SGPC ਦੀਆਂ ਆਮ ਚੋਣਾਂ ਫਿਲਹਾਲ ਠੰਡੇ ਬਸਤੇ ’ਚ, ਗੁਰਦੁਆਰਾ ਕਮਿਸ਼ਨ ਦੇ ਦਫ਼ਤਰ ’ਚ ਛਾਈ ਹੈ ਚੁੱਪ

05/21/2022 4:11:18 PM

ਜਲੰਧਰ (ਨਰਿੰਦਰ ਮੋਹਨ)-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਦਾ ਮੁੱਦਾ ਕੇਂਦਰੀ ਗ੍ਰਹਿ ਮੰਤਰਾਲਾ ਨੇ ਫਿਲਹਾਲ ਟਾਲ ਦਿੱਤਾ ਹੈ। ਪਿਛਲੇ ਕੁਝ ਮਹੀਨਿਆਂ ਤੋਂ ਗੁਰਦੁਆਰਾ ਚੋਣ ਕਮਿਸ਼ਨ ਦੇ ਚੰਡੀਗੜ੍ਹ ਦਫ਼ਤਰ ਵੱਲੋਂ ਕੇਂਦਰੀ ਗ੍ਰਹਿ ਮੰਤਰਾਲਾ ਨਾਲ ਸਿਰਫ਼ ਇਹੀ ਚਿੱਠੀ ਪੱਤਰ ਹੋਇਅਾ ਹੈ ਕਿ ਸ਼੍ਰੋਮਣੀ ਕਮੇਟੀ ਚੋਣਾਂ ਦਾ ਕੋਈ ਮਾਮਲਾ ਹੁਣ ਕਿਸੇ ਅਦਾਲਤ ’ਚ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਨਵੇਂ ਵੋਟਰ ਬਣਾਉਣ ਜਾਂ ਵੋਟਰ ਸੂਚੀਆਂ ਤਿਆਰ ਕਰਨ ਵਰਗੀਆਂ ਕੋਈ ਹਦਾਇਤਾਂ ਨਹੀਂ ਆਈਆਂ। ਚੰਡੀਗੜ੍ਹ ਦੇ ਸੈਕਟਰ 17 ’ਚ ਸਥਿਤ ਗੁਰਦੁਆਰਾ ਚੋਣ ਕਮਿਸ਼ਨ ਦੇ ਦਫ਼ਤਰ ਨੂੰ ਨਵਾਂ ਰੂਪ ਦਿੱਤਾ ਗਿਆ ਹੈ। ਪੰਜਾਬ ਸਕੱਤਰੇਤ ’ਚ ਵੱਖ-ਵੱਖ ਵਿਭਾਗਾਂ ਵਿਚ ਡੈਪੂਟੇਸ਼ਨ ’ਤੇ ਭੇਜੇ ਗਏ ਗੁਰਦੁਆਰਾ ਚੋਣ ਕਮਿਸ਼ਨ ਦੇ ਮੁਲਾਜ਼ਮ ਹੁਣ ਕਮਿਸ਼ਨ ਦੇ ਦਫ਼ਤਰ ’ਚ ਕੰਮ ਕਰ ਰਹੇ ਹਨ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਐੱਸ. ਐੱਸ. ਸਾਰੋਨ ਗੁਰਦੁਆਰਾ ਚੋਣ ਕਮਿਸ਼ਨ ਦੇ ਮੁੱਖ ਅਧਿਕਾਰੀ ਹਨ ਪਰ ਕਮਿਸ਼ਨ ਦੇ ਦਫ਼ਤਰ ’ਚ ਚੁੱਪ-ਚਾਪ ਵਰਗੀ ਸਥਿਤੀ ਬਣੀ ਹੋਈ ਹੈ। ਚੋਣ ਸੂਚੀਆਂ, ਨਵੇਂ ਵੋਟਰ ਜਾਂ ਕੋਈ ਹੋਰ ਤਿਆਰੀ ਅਜੇ ਵੀ ਰੁਕੀ ਹੋਈ ਹੈ।

