ਪੰਜਾਬ ਦੇ ਇਸ ਜ਼ਿਲ੍ਹੇ 'ਚ ਧਾਰਾ-144 ਲਾਗੂ, ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹੁਕਮ ਜਾਰੀ

Monday, Mar 18, 2024 - 03:57 PM (IST)

ਪੰਜਾਬ ਦੇ ਇਸ ਜ਼ਿਲ੍ਹੇ 'ਚ ਧਾਰਾ-144 ਲਾਗੂ, ਡਿਪਟੀ ਕਮਿਸ਼ਨਰ ਵਲੋਂ ਸਖ਼ਤ ਹੁਕਮ ਜਾਰੀ

ਪਟਿਆਲਾ (ਜੋਸਨ) : ਜ਼ਿਲ੍ਹਾ ਮੈਜਿਸਟ੍ਰੇਟ ਸ਼ੌਕਤ ਅਹਿਮਦ ਪਰੇ ਨੇ ਪਟਿਆਲਾ ਜ਼ਿਲ੍ਹੇ ਦੇ ਅਸਲਾ ਧਾਰਕਾਂ ਨੂੰ ਨਿਰਦੇਸ਼ ਜਾਰੀ ਕੀਤੇ ਹਨ ਕਿ ਉਹ ਆਪਣਾ ਲਾਇਸੈਂਸੀ ਅਸਲਾ ਲੋਕਲ ਥਾਣੇ ’ਚ ਜਾਂ ਲਾਇਸੈਂਸੀ ਅਸਲਾ ਡੀਲਰਾਂ ਕੋਲ 22 ਮਾਰਚ ਸ਼ਾਮ 5 ਵਜੇ ਤੱਕ ਹਰ ਹਾਲ ਜਮ੍ਹਾਂ ਕਰਵਾਉਣ। ਲੋਕ ਸਭਾ ਚੋਣ ਅਮਲ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਫ਼ੌਜਦਾਰੀ ਜ਼ਾਬਤਾ ਸੰਘਤਾ 1973 (1974 ਦਾ ਐਕਟ ਨੰਬਰ 2) ਦੀ ਧਾਰਾ-144 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ 15 ਮਈ 2024 ਤੱਕ ਲਾਗੂ ਰਹਿਣ ਵਾਲੇ ਇਕ ਤਰਫਾ ਹੁਕਮ ਜਾਰੀ ਕੀਤੇ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ ਆਰਮੀ ਪ੍ਰਸ਼ੋਨਲ, ਪੈਰਾ-ਮਿਲਟਰੀ ਫੋਰਸਜ਼, ਬਾਵਰਦੀ ਪੁਲਸ ਕਰਮਚਾਰੀਆਂ ਅਤੇ ਬੈਂਕਾਂ ’ਚ ਗਾਰਡ ਦੀ ਨੌਕਰੀ ਕਰਦੇ ਕਰਮਚਾਰੀਆਂ ’ਤੇ ਲਾਗੂ ਨਹੀਂ ਹੋਣਗੇ।
ਆਪਸੀ ਨਫ਼ਰਤ, ਫਿਰਕਿਆਂ ਅਤੇ ਭਾਈਚਾਰਕ ਸਾਂਝ ਨੂੰ ਤੋੜਨ ਵਾਲਿਆਂ ਖ਼ਿਲਾਫ਼ ਹੋਵੇਗੀ ਕਾਰਵਾਈ
ਡੀ. ਸੀ. ਸ਼ੌਕਤ ਅਹਿਮਦ ਪਰੇ ਦੇ ਜਾਰੀ ਹੁਕਮਾਂ ਮੁਤਾਬਕ ਕੋਈ ਵੀ ਪਾਰਟੀ ਜਾਂ ਉਮੀਦਵਾਰ ਅਜਿਹੀ ਕਿਸੇ ਵੀ ਗਤੀਵਿਧੀ ’ਚ ਸ਼ਾਮਲ ਨਹੀਂ ਹੋਵੇਗਾ, ਜੋ ਆਪਸੀ ਭਾਈਚਾਰਿਆਂ ਦਰਮਿਆਨ ਕਿਸੇ ਤਰ੍ਹਾਂ ਦੇ ਮਤਭੇਦ ਵਧਾਵੇ ਜਾਂ ਆਪਸੀ ਨਫ਼ਰਤ ਪੈਦਾ ਕਰੇ ਜਾਂ ਫਿਰ ਵੱਖ-ਵੱਖ ਜਾਤਾਂ, ਫਿਰਕਿਆਂ, ਭਾਈਚਾਰਿਆਂ, ਧਾਰਮਿਕ ਜਾਂ ਭਾਸ਼ਾ ਬਾਰੇ ਦੁਵੱਲਾ ਤਣਾਅ ਪੈਦਾ ਕਰੇ। ਪਾਰਟੀਆਂ ਅਤੇ ਸੰਭਾਵੀ ਉਮੀਦਵਾਰ ਦੂਜੀ ਪਾਰਟੀ ਜਾਂ ਉਮੀਦਵਾਰਾਂ ਦੇ ਨਿੱਜੀ ਜੀਵਨ ਦੇ ਅਜਿਹੇ ਪਹਿਲੂਆਂ ਦੀ ਆਲੋਚਨਾ ਤੋਂ ਪਰਹੇਜ਼ ਕਰਨ, ਜੋ ਕਿ ਉਨ੍ਹਾਂ ਦੀਆਂ ਜਨਤਕ ਗਤੀਵਿਧੀਆਂ ਆਦਿ ਨਾਲ ਨਾ ਜੁੜਿਆ ਹੋਇਆ ਹੋਵੇ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਬੈਂਕਾਂ ਨੂੰ ਜਾਰੀ ਹੋਏ ਹੁਕਮ, ਹਰ ਪੈਸੇ ਦਾ ਹਿਸਾਬ ਰੱਖਣਾ ਹੋਇਆ ਲਾਜ਼ਮੀ
ਕੋਈ ਵੀ ਧਾਰਮਿਕ ਸਥਾਨ ਪ੍ਰਚਾਰ ਲਈ ਨਹੀਂ ਵਰਤਿਆ ਜਾ ਸਕੇਗਾ
ਡੀ. ਸੀ. ਸ਼ੌਕਤ ਅਹਿਮਦ ਪਰੇ ਵੱਲੋਂ ਜਾਰੀ ਆਦੇਸ਼ਾਂ ਤਹਿਤ ਵੋਟਾਂ ਹਾਸਲ ਕਰਨ ਲਈ ਜਾਤੀ ਜਾਂ ਫਿਰਕੂ ਭਾਵਨਾਵਾਂ ਦੀ ਕੋਈ ਅਪੀਲ ਨਹੀਂ ਕੀਤੀ ਜਾਵੇਗੀ। ਇਸੇ ਤਰ੍ਹਾਂ ਧਾਰਮਿਕ ਅਸਥਾਨਾਂ, ਜਿਨ੍ਹਾਂ ’ਚ ਗੁਰਦੁਆਰੇ, ਮੰਦਿਰ, ਮਸਜਿਦ, ਚਰਚ ਜਾਂ ਕੋਈ ਹੋਰ ਪੂਜਾ ਸਥਾਨ ਆਦਿ ਨੂੰ ਵੀ ਚੋਣ ਪ੍ਰਚਾਰ ਆਦਿ ਦੇ ਕੰਮ ਲਈ ਨਹੀਂ ਵਰਤਿਆ ਜਾਵੇਗਾ। ਸਾਰੀਆਂ ਪਾਰਟੀਆਂ ਅਤੇ ਉਮੀਦਵਾਰਾਂ ਨੂੰ ਉਨ੍ਹਾਂ ਸਾਰੀਆਂ ਅਜਿਹੀਆਂ ਗਤੀਵਿਧੀਆਂ ਤੋਂ ਬਚਣਾ ਚਾਹੀਦਾ ਹੈ, ਜੋ ਭ੍ਰਿਸ਼ਟ ਗਤੀਵਿਧੀਆਂ ਅਤੇ ਚੋਣ ਕਾਨੂੰਨ ਦੇ ਤਹਿਤ ਅਪਰਾਧ ਦੀ ਸ਼੍ਰੇਣੀ ’ਚ ਆਉਂਦੀਆਂ ਹਨ, ਜਿਵੇਂ ਕਿ ਵੋਟਰਾਂ ਨੂੰ ਪੈਸੇ ਜਾਂ ਕੋਈ ਕੀਮਤੀ ਵਸਤੂ ਦਾ ਲਾਲਚ ਦੇਕੇ ਭਰਮਾਉਣਾ, ਰਿਸ਼ਵਤ ਦੇਣਾ, ਵੋਟਰਾਂ ਨੂੰ ਡਰਾਉਣਾ ਤੇ ਧਮਕਾਉਣਾ।
