ਅਮਰਜੀਤ ਸਿੰਘ ਦੀ ਮੌਤ ਤੋਂ 4 ਸਾਲਾਂ ਬਾਅਦ ਮਾਮਲੇ ''ਚ ਨਵਾਂ ਮੋੜ! ਪੋਸਟਮਾਰਟਮ ਰਿਪੋਰਟ ''ਚ ਸਨਸਨੀਖੇਜ਼ ਖ਼ੁਲਾਸਾ

Thursday, Nov 19, 2026 - 02:30 PM (IST)

ਅਮਰਜੀਤ ਸਿੰਘ ਦੀ ਮੌਤ ਤੋਂ 4 ਸਾਲਾਂ ਬਾਅਦ ਮਾਮਲੇ ''ਚ ਨਵਾਂ ਮੋੜ! ਪੋਸਟਮਾਰਟਮ ਰਿਪੋਰਟ ''ਚ ਸਨਸਨੀਖੇਜ਼ ਖ਼ੁਲਾਸਾ

ਲੁਧਿਆਣਾ (ਰਾਜ): ਇਸ ਨੂੰ ਲੁਧਿਆਣਾ ਪੁਲਸ ਦੀ ਘੋਰ ਲਾਪਰਵਾਹੀ ਕਹੀਏ ਜਾਂ ਸੁਸਤ ਕਾਰਜਪ੍ਰਣਾਲੀ ਦਾ ਨਤੀਜਾ, ਲਗਭਗ ਚਾਰ ਸਾਲ ਪਹਿਲਾਂ ਸ਼ੱਕੀ ਹਾਲਾਤਾਂ ਵਿਚ ਹੋਈ ਇਕ ਵਿਅਕਤੀ ਦੀ ਮੌਤ ਦੀ ਪੋਸਟਮਾਰਟਮ ਰਿਪੋਰਟ ਹਾਸਲ ਕਰਨ ਵਿਚ ਪੁਲਸ ਨੂੰ ਪੂਰੇ ਚਾਰ ਸਾਲ ਦਾ ਸਮਾਂ ਲੱਗ ਗਿਆ। ਹੁਣ ਜਦੋਂ ਚਾਰ ਸਾਲ ਬਾਅਦ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ, ਤਾਂ ਉਸ ਨੇ ਪੁਲਸ ਦੀ ਪੁਰਾਣੀ ਥਿਊਰੀ ਅਤੇ ਦੋਸ਼ੀਆਂ ਦੇ ਝੂਠ ਦੀ ਪੂਰੀ ਤਰ੍ਹਾਂ ਪੋਲ ਖੋਲ੍ਹ ਦਿੱਤੀ। ਜਿਸ ਮੌਤ ਨੂੰ ਸਹੁਰੇ ਪਰਿਵਾਰ ਨੇ 'ਨਸ਼ੇ ਦੀ ਓਵਰਡੋਜ਼' ਦੱਸਿਆ ਸੀ, ਪੋਸਟਮਾਰਟਮ ਰਿਪੋਰਟ ਵਿਚ ਉਹ ਸਿਰ 'ਤੇ ਗੰਭੀਰ ਸੱਟ ਲੱਗਣ ਕਾਰਨ ਹੋਇਆ ਕਤਲ ਨਿਕਲਿਆ। ਇਸ ਖੁਲਾਸੇ ਤੋਂ ਬਾਅਦ ਹੁਣ ਚਾਰ ਸਾਲ ਬਾਅਦ ਥਾਣਾ ਡੇਹਲੋਂ ਦੀ ਪੁਲਸ ਨੇ ਜ਼ਮੀਨੀ ਵਿਵਾਦ ਵਿਚ ਕਤਲ ਕਰਨ ਦੇ ਦੋਸ਼ ਹੇਠ 5 ਵਿਅਕਤੀਆਂ ਖ਼ਿਲਾਫ਼ ਕਤਲ ਦਾ ਮੁਕੱਦਮਾ ਦਰਜ ਕਰਕੇ ਉਨ੍ਹਾਂ ਨੂੰ ਨਾਮਜ਼ਦ ਕੀਤਾ ਹੈ।

