ਸੁਧਾਰ ਲਹਿਰ ਦੇ ਇਲਜ਼ਾਮਾਂ ''ਤੇ SGPC ਦੇ ਪ੍ਰਧਾਨ ਦਾ ਜਵਾਬ

Tuesday, Nov 12, 2024 - 06:41 PM (IST)

ਸੁਧਾਰ ਲਹਿਰ ਦੇ ਇਲਜ਼ਾਮਾਂ ''ਤੇ SGPC ਦੇ ਪ੍ਰਧਾਨ ਦਾ ਜਵਾਬ

ਅੰਮ੍ਰਿਤਸਰ(ਵੈੱਬ ਡੈਸਕ)- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲਗਾਤਾਰ ਚੌਥੀ ਵਾਰ ਪ੍ਰਧਾਨ ਬਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਨਵੀਂ ਬਣੀ ਅੰਤ੍ਰਿੰਗ ਕਮੇਟੀ ਦੀ ਪਹਿਲੀ ਇਕੱਤਰਤਾ ਹੋਈ। ਜਿਸ ਤੋਂ ਬਾਅਦ ਪ੍ਰਧਾਨ ਧਾਮੀ  ਮੀਡੀਆ ਦੇ ਰੂਬਰੂ ਹੋਏ ਅਤੇ ਸਿੱਖਾਂ ਨਾਲ ਸੰਬੰਧਿਤ ਮਸਲੇ ਵਿਚਾਰੇ, ਉੱਥੇ ਕਈ ਅਹਿਮ ਮਤੇ ਵੀ ਪਾਸ ਕੀਤੇ। ਪ੍ਰਧਾਨ ਧਾਮੀ ਨੇ ਹਵਾਈ ਅੱਡਿਆਂ 'ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਕਿਰਪਾਨ ਪਾਉਣ ਦੀ ਮਨਾਹੀ ਦੀ ਸਖ਼ਤ ਨਿੰਦਾ ਕੀਤੀ ਤੇ ਵਾਪਸ ਲੈਣ ਲਈ ਮਤਾ ਵੀ ਪਾਸ ਕੀਤਾ। ਉਨ੍ਹਾਂ ਕਿਹਾ ਕਿ ਇਹ ਸਿੱਖਾਂ ਦੇ ਮੌਲਿਕ ਅਧਿਕਾਰਾਂ ਦੀ ਉਲੰਘਣਾ ਹੈ। ਉਨ੍ਹਾਂ ਕਿਹਾ ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫ਼ਦ ਜਲਦ ਹੀ ਕੇਂਦਰੀ ਹਵਾਬਾਜ਼ੀ ਮੰਤਰੀ ਨੂੰ ਮਿਲੇਗਾ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਅੰਮ੍ਰਿਤਧਾਰੀ ਪ੍ਰੀਖਿਆਰਥੀਆਂ ਨੂੰ ਪ੍ਰੀਖਿਆ ਦੇਣ ਸਮੇਂ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਲਈ ਸੁਪਰੀਮ ਕੋਰਟ 'ਚ ਅਪੀਲ ਦਾਇਰ ਕਰਕੇ ਸਰਕਾਰਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਦੀ ਵੀ ਮੰਗ ਕੀਤੀ ਹੈ। 

ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਵੱਡਾ ਐਨਕਾਊਂਟਰ

ਸੁਧਾਰ ਲਹਿਰ ਦੇ ਇਲਜ਼ਾਮਾਂ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦਾ ਜਵਾਬ

ਐਡਵੋਕੇਟ ਧਾਮੀ ਨੇ ਕਿਹਾ ਕਿ ਸੁਧਾਰ ਲਹਿਰ  ਵੱਲੋਂ ਆਖਿਆ ਜਾ ਰਿਹਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਜਥੇਦਾਰ ਸਾਹਿਬ ਨਾਲ ਮੀਟਿੰਗਾਂ ਕਰਦੇ ਹਨ। ਉਨ੍ਹਾਂ ਨੂੰ ਮੈਂ ਸ਼੍ਰੋਮਣੀ ਕਮੇਟੀ ਦਾ ਮੁੱਖ ਸੇਵਾਦਾਰ ਹਾਂ ਮੇਰੀਆਂ ਤਾਂ ਰੋਜ਼ ਹੀ ਉਨ੍ਹਾਂ ਨਾਲ ਮੀਟਿੰਗਾਂ ਹੁੰਦੀਆਂ ਹਨ। ਇਨ੍ਹਾਂ ਨੇ ਸੋਚੀ ਸਮਝੀ ਸਾਜ਼ਿਸ਼ ਤਹਿਤ ਕਹਿਣਾ ਸ਼ੁਰੂ ਕੀਤਾ ਹੈ ਕਿ ਗੁਪਤ ਮੀਟਿੰਗ ਹੋਈ ਹੈ। ਉਨ੍ਹਾਂ ਕਿਹਾ ਮੈਂ ਕਹਿਣਾ ਚਾਹੁੰਦਾ ਹਾਂ ਕਿ ਕੀ ਸਾਡਾ ਜਥੇਦਾਰ ਸਾਹਿਬ ਨਾਲ ਮਿਲਣਾ ਵੀ ਬੈਨ ਹੈ? ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਵਾਲੇ ਆਪ ਵੀ ਗਿਆਨੀ ਹਰਪ੍ਰੀਤ ਸਿੰਘ ਨਾਲ ਢਾਈ ਢਾਈ ਘੰਟੇ ਮੁਲਾਕਾਤ ਕਰ ਰਹੇ ਹਨ ਅਤੇ ਇਨ੍ਹਾਂ ਵੱਲੋਂ ਹੀ ਸ਼ਿਕਾਇਤ ਦਿੱਤੀ ਗਈ ਹੈ।