ਚੋਣਾਂ ਦੇ 48 ਘੰਟੇ ਪਹਿਲਾਂ ਪ੍ਰਚਾਰ ਕਰਨ ਦੀ ਮਨਾਹੀ
ਇਸ ਤੋਂ ਬਿਨ੍ਹਾਂ ਵੋਟਾਂ ਤੋਂ 48 ਘੰਟੇ ਪਹਿਲਾਂ ਪੋਲਿੰਗ ਸਟੇਸ਼ਨਾਂ ਦੇ 100 ਮੀਟਰ ਘੇਰੇ ਦੇ ਅੰਦਰ ਚੋਣ ਪ੍ਰਚਾਰ ਕਰਨਾ, ਇਸ ਸਮੇਂ ਦੌਰਾਨ ਜਨਤਕ ਮੀਟਿੰਗਾਂ ਕਰਨ ਦੀ ਮਨਾਹੀ ਹੈ, ਜਦੋਂ ਕਿ ਚੋਣਾਂ ਤੋਂ 48 ਘੰਟੇ ਪਹਿਲਾਂ ਤੇ ਵੋਟਾਂ ਪੈਣ ਦੀ ਪ੍ਰਕਿਰਿਆ ਬੰਦ ਹੋਣ ਦੀ ਮਿਆਦ ਤੱਕ ਵੋਟਰਾਂ ਨੂੰ ਪੋਲਿੰਗ ਸਟੇਸ਼ਨ ਤੱਕ ਛੱਡਣਾ ਅਤੇ ਪੋਲਿੰਗ ਸਟੇਸ਼ਨ ਤੋਂ ਲੈ ਕੇ ਜਾਣ ਦੀ ਵੀ ਮਨਾਹੀ ਹੋਵੇਗੀ। ਕਿਸੇ ਵੀ ਹਾਲਤ ’ਚ ਕਿਸੇ ਵੀ ਵਿਅਕਤੀਆਂ ਦੇ ਵਿਚਾਰਾਂ ਜਾਂ ਗਤੀਵਿਧੀਆਂ ਦਾ ਵਿਰੋਧ ਕਰਨ ਲਈ ਉਨ੍ਹਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਜਾਂ ਧਰਨੇ ਲਗਾਉਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਉਮੀਦਵਾਰਾਂ ਦੇ ਸਮਰਥਕ ਨਾ ਪਾਉਣ ਦੂਸਰੀ ਪਾਰਟੀਆਂ ਦੀਆਂ ਮੀਟਿੰਗਾਂ-ਜਲੂਸਾਂ ’ਚ ਰੁਕਾਵਟ
ਰਾਜਨੀਤਿਕ ਪਾਰਟੀਆਂ ਅਤੇ ਉਮੀਦਵਾਰ ਇਹ ਯਕੀਨੀ ਬਣਾਉਣਗੇ ਕਿ ਉਨ੍ਹਾਂ ਦੇ ਸਮਰਥਕ ਦੂਜੀਆਂ ਪਾਰਟੀਆਂ ਵਲੋਂ ਆਯੋਜਿਤ ਮੀਟਿੰਗਾਂ ਅਤੇ ਜਲੂਸਾਂ ’ਚ ਰੁਕਾਵਟ ਨਾ ਪਾਉਣ ਜਾਂ ਇਨ੍ਹਾਂ ’ਚ ਕਿਸੇ ਤਰ੍ਹਾਂ ਦਾ ਵਿਘਨ ਪਾਉਣ ਦੀ ਕੋਸ਼ਿਸ਼ ਨਾ ਕਰਨ। ਕਿਸੇ ਇਕ ਸਿਆਸੀ ਪਾਰਟੀ ਦੇ ਵਰਕਰ ਜਾਂ ਹਮਦਰਦ ਕਿਸੇ ਹੋਰ ਸਿਆਸੀ ਪਾਰਟੀ ਵਲੋਂ ਆਯੋਜਿਤ ਜਨਤਕ ਮੀਟਿੰਗਾਂ ਵਿਚ ਜ਼ੁਬਾਨੀ ਜਾਂ ਲਿਖ਼ਤੀ ਰੂਪ ’ਚ ਜਾਂ ਆਪਣੀ ਪਾਰਟੀ ਦੇ ਪਰਚੇ ਆਦਿ ਵੰਡ ਕੇ ਵਿਘਨ ਨਹੀਂ ਪਾਉਣਗੇ।

