ਸ਼ਾਰਟ ਸਰਕਟ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਸਰੂਪ ਤੇ ਇਕ ਪੋਥੀ ਅਗਨਭੇਟ (ਵੀਡੀਓ)

06/04/2019 1:28:05 PM

ਬੱਸੀ ਪਠਾਣਾਂ (ਜਗਦੇਵ)—ਸਬ ਡਵੀਜ਼ਨ ਬੱਸੀ ਪਠਾਣਾਂ ਦੇ ਪਿੰਡ ਹਿੰਮਤਪੁਰਾ ਵਿਖੇ ਦੇਰ ਸ਼ਾਮ ਪਿੰਡ ਦੇ ਗੁਰਦੁਆਰਾ ਸਾਹਿਬ 'ਚ ਸ਼ਾਰਟ ਸਰਕਟ ਹੋਣ ਕਾਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 2 ਪਾਵਨ ਸਰੂਪ ਤੇ ਇਕ ਪੋਥੀ ਅਗਨਭੇਟ ਹੋ ਜਾਣ ਦਾ ਸਮਾਚਾਰ ਹੈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਉਹ ਗੁਰਦੁਆਰਾ ਸਾਹਿਬ ਸ਼ਾਮ 6 ਕੁ ਵਜੇ ਆਏ ਤਾਂ ਦੇਖਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਅੱਗ ਲੱਗੀ ਹੋਈ ਹੈ। ਜਿਸ ਤੋਂ ਬਾਅਦ ਉਸ ਨੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਤੇ ਪਿੰਡ ਵਾਸੀਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਤੇ ਸਾਰੇ ਇਕੱਤਰ ਹੋ ਗਏ ।

ਇਸ ਮੌਕੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਮੁੱਖ ਸਿੰਘ ਨੇ ਦੱਸਿਆ ਕਿ ਸਾਰੇ ਪਿੰਡ ਵਾਸੀਆਂ ਨੇ ਪਾਣੀ ਪਾ ਕੇ ਅੱਗ ਬੁਝਾਈ ਤੇ ਅੱਗੋਂ ਹੋਣ ਵਾਲੇ ਨੁਕਸਾਨ 'ਤੇ ਕਾਬੂ ਪਾ ਲਿਆ ਗਿਆ। ਇਸ ਘਟਨਾ ਦੀ ਸੂਚਨਾ ਮਿਲਣ 'ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਜਗਦੀਪ ਸਿੰਘ ਪਿੰਡ ਹਿੰਮਤਪੁਰਾ ਪਹੁੰਚੇ ਤੇ ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਸ ਪ੍ਰਸ਼ਾਸਨ ਨੂੰ ਦਿੱਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਜਗਦੀਪ ਸਿੰਘ ਚੀਮਾ ਨੇ ਦੱਸਿਆ ਕਿ 4 ਜੂਨ ਨੂੰ ਸਵੇਰੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਸਿੰਘ ਸਾਹਿਬਾਨ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਤੇ ਪੋਥੀ ਸਾਹਿਬ ਨੂੰ ਗੁਰ ਮਰਿਯਾਦਾ ਅਨੁਸਾਰ ਸ੍ਰੀ ਗੋਇੰਦਵਾਲ ਸਾਹਿਬ ਲੈ ਕੇ ਜਾਣਗੇ, ਜਿੱਥੇ ਇਨ੍ਹਾਂ ਦਾ ਮਰਿਯਾਦਾ ਅਨੁਸਾਰ ਸਸਕਾਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਦੇ ਨਾਲ ਹੀ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਨਗਰ ਪੰਚਾਇਤ ਤੇ ਲੋਕਲ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵਲੋਂ ਸਹਿਜ ਪਾਠ ਸਾਹਿਬ ਆਰੰਭ ਕਰਵਾਇਆ ਜਾਵੇਗਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਬੱਸੀ ਪਠਾਣਾਂ ਦੇ ਸਾਬਕਾ ਚੇਅਰਮੈਨ ਵਰਿੰਦਰ ਸਿੰਘ ਸੋਢੀ, ਦਵਿੰਦਰ ਸਿੰਘ ਮਾਜਰੀ ਆਦਿ ਸਮੇਤ ਵੱਡੀ ਗਿਣਤੀ ਵਿਚ ਨਗਰ Îਵਾਸੀ ਹਾਜ਼ਰ ਸਨ।


Shyna

Content Editor

Related News