ਪ੍ਰੋ. ਬਡੂੰਗਰ ਕੋਈ ਪ੍ਰੇਸ਼ਾਨੀ ਨਾ ਖੜ੍ਹੀ ਕਰ ਦੇਣ!

Sunday, Apr 08, 2018 - 07:34 AM (IST)

ਪ੍ਰੋ. ਬਡੂੰਗਰ ਕੋਈ ਪ੍ਰੇਸ਼ਾਨੀ ਨਾ ਖੜ੍ਹੀ ਕਰ ਦੇਣ!

ਲੁਧਿਆਣਾ (ਮੁੱਲਾਂਪੁਰੀ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੇ ਤੇਵਰ ਪਿਛਲੇ ਦਿਨਾਂ ਤੋਂ ਤਿੱਖੇ ਦਿਖਾਈ ਦੇ ਰਹੇ ਹਨ, ਤਿੱਖੇ ਹੋਣ ਵੀ ਕਿਉਂ ਨਾ। ਨਵੇਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਆਪਣੇ ਕਾਰਜ ਕਾਲ ਦੌਰਾਨ ਪ੍ਰੋ. ਬਡੂੰਗਰ ਵੱਲੋਂ ਭਰਤੀ ਕੀਤੇ 500 ਤੋਂ ਵੱਧ ਮੁਲਾਜ਼ਮਾਂ ਨੂੰ ਨੌਕਰੀ ਤੋਂ ਫਾਰਗ ਕਰ ਦਿੱਤਾ ਹੈ, ਜਿਸ ਨੂੰ ਲੈ ਕੇ ਪ੍ਰੋ. ਬਡੂੰਗਰ ਕਾਫੀ ਖਫਾ ਦੱਸੇ ਜਾ ਰਹੇ ਹਨ। ਪ੍ਰੋ. ਬਡੂੰਗਰ ਨੇ ਇਥੋਂ ਤਕ ਆਖਣਾ ਸ਼ੁਰੂ ਕਰ ਦਿੱਤਾ ਹੈ ਕਿ ਕੇਵਲ ਉਨ੍ਹਾਂ ਵੇਲੇ ਦੀਆਂ ਭਰਤੀਆਂ ਹੀ ਨਹੀਂ ਸਗੋਂ ਸ਼੍ਰੋਮਣੀ ਕਮੇਟੀ 'ਚ 1973 ਤੋਂ ਲੈ ਕੇ ਹੁਣ ਤਕ ਦੇ ਵੱਖ-ਵੱਖ ਸਮਿਆਂ ਵਿਚ ਹੋਈਆਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨਾਂ ਦੇ ਕਾਰਜਕਾਲਾਂ ਦੌਰਾਨ ਭਰਤੀਆਂ, ਤਰੱਕੀਆਂ, ਇਮਾਰਤਸਾਜ਼ੀ, ਜ਼ਮੀਨਾਂ ਦੀ ਖਰੀਦੋ ਫਰੋਖਤ ਬਾਰੇ ਨਿਰਪੱਖ ਜਾਂਚ ਪੜਤਾਲ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਨੇ ਉਸ ਵੇਲੇ ਹੋਈਆਂ ਭਰਤੀਆਂ ਸਬੰਧੀ ਪੜਤਾਲ ਲਈ ਉਨ੍ਹਾਂ ਨੂੰ ਭਰੋਸੇ ਵਿਚ ਨਹੀਂ ਲਿਆ ਤੇ ਨਾ ਹੀ ਉਨ੍ਹਾਂ ਤੋਂ ਸਪੱਸ਼ਟੀਕਰਨ ਮੰਗਿਆ। ਉਨ੍ਹਾਂ ਕਿਹਾ ਕਿ 1957 ਵਿਚ ਕੀਤੀ ਗਈ ਜਨਰਲ ਹਾਊਸ ਦੀ ਮੀਟਿੰਗ ਵਿਚ ਹੋਈ ਭਰਤੀ ਪ੍ਰਕਿਰਿਆ  ਹੁਣ ਮੁੜ ਤਰਮੀਮ ਕੀਤੀ ਗਈ ਹੈ, ਜਿਸ ਤਹਿਤ ਮੈਰਿਟ ਦੇ ਆਧਾਰ 'ਤੇ ਨਜ਼ਦੀਕੀ ਰਿਸ਼ਤੇਦਾਰ ਨੂੰ ਗੁਰਦੁਆਰਿਆਂ, ਧਾਰਮਕ ਵਿਦਿਅਕ ਅਦਾਰਿਆਂ ਵਿਚ ਰੱਖਣ ਦੀ ਪ੍ਰਵਾਨਗੀ ਮਿਲੀ ਸੀ। ਹੁਣ ਜੇਕਰ ਪ੍ਰੋ. ਬਡੂੰਗਰ ਵੱਲੋਂ ਕੀਤੀ ਗਈ ਮੰਗ 'ਤੇ ਜਾਂਚ ਸ਼ੁਰੂ ਹੋ ਗਈ ਤਾਂ ਪਿਛਲੇ ਪ੍ਰਧਾਨਾਂ ਮੌਕੇ ਕੀਤੀਆਂ ਭਰਤੀਆਂ ਅਤੇ ਜ਼ਮੀਨ ਦੇ ਮਾਮਲਿਆਂ ਸਬੰਧੀ ਕਈ ਸੱਜਣ ਉਲਝ ਸਕਦੇ ਹਨ। ਵੱਡੇ ਅਹੁਦਿਆਂ 'ਤੇ ਬੈਠੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵੀ ਨੌਕਰੀ ਤੋਂ ਹੱਥ ਧੋਣੇ ਪੈ ਸਕਦੇ ਹਨ। ਬਾਕੀ ਪ੍ਰੋ. ਬਡੂੰਗਰ ਦੀ ਇਸ ਬਿਆਨਬਾਜ਼ੀ 'ਤੇ ਇਕ ਸਿਆਣੇ ਟਕਸਾਲੀ ਆਗੂ ਨੇ ਕਿਹਾ ਕਿ ਅਜੇ ਤਾਂ ਮਨਪ੍ਰੀਤ ਬਾਦਲ ਦੇ ਬੋਲੇ ਬੋਲਾਂ ਦਾ ਜਵਾਬ ਨਹੀਂ ਲੱਭ ਰਿਹਾ, ਕਿਧਰੇ ਹੋਰ ਕੋਈ ਨਵੀਂ ਪ੍ਰੇਸ਼ਾਨੀ ਨਾ ਖੜ੍ਹੀ ਹੋ ਜਾਵੇ।


Related News