ਪਤਨੀ ਦੇ ਪੇਕੇ ਜਾਂਦਿਆਂ ਹੀ ਰਚੀ ਸਾਜ਼ਿਸ਼, ਚਾਚਾ ਸਹੁਰੇ ਨੇ ਫੋਨ ਕਰਕੇ ਸੁਣਾਈ ਝੂਠੀ ਕਹਾਣੀ

ਥਾਣਾ ਡੇਹਲੋਂ ਦੀ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਮ੍ਰਿਤਕ ਦੀ ਪਤਨੀ ਕਿਰਨਦੀਪ ਕੌਰ ਨੇ ਦੱਸਿਆ ਕਿ ਉਸ ਦਾ ਸਹੁਰਾ ਪਰਿਵਾਰ ਉਸ ਦੇ ਪਤੀ ਅਮਰਜੀਤ ਸਿੰਘ ਨਾਲ ਅਕਸਰ ਜ਼ਮੀਨ ਦੀ ਵੰਡ ਨੂੰ ਲੈ ਕੇ ਝਗੜਾ ਕਰਦਾ ਰਹਿੰਦਾ ਸੀ। 2 ਅਕਤੂਬਰ 2022 ਨੂੰ ਜਦੋਂ ਉਹ ਆਪਣੇ ਪੇਕੇ ਘਰ ਗਈ ਹੋਈ ਸੀ, ਤਾਂ ਪਿੱਛੋਂ ਉਸ ਦੇ ਚਾਚਾ ਸਹੁਰੇ ਦਾ ਫੋਨ ਆਇਆ। ਉਨ੍ਹਾਂ ਨੇ ਫੋਨ 'ਤੇ ਝੂਠੀ ਕਹਾਣੀ ਘੜਦਿਆਂ ਦੱਸਿਆ ਕਿ ਉਸ ਦੇ ਪਤੀ ਅਮਰਜੀਤ ਸਿੰਘ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਪੁਲਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਇਸ ਨੂੰ ਨਸ਼ੇ ਦੀ ਓਵਰਡੋਜ਼ ਦੱਸ ਕੇ ਫਾਈਲ ਬੰਦ ਕਰ ਦਿੱਤੀ ਸੀ।

4 ਸਾਲ ਬਾਅਦ ਖੁੱਲ੍ਹੀਆਂ ਪੋਸਟਮਾਰਟਮ ਰਿਪੋਰਟ ਦੀਆਂ ਪਰਤਾਂ

ਮਾਮਲੇ ਦੀ ਲੰਮੀ ਪੜਤਾਲ ਅਤੇ ਲਗਭਗ ਚਾਰ ਸਾਲ ਬਾਅਦ ਸਾਹਮਣੇ ਆਈ ਪੋਸਟਮਾਰਟਮ ਰਿਪੋਰਟ ਨੇ ਪੂਰੇ ਕੇਸ ਦੀ ਤਸਵੀਰ ਹੀ ਬਦਲ ਦਿੱਤੀ। ਰਿਪੋਰਟ ਵਿਚ ਸਪੱਸ਼ਟ ਹੋਇਆ ਕਿ ਅਮਰਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਨਾਲ ਨਹੀਂ, ਸਗੋਂ ਸਿਰ ਵਿਚ ਲੱਗੀ ਗੰਭੀਰ ਸੱਟ ਕਾਰਨ ਹੋਈ ਸੀ। ਜਾਂਚ ਵਿਚ ਇਹ ਤੱਥ ਸਾਹਮਣੇ ਆਇਆ ਕਿ ਦੋਸ਼ੀਆਂ ਨੇ ਜ਼ਮੀਨ ਦੀ ਰੰਜਿਸ਼ ਦੇ ਚੱਲਦਿਆਂ ਅਮਰਜੀਤ ਸਿੰਘ ਨਾਲ ਬੇਰਹਿਮੀ ਨਾਲ ਮਾਰਪੁੱਟ ਕੀਤੀ ਅਤੇ ਉਸ ਦੇ ਸਿਰ 'ਤੇ ਵਾਰ ਕਰਕੇ ਉਸ ਦਾ ਕਤਲ ਕਰ ਦਿੱਤਾ, ਅਤੇ ਬਾਅਦ ਵਿਚ ਮਾਮਲੇ ਨੂੰ ਦਬਾਉਣ ਲਈ ਨਸ਼ੇ ਦੀ ਓਵਰਡੋਜ਼ ਦਾ ਡਰਾਮਾ ਰਚਿਆ ਕਿ ਡੋਜ਼ ਜ਼ਿਆਦਾ ਹੋਣ ਕਾਰਨ ਉਹ ਹੇਠਾਂ ਡਿੱਗ ਗਿਆ ਸੀ। ਮਗਰ ਹੁਣ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਪਤਾ ਲੱਗਾ ਕਿ ਇਹ ਹੇਠਾਂ ਡਿੱਗਣ ਨਾਲ ਲੱਗੀ ਸੱਟ ਨਹੀਂ, ਸਗੋਂ ਸਿਰ 'ਤੇ ਭਾਰੀ ਚੀਜ਼ ਨਾਲ ਵਾਰ ਕਰਕੇ ਕੀਤਾ ਗਿਆ ਕਤਲ ਸੀ।

