ਅਮਰਿੰਦਰ ਨੇ ਸ੍ਰੀ ਗੁਟਕਾ ਸਾਹਿਬ ਦੀ ਸਹੁੰ ਚੁੱਕ ਕੇ ਗੁਰੂ ਸਾਹਿਬ ਨਾਲ ਕੀਤਾ ਧੋਖਾ : ਸੁਖਬੀਰ
Tuesday, Apr 09, 2019 - 10:03 AM (IST)

ਲੁਧਿਆਣਾ (ਪਾਲੀ) - ਲੋਕ ਇਨਸਾਫ ਪਾਰਟੀ ਦੇ ਆਗੂ ਵਿਪਨ ਸੂਦ ਕਾਕਾ ਆਪਣੇ ਸਾਥੀਆਂ ਜਨੀਸ਼ ਮਹਿਰਾ, ਮਿਹਰ ਸਿੰਘ ਨਹਿਰੂ, ਵਰੁਣ ਮਲਹੋਤਰਾ, ਅਖਿਲੇਸ਼ ਤੇ ਹੋਰ ਵਰਕਰਾਂ ਸਮੇਤ ਸ਼ਹਿਨਸ਼ਾਹ ਪੈਲੇਸ ਵਿਖੇ ਸ਼ਹਿਰੀ ਪ੍ਰਧਾਨ ਰਣਜੀਤ ਸਿੰਘ ਢਿੱਲੋਂ ਦੀ ਅਗਵਾਈ ਹੇਠ ਹੋਏ ਸਮਾਗਮ ਦੌਰਾਨ ਲੋਕ ਇਨਸਾਫ ਪਾਰਟੀ ਤੇ ਬੈਂਸ ਭਰਾਵਾਂ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਲ ਹੋ ਗਏ। ਵਿਪਨ ਸੂਦ ਕਾਕਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਿਰੋਪਾਓ ਪਾ ਕੇ ਪਾਰਟੀ 'ਚ ਸ਼ਾਮਲ ਕਰ ਕੇ ਉਨ੍ਹਾਂ ਨੂੰ ਅਕਾਲੀ ਦਲ ਦਾ ਜਨਰਲ ਸਕੱਤਰ ਨਿਯੁਕਤ ਕਰ ਦਿੱਤਾ।ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ 2 ਸਾਲ ਦੇ ਕਾਰਜਕਾਲ ਦੌਰਾਨ ਪੰਜਾਬ 'ਚ ਵਿਕਾਸ ਦਾ ਇਕ ਵੀ ਕੰਮ ਨਹੀਂ ਕੀਤਾ। ਪੰਜਾਬ ਦੇ ਕਿਸੇ ਵੀ ਸ਼ਹਿਰ ਲੁਧਿਆਣਾ, ਅੰਮ੍ਰਿਤਸਰ, ਪਟਿਆਲਾ, ਜਲੰਧਰ 'ਚ ਕੈਪ. ਅਮਰਿੰਦਰ ਸਿੰਘ ਨੇ ਕੋਈ ਵੀ ਦੌਰਾ ਨਹੀਂ ਕੀਤਾ। ਵਿਧਾਨ ਸਭਾ ਚੋਣਾਂ 'ਚ ਸ੍ਰੀ ਗੁਟਕਾ ਸਾਹਿਬ ਦੀਆਂ ਝੂਠੀਆਂ ਸਹੁੰਆਂ ਖਾ ਕੇ ਗੁਰੂ ਸਾਹਿਬ ਨਾਲ ਧੋਖਾ ਕੀਤਾ ਹੈ। ਘਰ-ਘਰ ਨੌਕਰੀ ਦੇਣ ਦੇ ਵਾਅਦੇ, ਬੇਰੋਜ਼ਗਾਰਾਂ ਨੂੰ ਕਾਰੋਬਾਰ ਦੇਣ ਦੇ ਵਾਅਦੇ ਕਰ ਕੇ ਕੈਪਟਨ ਅਮਰਿੰਦਰ ਨੇ ਪੰਜਾਬ ਦੀ ਜਨਤਾ ਨੂੰ ਗੁਮਰਾਹ ਕੀਤਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਨੂੰ ਨਰਿੰਦਰ ਮੋਦੀ ਵਰਗੇ ਪ੍ਰਧਾਨ ਮੰਤਰੀ ਦੀ ਲੋੜ ਹੈ। ਬਾਦਲ ਨੇ ਕਿਹਾ ਕਿ ਪੰਜਾਬ ਦੇ ਲੋਕਾਂ 'ਚ ਕਾਂਗਰਸ ਪਾਰਟੀ ਵਲੋਂ 2 ਸਾਲਾਂ ਦੇ ਕਾਰਜਕਾਲ ਦੌਰਾਨ ਨਾ ਕੀਤੇ ਵਿਕਾਸ ਦੇ ਕੰਮਾਂ ਨੂੰ ਲੈ ਕੇ ਗੁੱਸਾ ਭਰਿਆ ਹੋਇਆ ਹੈ, ਜਿਸ ਨੂੰ ਉਹ ਲੋਕ ਸਭਾ ਚੋਣਾਂ 'ਚ ਅਕਾਲੀ-ਭਾਜਪਾ ਉਮੀਦਵਾਰਾਂ ਨੂੰ ਜਿਤਾ ਕੇ ਜ਼ਾਹਿਰ ਕਰਨਗੇ। ਇਸ ਮੌਕੇ ਯੂਥ ਅਕਾਲੀ ਦਲ ਦੇ ਪ੍ਰਧਾਨ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਦੌਰਾਨ ਪੰਜਾਬ ਦੇ ਲੋਕਾਂ ਨੂੰ 5 ਰੁਪਏ ਪ੍ਰਤੀ ਯੂਨਿਟ ਦੇਣ ਦਾ ਵਾਅਦਾ ਕੀਤਾ ਸੀ ਪਰ ਅੱਜ ਪੰਜਾਬ ਦੇ ਕਿਸੇ ਵੀ ਸ਼ਹਿਰ ਵੱਲ ਝਾਤੀ ਮਾਰੀਏ ਤਾਂ 5 ਰੁਪਏ ਪ੍ਰਤੀ ਯੂਨਿਟ ਤੋਂ ਵੱਧ ਬਿਜਲੀ ਦੀ ਵਸੂਲੀ ਕੀਤੀ ਜਾ ਰਹੀ ਹੈ, ਜੇਕਰ ਕੈਪਟਨ ਅਮਰਿੰਦਰ ਸਾਬਿਤ ਕਰ ਦੇਣ ਕਿ ਪੰਜਾਬ 'ਚ 5 ਰੁਪਏ ਪ੍ਰਤੀ ਯੂਨਿਟ ਬਿਜਲੀ ਦਿੱਤੀ ਜਾ ਰਹੀ ਹੈ ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
ਮੈਂਬਰ ਪਾਰਲੀਮੈਂਟ ਰਵਨੀਤ ਬਿੱਟੂ ਨੇ ਆਪਣੇ 5 ਸਾਲ ਦੇ ਕਾਰਜਕਾਲ ਦੌਰਾਨ ਲੁਧਿਆਣਾ 'ਚ ਇਕ ਵੀ ਵਿਕਾਸ ਦਾ ਕੰਮ ਨਹੀਂ ਕੀਤਾ, ਕੇਵਲ ਆਪਣੀਆਂ ਜੇਬਾਂ ਭਰੀਆਂ ਹਨ। ਬਿੱਟੂ ਨੇ ਆਪਣੇ ਭਰਾ ਨੂੰ ਡਿਪਟੀ ਲਗਵਾ ਦਿੱਤਾ। ਬੈਂਸ ਭਰਾਵਾਂ 'ਤੇ ਬੋਲਦਿਆਂ ਬਿਕਰਮ ਮਜੀਠੀਆ ਨੇ ਕਿਹਾ ਕਿ ਬੈਨੀਪਾਲ ਵਰਗੇ ਈਮਾਨਦਾਰ ਅਫਸਰਾਂ ਨਾਲ ਇਨ੍ਹਾਂ ਨੇ ਕੁੱਟ-ਮਾਰ ਕੀਤੀ। ਪੰਜਾਬ ਵਿਚ ਅਫਸਰਸ਼ਾਹੀ ਨੂੰ ਧਮਕਾ ਕੇ ਤੇ ਲੋਕਾਂ ਦੇ ਸਹਿਯੋਗ ਦੀ ਗੱਲ ਕਰ ਕੇ ਆਪਣੇ ਸਾਰੇ ਗੈਰ-ਕਾਨੂੰਨੀ ਧੰਦੇ ਚਲਾ ਰਹੇ ਹਨ। ਇਸ ਮੌਕੇ ਮਨਪ੍ਰੀਤ ਸਿੰਘ ਇਆਲੀ, ਹਰਭਜਨ ਸਿੰਘ ਡੰਗ, ਦਰਸ਼ਨ ਸਿੰਘ ਸ਼ਿਵਾਲਿਕ, ਸਤਪਾਲ ਗੋਸਾਈਂ ਸਾਬਕਾ ਡਿਪਟੀ ਸਪੀਕਰ, ਸਤੀਸ਼ ਮਲਹੋਤਰਾ, ਵਿਜੇ ਦਾਨਵ ਹੋਰ ਆਗੂ ਹਾਜ਼ਰ ਸਨ।