ਪੰਜਾਬ ’ਚ ਸ਼ਿਵ ਸੈਨਾ, ਭਾਜਪਾ, ਆਰ. ਐੱਸ. ਐੱਸ. ਸਮੇਤ ਕਈ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ! ਪੁਲਸ ਮੁਸਤੈਦ

Sunday, Oct 30, 2022 - 01:00 AM (IST)

ਲੁਧਿਆਣਾ (ਪੰਕਜ) : ਸੂਬੇ ’ਚ ਪਿਛਲੇ ਕੁਝ ਮਹੀਨਿਆਂ ਦੇ ਅੰਦਰ ਸਰਹੱਦੋਂ ਪਾਰ ਹੋ ਰਹੀ ਹਥਿਆਰਾਂ ਦੀ ਤਸਕਰੀ ਅਤੇ ਬਰਾਮਦਗੀ ਕਾਰਨ ਪੰਜਾਬ ਪੁਲਸ ਪੂਰੀ ਤਰ੍ਹਾਂ ਮੁਸਤੈਦ ਹੈ। ਦੇਸ਼ ਦੀਆਂ ਖੁਫ਼ੀਆ ਏਜੰਸੀਆਂ ਵੱਲੋਂ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਵੱਲੋਂ ਪੰਜਾਬ 'ਚ ਆਪਣੇ ਹੈਂਡਲਰ ਨੂੰ ਭੇਜੇ ਸੁਨੇਹੇ ਅਤੇ ਕੀਤੀਆਂ ਗਈਆਂ ਕੁਝ ਕਾਲਾਂ ਇੰਟਰਸੈਪਟ ਕਰਨ ਤੋਂ ਬਾਅਦ ਪੰਜਾਬ ਪੁਲਸ ਨੇ ਸੂਬੇ ਦੇ ਰਾਸ਼ਟਰੀ ਸਿੱਖ ਸੰਗਤ, ਆਰ. ਐੱਸ. ਐੱਸ., ਭਾਜਪਾ, ਸ਼ਿਵ ਸੈਨਾ, ਕ੍ਰਿਸ਼ਚੀਅਨ ਅਤੇ ਹੋਰ ਹਿੰਦੂ ਨੇਤਾਵਾਂ ਦੀ ਸੁਰੱਖਿਆ ਵੱਲ ਜ਼ਿਆਦਾ ਧਿਆਨ ਦੇਣ ਦੇ ਨਾਲ ਹੀ ਉਨ੍ਹਾਂ ਨੂੰ ਚੌਕਸ ਰਹਿਣ ਦੀ ਵੀ ਸਲਾਹ ਦਿੱਤੀ ਹੈ।

ਇਹ ਵੀ ਪੜ੍ਹੋ : ਸਿਆਸਤ 'ਚ ਐਂਟਰੀ ਨੂੰ ਲੈ ਕੇ ਕੰਗਨਾ ਦਾ ਵੱਡਾ ਬਿਆਨ, ਕਿਹਾ- ਲੋਕਾਂ ਦਾ ਭਲਾ ਕਰਨ ਦਾ ਮੌਕਾ ਮਿਲਿਆ ਤਾਂ...

