ਲੋਹੜੀ ਵਾਲੇ ਦਿਨ ਘਰੋਂ ਗਾਇਬ ਹੋਏ 4 ਮੁੰਡੇ, 60 ਘੰਟੇ ਬਾਅਦ 200 ਕਿੱਲੋਮੀਟਰ ਦੂਰੋਂ ਮਿਲੀ ਸੂਹ
Thursday, Jan 16, 2025 - 03:57 PM (IST)
ਸੰਗਰੂਰ (ਵਿਜੈ ਕੁਮਾਰ ਸਿੰਗਲਾ)- ਲੋਹੜੀ ਵਾਲੇ ਦਿਨ ਸੰਗਰੂਰ ਤੋਂ 2 ਸਕੇ ਭਰਾਵਾਂ ਸਣੇ 4 ਬੱਚੇ ਘਰੋਂ ਗਾਇਬ ਹੋ ਗਏ। ਪੰਜਬਾ ਪੁਲਸ ਨੇ ਇਸ ਮਾਮਲੇ 'ਤੇ ਤੇਜ਼ੀ ਨਾਲ ਕੰਮ ਕਰਦਿਆਂ 60 ਘੰਟਿਆਂ ਦੇ ਅੰਦਰ ਹੀ ਤਕਰੀਬਨ 200 ਕਿੱਲੋਮੀਟਰ ਤੋਂ ਵੀ ਵੱਧ ਦੂਰੀ ਤੋਂ ਬੱਚਿਆਂ ਨੂੰ ਸਹੀ ਸਲਾਮਤ ਲੱਭ ਕੇ ਵਾਰਿਸਾਂ ਦੇ ਹਵਾਲੇ ਕਰ ਦਿੱਤਾ ਹੈ।
ਇਹ ਖ਼ਬਰ ਵੀ ਪੜ੍ਹੋ - MP ਅੰਮ੍ਰਿਤਪਾਲ ਸਿੰਘ ਦੀ ਨਵੀਂ ਪਾਰਟੀ ਬਾਰੇ CM ਮਾਨ ਦਾ ਪਹਿਲਾ ਬਿਆਨ
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੰਗਰੂਰ ਦੇ SSP ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ ਜ਼ਿਲ੍ਹਾ ਪੁਲਸ ਸੰਗਰੂਰ ਵੱਲੋਂ ਕਾਰਵਾਈ ਕਰਦੇ ਹੋਏ ਸ਼ਹਿਰ ਸੰਗਰੂਰ ਤੋਂ ਲਾਪਤਾ ਹੋਏ 4 ਨਾਬਾਲਗ ਬੱਚੇ 60 ਘੰਟਿਆਂ ਅੰਦਰ ਟਰੇਸ ਕਰਕੇ ਵਾਰਸਾਂ ਦੇ ਹਵਾਲੇ ਕਰ ਦਿੱਤੇ ਗਏ ਹਨ। ਚਾਹਲ ਨੇ ਹੋਰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 13 ਜਨਵਰੀ ਨੂੰ ਲੋਹੜੀ ਵਾਲੇ ਦਿਨ ਨੂੰ ਟੁੰਨਾ ਸਾਹ ਪੁੱਤਰ ਸੁਖਦੇਵ ਸਾਹ ਵਾਸੀ ਫੋਕਲ ਪੁਆਇੰਟ ਸੁਨਾਮ ਰੋਡ ਸੰਗਰੂਰ ਨੇ ਥਾਣਾ ਸਿਟੀ-1, ਸੰਗਰੂਰ ਵਿਖੇ ਇਤਲਾਹ ਦਿੱਤੀ ਕਿ ਉਹ ਆਪਣੀ ਪਤਨੀ ਸਮੇਤ ਆਪਣੇ ਕੁਆਰਟਰ ਫੋਕਲ ਪੁਆਇੰਟ ਸੰਗਰੂਰ ਤੋਂ ਸ਼ਹਿਰ ਗਏ ਸੀ ਤਾਂ ਜਦੋਂ ਉਹ ਕੁਝ ਸਮੇਂ ਬਾਅਦ ਵਾਪਸ ਘਰ ਆਏ ਤਾਂ ਉਨ੍ਹਾਂ ਦੇ ਦੋਨੋਂ ਲੜਕੇ ਦੀਪੇਸ਼ ਕੁਮਾਰ (ਉਮਰ 13 ਸਾਲ) ਅਤੇ ਸੋਨੂੰ ਕੁਮਾਰ (ਉਮਰ 12 ਸਾਲ) ਘਰ ਵਿਚ ਨਹੀਂ ਸਨ। ਟੁੰਨਾ ਸ਼ਾਹ ਵੱਲੋਂ ਭਾਲ ਕਰਨ 'ਤੇ ਪਤਾ ਲੱਗਾ ਕਿ ਉਸ ਦੇ ਦੋਨੋਂ ਲੜਕੇ ਆਪਣੇ ਦੋਸਤ ਸਾਹਿਲ ਖ਼ਾਨ (ਉਮਰ 12 ਸਾਲ) ਅਤੇ ਪੰਕਜ ਕੁਮਾਰ (ਉਮਰ 12 ਸਾਲ) ਨਾਲ ਕਿਧਰੇ ਗਏ ਹਨ। ਉਨ੍ਹਾਂ ਨੇ ਬੱਚਿਆਂ ਦੀ ਬਹੁਤ ਭਾਲ ਕੀਤੀ, ਪ੍ਰੰਤੂ ਬੱਚੇ ਨਹੀਂ ਮਿਲੇ। ਟੁੰਨਾ ਸ਼ਾਹ ਨੂੰ ਸੱਕ ਹੋਇਆ ਕਿ ਚਾਰੋਂ ਬੱਚਿਆਂ ਨੂੰ ਕਿਸੇ ਨਾਮਾਲੂਮ ਵਿਅਕਤੀ ਨੇ ਵਰਗਲਾ-ਫੁਸਲਾ ਕੇ ਬੰਦੀ ਬਣਾਇਆ ਹੋਇਆ ਹੈ। ਟੁੰਨਾ ਸ਼ਾਹ ਦੇ ਬਿਆਨਾਂ 'ਤੇ ਵੱਖ-ਵੱਖ ਧਾਰਾਵਾਂ ਤਹਿਤ ਨਾਮਲੂਮ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ।
ਇਹ ਖ਼ਬਰ ਵੀ ਪੜ੍ਹੋ - ਅੱਜ ਬੰਦ ਹੋ ਜਾਵੇਗਾ Internet!
ਤਫਤੀਸ਼ ਦੌਰਾਨ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਸ (ਡਿਟੈਕਟਿਵ) ਸੰਗਰੂਰ ਅਤੇ ਸੁਖਦੇਵ ਸਿੰਘ, ਉਪ ਕਪਤਾਨ ਪੁਲਸ ਸੰਗਰੂਰ ਦੀ ਅਗਵਾਈ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀ. ਆਈ. ਏ. ਬਹਾਦਰ ਸਿੰਘ ਵਾਲਾ ਅਤੇ ਥਾਣੇਦਾਰ ਮਨਜੀਤ ਸਿੰਘ ਮੁੱਖ ਅਫਸਰ ਥਾਣਾ ਸਿਟੀ-। ਸੰਗਰੂਰ ਦੀ ਟੀਮ ਬਣਾ ਕੇ ਟੈਕਨੀਕਲ ਢੰਗ ਨਾਲ ਕਾਰਵਾਈ ਕਰਦੇ ਹੋਏ ਚਾਰੋ ਨਾਬਾਲਗ ਬੱਚਿਆਂ ਨੂੰ ਸ੍ਰੀ ਗੰਗਾਨਗਰ (ਰਾਜਸਥਾਨ) ਤੋਂ ਟਰੇਸ ਕਰਕੇ ਵਾਰਸਾਂ ਦੇ ਹਵਾਲੇ ਕੀਤਾ ਗਿਆ। ਬੱਚਿਆਂ ਪਾਸੋਂ ਪੁੱਛਣ ਪਰ ਇਹ ਗੱਲ ਸਾਹਮਣੇ ਆਈ ਕਿ ਉਹ ਘੁੰਮਣ ਦੇ ਚਾਹਵਾਨ ਸਨ, ਜਿਸ ਕਾਰਨ ਉਹ ਧੂਰੀ ਰੇਲਵੇ ਸਟੇਸ਼ਨ ਤੋਂ ਟ੍ਰੇਨ ਚੜ ਕੇ ਸ੍ਰੀ ਗੰਗਾਨਗਰ (ਰਾਜਸਥਾਨ) ਚਲੇ ਗਏ ਸਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8