ਆਮ ਚੋਣਾਂ
ਆਜ਼ਾਦ ਭਾਰਤ ਦੇ ਇਤਿਹਾਸ ’ਚ ਹੁਣ ਤੱਕ ਅਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਇਕ ਵਾਰ ਵੀ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ ਸਮੇਂ ਸਿਰ ਨਹੀਂ ਹੋਈਆਂ। ਬਰਤਾਨਵੀ ਰਾਜ ’ਚ ਸ਼੍ਰੋਮਣੀ ਕਮੇਟੀ ਦੇ ਜਨਰਲ ਹਾਊਸ ਦਾ ਕਾਰਜਕਾਲ ਤਿੰਨ ਸਾਲ ਦਾ ਹੁੰਦਾ ਸੀ। ਚੋਣਾਂ ਸਮੇਂ ਸਿਰ ਕਰਵਾਈਆਂ ਜਾਂਦੀਆਂ ਸਨ ਪਰ ਬਾਅਦ ’ਚ ਚੋਣਾਂ ਵਿਚ ਰੁਕਾਵਟਾਂ ਆਈਆਂ। ਬ੍ਰਿਟਿਸ਼ ਰਾਜ ਦੌਰਾਨ ਸ਼੍ਰੋਮਣੀ ਕਮੇਟੀ ਦੀਆਂ ਆਮ ਚੋਣਾਂ 21 ਸਾਲਾਂ ’ਚ ਸੱਤ ਵਾਰ ਹੋਈਆਂ ਪਰ ਆਜ਼ਾਦ ਭਾਰਤ ਦੇ 75 ਸਾਲਾਂ ਦੇ ਇਤਿਹਾਸ ’ਚ ਇਹ ਚੋਣਾਂ ਸਿਰਫ਼ ਪੰਜ ਵਾਰ ਹੀ ਹੋਈਆਂ ਹਨ। 1944 ’ਚ ਅਕਾਲੀ ਦਲ ਦੇ ਕਹਿਣ ’ਤੇ ਚੋਣਾਂ ਦਾ ਸਮਾਂ ਸੋਧ ਕੇ ਪੰਜ ਸਾਲ ਕਰ ਦਿੱਤਾ ਗਿਆ ਪਰ ਉਸ ਤੋਂ ਬਾਅਦ ਵੀ ਸਮੇਂ ਸਿਰ ਚੋਣਾਂ ਕਦੇ ਨਹੀਂ ਹੋ ਸਕੀਆਂ।

ਇਹ ਵੀ ਪੜ੍ਹੋ : ਦਰਿਆਈ ਪਾਣੀਆਂ ’ਚ ਇੰਡਸਟਰੀ ਦੀ ਰਹਿੰਦ-ਖੂੰਹਦ ਸੁੱਟਣ ’ਤੇ ‘ਆਪ’ ਸਰਕਾਰ ਲਾਵੇ ਰੋਕ : ਸੁਖਬੀਰ ਬਾਦਲ

ਮੌਜੂਦਾ ਸਥਿਤੀ
ਸ਼੍ਰੋਮਣੀ ਕਮੇਟੀ ਦੇ ਕੁਲ 190 ਮੈਂਬਰ ਚੁਣੇ ਜਾਣੇ ਹਨ। 157 ਮੈਂਬਰ ਇਕੱਲੇ ਪੰਜਾਬ ਤੋਂ ਚੁਣੇ ਜਾਣੇ ਹਨ। ਬਾਕੀ ਹਰਿਆਣਾ, ਹਿਮਾਚਲ ਅਤੇ ਚੰਡੀਗੜ੍ਹ ਤੋਂ ਹਨ। ਇਸ ਤੋਂ ਪਹਿਲਾਂ ਸਾਲ 2011 ’ਚ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਹੋਈਆਂ ਸਨ, ਜਿਸ ’ਚ ਸੰਤ ਸਮਾਜ ਦੇ ਨਾਲ-ਨਾਲ ਅਕਾਲੀ ਦਲ ਨੇ 157 ਸੀਟਾਂ ਜਿੱਤੀਆਂ ਸਨ। ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਗੱਠਜੋੜ ਤੋੜਨ ਅਤੇ ਸੁਖਬੀਰ ਸਿੰਘ ਬਾਦਲ ਦੇ ਅਕਾਲੀ ਦਲ ਦਾ ਪ੍ਰਧਾਨ ਬਣਨ ਤੋਂ ਬਾਅਦ ਪੰਜਾਬ ’ਚ ਸਥਿਤੀ ਬਹੁਤ ਬਦਲ ਗਈ ਹੈ। ਪੰਜਾਬ ’ਚ ਕਾਂਗਰਸ ਸਮੇਤ ਹੋਰ ਪਾਰਟੀਆਂ ਵੱਲੋਂ ਕੇਂਦਰੀ ਗ੍ਰਹਿ ਮੰਤਰਾਲਾ ਤੋਂ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ।