ਹਾਲਾਂਕਿ ਇਸ ਸੰਵੇਦਨਸ਼ੀਲ ਮਾਮਲੇ ’ਤੇ ਸਰਕਾਰ ਅਤੇ ਉੱਚ ਪੁਲਸ ਅਧਿਕਾਰੀ ਕੁਝ ਵੀ ਦੱਸਣ ਤੋਂ ਗੁਰੇਜ਼ ਕਰ ਰਹੇ ਹਨ, ਪਰ ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ 'ਚ ਰਹਿਣ ਵਾਲੇ ਹਿੰਦੂ ਨੇਤਾਵਾਂ, ਖਾਸ ਕਰਕੇ ਆਰ. ਐੱਸ. ਐੱਸ., ਭਾਜਪਾ, ਸ਼ਿਵ ਸੈਨਾ ਸਮੇਤ ਨੇਤਾਵਾਂ ਦੇ ਘਰਾਂ ਅਤੇ ਦਫ਼ਤਰਾਂ 'ਚ ਜਾ ਕੇ ਖੁਦ ਵੱਡੇ ਪੁਲਸ ਅਧਿਕਾਰੀ ਨਾ ਸਿਰਫ] ਉਨ੍ਹਾਂ ਦੀਆਂ ਗਤੀਵਿਧੀਆਂ ਦੀ ਪੂਰੀ ਜਾਣਕਾਰੀ ਲੈ ਰਹੇ ਹਨ, ਸਗੋਂ ਪੈਨੀ ਨਜ਼ਰ ਰੱਖੀ ਜਾ ਰਹੀ ਹੈ। ਇੰਨਾ ਹੀ ਨਹੀਂ ਅਧਿਕਾਰੀ ਇਨ੍ਹਾਂ ਨੇਤਾਵਾਂ ਨੂੰ ਚੌਕਸ ਰਹਿਣ ਦੀ ਵੀ ਸਲਾਹ ਦੇ ਰਹੇ ਹਨ, ਜਿਸ ਦੀ ਪੁਸ਼ਟੀ ਕਰਦਿਆਂ ਹਿੰਦੂ ਨੇਤਾਵਾਂ ਨੇ ਦੱਸਿਆ ਕਿ ਦੀਵਾਲੀ ਤੋਂ ਬਾਅਦ ਲਗਾਤਾਰ ਏ. ਸੀ. ਪੀ. ਰੈਂਕ ਦੇ ਅਧਿਕਾਰੀ ਉਨ੍ਹਾਂ ਦੇ ਘਰਾਂ ਅਤੇ ਦਫ਼ਤਰਾਂ ਦਾ ਕਈ ਵਾਰ ਨਿਰੀਖਣ ਕਰ ਚੁੱਕੇ ਹਨ ਅਤੇ ਉਨ੍ਹਾਂ ਤੋਂ ਹਰ ਜਾਣਕਾਰੀਆਂ ਲੈ ਰਹੇ ਹਨ।

ਇਹ ਵੀ ਪੜ੍ਹੋ : SGPC ਚੋਣਾਂ ਨੂੰ ਲੈ ਕੇ ਬੀਬੀ ਜਗੀਰ ਕੌਰ 'ਤੇ ਵਰ੍ਹੇ ਬਿਕਰਮ ਮਜੀਠੀਆ, ਪੁੱਛੇ ਇਹ ਸਵਾਲ