ਇਹ ਵੀ ਪੜ੍ਹੋ : ਕਿਸਾਨ ਮੋਰਚੇ ਤੋਂ ਆਈ ਮੰਦਭਾਗੀ ਖ਼ਬਰ, ਸ਼ੰਭੂ ਬਾਰਡਰ 'ਤੇ ਇਕ ਹੋਰ ਕਿਸਾਨ ਸ਼ਹੀਦ (ਵੀਡੀਓ)
ਮਾਰਚ ਜਾਂ ਜਲੂਸ ’ਚ ਨਹੀਂ ਹੋਵੇਗੀ ਨਸ਼ੀਲੇ ਪਦਾਰਥ ਜਾਂ ਹਥਿਆਰਾਂ ਦੀ ਵਰਤੋਂ
ਕਿਸੇ ਵੀ ਪਾਰਟੀ ਜਾਂ ਉਮੀਦਵਾਰ ਨੂੰ ਆਪਣੇ ਜਲਸੇ, ਜਲੂਸ, ਮਾਰਚ ਜਾਂ ਆਪਣੇ ਇਕੱਠੇ ਹੋਣ ਵਾਲੇ ਸਥਾਨ ਵਿਖੇ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਹਥਿਆਰ, ਲਾਠੀਆਂ ਜਾਂ ਅਪਰਾਧ ਦਾ ਕੋਈ ਹੋਰ ਹਥਿਆਰ, ਨਸ਼ੀਲੇ ਪਦਾਰਥ ਜਾਂ ਹੋਰ ਖ਼ਤਰਨਾਕ ਪਦਾਰਥ ਲੈ ਕੇ ਜਾਣ ਦੀ ਇਜਾਜ਼ਤ ਨਹੀਂ ਹੋਵੇਗੀ। ਜੇਕਰ ਕਿਸੇ ਪ੍ਰਸਤਾਵਿਤ ਮੀਟਿੰਗ ਦੇ ਸਬੰਧ ’ਚ ਲਾਊਡ ਸਪੀਕਰ ਜਾਂ ਕਿਸੇ ਹੋਰ ਸਹੂਲਤ ਦੀ ਵਰਤੋਂ ਲਈ ਇਜਾਜ਼ਤ ਜਾਂ ਲਾਇਸੈਂਸ ਪ੍ਰਾਪਤ ਕੀਤਾ ਜਾਣਾ ਹੈ, ਤਾਂ ਪਾਰਟੀ ਜਾਂ ਉਮੀਦਵਾਰ ਪਹਿਲਾਂ ਹੀ ਸਬੰਧਿਤ ਅਥਾਰਟੀ ਨੂੰ ਅਰਜ਼ੀ ਦੇਣਗੇ ਅਤੇ ਅਜਿਹੀ ਇਜਾਜ਼ਤ ਜਾਂ ਲਾਇਸੈਂਸ ਸਮੇਂ ਸਿਰ ਪ੍ਰਾਪਤ ਕਰਨਗੇ। ਚੋਣ ਪ੍ਰਚਾਰ ਲਈ ਲਾਊਡ ਸਪੀਕਰਾਂ ਦੀ ਵਰਤੋਂ ਰਾਤ 10.00 ਵਜੇ ਤੋਂ ਬਾਅਦ ਅਤੇ ਸਵੇਰੇ 6.00 ਵਜੇ ਤੋਂ ਪਹਿਲਾਂ ਨਹੀਂ ਕੀਤੀ ਜਾਣੀ ਚਾਹੀਦੀ। ਇਸੇ ਤਰ੍ਹਾਂ ਸਮਰੱਥ ਅਧਿਕਾਰੀ ਵਲੋਂ ਪ੍ਰਵਾਨਿਤ ਜਲੂਸ ਦੇ ਨਿਰਧਾਰਤ ਪ੍ਰੋਗਰਾਮ ਤੋਂ ਬਗੈਰ ਉਸ ਨੂੰ ਕਿਸੇ ਹੋਰ ਖੇਤਰ ਵਿਚ ਨਹੀਂ ਲਿਜਾਇਆ ਜਾ ਸਕੇਗਾ।
ਪੁਤਲੇ ਲੈ ਕੇ ਜਾਣ ਜਾਂ ਜਨਤਕ ਤੌਰ ’ਤੇ ਪੁਤਲੇ ਫੂਕਣ ਦੀ ਨਹੀਂ ਹੋਵੇਗੀ ਇਜਾਜ਼ਤ