ਥਾਣਾ ਡੇਹਲੋਂ ਪੁਲਸ ਨੇ 5 ਦੋਸ਼ੀਆਂ ਖ਼ਿਲਾਫ਼ ਦਰਜ ਕੀਤਾ ਕਤਲ ਦਾ ਕੇਸ

ਤੱਥਾਂ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ 'ਤੇ ਥਾਣਾ ਡੇਹਲੋਂ ਦੀ ਪੁਲਸ ਨੇ ਪਰਿਵਾਰ ਦੇ ਹੀ 5 ਵਿਅਕਤੀਆਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਬਲਜਿੰਦਰ ਸਿੰਘ ਪੁੱਤਰ ਸਵਰਗੀ ਦਰਸ਼ਨ ਸਿੰਘ, ਪਰਮਿੰਦਰ ਕੌਰ ਧੀ ਬਲਜਿੰਦਰ ਸਿੰਘ, ਰਣਜੀਤ ਸਿੰਘ ਪੁੱਤਰ ਗੱਜਣ ਸਿੰਘ, ਹਰਜਿੰਦਰ ਸਿੰਘ ਪੁੱਤਰ ਗੱਜਣ ਸਿੰਘ, ਅਤੇ ਗੁਰਦੀਪ ਸਿੰਘ ਪੁੱਤਰ ਗੱਜਣ ਸਿੰਘ (ਸਾਰੇ ਵਾਸੀ ਪਿੰਡ ਬੂਟਾਹਰੀ) ਵਜੋਂ ਹੋਈ ਹੈ।

'ਪੰਜਾਬ ਕੇਸਰੀ' ਦੇ ਖੁਲਾਸੇ 'ਤੇ ਲੱਗੀ ਮੋਹਰ: ਪੁਲਸ ਫਾਈਲਾਂ ਵਿਚ ਕੈਦ ਹੈ ਸੈਂਕੜੇ ਮੌਤਾਂ ਦਾ ਸੱਚ

ਜ਼ਿਕਰਯੋਗ ਹੈ ਕਿ 'ਪੰਜਾਬ ਕੇਸਰੀ' ਨੇ ਕੁਝ ਦਿਨ ਪਹਿਲਾਂ ਹੀ ਇਕ ਮੁੱਖ ਖ਼ਬਰ ਪ੍ਰਕਾਸ਼ਿਤ ਕਰਕੇ ਇਸ ਗੰਭੀਰ ਪ੍ਰਸ਼ਾਸਨਿਕ ਅਤੇ ਪੁਲਸ ਲਾਪਰਵਾਹੀ ਨੂੰ ਉਜਾਗਰ ਕੀਤਾ ਸੀ ਕਿ ਪਿਛਲੇ 4-5 ਸਾਲਾਂ ਤੋਂ ਲੁਧਿਆਣਾ ਪੁਲਸ ਨੇ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਪਏ ਸ਼ੱਕੀ ਮੌਤਾਂ ਦੇ ਵਿਸਰਾ ਜਾਂਚ ਲਈ ਲੈਬ ਤੱਕ ਨਹੀਂ ਭੇਜੇ ਹਨ ਅਤੇ ਨਾ ਹੀ ਸਮੇਂ ਸਿਰ ਰਿਪੋਰਟਾਂ ਲਈਆਂ ਜਾ ਰਹੀਆਂ ਹਨ। ਇਸ ਵਜ੍ਹਾ ਨਾਲ ਸੈਂਕੜੇ ਮ੍ਰਿਤਕਾਂ ਦੀ ਮੌਤ ਦਾ ਅਸਲ ਕਾਰਨ ਅੱਜ ਵੀ ਪੁਲਸ ਫਾਈਲਾਂ ਵਿਚ ਦਫ਼ਨ ਹੋ ਕੇ ਇਨਸਾਫ਼ ਦਾ ਇੰਤਜ਼ਾਰ ਕਰ ਰਿਹਾ ਹੈ, ਅਤੇ ਪੀੜਤ ਪਰਿਵਾਰ ਦਰ-ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਹਨ। ਚਾਰ ਸਾਲ ਬਾਅਦ ਖੁੱਲ੍ਹਿਆ ਅਮਰਜੀਤ ਸਿੰਘ ਹੱਤਿਆਕਾਂਡ ਇਸ ਗੱਲ ਦਾ ਜਿਉਂਦਾ-ਜਾਗਦਾ ਸਬੂਤ ਹੈ ਕਿ ਪੁਲਸ ਦੀ ਦੇਰੀ ਨਾਲ ਅਪਰਾਧੀਆਂ ਦੇ ਹੌਸਲੇ ਕਿਵੇਂ ਬੁਲੰਦ ਹੁੰਦੇ ਹਨ।
 


author

Anmol Tagra

Content Editor

Related News