ਧਾਮੀ ਨੇ ਕਿਹਾ ਕਿ ਹੁਣ ਇਹ ਚਾਹੁੰਦੇ ਹਨ ਕਿ ਫੈਸਲਾ ਵੀ ਇਨ੍ਹਾਂ ਦੇ ਮੁਤਾਬਕ ਹੋਵੇ, ਨਹੀਂ ਤੇ ਸਿੱਧੇ ਤੌਰ ਤੇ ਕਹਿ ਰਹੇ ਹਨ ਕਿ ਜੇ ਸਾਡੇ ਮੁਤਾਬਕ ਫੈਸਲਾ ਨਾ ਹੋਇਆ ਤਾਂ ਅਸੀਂ ਆਪਣਾ ਰੋਸ ਜ਼ਾਹਿਰ ਕਰਾਂਗੇ। ਉਨ੍ਹਾਂ ਕਿਹਾ ਕਿ ਸੁਧਾਰ ਲਹਿਰ ਵਾਲਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਣ ਮਰਿਆਦਾ ਦਾ ਕੋਈ ਫ਼ਿਕਰ ਨਹੀਂ ਹੈ ਉਹ ਆਮ ਅਦਾਲਤਾਂ ਵਾਂਗ ਹੀ ਇਸ ਮਾਮਲੇ ਨੂੰ ਨਿਪਟਾਉਣ ਲਈ ਸਿੰਘ ਸਾਹਿਬਾਨਾਂ ਤੇ ਦਬਾਅ ਬਣਾ ਰਹੇ ਹਨ। ਪ੍ਰਧਾਨ ਧਾਮੀ ਨੇ ਕਿਹਾ ਕਿ ਆਉਣ ਵਾਲੇ ਸਮੇਂ 'ਚ ਇਹ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਥੱਲੇ ਇਕੱਠੇ ਨਜ਼ਰ ਆਣਗੇ। ਇਨ੍ਹਾਂ ਨੂੰ ਇਸ ਤਰ੍ਹਾਂ ਦੇ ਬੋਲ ਕਬੋਲ ਨਹੀਂ ਬੋਲਣੇ ਚਾਹੀਦੇ ਜਿਸ ਨਾਲ ਮੁੜ ਆਪਸ 'ਚ ਬੈਠਣ ਸਮੇਂ ਸ਼ਰਮਿੰਦਗੀ ਮਹਿਸੂਸ ਹੋਵੇ।

ਇਹ ਵੀ ਪੜ੍ਹੋ- 'ਮੁੱਖ ਮੰਤਰੀ ਧਮਕ ਬੇਸ ਆਲਾ' ਚੁੱਕ ਲਿਆ ਪੁਲਸ ਨੇ, ਦੇਖੋ ਹੈਰਾਨ ਕਰ ਦੇਣ ਵਾਲੀ ਵੀਡੀਓ

ਇਸ ਦੌਰਾਨ ਪ੍ਰਧਾਨ ਧਾਮੀ ਨੇ ਮਤੇ ਪਾਸ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਸਿੱਖਾਂ ਨੂੰ ਬਦਨਾਮ ਕਰਨ ਲਈ ਇੱਕ ਬਿਰਤਾਂਤ ਸਿਰਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਕਿਸੇ ਮੰਦਰ ਜਾਂ ਧਾਰਮਿਕ ਸਥਾਨ ਤੇ ਹਮਲਾ ਨਹੀਂ ਕਰਦੇ ਸਿੱਖ ਸਰਬੱਤ ਦੇ ਭਲੇ ਲਈ ਕਾਰਜ ਕਰਦਾ ਹੈ। ਉਨ੍ਹਾਂ ਕਿਹਾ ਕਿ ਇੱਕ ਝੜਪ ਨੂੰ ਮੰਦਰ ਤੇ ਹਮਲਾ ਦੱਸ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। 

ਇਸ ਤੋਂ ਇਲਾਵਾ ਐਡਵੋਕੇਟ ਧਾਮੀ ਨੇ ਕਿਹਾ ਕਿ ਗੁਰਦੁਆਰਾ ਚੋਣ ਕਮਿਸ਼ਨ ਪਾਸੋਂ ਅੰਤਿੰਗ ਕਮੇਟੀ ਨੇ ਮੰਗ ਕੀਤੀ ਹੈ ਕਿ ਬਣਾਈਆਂ ਜਾ ਰਹੀਆਂ ਵੋਟਾਂ ਨੂੰ ਨਿਯਮਾਂ ਤੇ ਸ਼ਰਤਾਂ ਵਿੱਚ ਰਹਿ ਕੇ ਹੀ ਲਿਸਟਾਂ ਮੁਕੰਮਲ ਕੀਤੀਆਂ ਜਾਣ। ਉਨ੍ਹਾਂ ਕਿਹਾ ਕਿ 27 ਲੱਖ ਤੋਂ 51 ਲੱਖ ਵੋਟਾਂ ਕੁਝ ਦਿਨਾਂ ਵਿੱਚ ਹੀ ਵੱਧ ਜਾਣੀਆਂ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਤੇ ਵਿਧਾਨ ਸਭਾ ਵੋਟਰਾਂ ਦੀਆਂ ਲਿਸਟਾਂ ਤੋਂ ਹੀ ਸਿੱਖ ਗੁਰਦੁਆਰਾ ਚੋਣ ਸਬੰਧੀ ਵੋਟਾਂ ਤਿਆਰ ਕਰ ਦਿੱਤੀਆਂ ਹੋਣ ਦਾ ਖਦਸ਼ਾ ਹੈ। ਧਾਮੀ ਨੇ ਕਿਹਾ ਕਿ ਇਸ ਤਰ੍ਹਾਂ ਦੇ ਨਾਲ ਚੋਣ ਪ੍ਰਕਿਰਿਆ 'ਚ ਹੋਰ ਵੀ ਦੇਰੀ ਹੋਵੇਗੀ। ਜਿਸ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਰਦਾਸ਼ਤ ਨਹੀਂ ਕਰੇਗੀ।

ਇਹ ਵੀ ਪੜ੍ਹੋ- ਵੱਡੀ ਵਾਰਦਾਤ: ਕੈਨੇਡਾ 'ਚ ਨੀਗਰੋ ਨੇ ਪੰਜਾਬੀ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ

ਇਸ ਦੌਰਾਨ ਐਡਵੋਕੇਟ ਧਾਮੀ ਨੇ ਕਿਹਾ ਕਿ ਪਾਕਿਸਤਾਨ ਹਰ ਸਾਲ ਜਥੇ ਜਾਂਦੇ ਹਨ ਅਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ 'ਤੇ ਜਾਣ ਲਈ 1800 'ਚੋਂ ਸਿਰਫ਼ 763 ਵੀਜ਼ੇ ਮਿਲੇ ਹਨ। ਇਹ ਚਿੰਤਾ ਦਾ ਵਿਸ਼ਾ ਹੈ ਕਿ ਪਾਕਿਸਤਾਨ ਸਰਕਾਰ ਨੇ ਵੱਡੀ ਗਿਣਤੀ 'ਚ ਵੀਜ਼ਿਆਂ ਦੀ ਕਟੋਤੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਪਾਕਿਸਤਾਨ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਜੋ ਵੀ ਵੀਜ਼ੇ ਸ਼੍ਰੋਮਣੀ ਕਮੇਟੀ ਦਿੰਦੇ ਉਹ ਸਾਰੇ ਵੀਜ਼ੇ ਲਾਏ ਜਾਣ। ਸ਼੍ਰੋਮਣੀ ਕਮੇਟੀ ਵੱਡੀ ਗਿਣਤੀ 'ਚ ਵੀਜ਼ੇ ਦੇਣ ਦੀ ਮੰਗ ਕਰਦੀ ਹੈ ਤਾਂ ਜੋ ਸ਼ਰਧਾਲੂਆਂ ਦੀ ਭਾਵਨਾਵਾਂ ਨੂੰ ਠੇਸ ਨਾ ਪਹੁੰਚਾਈ ਜਾਵੇ। ਉਨ੍ਹਾਂ ਕਿਹਾ ਸ਼ਰਧਾਲੂਆਂ ਨੂੰ ਇਹ ਸਾਫ਼ ਕਰ ਦਿੰਦੇ ਹਾਂ ਕਿ ਸਾਡੇ ਕੋਲ ਜੋ ਪਾਸਪੋਰਟ ਆਏ ਹੁੰਦੇ ਹਨ ਉਹ ਸਭ ਅੰਬੈਂਸੀ ਨੂੰ ਦਿੱਤੇ ਜਾਂਦੇ ਹਨ। ਇਸ ਵਿਚ ਕਿਸੇ ਨਾਲ ਵੀ ਹੇਰ-ਫੇਰ ਨਹੀਂ ਕੀਤੀ ਜਾਂਦੀ। ਇਸ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦਾ ਪੈਨਲ ਪਾਕਿਸਤਾਨ ਸਰਕਾਰ ਨੂੰ ਮਿਲਣ ਲਈ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੂੰ ਸੁਪਰੀਮ ਕੋਰਟ ਤੋਂ ਮਿਲੀ ਰਾਹਤ


author

Shivani Bassan

Content Editor

Related News