ਐੱਸ.ਸੀ.ਕਮਿਸ਼ਨ ਦੇ ਦਖਲ ਤੋਂ ਬਾਅਦ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਵਿਰੁੱਧ ਕੇਸ ਦਰਜ
Wednesday, Oct 19, 2022 - 06:17 PM (IST)
ਚੰਡੀਗੜ੍ਹ : ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਦਖਲ ਤੋਂ ਬਾਅਦ ਜਲੰਧਰ ਦਿਹਾਤੀ ਪੁਲਸ ਵੱਲੋਂ ਜਾਤੀ ਸੂਚਕ ਸ਼ਬਦ ਬੋਲਣ ਵਾਲੇ ਵਿਅਕਤੀ ਬਲਕਾਰ ਸਿੰਘ ਵਿਰੁੱਧ ਧਾਰਾ 3 (1) ਐੱਸ. ਸੀ. ਅਤੇ ਦਾ ਐੱਸ.ਟੀ (ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ 1989 ਤਹਿਤ ਕੇਸ ਦਰਜ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ.ਸੀ.ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਮਨਜੀਤ ਸਿੰਘ ਪੁੱਤਰ ਹਰਭਜਨ ਸਿੰਘ ਵਾਸੀ ਪਿੰਡ ਚੱਕ ਕਲਾਂ, ਤਹਿਸੀਲ ਨਕੋਦਰ, ਜ਼ਿਲ੍ਹਾ ਜਲੰਧਰ ਵੱਲੋਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਕਿ ਬਲਕਾਰ ਸਿੰਘ (ਉਰਫ ਬਲਕਾਰੀ) ਪੁੱਤਰ ਹਰਵਿੰਦਰ ਸਿੰਘ ਨੇ ਉਸ ਨੂੰ ਖੇਤ ਵਿਚੋਂ ਮੁੱਢ ਚੁੱਕਣ ਨੂੰ ਲੈ ਕੇ ਜਾਤੀ ਸੂਚਕ ਅਪਸ਼ਬਦ ਬੋਲੇ ਅਤੇ ਬਹਿਸਬਾਜ਼ੀ ਕੀਤੀ। ਜਿਸ ਦੀ ਸ਼ਿਕਾਇਤ ’ਤੇ ਪੁਲਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ।
ਇਸ ਸਬੰਧੀ ਕਮਿਸ਼ਨ ਵੱਲੋਂ ਐੱਸ.ਐੱਸ.ਪੀ. ਜਲੰਧਰ ਦਿਹਾਤੀ ਨੂੰ ਸ਼ਿਕਾਇਤ ਭੇਜਦੇ ਹੋਏ ਲਿਖਿਆ ਕਿ ਇਸ ਕੇਸ ਦੇ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਇਸ ਉਪਰੰਤ ਸੀਨੀਅਰ ਪੁਲਸ ਕਪਤਾਨ ਦਿਹਾਤੀ ਨੇ ਕਮਿਸ਼ਨ ਨੂੰ ਦੱਸਿਆ ਕਿ ਇਸ ਮਾਮਲੇ ਤੇ ਬਲਕਾਰ ਸਿੰਘ ਉਰਫ ਬਲਕਾਰੀ ਦੇ ਵਿਰੁੱਧ ਧਾਰਾ 3 (1) ਐੱਸ.ਸੀ. ਅਤੇ ਦਾ ਐੱਸ.ਟੀ (ਪ੍ਰੀਵੈਨਸ਼ਨ ਆਫ ਐਟਰੋਸਿਟੀ) ਐਕਟ 1989 ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ ਅਤੇ ਮਾਨਯੋਗ ਅਦਾਲਤ ਵਿਚ ਚਲਾਨ ਵੀ ਪੇਸ਼ ਕਰ ਦਿੱਤਾ ਗਿਆ ਹੈ।