ਯਾਰੀ ਲੱਗੀ ''ਤੇ ਲਵਾ ਦਿੱਤੇ ਤਖਤੇ, ਟੁੱਟੀ ਤੋਂ ਚੁਗਾਠ ਪੱਟ ਲਈ...।

02/01/2019 5:44:54 PM

ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ)—ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਰਾਜੌਰੀ ਗਾਰਡਨ ਦਿੱਲੀ ਤੋਂ ਭਾਜਪਾ ਵਲੋਂ ਬਣੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਗੁਰਧਾਮਾਂ 'ਚ ਭਾਜਪਾ ਦੀ ਦਖਲ-ਅੰਦਾਜ਼ੀ ਦੇ ਮੁੱਦੇ 'ਤੇ ਜੋ ਟਵੀਟ ਕੀਤਾ ਹੈ, ਉਸ ਨਾਲ ਪੰਥਕ ਸਫਾਂ ਵਿਚ ਜਿਥੇ ਬੌਧਿਕ ਚਰਚੇ ਛਿੜੇ ਹਨ, ਉਥੇ ਦੋ ਦਹਾਕਿਆਂ ਤੋਂ ਚੱਲੇ ਆ ਰਹੇ ਅਕਾਲੀ-ਭਾਜਪਾ ਗਠਜੋੜ 'ਚ ਮੁੜ ਤਰੇੜਾਂ ਉਭਰਨ ਦੇ ਸੰਕੇਤ ਪ੍ਰਾਪਤ ਹੋ ਰਹੇ ਹਨ। ਕੀ ਜਦੋਂ ਲੋਕ ਸਭਾ ਚੋਣਾਂ ਦਾ ਬਿਗੁਲ ਵੱਜ ਚੁੱਕਿਆ ਹੋਵੇ, ਉਸ ਵੇਲੇ ਇਹ ਬਿਆਨਬਾਜ਼ੀ ਜਾਇਜ਼ ਹੈ? ਕੀ ਇਹ ਬਿਆਨਬਾਜ਼ੀ ਖੁਰੇ ਜਾਂਦੇ ਪੰਥਕ ਏਜੰਡੇ ਨੂੰ ਮੁੜ  ਹਥਿਆਉਣ ਦੀ ਅਕਾਲੀ ਰਣਨੀਤੀ ਦੀ ਕੋਈ ਕੜੀ ਤਾਂ ਨਹੀਂ? ਜੇ ਸੱਚਮੁੱਚ ਹੀ ਅਕਾਲੀ ਦਲ ਪੰਥਕ ਹਿੱਤਾਂ ਪ੍ਰਤੀ ਇੰਨਾ ਸੁਹਿਰਦ ਹੈ ਤਾਂ ਉਹ ਭਾਜਪਾ ਦੇ ਅਤੀਤ 'ਚ ਇਸ ਤਰਜ਼ 'ਤੇ ਅਪਣਾਏ ਜਾਂਦੇ ਰਹੇ ਏਜੰਡੇ ਤੋਂ ਬੇਫਿਕਰ ਕਿਉਂ ਰਿਹਾ? ਅਜਿਹੀ ਸਥਿਤੀ 'ਚ ਉਪਰੋਕਤ ਸਵਾਲਾਂ  ਨੂੰ ਲੈ ਕੇ ਜਿਥੇ ਵਿਰੋਧੀ ਧਿਰਾਂ ਵਲੋਂ ਅਕਾਲੀ ਦਲ ਨੂੰ ਘੇਰਨ ਦੀਆਂ ਜੁਗਤਾਂ ਲਾਈਆਂ ਜਾ ਰਹੀਆਂ ਹਨ, ਉਥੇ ਇਹ ਸਵਾਲ ਬੜੀ ਸ਼ਿੱਦਤ ਨਾਲ ਉਠਾਇਆ ਜਾ ਰਿਹਾ ਹੈ ਕਿ ਜੇ ਉਨ੍ਹਾਂ ਨੂੰ ਪੰਥਕ ਹਿੱਤਾਂ ਦਾ ਇੰਨਾ ਦਰਦ ਹੈ ਤਾਂ ਉਹ ਭਾਜਪਾ ਨਾਲ ਆਪਣੀ ਸਿਆਸੀ ਸਾਂਝ ਕਿਉਂ ਨਹੀਂ ਤੋੜ ਲੈਂਦਾ? ਮੁੱਕਦੀ ਗੱਲ ਕਿ ਆਪ ਸੁਹੇੜੇ ਮੁੱਦੇ 'ਤੇ ਅਕਾਲੀ ਦਲ ਖੁਦ ਵਿਵਾਦਾਂ 'ਚ ਘਿਰਦਾ ਨਜ਼ਰ ਆ ਰਿਹਾ ਹੈ। ਦੂਜੇ ਪਾਸੇ ਸਿਆਸੀ ਪ੍ਰਭੂਆਂ ਦਾ ਤਰਕ ਹੈ ਕਿ ਜੇਕਰ ਅਕਾਲੀ ਦਲ ਇਸ ਮੁਕਾਮ 'ਤੇ ਭਾਜਪਾ ਨਾਲੋਂ ਤੋੜ ਵਿਛੋੜਾ ਕਰਦਾ ਹੈ ਤਾਂ ਪੱਲੇ ਉਸ ਦੇ ਵੀ ਕੁਝ ਨਹੀਂ ਬਚਦਾ ਕਿਉਂਕਿ ਪੰਜਾਬ 'ਚ ਵੱਡੀ ਘੋਰ ਨਿਰਾਸ਼ਾ ਦਾ ਸਾਹਮਣਾ ਕਰ ਰਹੀ ਪਾਰਟੀ ਹੋਰ ਵੀ ਗਿਰਾਵਟ  ਵਲ ਜਾ ਸਕਦੀ ਹੈ, ਦੂਜੇ ਪਾਸੇ ਪੰਜਾਬ ਅੰਦਰ ਭਾਜਪਾ ਦਾ ਆਧਾਰ ਵੀ ਅਕਾਲੀਆਂ ਤੋਂ ਬਿਨਾਂ ਕੋਈ ਜ਼ਿਆਦਾ ਪ੍ਰਭਾਵਸ਼ਾਲੀ ਨਹੀਂ। ਇਸ ਲਈ ਦੋਵਾਂ ਧਿਰਾਂ ਨੂੰ ਮਰਦਿਆਂ ਅੱਕ ਚੱਬਣਾ ਪੈ ਰਿਹਾ ਹੈ। ਜਿਥੇ ਭਾਜਪਾ ਨੂੰ ਨਾ ਚਾਹੁੰਦਿਆਂ ਵੀ ਅਕਾਲੀਆਂ ਨੂੰ ਕੇਂਦਰੀ ਵਜਾਰਤ 'ਚ ਅਹੁਦਾ ਦੇ ਕੇ ਨਿਵਾਜਣਾ ਪੈ ਰਿਹਾ ਹੈ, ਉਥੇ ਅਕਾਲੀਦਲ ਇੰਨੀ ਸਿਆਸੀ ਲਾਲਸਾ ਵਲ ਨਾਗਪੁਰ ਤੋਂ ਚੱਲ ਰਹੇ ਰਿਮੋਟ ਕੰਟਰੋਲ ਨੂੰ ਪੰਥਕ  ਤੇ ਸਿਧਾਂਤਕ ਮੁੱਦਿਆਂ 'ਤੇ ਲਾਗੂ ਕਰਨ ਲਈ ਮਜਬੂਰ ਹੋ ਰਿਹਾ ਹੈ।

ਇਸ ਤਰਜ਼ 'ਤੇ 2004 'ਚ ਜਦੋਂ ਭਾਜਪਾ ਨੇ ਤਾਰਾ ਸਿੰਘ ਨੂੰ ਤਖਤ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦਾ ਚੇਅਰਮੈਨ ਲਾਇਆ ਸੀ ਤਾਂ ਉਦੋਂ ਵੀ  ਅਕਾਲੀ ਦਲ  ਦੇ ਇਹੋ ਮੈਂਬਰ ਮੌਜੂਦ ਸਨ। ਫਿਰ ਇਹ ਮੁੱਦਾ ਉਦੋਂ ਕਿਉਂ ਨਹੀਂ ਚੁੱਕਿਆ? ਜੇ ਭਾਜਪਾ ਦੇ ਦਖਲ ਦਾ ਇੰਨਾ ਹੀ ਦੁੱਖ ਸੀ ਤਾਂ ਇਨ੍ਹਾਂ ਨੂੰ 2016 'ਚ ਹੀ ਭਾਜਪਾ ਨਾਲੋਂ ਤੋੜ ਵਿਛੋੜਾ ਕਰ ਲੈਣਾ ਚਾਹੀਦਾ ਸੀ। ਇਸ ਲਈ ਇਹ ਮੁੱਦਾ ਧਾਰਮਿਕ ਖਿਦਮਤ ਨਾਲੋਂ ਸਿਆਸੀ ਸੁਆਰਥ ਦੁਆਲੇ ਘੁੰਮਦਾ ਜ਼ਿਆਦਾ ਪ੍ਰਤੀਤ ਹੋ ਰਿਹਾ ਹੈ, ਕਿਉਂਕਿ ਹੋਂਦ ਖਤਮ ਕਿਨਾਰੇ ਪਏ ਬਾਦਲ ਗੁੱਟ ਨੂੰ ਹੋਰ ਕੁਝ ਨਹੀਂ ਸੁਝ ਰਿਹਾ।
–ਸੁਖਦੇਵ ਸਿੰਘ ਭੌਰ, ਸਾਬਕਾ ਜਨਰਲ ਸਕੱਤਰ ਐੱਸ. ਜੀ. ਪੀ. ਸੀ., ਸ੍ਰੀ ਅੰਮ੍ਰਿਤਸਰ

ਅਕਾਲੀਆਂ ਨੂੰ ਅਤੀਤ ਤੋਂ ਅੱਜ ਤਕ ਇਹੋ ਭੁਲੇਖਾ ਰਿਹਾ ਹੈ ਕਿ ਧਾਰਮਿਕ ਮੁੱਦੇ 'ਤੇ ਉਨ੍ਹਾਂ ਵਲੋਂ ਖੇਡਿਆ ਜਾ ਰਿਹਾ ਹਰ ਪੈਂਤੜਾ ਲੋਕ ਸੱਚ ਸਮਝ ਕੇ ਸਵੀਕਾਰਦੇ ਹਨ ਪਰ ਉਹ ਇਹ ਨਹੀਂ ਸਮਝਦੇ ਕਿ ਉਨ੍ਹਾਂ ਦਾ ਇਹ ਮੁਖੌਟਾ ਅੱਜ ਬੁਰੀ ਤਰ੍ਹਾਂ ਬੇਨਕਾਬ ਹੋ ਚੁੱਕਾ ਹੈ। ਇਹ ਸੱਚ ਅਕਾਲੀ ਕਿਵੇਂ ਛੁਪਾ ਸਕਦੇ ਹਨ ਕਿ ਲੰਮੇ ਅਰਸੇ ਤੋਂ ਐੱਸ. ਜੀ. ਪੀ. ਸੀ. ਦੀ ਕਾਰਗੁਜ਼ਾਰੀ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਨਿਆਂ ਤਕ ਆਰ. ਐੱਸ. ਐੱਸ. ਦੀ ਦਖਲ-ਅੰਦਾਜ਼ੀ ਜਗ ਜ਼ਾਹਰ ਹੈ। ਮਨਜਿੰਦਰ ਸਿਰਸਾ ਇਹੋ ਜਿਹੇ ਟਵੀਟ ਕਰਕੇ ਆਖਿਰ ਸੱਚ ਕੀ ਸਾਬਤ ਕਰਨਾ ਚਾਹੁੰਦੇ ਹਨ? ਸ਼ਾਇਦ ਲੋਕ ਇਸ  ਨੂੰ ਭੋਰਾ ਸੱਚ ਜ਼ਰੂਰ ਮੰਨ ਲੈਂਦੇ। ਜੇ ਇਸ ਬਿਆਨ ਤੋਂ ਪਹਿਲਾਂ ਉਹ ਖੁਦ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਵਲੋਂ ਭਾਜਪਾ ਹਾਈਕਮਾਂਡ ਤੇ ਕੇਂਦਰ ਸਰਕਾਰ ਨੂੰ ਅਸਤੀਫੇ ਭੇਜਦੇ।
–ਬਰਿੰਦਰ ਸਿੰਘ ਢਿੱਲੋਂ, ਮੀਡੀਆ ਪੈਨਾਲਿਸਟ ਪੰਜਾਬ ਕਾਂਗਰਸ ਤੇ ਜ਼ਿਲਾ ਪ੍ਰਧਾਨ ਰੂਪਨਗਰ

ਕਿੱਥੇ-ਕਿੱਥੇ ਪੰਜਾਬ 'ਚ ਲੱਗੀ ਹੈ ਗਠਜੋੜ ਨੂੰ ਢਾਅ?
ਪੰਜਾਬ ਭਰ 'ਚ ਹੋਈਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ, ਡੇਰਾ ਸਿਰਸਾ ਮੁਖੀ  ਨੂੰ ਲੁਕਵੇਂ ਏਜੰਡੇ ਰਾਹੀਂ ਦਿੱਤੀ ਸ੍ਰੀ ਅਕਾਲ ਤਖਤ ਸਾਹਿਬ  ਤੋਂ ਮੁਆਫੀ, ਬਹਿਬਲ ਕਲਾਂ ਗੋਲੀ ਕਾਂਡ 'ਚ ਨਿਹੱਥੀ ਸੰਗਤ 'ਤੇ ਕੀਤੇ ਸਰਕਾਰੀ ਤਸ਼ੱਦਦ ਅਤੇ ਵਿਧਾਨ ਸਭਾ ਚੋਣਾਂ 2017 'ਚ ਡੇਰਾ ਸਿਰਸਾ ਤੋਂ ਲਈ ਸਿਆਸੀ ਹਮਾਇਤ ਜਿਥੇ ਅਕਾਲੀ-ਭਾਜਪਾ ਗਠਜੋੜ ਨੂੰ ਪੰਥਕ ਏਜੰਡੇ ਤੋਂ ਦੂਰ ਲਿਜਾ ਕੇ ਸਿਆਸੀ ਪੱਖੋਂ ਕਮਜ਼ੋਰ ਕਰ ਚੁੱਕੀ ਹੈ, ਉਥੇ ਭਾਜਪਾ ਦੀ ਰੀੜ੍ਹ ਦੀ ਹੱਡੀ ਕਰਕੇ ਜਾਣਿਆ ਜਾਂਦਾ ਵਪਾਰੀ ਵਰਗ ਜੀ. ਐੱਸ. ਟੀ. ਅਤੇ ਨੋਟਬੰਦੀ ਦੇ ਮੁੱਦਿਆਂ 'ਤੇ ਭਾਜਪਾ ਤੋਂ ਕਿਨਾਰਾ ਕਰ ਚੁੱਕਾ ਹੈ। ਬੇਅਦਬੀ ਤੇ ਗੋਲੀਕਾਂਡ 'ਚ ਡੇਰਾ ਸਿਰਸਾ ਬਾਰੇ ਨਿਭਾਈ ਸਰਕਾਰੀ ਭੂਮਿਕਾ ਦਾ ਪੂਰੀ ਤਰ੍ਹਾਂ ਬੇਨਕਾਬ ਹੋਣ ਤੋਂ ਬਾਅਦ ਕੈਪਟਨ ਸਰਕਾਰ ਵਲੋਂ ਅਖਤਿਆਰ ਕੀਤੇ ਢਿੱਲੇ ਰਵੱਈਏ ਪਿੱਛੇ ਕੇਂਦਰੀ ਤੰਤਰ ਦੀ ਭੂਮਿਕਾ ਨੂੰ ਜਿਥੇ ਵਿਰੋਧੀ ਧਿਰਾਂ ਵਲੋਂ ਪੂਰੀ ਤਰ੍ਹਾਂ ਉਛਾਲਿਆ ਗਿਆ ਹੈ, ਉਥੇ ਅਕਾਲੀ ਦਲ 'ਚ ਮਝੈਲਾਂ ਵਲੋਂ ਕੀਤੀ ਗਈ ਬਗਾਵਤ ਸਿੱਧੇ ਰੂਪ 'ਚ ਗਠਜੋੜ ਨੂੰ ਖੋਰਾ ਲਾ ਰਹੀ ਹੈ। ਕੀ ਅਜਿਹੀ ਸਥਿਤੀ 'ਚ ਅਕਾਲੀ ਦਲ ਮੁੜ ਸਟੈਂਡ ਹੋਣ ਲਈ ਇਹ ਪੈਤੜਾਂ ਤਾਂ ਨਹੀਂ ਵਰਤ ਰਿਹਾ? ਮਨਜਿੰਦਰ ਸਿਰਸਾ ਦਾ ਇਹ ਟਵੀਟ ਇਸ ਨਜ਼ਰੀਏ ਦਾ ਇਕੋ ਹਿੱਸਾ ਸਮਝਿਆ ਜਾ ਰਿਹਾ ਹੈ।

