾ ਦੁਨੀਆ ਦੇ ਧਰਮ ਇਤਿਹਾਸ ਅੰਦਰ ਸਭ ਤੋਂ ਵੱਡੀ ਸ਼ਹਾਦਤ ਤੇ ਮੁੱਲਵਾਨ ਵਿਰਾਸਤ ਨੂੰ ਖੋਰਾ ਲਾਉਣ ਦੀ ਕੋਝੀ ਸਾਜ਼ਿਸ਼ ਹੈ।

ਇਹ ਖ਼ਬਰ ਵੀ ਪੜ੍ਹੋ : CM ਭਗਵੰਤ ਮਾਨ ਪਹੁੰਚੇ ਦਿੱਲੀ, ‘ਵੀਰ ਬਾਲ ਦਿਵਸ’ ਮੌਕੇ ਇਤਿਹਾਸਕ ਪ੍ਰੋਗਰਾਮ ’ਚ ਕਰਨਗੇ ਸ਼ਿਰਕਤ

ਧਾਮੀ ਨੇ ਆਖਿਆ ਕਿ ਜੇਕਰ ਸਰਕਾਰ ਸਾਹਿਬਜ਼ਾਦਿਆਂ ਨੂੰ ਸਚਮੁੱਚ ਹੀ ਸ਼ਰਧਾ ਤੇ ਸਤਿਕਾਰ ਭੇਟ ਕਰਨਾ ਚਾਹੁੰਦੀ ਹੈ ਤਾਂ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਵਜੋਂ ਇਹ ਦਿਹਾੜਾ ਮਨਾਉਣ ’ਚ ਕੀ ਪ੍ਰੇਸ਼ਾਨੀ ਹੈ? ਇਤਿਹਾਸ ਗਵਾਹ ਹੈ ਕਿ ਮੁਗਲਾਂ ਦੀਆਂ ਇਸ ਖਿੱਤੇ ਵਿੱਚੋਂ ਜੜ੍ਹਾਂ ਪੁੱਟਣ ਵਿਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਅਹਿਮ ਸੀ ਪਰ ਜਿਸ ਤਰ੍ਹਾਂ ਸਰਕਾਰ ਵੱਲੋਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦੀ ਜ਼ਿੱਦ ਕੀਤੀ ਜਾ ਰਹੀ ਹੈ, ਉਸ ਤੋਂ ਸਾਫ ਜ਼ਾਹਿਰ ਹੈ ਕਿ ਇਹ ਖੇਡ ਸਰਕਾਰ ਵੱਲੋਂ ਪੰਥ ਵਿਰੋਧੀ ਸ਼ਕਤੀਆਂ ਦੇ ਇਸ਼ਾਰੇ ’ਤੇ ਖੇਡੀ ਜਾ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਅਹਿਮ ਖ਼ਬਰ : ਅਗਲੇ ਸਾਲ ਆਈ. ਟੀ. ਆਰ. ਫਾਰਮ ’ਚ ਬਦਲਾਅ ਕਰ ਸਕਦੀ ਹੈ ਸਰਕਾਰ

ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਵੀ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ‘ਵੀਰ ਬਾਲ ਦਿਵਸ’ ਨਾਂ ਕੌਮ ਨੂੰ ਪ੍ਰਵਾਨ ਨਾ ਹੁੰਦਿਆਂ ਵੀ ਕਾਲਕਾ ਕੇਂਦਰ ਸਰਕਾਰ ਦਾ ਮੋਹਰਾ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮ ’ਤੇ ਸਿੱਖ ਵਿਦਵਾਨਾਂ ਦੀ ਕਮੇਟੀ ਵੱਲੋਂ ‘ਵੀਰ ਬਾਲ ਦਿਵਸ’ ਦੀ ਥਾਂ ’ਤੇ ‘ਸਾਹਿਬਜ਼ਾਦੇ ਸ਼ਹਾਦਤ ਦਿਵਸ’ ਨਾਂ ਸੁਝਾਇਆ ਗਿਆ ਹੈ ਅਤੇ ਇਸ ਸਬੰਧ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਸੱਭਿਆਚਾਰਕ ਮੰਤਰਾਲਾ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਪੱਤਰ ਵੀ ਭੇਜਿਆ ਜਾ ਚੁੱਕਾ ਹੈ ਪਰ ਫਿਰ ਵੀ ਸਰਕਾਰ ਵੱਲੋਂ ਨਾਂ ਨਾ ਬਦਲਣਾ ਅਤੇ ਦਿੱਲੀ ਕਮੇਟੀ ਪ੍ਰਧਾਨ ਕਾਲਕਾ ਵੱਲੋਂ ਸਰਕਾਰੀ ਸਮਾਗਮਾਂ ਦਾ ਹਿੱਸਾ ਬਣਨਾ ਕੌਮ ਲਈ ਦੁੱਖਦਾਈ ਹੈ।

 


author

Manoj

Content Editor

Related News