''84 ਸਿੱਖ ਕਤਲੇਆਮ ''ਤੇ ਡਾ. ਮਨਮੋਹਨ ਸਿੰਘ ਦੇ ਬਿਆਨ ਨਾਲ ਸਿਆਸਤ ''ਚ ਭੂਚਾਲ

12/05/2019 7:14:34 PM

ਸੰਗਰੂਰ/ਨਵੀਂ ਦਿੱਲੀ (ਰਾਜੇਸ਼ ਕੋਹਲੀ/ਕਮਲ ਕੁਮਾਰ ਕਾਂਸਲ) : 1984 ਦੇ ਦਿੱਲੀ ਸਿੱਖ ਦੰਗੇ ਦੀ ਉਹ ਕਹਾਣੀ, ਜਿਸ ਨੂੰ ਯਾਦ ਕਰ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਰੂਹ ਨੂੰ ਛੱਲਣੀ ਕਰਦੀ ਉਸ ਸਾਲਾਂ ਪੁਰਾਣੀ ਦਾਸਤਾਨ ਨੂੰ ਭਾਵੇਂ ਅਜੇ ਤੱਕ ਭੁਲਾਇਆ ਨਹੀਂ ਜਾ ਸਕਿਆ ਪਰ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੇ ਖੁਲਾਸੇ ਨੇ ਇਨ੍ਹਾਂ ਜ਼ਖਮਾਂ ਨੂੰ ਮੁੜ ਅੱਲ੍ਹਿਆਂ ਕਰ ਦਿੱਤਾ ਹੈ। ਬੁੱਧਵਾਰ ਨੂੰ ਆਈ. ਕੇ. ਗੁਜਰਾਲ ਦੇ ਜਨਮ ਦਿਨ ਮੌਕੇ ਇਕ ਸਮਾਗਮ 'ਚ ਬੋਲਦਿਆਂ ਡਾ. ਮਨਮੋਹਨ ਸਿੰਘ ਨੇ '84 ਦੇ ਸਿੱਖ ਦੰਗਿਆਂ 'ਤੇ ਵੱਡਾ ਬਿਆਨ ਦਿੱਤਾ ਜਾਂ ਇੰਝ ਕਹਿ ਲਓ ਕਿ ਵੱਡਾ ਖੁਲਾਸਾ ਕੀਤਾ, ਜਿਸਨੇ ਵਿਰੋਧੀਆਂ ਦੇ ਦੋਸ਼ਾਂ 'ਤੇ ਮੋਹਰ ਲਾਉਂਦਿਆਂ ਉਸ ਸਮੇਂ ਦੀ ਕਾਂਗਰਸ ਸਰਕਾਰ ਨੂੰ ਮੁੜ ਤੋਂ ਕਟਹਿਰੇ 'ਚ ਲਿਆ ਖੜ੍ਹਾ ਕੀਤਾ ਹੈ।

ਡਾ. ਮਨਮੋਹਨ ਸਿੰਘ ਨੇ ਕਿਹਾ 'ਜਦੋਂ 1984 ਦੀ ਘਟਨਾ ਵਾਪਰੀ, ਗੁਜਰਾਲ ਬਹੁਤ ਦੁਖੀ ਹੋਏ ਅਤੇ ਸ਼ਾਮ ਨੂੰ ਗ੍ਰਹਿ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਕੋਲ ਗਏ ਤੇ ਕਿਹਾ ਕਿ ਸਥਿਤੀ ਬਹੁਤ ਹੀ ਡਰਾਉਣੀ ਬਣ ਗਈ ਹੈ, ਜ਼ਰੂਰੀ ਹੈ ਕਿ ਜਲਦੀ ਤੋਂ ਜਲਦੀ ਫੌਜ ਬੁਲਾ ਲਈ ਜਾਵੇ। ਜੇਕਰ ਉਸ ਵੇਲੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਨੇ ਆਈ. ਕੇ. ਗੁਜਰਾਲ ਦੇ ਫੌਜ ਬੁਲਾਉਣ ਦੇ ਸੁਝਾਅ ਨੂੰ ਮੰਨ ਲਿਆ ਹੁੰਦਾ ਤਾਂ 1984 ਦੇ ਸਿੱਖ ਦੰਗਿਆਂ ਨੂੰ ਟਾਲਿਆ ਜਾ ਸਕਦਾ ਸੀ।'

ਡਾ. ਮਨਮੋਹਨ ਸਿੰਘ ਦੇ ਇਸ ਬਿਆਨ ਨਾਲ ਦੇਸ਼ ਦੀ ਰਾਜਨੀਤੀ 'ਚ ਭੁਚਾਲ ਆ ਗਿਆ ਹੈ। ਪਹਿਲਾਂ ਹੀ ਇਨ੍ਹਾਂ ਦੰਗਿਆਂ ਲਈ ਗਾਂਧੀ ਪਰਿਵਾਰ ਨੂੰ ਜਿੰਮੇਵਾਰ ਮੰਨ ਰਹੇ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਹੈ। ਭਾਜਪਾ ਦੇ ਕੌਮੀ ਸਕੱਤਰ ਤਰੁਣ ਚੁੱਘ ਨੇ ਜਿਥੇ ਇਸ ਨੂੰ ਅਧੂਰਾ ਸੱਚ ਕਰਾਰ ਦਿੰਦੇ ਹੋਏ ਡਾ. ਮਨਮੋਹਨ ਸਿੰਘ ਨੂੰ ਪੂਰੀ ਸੱਚਾਈ ਦੱਸਣ ਦੀ ਸਲਾਹ ਦਿੱਤੀ ਤੇ ਕੈਪਟਨ ਨੂੰ ਵੀ ਇਸ 'ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ, ਉਥੇ ਹੀ ਆਰ. ਪੀ. ਸਿੰਘ ਨੇ ਗਾਂਧੀ ਪਰਿਵਾਰ ਨੂੰ ਮੁਆਫੀ ਮੰਗਣ ਲਈ ਕਿਹਾ ਹੈ।

ਉਧਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਸਰਕਾਰ ਤੋਂ ਇਸ ਸਬੰਧੀ ਇਨਕੁਆਰੀ ਕਮਿਸ਼ਨ ਬਿਠਾਏ ਜਾਣ ਦੀ ਮੰਗ ਕੀਤੀ ਹੈ। ਉਥੇ ਹੀ ਆਮ ਆਦਮੀ ਪਾਰਟੀ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਡਾ. ਮਨਮੋਹਨ ਸਿੰਘ ਕਿੱਥੇ ਸਨ? ਉਨ੍ਹਾਂ ਸਮਾਂ ਰਹਿੰਦੇ ਜਾਂਚ ਕਿਉਂ ਨਹੀਂ ਕਰਵਾਈ।

ਆਉਣ ਵਾਲੇ ਦਿਨਾਂ 'ਚ ਇਹ ਮੁੱਦਾ ਕੀ ਰੁਖ਼ ਅਖਤਿਆਰ ਕਰਦਾ ਹੈ, ਇਹ ਤਾਂ ਸਮਾਂ ਹੀ ਦੱਸੇਗਾ। ਹਾਲ ਦੀ ਘੜੀ ਇਕ ਸਾਬਕਾ ਕਾਂਗਰਸੀ ਪ੍ਰਧਾਨ ਮੰਤਰੀ ਦਾ ਆਪਣੀ ਹੀ ਪਾਰਟੀ 'ਤੇ ਦਿੱਤਾ ਇਹ ਬਿਆਨ '84 ਦੇ ਦੰਗਿਆਂ 'ਚ ਕਾਫੀ ਭੇਤ ਅਜੇ ਗੁੱਝੇ ਹੋਣ ਵੱਲ ਇਸ਼ਾਰਾ ਜ਼ਰੂਰ ਕਰ ਰਿਹਾ ਹੈ।


cherry

Content Editor

Related News