ਦਰੱਖ਼ਤਾਂ ਲਈ ਮਾਰੂ ਸਾਬਤ ਹੋ ਰਿਹੈ ਸਡ਼ਕ ਕਿਨਾਰੇ ਸੁੱਟਿਆ ਮਲਬਾ

Wednesday, Mar 27, 2019 - 04:03 AM (IST)

ਦਰੱਖ਼ਤਾਂ ਲਈ ਮਾਰੂ ਸਾਬਤ ਹੋ ਰਿਹੈ ਸਡ਼ਕ ਕਿਨਾਰੇ ਸੁੱਟਿਆ ਮਲਬਾ
ਸੰਗਰੂਰ (ਜ.ਬ.)- ਨੈਸ਼ਨਲ ਹਾਈਵੇ ਬਰਨਾਲਾ-ਮਾਨਸਾ ’ਤੇ ਪਿੰਡ ਰੂਡ਼ੇਕੇ ਕਲਾਂ ਨੇਡ਼ੇ ਸਡ਼ਕ ਕਿਨਾਰੇ ਖ਼ੇਤਾਨਾਂ ’ਚ ਸੁੱਟਿਆ ਮਲਬਾ ਦਰੱਖ਼ਤਾਂ ਦੀ ਜਾਨ ਦਾ ਖੌਅ ਬਣਿਆ ਹੋਇਆ ਹੈ। ਪੁਰਾਣੀਆਂ ਢਾਹੀਆਂ ਗਈਆਂ ਇਮਾਰਤਾਂ ’ਤੇ ਟੁੱਟੇ ਭੱਜੇ ਖਾਲਾਂ ਆਦਿ ਦਾ ਮਲਬਾ ਇੱਥੇ ਸੈਂਕਡ਼ੇ ਟਨਾਂ ਦੇ ਹਿਸਾਬ ਨਾਲ ਸੁੱਟਿਆ ਪਿਆ ਹੈ ਪਰ ਪ੍ਰਸ਼ਾਸਨ ਘੂਕ ਸੁੱਤਾ ਪਿਆ ਹੈ। ਸੁੱਟੇ ਮਲਬੇ ਕਾਰਨ ਖ਼ੇਤਾਨਾਂ ’ਚ ਖਡ਼੍ਹੇ ਦਰੱਖ਼ਤਾਂ ਦੀ ਬਰਬਾਦੀ ਹੋ ਰਹੀ ਹੈ ਅਤੇ ਇਸ ਮਲਬੇ ਥੱਲੇ ਛੋਟੇ ਪੌਦੇ ਵੀ ਦੱਬ ਚੁੱਕੇ ਹਨ ਅਤੇ ਵੱਡਿਆਂ ਦਰੱਖ਼ਤਾਂ ਨਾਲ ਇੱਟ ਰੋਡ਼ਾ ਪਿਆ ਹੋਣ ਕਰਕੇ ਇਨ੍ਹਾਂ ਦੇ ਵਾਧੇ ’ਚ ਰੁਕਾਵਟ ਵੀ ਪੈ ਰਹੀ ਹੈ। ਸਮਾਜ ਸੇਵੀ ਬੇਅੰਤ ਬਾਜਵਾ ਧੋਲਾ, ਵਾਤਾਵਰਣ ਪ੍ਰੇਮੀ ਸੰਦੀਪ ਬਾਵਾ, ਅਮਨਦੀਪ ਸਿੰਘ, ਕੁਲਦੀਪ ਸਿੰਘ , ਨਿਰਭੈ ਸਿੰਘ ਵਾਲੀਆ, ਰਜਿੰਦਰ ਸਿੰਘ, ਪ੍ਰਧਾਨ ਮੰਗਲ ਸਿੰਘ ਜਗਤਾਰ ਰਤਨ ਆਦਿ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਦਰੱਖ਼ਤਾਂ ਲਈ ਖ਼ਤਰਾ ਬਣਿਆ ਸਡ਼ਕਾਂ ਕਿਨਾਰੇ ਸੁੱਟਿਆ ਮਲਬਾ ਚੁੱਕਿਆ ਜਾਵੇ ਅਤੇ ਅੱਗੇ ਤੋਂ ਮਲਬਾ ਸੁੱਟਣ ’ਤੇ ਪਾਬੰਦੀ ਲਾਈ ਜਾਵੇ। ਕੀ ਕਹਿਣੈ ਵਣ ਰੇਂਜ ਅਫਸਰ ਦਾ ਇਸ ਸਬੰਧੀ ਜਦ ਵਣ ਰੇਂਜ ਅਫਸਰ ਬਰਨਾਲਾ ਅਜੀਤ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ, ਹੋ ਸਕਦਾ ਕਿ ਇਹ ਮਲਬਾ ਕੁਝ ਦਿਨ ਪਹਿਲਾਂ ਹੀ ਸੁੱਟਿਆ ਗਿਆ ਹੋਵੇ। ਉਹ ਇਸ ਸਬੰਧੀ ਮੌਕਾ ਦੇਖ ਕੇ ਸੁੱਟਿਆ ਮਲਬਾ ਚੁੱਕਵਾ ਦੇਣਗੇ।

Related News