ਸੰਧੂਆਂ ’ਚੋਂ ਸੰਧੂ ਸ਼ਮਸ਼ੇਰ

04/16/2020 12:11:37 PM

ਜਗਬਾਣੀ ਸਾਹਿਤ ਵਿਸ਼ੇਸ਼

ਲੇਖਕ : ਨਵਦੀਪ ਗਿੱਲ

ਸੰਧੂਆਂ ਦੀ ਹਰ ਖੇਤਰ ਵਿੱਚ ਚੜ੍ਹਾਈ ਹੈ। ਪੱਤਰਕਾਰੀ ਤੇ ਸਾਹਿਤਕਾਰੀ ਵਿੱਚ ਤਾਂ ਸੰਧੂਆਂ ਦਾ ਡੰਕਾ ਵੱਜਦਾ ਹੈ। ਹਥਲੀ ਪੁਸਤਕ ਵਿਚਲੀਆਂ ਨੌਂ ਸ਼ਖਸੀਅਤਾਂ ਵਿੱਚੋਂ ਵੀ ਦੋ ਸੰਧੂ ਸ਼ਾਮਲ ਹਨ। ਸੰਧੂ ਸ਼ਬਦ ਸੁਣਦਿਆਂ ਹੀ ਸਾਡੇ ਜ਼ਿਹਨ ’ਚ ਸਭ ਤੋਂ ਪਹਿਲਾਂ ਸ਼ਮਸ਼ੇਰ ਸੰਧੂ ਹੀ ਆਉਂਦਾ ਹੈ। ਸਰਵਣ ਸਿੰਘ ਦੀ ਮਸ਼ਹੂਰੀ ਸੰਧੂ ਵਜੋਂ ਘੱਟ, ਪਿ੍ਰੰਸੀਪਲ ਵਜੋਂ ਜ਼ਿਆਦਾ ਹੋਈ ਹੈ। ਗੁਲਜ਼ਾਰ ਸੰਧੂ ਜਦੋਂ ਪੰਜਾਬੀ ਟ੍ਰਿਬਿਊਨ ਦਾ ਸੰਪਾਦਕ ਅਤੇ ਨਿਰਮਲ ਸੰਧੂ ਦਿ ਟ੍ਰਿਬਿਊਨ ਦੇ ਸੰਪਾਦਕੀ ਅਮਲੇ ਵਿੱਚ ਹੁੰਦਾ ਸੀ ਤਾਂ ਸ਼ਮਸ਼ੇਰ ਸੰਧੂ ਉਦੋਂ ਪੰਜਾਬੀ ਟ੍ਰਿਬਿਊਨ ਦੇ ਨਿਊਜ਼ ਰੂਮ ਵਿੱਚ ਹੁੰਦਾ ਸੀ। ਉਸ ਵੇਲੇ ਸੰਧੂਆਂ ਦੇ ਬੋਲਬਾਲੇ ਬਾਰੇ ਪ੍ਰਚੱਲਿਤ ਸਤਰਾਂ ਨੂੰ ਗੁਲਜ਼ਾਰ ਸੰਧੂ ਅਕਸਰ ਹੀ ਮਹਿਫ਼ਲਾਂ ਵਿੱਚ ਸੁਣਾਉਂਦਾ ਹੈ:-
ਲਿਖਿਆ ਖ਼ਤ ਸ਼ਮਸ਼ੇਰ ਵਰਿਆਮ ਤਾਈਂ,
ਅਸੀਂ ਸਦਾ ਹੀ ਰਹੇ ਸਰਦਾਰ ਸੰਧੂ।
ਸਾਡਾ ਸੰਤ ਸੰਧੂ, ਸਾਡਾ ਪਾਸ਼ ਸੰਧੂ,
ਪੂਰਨ ਭਗਤ ਵਾਲਾ ਕਾਦਰਯਾਰ ਸੰਧੂ।
ਸਾਡੀ ਕਲਗੀ ਨੂੰ ਨਵਾਂ ਏ ਖੰਭ ਲੱਗਾ,
ਆਇਆ ਜਦੋਂ ਦਾ ਇਥੇ ਗੁਲਜ਼ਾਰ ਸੰਧੂ।
ਜੱਟ ਚੜ੍ਹਿਆ ਸੁਹਾਗੇ ਨਹੀਂ ਮਾਣ ਹੁੰਦਾ,
ਇਹ ਤਾਂ ਅਖ਼ਬਾਰ ਸਵਾਰ ਸੰਧੂ

ਸੰਧੂਆਂ ’ਚੋਂ ਸੰਧੂ ਸ਼ਮਸ਼ੇਰ ਨੂੰ ਇਹ ਵੀ ਮਾਣ ਹੈ ਕਿ ਸ਼ਹੀਦੇ ਆਜ਼ਮ ਭਗਤ ਸਿੰਘ ਵੀ ਸੰਧੂ ਸੀ। ਸ਼ਮਸ਼ੇਰ ਸੰਧੂ ਦੇ ਟ੍ਰਿਬਿਊਨ ਵਿੱਚ ਨੌਕਰੀ ਕਰਨ ਵੇਲੇ ਦੀ ਹੀ ਗੱਲ ਹੈ ਜਦੋਂ ਟੈਲੀਫੋਨ ਅਪਰੇਟਰ ਸ਼ਮਸ਼ੇਰ ਸੰਧੂ ਨੂੰ ਆਉਣ ਵਾਲੀਆਂ ਫੋਨ ਕਾਲਾਂ ਨੂੰ ਉਸ ਵੇਲੇ ਦੇ ਸੰਪਾਦਕ ਗੁਲਜ਼ਾਰ ਸੰਧੂ ਦੇ ਕਮਰੇ ਵਿੱਚ ਟਰਾਂਸਫਰ ਕਰ ਦਿੰਦਾ ਸੀ। ਇਸੇ ਮਸਲੇ ਦੇ ਹੱਲ ਲਈ ਗੁਲਜ਼ਾਰ ਸੰਧੂ ਨੇ ਸ਼ਮਸ਼ੇਰ ਸੰਧੂ ਨੂੰ ਬੁਲਾ ਕੇ ਕਿਹਾ ਕਿ ਇਸ ਦਾ ਕੀ ਤੋੜ ਹੈ। ਸੰਧੂ ਨੇ ਸਹਿ ਸੁਭਾਅ ਹੀ ਗੱਲ ਕਰਦਿਆਂ ਹੱਲ ਕੱਢ ਦਿੱਤਾ। ਟੈਲੀਫੋਨ ਅਪਰੇਟਰ ਨੂੰ ਗੁਲਜ਼ਾਰ ਸੰਧੂ ਦੇ ਕਮਰੇ ਵਿੱਚ ਬੁਲਾ ਕੇ ਸ਼ਮਸ਼ੇਰ ਸੰਧੂ ਨੇ ਉਸ ਨੂੰ ਕਿਹਾ ਕਿ ਜੇਕਰ ਫੋਨ ਕਰਨ ਵਾਲਾ ਅੱਗਿਓਂ ਕਹੇ ਕਿ ‘ਸੰਧੂ ਸਾਹਿਬ’ ਨਾਲ ਗੱਲ ਕਰਨੀ ਹੈ ਤਾਂ ਉਹ ਗੁਲਜ਼ਾਰ ਸੰਧੂ ਨਾਲ ਗੱਲ ਕਰਵਾ ਦਿਆ ਕਰਨ। ਜੇਕਰ ਅਗਲਾ ਬੋਲੇ, ‘‘ਸੰਧੂ ਸਰ’ ਨਾਲ ਗੱਲ ਕਰਨੀ ਹੈ ਤਾਂ ਉਹ ਦਿ ਟ੍ਰਿਬਿਊਨ ਵਾਲੇ ਨਿਰਮਲ ਸੰਧੂ ਨਾਲ ਗੱਲ ਕਰਵਾ ਦਿਆ ਕਰਨ ਅਤੇ ਤੀਜਾ ਜੇਕਰ ਕੋਈ ਕਹੇ ਕਿ ‘ਸੰਧੂ’ ਨਾਲ ਗੱਲ ਕਰਨੀ ਹੈ ਤਾਂ ਉਹ ਮੇਰੇ ਨਾਲ ਗੱਲ ਕਰਵਾ ਦਿਆ ਕਰਨ।’’ 
ਸ਼ਮਸ਼ੇਰ ਸੰਧੂ ਸਾਹਿਤ ਦਾ ਵਿਦਿਆਰਥੀ ਰਿਹਾ, ਕਰੀਅਰ ਦੀ ਸ਼ੁਰੂਆਤ ਸਾਹਿਤ ਤੇ ਅਧਿਆਪਨ ਨਾਲ ਕੀਤੀ, ਕਿੱਤੇ ਵਜੋਂ ਪੱਤਰਕਾਰੀ ਨੂੰ ਅਪਣਾਇਆ, ਕੁੱਲ ਦੁਨੀਆਂ ਵਿੱਚ ਪਛਾਣ ਗੀਤਕਾਰੀ ਨਾਲ ਬਣੀ ਪਰ ਉਹ ਖੁਸ਼ ਆਪਣੇ ਆਪ ਨੂੰ ਪਹਿਲਵਾਨਾਂ ਤੇ ਕਬੱਡੀ ਖਿਡਾਰੀਆਂ ਦਾ ਮੁਰੀਦ ਕਹਾ ਕੇ ਹੁੰਦਾ। ਸ਼ਮਸ਼ੇਰ ਸੰਧੂ ਦੀ ਸਖਸ਼ੀਅਤ ਨੂੰ ਦੇਖੀਏ ਤਾਂ ਹਰ ਇਕ ਨੂੰ ਆਪਣਾ ਮਹਿਸੂਸ ਹੁੰਦਾ ਹੈ। ਚਾਹੇ ਕੋਈ ਸਾਹਿਤਕਾਰ ਹੋਵੇ, ਗੀਤਕਾਰ ਹੋਵੇ, ਕਲਾਕਾਰ ਹੋਵੇ, ਪੱਤਰਕਾਰ ਹੋਵੇ ਜਾਂ ਕੋਈ ਵੀ ਹੋਰ ਫ਼ਨਕਾਰ ਹਰ ਇਕ ਨੂੰ ਸ਼ਮਸ਼ੇਰ ਸੰਧੂ ਆਪਣਾ ਲੱਗਦਾ ਹੈ। ਸੰਘਰਸ਼ ਦੇ ਦਿਨਾਂ ਵਿੱਚ ਗੁਰਭਜਨ ਗਿੱਲ ਵਰਗੇ ਮਿੱਤਰ ਦਾ ਸਾਥ ਤੇ ਡਾ.ਐਸ.ਪੀ.ਸਿੰਘ ਤੇ ਜਸਵੰਤ ਸਿੰਘ ਗਿੱਲ ਦੀ ਸੇਧ, ਪਾਸ਼, ਪਾਤਰ, ਸਰਵਣ ਸਿੰਘ, ਨਾਹਰ ਸਿੰਘ, ਕਾਕਾ ਭਾਜੀ ਤੇ ਨਾਗਰਾ ਦੀ ਮਿੱਤਰਤਾ ਅਤੇ ਬਿੰਦਰਖੀਆ ਨਾਲ ਜੁਗਲਬੰਦੀ ਨੇ ਉਸ ਨੂੰ ਸਿਖਰਾਂ ’ਤੇ ਪਹੁੰਚਾਇਆ। ਸ਼ਮਸ਼ੇਰ ਸੰਧੂ ਦੀ ਦੋਸਤੀ ਦਾ ਹੀ ਨਿੱਘ ਹੈ ਕਿ ਉਨ੍ਹਾਂ ਦੇ ਦਾਇਰੇ ਵਿੱਚ ਉਸ ਤੋਂ ਦੋਗੁਣੀ ਉਮਰ ਦਿਆਂ ਤੋਂ ਲੈ ਕੇ ਉਸ ਤੋਂ ਅੱਧੀ ਉਮਰ ਦਾ ਹਰ ਕੋਈ ਸ਼ਾਮਲ ਹੈ। ਸ਼ਮਸ਼ੇਰ ਸੰਧੂ ਨੇ ਜ਼ਿੰਦਗੀ ਦਾ ਹਰ ਰੰਗ ਦੇਖਿਆ ਹੈ।
5 ਮਾਰਚ 1951 ਨੂੰ ਮਦਾਰਪੁਰੇ ਵਿੱਚ ਜਨਮੇ ਸ਼ਮਸ਼ੇਰ ਸੰਧੂ ਦਾ ਬਚਪਨ ਪਿੰਡ ਹੀ ਬੀਤਿਆ। ਲੁਧਿਆਣਾ ਵਿਖੇ ਪੜ੍ਹਾਈ ਦੌਰਾਨ ਸਾਹਿਤਕ ਮਾਹੌਲ ਮਿਲਿਆ। ਚੰਡੀਗੜ੍ਹ ਵਿੱਚ ਨੌਕਰੀ ਕਰਦਿਆਂ ਪੱਕੀ ਠਹਿਰ ਕੀਤੀ। ਸੰਧੂ ਨੂੰ ਮੇਲਿਆਂ ’ਚੋਂ ਕਿੱਸੇ/ਚਿੱਠੇ ਖਰੀਦਣਾ ਸੰਧੂ ਦਾ ਸ਼ੌਕ ਸੀ। ਉਸ ਨੇ ਪਹਿਲੀ ਵਾਰ ਹਜ਼ੂਰਾ ਸਿੰਘ ਬਟਾਹਰੀ ਦੀ 72 