ਸ਼੍ਰੋਮਣੀ ਕਮੇਟੀ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵੀ ਸਰਗਰਮ ਹਨ। ਵੈਸੇ ਵੀ ਬਹਿਬਲ ਕਲਾਂ ਗੋਲੀਕਾਂਡ, ਬੇਅਦਬੀ ਕਾਂਡ ਅਤੇ ਉਸ ਤੋਂ ਪਹਿਲਾਂ ਡੇਰਾ ਸਿਰਸਾ ਦੇ ਮੁਖੀ ਨੂੰ ਮੁਆਫ਼ੀ ਦੇਣ ਤੋਂ ਬਾਅਦ ਪਿਛਲੀ ਬਾਦਲ ਸਰਕਾਰ ਵੇਲੇ ਅਕਾਲੀ ਦਲ ਦੀ ਵੋਟ ਕੱਟੀ ਗਈ ਅਤੇ ਜ਼ਿਆਦਾਤਰ ਵੋਟਰ ‘ਆਪ’ ਅਤੇ ਕੁਝ ਕਾਂਗਰਸ ਨਾਲ ਜੁੜੇ ਹੋਏ ਹਨ। ਭਾਵੇਂ ਕਾਂਗਰਸ ਨੇ ਐੱਸ. ਜੀ. ਪੀ. ਸੀ. ਚੋਣਾਂ ’ਚ ਸਿੱਧੇ ਦਾਖ਼ਲੇ ਤੋਂ ਇਨਕਾਰ ਕੀਤਾ ਹੈ ਪਰ ਅਸਿੱਧੇ ਤੌਰ ’ਤੇ ਕਾਂਗਰਸ ਵੀ ਇਸ ਚੋਣ ਦੀ ਤਿਆਰੀ ਕਰ ਰਹੀ ਹੈ। ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਨਾਤਾ ਤੋੜਨ ਤੋਂ ਬਾਅਦ ਭਾਜਪਾ ਵੀ ਅਕਾਲੀ ਦਲ ਨੂੰ ਜ਼ਮੀਨ ਦਿਖਾਉਣ ’ਤੇ ਤੁਲੀ ਹੋਈ ਹੈ। ਵੈਸੇ ਵੀ ਵਿਧਾਨ ਸਭਾ ਚੋਣਾਂ ’ਚ ਅਕਾਲੀ ਦਲ ਦੀ ਹਾਰ ਤੋਂ ਬਾਅਦ ਸ਼੍ਰੋਮਣੀ ਕਮੇਟੀ ਚੋਣਾਂ ਉਸ ਲਈ ਕੋਈ ਆਸਾਨ ਰਾਹ ਨਹੀਂ ਹੈ।

 ਇਹ ਵੀ ਪੜ੍ਹੋ : CM ਮਾਨ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਅਹਿਮ ਮੁੱਦਿਆਂ ਨੂੰ ਲੈ ਕੇ ਹੋਈ ਚਰਚਾ

ਐੱਸ. ਜੀ. ਪੀ. ਸੀ. ਦੇ ਕੰਮ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸ. ਜੀ. ਪੀ. ਸੀ.) ਭਾਰਤ ’ਚ ਸਿੱਖਾਂ ਦੇ ਧਾਰਮਿਕ ਅਸਥਾਨਾਂ ਦਾ ਪ੍ਰਬੰਧ ਅਤੇ ਦੇਖਭਾਲ ਕਰਨ ਵਾਲੀ ਇਕ ਸੰਸਥਾ ਹੈ, ਜੋ 101 ਸਾਲ ਤੋਂ ਵੱਧ ਪੁਰਾਣੀ ਹੈ। ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ’ਚ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਗੁਰਦੁਆਰਾ ਕਮੇਟੀ ਜ਼ਿੰਮੇਵਾਰ ਹੈ। ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਨੂੰ ਸ਼੍ਰੋਮਣੀ ਕਮੇਟੀ ਸੰਚਾਲਿਤ ਕਰਦੀ ਹੈ। ਕਮੇਟੀ ਗੁਰਦੁਆਰਿਆਂ ਦੀ ਸੁਰੱਖਿਆ, ਵਿੱਤੀ ਸਹੂਲਤਾਂ, ਸੇਵਾ ਸੰਭਾਲ ਅਤੇ ਧਾਰਮਿਕ ਪਹਿਲੂਆਂ ਦਾ ਪ੍ਰਬੰਧ ਕਰਦੀ ਹੈ।

ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬੋਰਡ ’ਤੇ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਹੈ, ਜੋ ਸਾਲਾਂ ਤੋਂ ਲਗਾਤਾਰ ਚੱਲ ਰਿਹਾ ਹੈ। ਇਸ ’ਚ 170 ਚੁਣੇ ਹੋਏ ਮੈਂਬਰਾਂ ਤੋਂ ਇਲਾਵਾ 15 ਮੈਂਬਰ ਨਾਮਜ਼ਦ ਹਨ। 5 ਮੈਂਬਰ ਪੰਜ ਵੱਖ-ਵੱਖ ਤਖ਼ਤਾਂ ਦੇ ਜਥੇਦਾਰ ਹਨ। ਇਹ ਸ਼੍ਰੋਮਣੀ ਕਮੇਟੀ ਹੀ ਸੀ, ਜਿਸ ਨੇ 5 ਸਾਲ ਲੜ ਕੇ ਸਿੱਖ ਕੌਮ ਲਈ 1925 ’ਚ ਬ੍ਰਿਟਿਸ਼ ਸਰਕਾਰ ਕੋਲੋਂ ਗੁਰਦੁਆਰਾ ਐਕਟ ਪਾਸ ਕਰਵਾਇਆ ਸੀ। ਅੰਗਰੇਜ਼ ਸਰਕਾਰ ਵੱਲੋਂ ਗੁਰਦੁਆਰਾ ਐਕਟ ਪਾਸ ਕਰਵਾਉਣਾ ਆਸਾਨ ਨਹੀਂ ਸੀ। ਹਰਿਮੰਦਰ ਸਾਹਿਬ ਕੰਪਲੈਕਸ ਸਮੇਤ ਕਈ ਵੱਡੇ ਗੁਰਦੁਆਰਿਆਂ ’ਤੇ ਮਹੰਤਾਂ ਦਾ ਕਬਜ਼ਾ ਸੀ, ਜੋ ਇਸ ਨੂੰ ਛੱਡਣ ਲਈ ਤਿਆਰ ਨਹੀਂ ਸਨ ਪਰ ਗੁਰਦੁਆਰਾ ਐਕਟ ਲਾਗੂ ਹੋਣ ਤੋਂ ਬਾਅਦ ਗੁਰਦੁਆਰੇ ਮਹੰਤਾਂ ਤੋਂ ਆਜ਼ਾਦ ਹੋ ਗਏ ਸਨ।

ਐੱਸ. ਜੀ. ਪੀ. ਸੀ. ਦੇ ਹੁਣ ਤੱਕ ਕਿੰਨੇ ਪ੍ਰਧਾਨ
ਹੁਣ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 44 ਪ੍ਰਧਾਨ ਹੋ ਚੁੱਕੇ ਹਨ। ਇਸ ਸਮੇਂ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹਨ। ਪਹਿਲੇ ਪ੍ਰਧਾਨ ਸੁੰਦਰ ਸਿੰਘ ਮਜੀਠੀਆ ਸਨ, ਜਿਨ੍ਹਾਂ ਨੇ 12 ਅਕਤੂਬਰ 1920 ਤੋਂ 14 ਅਗਸਤ 1921 ਤੱਕ ਸੇਵਾ ਕੀਤੀ। ਜਥੇਦਾਰ ਗੁਰਚਰਨ ਸਿੰਘ ਟੌਹੜਾ ਪੰਜ ਵਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ, ਜਿਨ੍ਹਾਂ ਦਾ ਕਾਰਜਕਾਲ 27 ਸਾਲ ਦਾ ਸੀ। ਇਸਤਰੀ ਅਕਾਲੀ ਦਲ ਦੀ ਆਗੂ ਬੀਬੀ ਜਗੀਰ ਕੌਰ ਤਿੰਨ ਵਾਰ ਪ੍ਰਧਾਨ ਰਹੀ। ਉਹ ਐੱਸ. ਜੀ. ਪੀ. ਸੀ. ਦੀ ਹੁਣ ਤੱਕ ਇਕਲੌਤੀ ਮਹਿਲਾ ਪ੍ਰਧਾਨ ਰਹੀ ਹੈ। ਉਨ੍ਹਾਂ ਦਾ ਕਾਰਜਕਾਲ ਤਿੰਨ ਸਾਲ ਤੋਂ ਥੋੜ੍ਹਾ ਵੱਧ ਚੱਲਿਆ।


Manoj

Content Editor

Related News