ਅਜਿਹੇ ਟਵੀਟ ਤੋਂ ਪਹਿਲਾਂ ਮਨਜਿੰਦਰ ਸਿਰਸਾ ਸਪੱਸ਼ਟ ਕਰੇ ਕਿ ਕੀ ਉਨ੍ਹਾਂ ਭਾਜਪਾ ਨਾਲ ਗਠਜੋੜ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਤੇ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਕਰ ਲਈ ਹੈ? ਉਹ ਤਾਂ ਭਾਜਪਾ ਨਾਲ ਨਹੁੰ-ਮਾਸ ਦਾ ਰਿਸ਼ਤਾ  ਦੱਸ ਕੇ ਆਗਾਮੀ ਚੋਣਾਂ ਇਕੱਠਿਆਂ ਲੜਨ ਦਾ ਐਲਾਨ ਕਰ ਚੁੱਕੇ ਹਨ? ਦੂਜੀ ਗੱਲ ਇਹ ਕਿ ਭਾਜਪਾ ਸ੍ਰੀ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਹੀ ਨਹੀਂ ਲੁਕਵੇਂ ਏਜੰਡੇ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਸਿਧਾਂਤ ਤਕ ਦਖਲ-ਅੰਦਾਜ਼ੀ ਕਰ ਰਹੀ ਹੈ ਤੇ ਉਨ੍ਹਾਂ ਨੂੰ ਇਹ ਖਿਆਲ ਉਦੋਂ ਕਿਉਂ ਨਾ ਆਇਆ? ਤੀਜਾ ਪੱਖ ਮਨਜਿੰਦਰ ਸਿਰਸਾ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਭਾਜਪਾ ਵਲੋਂ ਵਿਧਾਇਕ ਬਣੇ ਹਨ ਤੇ ਦਿੱਲੀ ਵਿਧਾਨ ਸਭਾ ਉਸ ਦੇ ਵ੍ਹਿਪ ਹਨ। ਉਹ ਉਨ੍ਹਾਂ ਦੀਆਂ ਐਗਜ਼ੈਕਟਿਵ ਦੀਆਂ ਮੀਟਿੰਗਾਂ ਵਿਚ ਵੀ ਭਾਗ ਲੈਂਦੇ ਹਨ। ਇਸ ਲਈ ਇਹ ਕਹਿਣ ਤੋਂ ਪਹਿਲਾਂ ਉਨ੍ਹਾਂ ਨੂੰ ਆਪਣੇ ਬਿਨਾਂ ਅਹੁਦਿਆਂ ਦਾ ਤਿਆਗ ਕਰਨਾ ਚਾਹੀਦਾ ਹੈ।
—ਜਰਨੈਲ ਸਿੰਘ, ਸਾਬਕਾ ਵਿਧਾਇਕ ਤੇ ਵਾਈਸ ਚੇਅਰਮੈਨ ਸਾਹਿਤ ਅਕਾਦਮੀ ਦਿੱਲੀ