ਹੀਰ ਖਰੀਦੀ ਸੀ। ਸੰਧੂ ਨੇ ਲਿਖਣ ਦੀ ਸ਼ੁਰੂਆਤ ਸੈਨਿਕ ਸਮਾਚਾਰ ਰਸਾਲੇ ਤੋਂ ਕੀਤੀ ਸੀ ਜਿਸ ਵਿੱਚ ਉਹ ਦੇਸ਼ ਭਗਤੀ ਦੇ ਗੀਤ ਲਿਖਦੇ ਸਨ। ਇਸ ਤੋਂ ਬਾਅਦ ਫਿਲਮਾਂ, ਗਾਇਕਾਂ, ਸੰਗੀਤ ਆਦਿ ਬਾਰੇ ਅਕਾਲੀ ਪੱਤ੍ਰਿਕਾ ਲਈ ਨਿਰੰਤਰ ਲਿਖਿਆ। ਸੰਧੂ ਦੇ ਪੁਰਾਣੇ ਸਾਹਿਤਾਕਾਰ ਸਾਥੀ ਅਕਸਰ ਹੀ ਇਸ ਗੱਲ ਨੂੰ ਲੈ ਕੇ ਉਨ੍ਹਾਂ ਨਾਲ ਨੋਕ-ਝੋਕ ਕਰਦੇ ਕਿ ਜੇਕਰ ਉਹ ਕਹਾਣੀ ਲਿਖਣੀ ਨਾ ਛੱਡਦੇ ਤਾਂ ਸੰਭਵ ਸੀ ਕਿ ਅੱਜ ਉਹ ਵਰਿਆਮ ਸੰਧੂ ਤੋਂ ਵੱਡੇ ਕਹਾਣੀਕਾਰ ਹੁੰਦੇ। ਸ਼ਮਸ਼ੇਰ ਸੰਧੂ ਦੇ ਸਾਹਿਤਕ ਸਾਥੀਆਂ ਨੂੰ ਇਹ ਰੰਜ ਵੀ ਰਹਿੰਦਾ ਹੈ ਕਿ ਸੰਧੂ ਸਾਹਿਤ ਨੂੰ ਛੱਡ ਕੇ ਗੀਤਕਾਰੀ ਜ਼ਰੀਏ ਗਾਇਕੀ ਨਾਲ ਜੁੜ ਗਿਆ। ਦੂਜੇ ਪਾਸੇ ਸੰਧੂ ਦੇ ਪ੍ਰਸੰਸਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸੰਧੂ ਜਿਹੇ ਗਿਣੇ-ਚੁਣਵੇਂ ਗੀਤਕਾਰਾਂ ਬਦਲੌਤ ਹੀ ਗਾਇਕੀ ਖੇਤਰ ਵਿੱਚ ਸਾਹਿਤਕ ਰਸ ਦੇਖਣ ਨੂੰ ਮਿਲਦਾ। ਸੰਧੂ ਸਾਹਿਤਕਾਰਾਂ ਤੇ ਕਲਾਕਾਰਾਂ ਵਿਚਾਲੇ ਅਜਿਹਾ ਪੁੱਲ ਹੈ ਜਿਹੜਾ ਦੋਵਾਂ ਨੂੰ ਜੋੜਦਾ ਹੈ। ਸ਼ਮਸ਼ੇਰ ਸੰਧੂ ਆਖਦੇ ਹਨ ਕਿ ਚਾਹੇ ਉਸ ਨੇ ਕਹਾਣੀਆਂ ਵੀ ਲਿਖੀਆਂ, ਪੱਤਰਕਾਰੀ ਵੀ ਕੀਤੀ ਅਤੇ ਪ੍ਰੋਫੈਸਰੀ ਵੀ ਪ੍ਰੰਤੂ ਉਸ ਦੀ ਅੱਲ ‘ਗੀਤਾਂ ਵਾਲਾ ਸੰਧੂ’ ਹੀ ਪਈ, ਜਿਵੇਂ ਪਿ੍ਰੰ. ਸਰਵਣ ਸਿੰਘ ਦੀ ਅੱਲ ‘ਖੇਡਾਂ ਵਾਲਾ ਲਿਖਾਰੀ’ ਕਰਕੇ ਪਈ ਹੈ। 

PunjabKesari

ਸ਼ਮਸ਼ੇਰ ਸੰਧੂ ਦੀ ਇੱਕ ਪਛਾਣ ਨਹੀਂ। ਬੰਗਾ ਦੇ ਇਲਾਕੇ ਵਿੱਚ ਉਸ ਦੀ ਪਛਾਣ ਪੰਜਾਬੀ ਲੈਕਚਰਾਰ ਵਜੋਂ ਹੈ। ਪੱਤਰਕਾਰੀ ਖੇਤਰ ਵਿੱਚ ਪੰਜਾਬੀ ਟ੍ਰਿਬਿਊਨ ਦੇ ਉਪ ਸੰਪਾਦਕ ਤੋਂ ਲੈ ਕੇ ਡਿਪਟੀ ਸਮਾਚਾਰ ਸੰਪਾਦਕ ਤੱਕ ਸਫਰ ਤੈਅ ਕੀਤਾ। ਕੋਈ ਉਸ ਨੂੰ ਪਾਸ਼ ਦਾ ਸਭ ਤੋਂ ਨੇੜੇ ਦਾ ਭੇਤੀ ਸਮਝਦੇ ਹਨ। ਮੁੱਢਲੇ ਦੌਰ ਵਿੱਚ ਉਸ ਦੀ ਗਿਣਤੀ ਕਹਾਣੀਕਾਰਾਂ ਵਿੱਚ ਹੋਈ ਜਦੋਂ ਕਿ ਕੁੱਲ ਦੁਨੀਆਂ ਸ਼ਮਸ਼ੇਰ ਸੰਧੂ ਨੂੰ ਸਮਰੱਥ ਗੀਤਕਾਰ ਵਜੋਂ ਜਾਣਦੀ ਹੈ ਜਿਸ ਦੇ ਲਿਖਾਂ ਗੀਤਾਂ ਨੂੰ ਗਾ ਕੇ ਸੈਂਕੜੇ ਗਾਇਕਾਂ ਨੇ ਸਰੋਤਿਆਂ ਦੇ ਦਿਲਾਂ ’ਤੇ ਰਾਜ ਕੀਤਾ। ਸੁਰਜੀਤ ਬਿੰਦਰਖੀਆ ਨਾਲ ਸ਼ਮਸ਼ੇਰ ਸੰਧੂ ਦੀ ਵੱਡੀ ਪਛਾਣ ਬਣੀ ਅਤੇ ਬਿੰਦਰਖੀਆ ਦੇ ਇਸ ਜਹਾਨੋਂ ਤੁਰ ਜਾਣ ਬਾਅਦ ਸੰਧੂ ਨੇ ਬਿੰਦਰਖੀਆ ਦੇ ਪੁੱਤਰ ਗੀਤਾਜ ਨੂੰ ਪੇਸ਼ ਕਰ ਕੇ ਸਰੋਤਿਆਂ ਦੀ ਵੱਡੀ ਵਾਹ ਵਾਹ ਖੱਟੀ। ਸ਼ਮਸ਼ੇਰ ਸੰਧੂ ਨੇ ਸੱਤ ਕਿਤਾਬਾਂ ‘ਲੋਕ ਸੁਰਾਂ’, ਸੁਰ ਦਰਿਆਓ ਪਾਰ ਦੇ’, ‘ਚੋਣਵੇਂ ਗੀਤ’ ਤੇ ‘ਇਕ ਪਾਸ਼ ਇਹ ਵੀ’, ‘ਤੇਰੇ ’ਚ ਤੇਰਾ ਯਾਰ ਬੋਲਦਾ’ ਲਿਖੀਆਂ। ਇਸ ਤੋਂ ਇਲਾਵਾ ਗਾਇਕਾਂ ਦੀਆਂ 10 ਪੀੜੀਆਂ ਦਾ ਇਤਿਹਾਸ, ਸੁਰਜੀਤ ਬਿੰਦਰਖੀਆ ਬਾਰੇ ਕਿਤਾਬ ਅਤੇ ਕਹਾਣੀਆਂ ਦੀ ਕਿਤਾਬ ਦੇ ਖਰੜੇ ਤਿਆਰ ਹਨ। ਸ਼ਮਸ਼ੇਰ ਸੰਧੂ ਭਾਵੇਂ ਗੀਤਕਾਰ ਵਜੋਂ ਸਥਾਪਤ ਹੋਇਆ ਪਰ ਵਾਰਤਕ ਲੇਖਣੀ ਵਿੱਚ ਵੀ ਉਸ ਦਾ ਕੋਈ ਮੁਕਾਬਲਾ ਨਹੀਂ। ਵੱਖ-ਵੱਖ ਪ੍ਰਸਿੱਧ ਹਸਤੀਆਂ ਬਾਰੇ ਅਖਬਾਰਾਂ ਵਿੱਚ ਰੇਖਾ ਚਿੱਤਰ ਨੁਮਾ ਛਪਦੇ ਲੇਖਾਂ ਦੀ ਵੀ ਸੰਧੂ ਨੂੰ ਬਹੁਤ ਦਾਦ ਮਿਲਦੀ ਹੈ। ਸ਼ਮਸ਼ੇਰ ਸੰਧੂ ਖਿਡਾਰੀਆਂ ਖਾਸ ਕਰ ਕੇ ਪਹਿਲਵਾਨਾਂ ਤੇ ਕਬੱਡੀ ਖਿਡਾਰੀਆਂ ਦਾ ਬਹੁਤ ਵੱਡ ਮੁਰੀਦ ਹੈ। ਗਾਇਕੀ ਖੇਤਰ ਵਿੱਚ ਸ਼ਮਸ਼ੇਰ ਸੰਧੂ ਨੇ ਵਿਸਾਖੀ ਤੇ ਨਵੇਂ ਸਾਲ ਦੇ ਮੇਲਿਆਂ ਨੂੰ ਰਿਕਾਰਡ ਕਰਵਾ ਕੇ ਟੀ.ਵੀ. ਉਪਰ ਦਿਖਾਉਣ ਵਿੱਚ ਮੋਹਰੀ ਰੋਲ ਨਿਭਾਇਆ।
ਗੱਲ ਪੰਜ-ਛੇ ਦਹਾਕੇ ਪੁਰਾਣੀ ਹੈ ਮਦਾਰਪੁਰੇ ਦਾ ਇਕ ਨਿਆਣਾ ਜਿਸ ਨੇ ਹਾਲੇ ਆਪਣੀ ਸੁਰਤ ਵੀ ਸੰਭਾਲੀ ਨਹੀਂ ਸੀ, ਆਪਣੇ ਪਿਤਾ ਹਰਦਿਆਲ ਸਿੰਘ ਨਾਲ ਜਗਰਾਵਾਂ (ਜਗਰਾਓਂ) ਦੀ ਰੌਸ਼ਨੀ ਦੇ ਮੇਲੇ ਨੂੰ ਦੇਖਣ ਨੂੰ ਗਿਆ ਅਤੇ ਮੁੜਦਾ ਹੋਇਆ ਮੇਲੇ ’ਚੋਂ ਤੂੰਬੀ ਖਰੀਦ ਲਿਆ। ਉਸ ਵੇਲੇ ਨਾ ਹੀ ਇਸ ਨਿਆਣੇ ਨੇ ਸੋਚਿਆ ਸੀ ਅਤੇ ਨਾ ਹੀ ਉਸ ਦੇ ਪਿਤਾ ਨੇ ਕਿ ਭਵਿੱਖ ਵਿੱਚ ਇਹ ਨਿਆਣਾ ਵੱਡਾ ਹੋ ਕੇ ਮੇਲਿਆਂ ਦੀ ਸ਼ਾਨ ਬਣੇਗਾ। ਮੇਲੇ ਵਿੱਚੋਂ ਤੂੰਬੀ ਖਰੀਦਣ ਵਾਲਾ ਇਹ ਨਿਆਣਾ ਵਾਅਦ ਵਿੱਚ ਚੋਟੀ ਦਾ ਗੀਤਕਾਰ ਬਣਿਆ। ਸ਼ਮਸ਼ੇਰ ਸੰਧੂ ਨੂੰ ਇਕੱਲਾ ਗੀਤਕਾਰ ਕਹਿਣਾ, ਉਸ ਦੀਆਂ ਬਾਕੀ ਕਲਾਵਾਂ ਨਾਲ ਅਨਿਆਂ ਹੋਵੇਗਾ। ਉਹ ਜ਼ਿੰਦਗੀ ਦੇ ਜਿਸ ਰਾਹ ’ਤੇ ਵੀ ਤੁਰਿਆ, ਸਫਲਤਾ ਹੀ ਹਾਸਲ ਕੀਤੀ। ਸੱਭਿਆਚਾਰ, ਸਾਹਿਤ ਤੇ ਪੱਤਰਕਾਰੀ ਖੇਤਰਾਂ ਦਾ ਸ਼ਾਹ ਅਸਵਾਰ ਸ਼ਮਸ਼ੇਰ ਸੰਧੂ ਪੁਰਾਤਨ ਗਾਇਕੀ ਤੇ ਅਜੋਕੇ ਦੌਰ ਦੇ ਗਾਇਕਾਂ ਵਿਚਾਲੇ ਅਜਿਹਾ ਪੁਲ ਹੈ ਜਿਸ ਨੇ ਗੱਡਿਆਂ ’ਤੇ ਅਖਾੜਾ ਲਾਉਣ ਜਾਂਦੇ ਦੀਦਾਰ ਸੰਧੂ ਤੋਂ ਲੈ ਕੇ ਅਜੋਕੇ ਦੌਰ ਦੇ ਸੁਰਜੀਤ ਖਾਨ, ਗੀਤਾਜ ਬਿੰਦਰਖੀਆ ਨਾਲ ਸਾਥ ਨਿਭਾਇਆ ਹੈ। ਸੰਧੂ ਪਹਿਲਾ ਅਜਿਹਾ ਵਾਹਦ ਗੀਤਕਾਰ ਹੈ ਜਿਸ ਦੇ ਲਿਖੇ ਗੀਤ ਸਭ ਤੋਂ ਪਹਿਲਾਂ ਡੀਜਿਆਂ ਉਪਰ ਵੱਜਣੇ ਸ਼ੁਰੂ ਹੋਏ ਅਤੇ ਅੱਜ ਤੱਕ ਉਸ ਦੇ ਗੀਤ ਡੀ.ਜੇ. ਵਾਲਿਆਂ ਦੀ ਪਸੰਦ ਹਨ। ਕੋਈ ਵਿਆਹ ਸਮਾਗਮ ਜਾਂ ਪਾਰਟੀ ਉਦੋਂ ਤੱਕ ਅਧੂਰੀ ਮੰਨੀ ਜਾਂਦੀ ਹੈ ਜਦੋਂ ਤੱਕ ਸ਼ਮਸ਼ੇਰ ਸੰਧੂ ਦਾ ਲਿਖਿਆ ਅਤੇ ਸੁਰਜੀਤ ਬਿੰਦਰਖੀਆ ਦਾ ਗਾਇਆ ਗੀਤ ਨਹੀਂ ਚਲਾਇਆ ਜਾਂਦਾ। ਸੰਧੂ ਨੇ ਬਦਲਦੇ ਸਮੇਂ ਅਨੁਸਾਰ ਵੀ ਗੀਤ ਲਿਖੇ ਹਨ। ਡਿਸਕੋ ਦੇ ਜ਼ਮਾਨੇ ਵਿੱਚ ਉਨ੍ਹਾਂ ਗੀਤ ਲਿਖਿਆ, ‘ਗਾਉਣ ਵਾਲਿਆਂ ਨੂੰ ਡਿਸਕੋ ਬੁਖਾਰ ਹੋ ਗਿਆ’। ਗੀਤਾਂ ਦਾ ਵਿਸ਼ਾ ਰੋਮਾਂਸ, ਪਿਛੋਕੜ, ਬੁਰਾਈਆਂ, ਰਿਸ਼ਤੇ-ਨਾਤੇ, ਸਮਾਜਿਕ ਤਾਣਾ-ਬਾਣਾ, ਵਿਰਸਾ ਆਦਿ ਪ੍ਰਮੁੱਖ ਹਨ। ‘ਚੱਜ ਦੇ ਬੰਦੇ’, ‘ਗੁੰਮ ਗਏ ਪੰਜਾਬ ਦੇ ਜਵਾਨ ਤੇ ਜਵਾਨੀਆਂ’ ਬਦਲਦੇ ਸਮੇਂ ਦੀ ਤਰਜ਼ਮਾਨੀ ਕਰਦੇ ਹਨ।
ਸ਼ਮਸ਼ੇਰ ਸੰਧੂ ਦਾ ਪਿੰਡ ਲੁਧਿਆਣਾ ਜ਼ਿਲੇ ਦੇ ਸਿੱਧਵਾਂ ਨੇੜੇ ਮਦਾਰਪੁਰਾ ਹੈ ਜਿਸ ਦਾ ਜ਼ਿਕਰ ਉਸ ਨੇ ਗੀਤਾਂ ਵਿੱਚ ਬਹੁਤ ਕੀਤਾ ਹੈ। ਪਿੰਡੋਂ ਸਕੂਲੀ ਪੜ੍ਹਾਈ ਕਰ ਕੇ ਲੁਧਿਆਣਾ ਦੇ ਸਰਕਾਰੀ ਕਾਲਜ ਤੋਂ ਪੰਜਾਬੀ ਦੀ ਐਮ.ਏ.ਕੀਤੀ ਅਤੇ ਫੇਰ 1976 ਵਿੱਚ ਬੰਗਾ ਦੇ ਸਿੱਖ ਨੈਸ਼ਨਲ ਕਾਲਜ ਵਿਖੇ ਪੰਜਾਬੀ ਦਾ ਲੈਕਚਰਾਰ ਬਣ ਗਿਆ। ਇਥੇ ਦੋ ਸਾਲ ਨੌਕਰੀ ਕਰਨ ਤੋਂ ਬਾਅਦ 1978 ਵਿੱਚ ਪੰਜਾਬੀ ਟ੍ਰਿਬਿਊਨ ਵਿੱਚ ਬਤੌਰ ਉਪ ਸੰਪਾਦਕ ਦੀ ਨੌਕਰੀ ਜੁਆਇਨ ਕਰ ਲਈ ਜਿਸ ਕਾਰਨ ਚੰਡੀਗੜ੍ਹ ਪੱਕੀ ਰਿਹਾਇਸ਼ ਰੱਖ ਲਈ ਅਤੇ ਪਿਛਲੇ ਸਾਢੇ ਤਿੰਨ ਦਹਾਕੇ ਤੋਂ ਸੰਧੂ ਦਾ ਪੱਕਾ ਪਤਾ ਚੰਡੀਗੜ੍ਹ ਦਾ ਸੈਕਟਰ 44 ਹੈ। ਪਿੰਡ ਤੋਂ ਚੰਡੀਗੜ੍ਹ ਪੱਕੀ ਰਿਹਾਇਸ਼ ਬਾਰੇ ਵੀ ਸੰਧੂ ਆਪਣੇ ਗੀਤਾਂ ਰਾਹÄ ਦੱਸਦਾ ਹੈ, ‘‘ਸੰਧੂਆਂ ਵੇ ਮਦਾਰਪੁਰ ਵਾਲਿਆਂ, ਪਿੰਡ ਛੱਡ ਚੰਡੀਗੜ੍ਹ ਡੇਰਾ ਤੂੰ ਲਾ ਲਿਆ’’। ਪੰਜਾਬੀ ਟਿ੍ਰਬਿਊਨ ਵਿਖੇ 31 ਸਾਲ ਨੌਕਰੀ ਕਰਨ ਤੋਂ ਬਾਅਦ 2009 ਵਿੱਚ ਡਿਪਟੀ ਨਿਊਜ਼ ਐਡੀਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਪਰ ਲਿਖਣ ਦਾ ਕੰਮ ਜਾਰੀ ਰੱਖਿਆ। ਪਿਤਾ ਹਰਦਿਆਲ ਸਿੰਘ ਸੰਧੂ ਤੇ ਮਾਤਾ ਪ੍ਰੀਤਮ ਕੌਰ ਦੇ ਘਰ ਜਨਮੇ ਸ਼ਮਸ਼ੇਰ ਸੰਧੂ ਦੀ ਪਤਨੀ ਸੁਖਵੀਰ ਕੌਰ ਦਾ ਸ਼ਮਸ਼ੇਰ ਦੀ ਕਾਮਯਾਬੀ ਵਿੱਚ ਬਹੁਤ ਵੱਡਾ ਯੋਗਦਾਨ ਹੈ। ਬੱਚਿਆਂ ਦੀ ਪੜ੍ਹਾਈ-ਲਿਖਾਈ ਤੋਂ ਲੈ ਕੇ ਘਰ ਦੀ ਕਬੀਲਦਾਰੀ ਦੀ ਜ਼ਿੰਮੇਵਾਰੀ ਸ਼ਮਸ਼ੇਰ ਸੰਧੂ ਦੀ ਪਤਨੀ ਦੀ ਹੁੰਦੀ ਸੀ। ਸ਼ਮਸ਼ੇਰ ਹੁਰਾਂ ਦੇ ਦੋ ਬੱਚੇ ਹਨ। ਪੁੱਤਰ ਡਾ.ਗਗਨਗੀਤ ਸੰਧੂ ਅਮਰੀਕਾ ਦੇ ਸ਼ਹਿਰ ਨਿਊਯਾਰਕ ਵਿੱਚ ਡਾਕਟਰ ਹੈ ਤੇ ਨੂੰਹ ਅਦਿਤੀ ਸੰਧੂ ਵੀ ਡਾਕਟਰ ਹੈ। ਬੇਟੀ ਸੁਖਮਨੀ ਪੁਣੇ ਦੇ ਸਾਫਟਵੇਅਰ ਇੰਜਨੀਅਰ ਸੰਤ ਪ੍ਰਕਾਸ਼ ਖਹਿਰਾ ਨੂੰ ਵਿਆਹੀ ਹੋਈ ਹੈ। ਭਾਰਤ ਰਹਿੰਦਿਆਂ ਸੰਧੂ ਆਪਣੇ ਦੋਹਤੇ ਹਰਸ਼ਲ ਖਹਿਰਾ ਅਤੇ ਅਮਰੀਕਾ ਵਿਖੇ ਪੋਤੇ ਵਰਦਾਨ ਨਾਲ ਲਾਡ ਵੀ ਖੂਬ ਲੜਾਉਂਦਾ ਹੈ।
ਸ਼ਮਸ਼ੇਰ ਸੰਧੂ ਅਜਿਹੀ ਬਹੁਪੱਖੀ ਸਖਸ਼ੀਅਤ ਹੈ ਜਿਸ ਨੇ ਜਿਹੜੇ ਵੀ ਖੇਤਰ ਵਿੱਚ ਪਹਿਲਾ ਕਦਮ ਧਰਿਆ ਤਾਂ ਸਿਖਰ ਨੂੰ ਹੋ ਛੋਹਿਆ। ਸ਼ਮਸ਼ੇਰ ਨੇ ਸ਼ੁਰੂਆਤ ਕਹਾਣੀਆਂ ਤੇ ਕਵਿਤਾਵਾਂ ਤੋਂ ਕੀਤੀ ਅਤੇ ਇਹ ਵੀ ‘ਨਾਗਮਣੀ’, ‘ਆਰਸੀ’, ‘ਪ੍ਰੀਤਲੜੀ’ ਵਰਗੇ ਵੱਡੇ ਰਸਾਲਿਆਂ ਵਿੱਚ ਪ੍ਰਕਾਸ਼ਿਤ ਹੋਈਆਂ ਜਿੱਥੇ ਕਿਸੇ ਵੀ ਲੇਖਕ ਦਾ ਛਪਣਾ ਸੁਫਨਾ ਹੁੰਦਾ ਹੈ ਪ੍ਰੰਤੂ ਸੰਧੂ ਦੀ ਪਹਿਲੀ ਹੀ ਕਹਾਣੀ ਨਾਗਮਣੀ ਵਿੱਚ ਛਪੀ। ਪਹਿਲੀ ਕਵਿਤਾ ‘ਆਰਸੀ’ ਤੇ ਫੇਰ ‘ਪ੍ਰੀਤਲੜੀ’ ਵਿੱਚ ਛਪੀ। ਸੰਧੂ ਦੀਆਂ ਸ਼ੁਰੂਆਤੀ ਕਹਾਣੀਆਂ ਨੂੰ ਪੜ੍ਹਦਿਆਂ ਉਸ ਨੂੰ ਹਰ ਕੋਈ ਵੱਡੇ ਕਹਾਣੀਕਾਰ ਦੇ ਰੂਪ ਵਿੱਚ ਦੇਖਣ ਲੱਗ ਗਿਆ। ਉਸ ਦੇ ਸਮਕਾਲੀ ਕਹਿੰਦੇ ਹਨ ਜੇਕਰ ਉਹ ਕਹਾਣੀਆਂ ਲਿਖਣੀਆਂ ਜਾਰੀ ਰੱਖਦਾ ਤਾਂ ਉਸ ਦਾ ਨਾਮ ਵਰਿਆਮ ਸੰਧੂ ਤੋਂ ਅੱਗੇ ਨਹੀਂ ਤਾਂ ਪਿੱਛੇ ਵੀ ਨਹੀਂ ਆਉਣਾ ਸੀ। ਸੰਧੂ ਦੀ ਕਹਾਣੀਆਂ ਦੀ ਕਿਤਾਬ ‘ਥਿੜਕਦੇ ਪੈਰ’ 1974 ਵਿੱਚ ਪ੍ਰਕਾਸ਼ਿਤ ਹੋਈ। ਕਹਾਣੀਆਂ ਦੀ ਇਕ ਹੋਰ ਕਿਤਾਬ ‘ਕੋਈ ਦਿਓ ਜਵਾਬ’ ਬਰਜਿੰਦਰ ਸਿੰਘ ਹਮਦਰਦ, ਦ੍ਰਿਸ਼ਟੀ ਪ੍ਰਕਾਸ਼ਨ ਨੇ ਛਾਪੀ। ‘ਭੂਆ ਖ਼ਤਮ ਕੌਰ’ ‘ਗੱਛਾ ਨਚਾਰ’ ‘ਥਿੜਕਦੇ ਪੈਰ’ ਉਸ ਦੀਆਂ ਸਰਵੋਤਮ ਕਹਾਣੀਆਂ ਵਿੱਚੋਂ ਇਕ ਹੈ। ਕਹਾਣੀਆਂ ਬਾਰੇ ਪੁਸਤਕ ‘ਪੰਜਾਬੀ ਕਹਾਣੀ ਦਾ ਅੱਜ’ ਦਾ ਸੰਪਾਦਨ ਕੀਤਾ। ਕਹਾਣੀਆਂ ਤੋਂ ਬਾਅਦ ਕਵਿਤਾ ਲਿਖਣੀ ਸ਼ੁਰੂ ਕਰਨ ਵਾਲੇ ਸ਼ਮਸ਼ੇਰ ਨੇ ਜੇਕਰ ਕਵਿਤਾ ਲਿਖਣੀ ਜਾਰੀ ਰੱਖੀ ਹੁੰਦੀ ਤਾਂ ਉਹ ਪੰਜਾਬੀ ਦੇ ਚੋਟੀ ਦੇ ਕਵੀਆਂ ਵਿੱਚ ਸ਼ੁਮਾਰ ਹੁੰਦਾ। ਕਹਾਣੀ ਤੇ ਕਵਿਤਾ ਤੋਂ ਬਾਅਦ ਸ਼ਮਸ਼ੇਰ ਦੀ ਕਲਮ ਦਾ ਰੁਖ਼ ਰੇਖਾ ਚਿੱਤਰਾਂ ਵੱਲ ਕੀਤਾ। ਚੜ੍ਹਦੇ ਪੰਜਾਬ (ਪੂਰਬੀ ਪੰਜਾਬ, ਭਾਰਤ) ਦੇ 22 ਗਾਇਕਾਂ ਬਾਰੇ ਕਿਤਾਬ ‘ਲੋਕ ਸੁਰਾਂ’ ਲਿਖੀ ਜਿਸ ਨੇ ਪੰਜਾਬੀ ਦੇ ਚੋਟੀ ਦੇ ਲੋਕ ਗਾਇਕਾਂ ਨੂੰ ਅਮਰ ਕਰ ਦਿੱਤਾ। ਸੰਧੂ ਦੀ ਪਾਰਖੂ ਅੱਖ ਨੇ ਨਾ ਸਿਰਫ ਚੜ੍ਹਦੇ ਪੰਜਾਬ ਦੇ ਗਾਇਕਾਂ ਨੂੰ ਪਾਠਕਾਂ ਅੱਗੇ ਆਪਣੀ ਲੇਖਣੀ ਰਾਹÄ ਪੇਸ਼ ਕੀਤਾ ਸਗੋਂ ਲਹਿੰਦੇ ਪੰਜਾਬ (ਪੱਛਮੀ ਪੰਜਾਬ, ਪਾਕਿਸਤਾਨ) ਦੇ ਗਾਇਕਾਂ ਬਾਰੇ ਰੇਖਾ ਚਿੱਤਰਾਂ ਦੀ ਕਿਤਾਬ  ‘ਸੁਰ ਦਰਿਆਓਂ ਪਾਰਦੇ’ ਲਿਖੀ। ਸੰਧੂ ਨੇ ਵਾਰਤਕ ਦੀ ਇਸ ਵਿਧਾ ਵਿੱਚ ਹੁਣ ਤੱਕ ਸਮੇਂ-ਸਮੇਂ ’ਤੇ ਲਿਖਣਾ ਜਾਰੀ ਰੱਖਿਆ ਹੈ ਅਤੇ ਵਾਹ ਵਾਹ ਵੀ ਖੂਬ ਖੱਟੀ ਹੈ। 
ਕਹਾਣੀ, ਕਵਿਤਾ ਤੇ ਲੇਖਾਂ ਤੋਂ ਬਾਅਦ ਸੰਧੂ ਦੇ ਲਿਖੇ ਗੀਤਾਂ ਦੀ ਗੱਲ ਕਰਦੇ ਹਾਂ ਜਿਸ ਨੇ ਉਸ ਨੂੰ ਕੌਮਾਂਤਰੀ ਪੱਧਰ ’ਤੇ ਵੱਡੀ ਪਛਾਣ ਦਿੱਤੀ। ਸੰਧੂ ਦੇ ਲਿਖੇ ਗੀਤ 72 ਗਾਇਕਾਂ ਨੇ ਗਾਏ ਹਨ ਜਿਨ੍ਹਾਂ ਵਿੱਚ ਸੁਰਜੀਤ ਬਿੰਦਰਖੀਆ ਜਗਮੋਹਨ ਕੌਰ, ਕੁਲਦੀਪ ਮਾਣਕ, ਦਿਲਸ਼ਾਦ ਅਖਤਰ, ਗੁਰਦਾਸ ਮਾਨ, ਹੰਸ ਰਾਜ ਹੰਸ, ਪਰਮਿੰਦਰ ਸੰਧੂ, ਸਰਦੂਲ ਸਿਕੰਦਰ, ਅਮਰ ਨੂਰੀ, ਸਰਬਜੀਤ ਕੋਕੇਵਾਲੀ, ਮਨਪ੍ਰੀਤ ਅਖਤਰ, ਨਛੱਤਰ ਗਿੱਲ, ਹਰਦੀਪ, ਸਤਵਿੰਦਰ ਬਿੱਟੀ, ਯੁੱਧਵੀਰ ਮਾਣਕ, ਕਲੇਰ ਕੰਠ, ਸਰਬਜੀਤ ਚੀਮਾ, ਭਿੰਦਾ ਜੱਟ, ਸੁਰਜੀਤ ਖਾਨ, ਸੁਰਿੰਦਰ ਲਾਡੀ ਦੇ ਨਾਂ ਪ੍ਰਮੁੱਖ ਹਨ। ਹੋਰ ਤਾਂ ਹੋਰ ਹਿੰਦੀ ਫਿਲਮਾਂ ਦੀ ਪ੍ਰਸਿੱਧ ਪਿੱਠਵਰਤੀ ਗਾਇਕਾ ਅਨੁਰਾਧਾ ਪੌਡਵਾਲ ਨੇ ਵੀ ਸੰਧੂ ਦਾ ਲਿਖਿਆ ‘ਮੱਲੋ-ਮੱਲੀ ਮੇਰੀਆਂ ਛਣਕ ਪਈਆਂ ਵੰਗਾਂ’ ਵੀ ਗਾਇਆ ਹੋਇਆ ਹੈ।  