ਇਨ੍ਹਾਂ ਹੁਕਮਾਂ ’ਚ ਅੱਗੇ ਕਿਹਾ ਗਿਆ ਹੈ ਕਿ ਕਿਸੇ ਵੀ ਸਿਆਸੀ ਪਾਰਟੀ ਜਾਂ ਉਮੀਦਵਾਰ ਵੱਲੋਂ ਦੂਜੀਆਂ ਸਿਆਸੀ ਪਾਰਟੀਆਂ ਦੇ ਮੈਂਬਰਾਂ ਜਾਂ ਉਨ੍ਹਾਂ ਦੇ ਨੇਤਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਆਗੂਆਂ ਦੇ ਪੁਤਲੇ ਲੈ ਕੇ ਜਾਣ ਜਾਂ ਜਨਤਕ ਤੌਰ ’ਤੇ ਅਜਿਹੇ ਪੁਤਲੇ ਫੂਕਣ ਅਤੇ ਅਜਿਹੀਆਂ ਹੋਰ ਗਤੀਵਿਧੀਆਂ ਦੀ ਵੀ ਇਜਾਜ਼ਤ ਨਹੀਂ ਹੋਵੇਗੀ। ਸਾਰੀਆਂ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਪੋਲਿੰਗ ਵਾਲੇ ਦਿਨ ਵਾਹਨਾਂ ਦੇ ਚੱਲਣ ’ਤੇ ਲਗਾਈਆਂ ਜਾਣ ਵਾਲੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਚੋਣ ਅਧਿਕਾਰੀਆਂ ਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨਗੇ ਅਤੇ ਆਪਣੇ ਵਾਹਨਾਂ ਲਈ ਨਿਰਧਾਰਿਤ ਪਰਮਿਟ ਪ੍ਰਾਪਤ ਕਰਨਗੇ, ਜੋ ਉਨ੍ਹਾਂ ਵਾਹਨਾਂ ’ਤੇ ਪ੍ਰਮੁੱਖ ਤੌਰ ’ਤੇ ਪ੍ਰਦਰਸ਼ਿਤ ਕੀਤੇ ਜਾਣਗੇ।
ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਨਹੀਂ ਕੀਤੀ ਜਾਵੇਗੀ ਵਰਤੋਂ
ਕੋਈ ਵੀ ਸਿਆਸੀ ਪਾਰਟੀ ਉਮੀਦਵਾਰ ਚੋਣ ਪ੍ਰਚਾਰ ਲਈ ਉਦੋਂ ਤੱਕ ਅਜਿਹੇ ਬਾਈਕ ਜਾਂ ਵਾਹਨ ਦੀ ਵਰਤੋਂ ਨਹੀਂ ਕਰੇਗਾ, ਜਦੋਂ ਤੱਕ ਸਮਰੱਥ ਅਧਿਕਾਰੀ ਤੋਂ ਇਸ ਲਈ ਵਿਸ਼ੇਸ਼ ਆਗਿਆ ਪ੍ਰਾਪਤ ਨਹੀਂ ਕੀਤੀ ਜਾਂਦੀ। ਇਸ ਤੋਂ ਇਲਾਵਾ ਮੋਟਰ ਵਾਹਨ ਐਕਟ, 1988 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੀ ਵਰਤੋਂ ਵੀ ਚੋਣ ਪ੍ਰਚਾਰ ਲਈ ਨਹੀਂ ਕੀਤੀ ਜਾਵੇਗੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8



 


author

Babita

Content Editor

Related News