ਅਸੀਂ ਇਹ ਚਾਹੁੰਦੇ ਹਾਂ ਕਿ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਦੇ ਬੋਰਡ ਦੀ ਚੋਣ ਮੈਂਬਰਾਨ ਤੇ ਕਮੇਟੀ  ਕਰੇ ਤੇ ਕਿਸੇ ਵੀ ਪ੍ਰਕਾਰ ਦਾ ਸਰਕਾਰੀ ਸਿਆਸੀ ਦਖਲ ਬੰਦ ਹੋਵੇ। ਉਹ ਦਖਲ ਭਾਵੇਂ ਭਾਜਪਾ ਦਾ ਹੋਵੇ ਤੇ ਭਾਵੇ ਬਾਦਲਾਂ ਦਾ। ਅੱਜ ਜੇ ਬਾਦਲਕਿਆਂ ਨੂੰ ਭਾਜਪਾ ਦੀ ਦਖਲ-ਅੰਦਾਜ਼ੀ 'ਤੇ ਦੁੱਖ ਲੱਗਦਾ ਹੈ ਤਾਂ ਉਹ ਸੰਗਤਾਂ 'ਚ ਪਹਿਲਾਂ ਇਹ ਪੱਖ ਸਪੱਸ਼ਟ ਕਰਨ ਕਿ ਸਭ ਤੋਂ ਪਹਿਲਾਂ ਗੁਰਧਾਮਾਂ 'ਚ ਭਾਜਪਾ ਦਾ ਦਖਲ ਕਰਵਾਇਆ ਕਿਸ ਨੇ ਸੀ? ਅਸੀਂ ਇਸ ਸਿਸਟਮ ਦਾ ਵਿਰੋਧ ਕਰਦੇ ਸੀ ਤਾਂ ਬਾਦਲਕੇ ਸਾਡੇ ਵਿਰੋਧ 'ਚ ਬੋਲਦੇ ਸਨ।
–ਭਾਈ ਬਲਜੀਤ ਸਿੰਘ ਦਾਦੂਵਾਲ, ਜਥੇਦਾਰ ਸਰਬੱਤ ਖਾਲਸਾ

ਇਹ ਮਹਿਜ ਲੋਕਾਂ ਨੂੰ ਗੁੰਮਰਾਹ ਕਰਨ ਦਾ ਜ਼ਰੀਆ ਹੈ ਕਿ ਇਕ ਪਾਸੇ ਸੈਂਟਰ 'ਚ ਵਜ਼ੀਰੀਆਂ ਦਾ ਨਿੱਘ ਮਾਣੋ ਤੇ ਦੂਜੇ ਪਾਸੇ ਗੁਰੂ ਘਰ ਦੇ ਖਜ਼ਾਨੇ ਦੀਆਂ ਧੱਜੀਆਂ ਉਡਾਓ। ਇਕ ਪਾਸੇ ਪੰਥਕ ਮੁੱਦਿਆਂ 'ਤੇ ਰਾਜਨੀਤੀ ਕਰਕੇ ਲੋਕਾਂ ਦੀਆਂ ਭਾਵਨਾਵਾਂ ਦਾ ਸਿਆਸੀਕਰਨ ਕਰੋ ਤੇ ਵੋਟਾਂ ਖਾਤਰ ਹੀ ਸੌਦਾ ਸਾਧ ਵਰਗੇ ਦੋਖੀਆਂ ਦੇ ਬਚਾਅ ਲਈ ਵਿਚੋਲਗਿਰੀ ਕਰੋ ਪਰ ਇਹ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਅਕਾਲੀ ਦਲ ਦਾ ਇਹ ਲੁਕਵਾਂ ਏਜੰਡਾ ਤੇ ਨਿਜਪ੍ਰਸਤ ਸਿਆਸਤ ਬੇਨਕਾਬ ਹੋ ਚੁੱਕੀ ਹੈ। ਸਮਾਂ ਆਉਣ 'ਤੇ ਪੰਥ ਇਨ੍ਹਾਂ ਗੁਨਾਹਾਂ ਦਾ ਹਿਸਾਬ ਮੰਗੇਗਾ।
–ਅਮਰਜੀਤ ਸਿੰਘ ਸੰਦੋਆ, ਵਿਧਾਇਕ ਰੂਪਨਗਰ

Shyna

This news is Content Editor Shyna