ਸ਼ਮਸ਼ੇਰ ਸੰਧੂ ਦਾ ਪਹਿਲਾ ਗੀਤ ‘ਜਾਨੀ ਚੋਰ’ ਸਾਲ 1978 ਵਿੱਚ ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਦਾ ਆਵਾਜ਼ ਵਿੱਚ ਰਿਕਾਰਡ ਹੋਇਆ। ਸ਼ਮਸ਼ੇਰ ਸੰਧੂ ਨੇ 1000 ਤੋਂ ਵੱਧ ਗੀਤੇ ਲਿਖੇ ਹਨ ਅਤੇ ਵੱਖ-ਵੱਖ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋਏ ਗੀਤਾਂ ਦੀ ਗਿਣਤੀ 500 ਦੇ ਕਰੀਬ ਹੈ। 

PunjabKesari
ਇਕੱਲੇ ਸੁਰਜੀਤ ਬਿੰਦਰਖੀਆ ਨੇ ਉਸ ਦੇ ਲਿਖੇ 150 ਗੀਤ ਗਾਏ। ਬਿੰਦਰਖੀਆ ਨੇ ਸੰਧੂ ਦਾ ਪਹਿਲਾ ਗੀਤਾ ‘ਡਾਂਗ ‘ਤੇ ਡੇਰਾ’ ਗਾਇਆ ਸੀ। ਗਾਇਕੀ ਖੇਤਰ ਵਿੱਚ ਸ਼ਮਸ਼ੇਰ ਸੰਧੂ ਤੇ ਬਿੰਦਰਖੀਆ ਦੀ ਜੋੜੀ ਨੂੰ ਬਹੁਤ ਮਕਬੂਲੀਅਤ ਮਿਲੀ। ਜਿਵੇਂ ਮਾਨ ਮਰਾੜਾਂ ਵਾਲੇ ਦੀ ਪਹਿਲਾ ਮੁਹੰਮਦ ਸਦੀਕ ਤੇ ਰਣਜੀਤ ਕੌਰ ਅਤੇ ਫੇਰ ਹਰਭਜਨ ਮਾਨ, ਦੇਵ ਥਰੀਕਿਆਂ ਵਾਲੇ ਦੀ ਕੁਲਦੀਪ ਮਾਣਕ ਨਾਲ ਜੋੜੀ ਮਸ਼ਹੂਰ ਹੋਈ ਇਵੇਂ ਹੀ ਸੰਧੂ ਤੇ ਬਿੰਦਰਖੀਆ ਇਕ ਦੂਜੇ ਦੇ ਪੂਰਕ ਰਹੇ। ਬਿੰਦਰਖੀਆ ਤੇ ਸੰਧੂ ਦੀ ਜੋੜੀ ਨੇ ਨਾ ਸਿਰਫ ਇਕ-ਦੋ ਗੀਤ ਬਲਕਿ ਢੇਰਾਂ ਹਿੱਟ ਗੀਤ ਬਲਕਿ ਦਰਜਨਾਂ ਕੈਸਿਟਾਂ ਪੰਜਾਬੀ ਸੰਗੀਤ ਦੀ ਝੋਲੀ ਪਾਈਆਂ। ਇਸ ਬਾਰੇ ਸੰਧੂ ਕਹਿੰਦਾ ਹੈ ਕਿ ਉਸ ਦੀਆਂ ਬਿੰਦਰਖੀਆ ਨਾਲ ਦਿਲ ਦੀਆਂ ਤਾਰਾਂ ਜੁੜਦੀਆਂ ਸਨ ਜਾਂ ਕਹਿ ਲਓ ਉਸ ਨੂੰ ਮੇਰੇ ਲਿਖੇ ਗੀਤਾਂ ਦੀ ਸ਼ਬਦਾਵਲੀ ਸੂਟ ਕਰਦੀ ਸੀ ਅਤੇ ਮੇਰੇ ਲਿਖਾਂ ਗੀਤਾਂ ਨੂੰ ਬਿੰਦਰਖੀਆ ਦੀ ਆਵਾਜ਼ ਹੀ ਇਨਸਾਫ ਕਰਦੀ ਸੀ। ਸੰਧੂ ਅਨੁਸਾਰ ਉਸ ਦਾ ਬਿੰਦਰਖੀਆ ਨਾਲ ਅਜਿਹਾ ਕਰੂਰਾ ਮਿਲਦਾ ਸੀ ਕਿ ਕਈ ਵਾਰ ਤਾਂ ਬਿਨਾਂ ਰਿਹਰਸਲ ਤੋਂ ਹੀ ਸਿੱਧਾ ਗੀਤ ਰਿਕਾਰਡ ਕਰ ਲੈਂਦੇ ਸਨ। ਸ਼ਮਸ਼ੇਰ ਸੰਧੂ ਦੇ ਲਿਖੇ ਗੀਤਾਂ ਵਿੱਚੋਂ ਸਭ ਤੋਂ ਮਕਬੂਲ ਹੋਏ ਗੀਤ ‘ਯਾਰ ਬੋਲਦਾ, ‘ਦੁਪੱਟਾ ਸੱਤ ਰੰਗ’ ਨੂੰ ਜਰਨੈਲ ਘੁਮਾਣ ਦੇ ਸਟੂਡੀਓ ਵਿੱਚ ਮਹਿਜ਼ 20-25 ਮਿੰਟਾਂ ਵਿੱਚ ਰਿਕਾਰਡ ਕੀਤਾ ਗਿਆ। ‘ਯਾਰ ਬੋਲਦਾ’ ਗੀਤ ਜਦੋਂ ਬਿਨਾਂ ਰਿਹਰਸਲ ਤੋਂ ਸਿੱਧਿਆ ਰਿਕਾਰਡ ਕੀਤਾ ਤਾਂ ਸੰਗੀਤਕਾਰ ਅਤੁਲ ਸ਼ਰਮਾ ਦੇ ਮੂੰਹ ਇਹੋ ਨਿਕਲਿਆ, ‘‘ਆ..ਹਾ..ਆ..ਹਾ.. ਨਜ਼ਾਰਾ ਆ ਗਿਆ।’’ 
ਇਹ ਗੱਲ ਵੀ ਸੱਚ ