ਵੋਟਰ ਜਾਗਰੂਕਤਾ ਲਈ ਕਰਵਾਈ ਸਾਇਕਲਾਥੌਨ
Tuesday, Mar 26, 2019 - 04:21 AM (IST)

ਸੰਗਰੂਰ (ਵਿਵੇਕ ਸਿੰਧਵਾਨੀ,ਰਵੀ) -19 ਮਈ ਨੂੰ ਸੂਬੇ ’ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਵੋਟਰਾਂ ਦੀ ਸ਼ਮੂਲੀਅਤ ਵਧਾਉਣ ਤੇ ਉਨ੍ਹਾਂ ਨੂੰ ਜਾਗਰੂਕ ਕਰਨ ਲਈ ਸ਼ੁਰੂ ਕੀਤੇ ਗਏ ਪ੍ਰੋਗਰਾਮ ‘ਸਵੀਪ’ ਅੱਜ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਕਰਵਾਈ ਗਈ ‘ਸਾਇਕਲੋਥੌਨ’ ਰੈਲੀ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਵੱਲੋਂ ਸਥਾਨਕ ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਰੈਲੀ ’ਚ 150 ਦੇ ਕਰੀਬ ਸਾਇਕਲ ਸਵਾਰਾਂ ਵੱਲੋਂ ਬੇਮਿਸਾਲ ਉਤਸ਼ਾਹ ਨਾਲ ਹਿੱਸਾ ਲਿਆ ਕੱਚਾ ਕਾਲਜ ਰੋਡ ਹੁੰਦੇ ਹੋਏ ਪੂਰਾ ਸ਼ਹਿਰ ਦਾ ਚੱਕਰ ਲਗਾ ਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੰਧੂਪੱਤੀ ਬਰਨਾਲਾ ਪਹੁੰਚ ਸਮਾਪਤ ਹੋਈ। ਇਸ ਮੌਕੇ ਡਿਪਟੀ ਕਮਿਸ਼ਨਰ ਬਰਨਾਲਾ ਨੇ ਕਿਹਾ ਕਿ ਵੋਟਰਾਂ ਨੂੰ ਬਿਨਾਂ ਕਿਸੇ ਡਰ, ਲਾਲਚ ਜਾਂ ਪੱਖਪਾਤ ਤੋਂ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਜੋ ਦੇਸ਼ ਦੇ ਭਵਿੱਖ ਨੂੰ ਸੁਨਿਹਰਾ ਬਣਾਉਣ ਲਈ ਚੰਗੀ ਸਰਕਾਰ ਚੁਣੀ ਜਾ ਸਕੇ। ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਵੋਟ ਦਾ ਅਧਿਕਾਰ ਦੇ ਕੇ ਇੱਕ ਅਜਿਹੀ ਸ਼ਕਤੀ ਪ੍ਰਦਾਨ ਕੀਤੀ ਹੈ ਜਿਸ ਦੀ ਵਰਤੋਂ ਨਾਲ ਉਹ ਆਪਣੀ ਮਰਜ਼ੀ ਅਨੁਸਾਰ ਬਿਨਾਂ ਕਿਸੇ ਲਾਲਚ ਤੋਂ ਦੇਸ਼ ਦੀ ਤਰੱਕੀ ’ਚ ਆਪਣਾ ਯੋਗਦਾਨ ਪਾ ਸਕਦੇ ਹਨ। ਉਨ੍ਹਾਂ ਕਿਹਾ ਕਿ ਵੋਟ ਬਣਾਉਣਾ ਤੇ ਉਸ ਦਾ ਸਹੀ ਇਸਤੇਮਾਲ ਕਰਨਾ ਜਿੱਥੇ ਸਾਡਾ ਸੰਵਿਧਾਨਕ ਹੱਕ ਹੈ ਉੱਥੇ ਹੀ ਸਾਡੀ ਜ਼ਿੰਮੇਵਾਰੀ ਵੀ ਹੈ ਕਿਉਂਕਿ ਜੇਕਰ ਅਸੀਂ ਆਪਣੀ ਵੋਟ ਦਾ ਇਸਤੇਮਾਲ ਬਿਨਾਂ ਕਿਸੇ ਲਾਲਚ ਜਾਂ ਡਰ ਤੇ ਭੈਅ ਤੋਂ ਕਰਾਂਗੇ ਤਾਂ ਹੀ ਸਾਡਾ ਦੇਸ਼ ਵਿਕਾਸ ਦੀਆਂ ਬੁਲੰਦੀਆਂ ’ਤੇ ਪਹੁੰਚ ਸਕਦਾ ਹੈ। ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਜ਼ਿਲਾ ਪ੍ਰਸ਼ਾਸਨ ਬਰਨਾਲਾ ਵੱਲੋਂ ਚੋਣ ਕਮਿਸ਼ਨ ਦੀਆਂ ਹਦਾਇਤਾਂ ’ਤੇ ‘ਸਵੀਪ’ ਪ੍ਰੋਗਰਾਮ ਤਹਿਤ ਵੱਡੀ ਪੱਧਰ ’ਤੇ ਜਾਗਰੂਕਤਾ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਜਾਗਰੂਕਤਾ ਗਤੀਵਿਧੀਆਂ ਤਹਿਤ ਵੋਟਰਾਂ ਤੇ ਲੋਕਾਂ ਨੂੰ ਵੋਟ ਦੇ ਅਧਿਕਾਰ ਦੀ ਹਰ ਹੀਲੇ ਵਰਤੋਂ ਕਰਨ ਤੋਂ ਇਲਾਵਾ ਇਲੈਕਟ੍ਰੌਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਤੇ ਵੀ.ਵੀ.ਪੈਟ. ਮਸ਼ੀਨਾਂ ਦੀ ਵਰਤੋਂ ਕਰਨ ਦੀ ਵੀ ਸਿਖਲਾਈ ਦਿੱਤੀ ਜਾ ਰਹੀ ਹੈ। ਇਸ ਮੌਕੇ ਸਹਾਇਕ ਕਮਿਸ਼ਨਰ ਡਾ. ਕਰਮਜੀਤ ਸਿੰਘ, ਯੁਵਕ ਸੇਵਾਵਾਂ ਵਿਭਾਗ ਬਰਨਾਲਾ ਦੇ ਸਹਾਇਕ ਡਾਇਰੈਕਟਰ ਵਿਜਯ ਭਾਸਕਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵਪਾਲ ਗੋਇਲ, ਲੈਕਚਰਾਰ ਸੁਨੀਲ ਕੁਮਾਰ ਸੱਗੀ, ਲੈਕਚਰਾਰ ਪੰਕਜ ਗੋਇਲ, ਹਰਜੀਤ ਸਿੰਘ ਤੇ ਵੱਡੀ ਗਿਣਤੀ ’ਚ ਸਾਇਕਲਿਸਟ ਸ਼ਾਮਲ ਸਨ।