ਜਦੋਂ ਜਗ ਬਾਣੀ ਨੇ ਇਸ ਦਾ ਸੱਚ ਪਤਾ ਲਾਉਣ ਲਈ ਵੱਡੇ ਪੁਲਸ ਅਧਿਕਾਰੀਆਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਖੁੱਲ੍ਹ ਕੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿੱਤਾ ਪਰ ਇਸ਼ਾਰਿਆਂ 'ਚ ਸਾਫ਼ ਕਰ ਦਿੱਤਾ ਕਿ ਪੰਜਾਬ ਦੇ ਕਈ ਹਿੰਦੂ ਨੇਤਾ ਅੱਤਵਾਦੀਆਂ ਦੇ ਨਿਸ਼ਾਨੇ ’ਤੇ ਹਨ। ਪੁਲਸ ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨ 'ਚ ਬੈਠਾ ਗੈਂਗਸਟਰ ਤੋਂ ਅੱਤਵਾਦੀ ਬਣ ਚੁੱਕੇ ਰਿੰਦਾ ਸੰਧੂ ਅਤੇ ਲਖਬੀਰ ਸਿੰਘ ਲੰਡਾ ਹਰੀਕੇ ਸੂਬੇ 'ਚ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਸਾਜ਼ਿਸ਼ ਰਚ ਕੇ ਪੰਜਾਬ 'ਚ ਆਪਣੇ ਖਾਸ ਹੈਂਡਲਰਾਂ ਦੇ ਲਗਾਤਾਰ ਸੰਪਰਕ ਵਿਚ ਹਨ, ਜਿਨ੍ਹਾਂ ਨੂੰ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਸਰਹੱਦੋਂ ਪਾਰ ਲਗਾਤਾਰ ਖ਼ਤਰਨਾਕ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ। ਪਿਛਲੇ ਕੁਝ ਦਿਨਾਂ ਵਿਚ ਹੀ ਪੰਜਾਬ ਪੁਲਸ ਨੇ ਸੂਬੇ ਵਿਚ ਵੱਖ-ਵੱਖ ਸ਼ਹਿਰਾਂ ਤੋਂ ਕਈ ਏ. ਕੇ.-47 ਰਾਈਫਲਾਂ, ਪਿਸਤੌਲ, ਹੈਂਡ ਗ੍ਰੇਨੇਡ ਸਮੇਤ ਹੋਰ ਖਤਰਨਾਕ ਹਥਿਆਰਾਂ ਦੀ ਨਾ ਸਿਰਫ ਬਰਾਮਦਗੀ ਕੀਤੀ ਹੈ, ਸਗੋਂ ਮੁਲਜ਼ਮਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਮੁਲਜ਼ਮਾਂ ਤੋਂ ਹੋਈ ਪੁੱਛਗਿੱਛ ਵਿਚ ਵੀ ਕਈ ਅਹਿਮ ਖੁਲਾਸੇ ਹੋਣ ਦੀ ਖਬਰ ਹੈ। ਸੂਤਰਾਂ ਦੀ ਮੰਨੀਏ ਤਾਂ ਪਾਕਿਸਤਾਨੀ ਖੁਫੀਆ ਏਜੰਸੀ ਆਈ. ਐੱਸ. ਆਈ. ਇਕ ਵਾਰ ਫਿਰ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਸਾਜ਼ਿਸ਼ ਰਚੀ ਰਹੀ ਹੈ ਅਤੇ ਇਸ ਦੇ ਲਈ ਪੰਜਾਬ ਵਿਚ ਸਰਗਰਮ ਗੈਂਗਸਟਰ ਗੁੱਟਾਂ ਨਾਲ ਸੰਪਰਕ ਸਾਧਿਆ ਜਾ ਚੁੱਕਾ ਹੈ।

ਦਰਜਨਾਂ ਵਾਰਦਾਤਾਂ 'ਚ ਨਾਮਜ਼ਦ ਰਿੰਦਾ ਹੈ ਏ-ਕੈਟਾਗਰੀ ਦਾ ਗੈਂਗਸਟਰ

9 ਮਈ ਨੂੰ ਮੋਹਾਲੀ ਵਿਚ ਪੰਜਾਬ ਪੁਲਸ ਦੇ ਇੰਟੈਲੀਜੈਂਸ ਹੈੱਡਕੁਆਰਟਰ ’ਤੇ ਰਾਕੇਟ ਲਾਂਚਰ ਨਾਲ ਹੋਏ ਹਮਲੇ ਦਾ ਮਾਸਟਰ ਮਾਈਂਡ ਰਿੰਦਾ ਸੰਧੂ ਕਤਲ, ਕਤਲ ਦੇ ਯਤਨ, ਫਿਰੌਤੀ ਵਰਗੇ ਦਰਜਨਾਂ ਸੰਗੀਨ ਮਾਮਲਿਆਂ ਵਿਚ ਨਾਮਜ਼ਦ ਹੈ, ਜਿਸ ਦੇ ਸਰਹੱਦੋਂ ਪਾਰ ਪਾਕਿਸਤਾਨ ਵਿਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਫਿਰੌਤੀ ਨੂੰ ਲੈ ਕੇ ਮਹਾਰਾਸ਼ਟਰ ਦੇ ਨਾਂਦੇੜ ਵਿਚ ਬਿਲਡਰ ਸੰਜੇ ਬਿਆਨੀ ਅਤੇ ਤਰਨਤਾਰਨ ਦੇ ਇਕ ਕੱਪੜਾ ਵਪਾਰੀ ਗੁਰਜੰਟ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰਵਾ ਚੁੱਕੇ ਰਿੰਦਾ ਇਕ ਸਾਬਕਾ ਮੰਤਰੀ ਦੇ ਕਰੀਬੀ ਨੂੰ ਵੀ ਜਾਨ ਤੋਂ ਮਾਰਨ ਦੀ ਧਮਕੀ ਦੇ ਮਾਮਲੇ ਵਿਚ ਇਨ੍ਹੀਂ ਦਿਨੀਂ ਵਿਚ ਚਰਚਾ ਵਿਚ ਹੈ। ਗੈਂਗਸਟਰ ਦਿਲਪ੍ਰੀਤ ਬਾਬਾ ਦੇ ਕਰੀਬੀ ਰਿੰਦਾ ਵੱਲੋਂ ਪੰਜਾਬ ਵਿਚ ਆਪਣਾ ਨੈੱਟਵਰਕ ਤੇਜ਼ੀ ਨਾਲ ਵਧਾਉਣ ਦੀ ਕੋਸ਼ਿਸ਼ ਤਹਿਤ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੇ ਕਈ ਸ਼ੂਟਰਾਂ ਨੂੰ ਆਪਣੇ ਨਾਲ ਮਿਲਾਉਣ ਦੇ ਨਾਲ-ਨਾਲ ਤਰਨਤਾਰਨ ਅਤੇ ਪੱਟੀ ਇਲਾਕੇ ਵਿਚ ਤੇਜ਼ੀ ਨਾਲ ਨੌਜਵਾਨਾਂ ਨੂੰ ਆਪਣੇ ਗੈਂਗ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ।

ਲੁਧਿਆਣਾ ਦੇ 123 ਨੇਤਾਵਾਂ ’ਤੇ ਪੁਲਸ ਦੀ ਪੈਨੀ ਨਜ਼ਰ

ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਖੁਫੀਆ ਏਜੰਸੀਆਂ ਤੋਂ ਮਿਲੀ ਸੂਚਨਾ ਤੋਂ ਬਾਅਦ ਕਮਿਸ਼ਨਰੇਟ ਪੁਲਸ ਨੇ ਲੁਧਿਆਣਾ ਵਿਚ ਉਨ੍ਹਾਂ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਹੈ, ਜਿਨ੍ਹਾਂ ਨੂੰ ਖਤਰਾ ਹੋ ਸਕਦਾ ਹੈ। ਸ਼ਹਿਰ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਅਧਿਕਾਰੀਆਂ ਨੇ ਬਕਾਇਦਾ ਇਨ੍ਹਾਂ ਨੇਤਾਵਾਂ ਦੀ ਲਿਸਟ ਤਿਆਰ ਕੀਤੀ ਹੈ ਅਤੇ ਏਰੀਆ ਨਾਲ ਸਬੰਧਿਤ ਏ. ਡੀ. ਸੀ. ਪੀ. ਅਤੇ ਏ. ਸੀ. ਪੀ. ਰੈਂਕ ਦੇ ਅਧਿਕਾਰੀ ਲਗਾਤਾਰ ਇਨ੍ਹਾਂ ਨੇਤਾਵਾਂ ਦੇ ਸੰਪਰਕ ਵਿਚ ਹਨ। ਲਿਸਟ ਵਿਚ ਕੁਲ 123 ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਵਿਚ ਹਿੰਦੂ ਨੇਤਾ 20, ਰਾਸ਼ਟਰੀ ਸਿੱਖ ਸੰਗਤ ਦੇ 9, ਆਰ. ਐੱਸ. ਐੱਸ. ਦੇ 12, ਸ਼ਿਵ ਸੈਨਾ ਦੇ 56, ਬੀ. ਜੇ. ਪੀ. ਦੇ 13, ਕ੍ਰਿਸ਼ਚੀਅਨ ਭਾਈਚਾਰੇ ਦੇ 12 ਅਤੇ ਇਕ ਹੋਰ ਨੇਤਾ ਸ਼ਾਮਲ ਹੈ।


Mandeep Singh

Content Editor

Related News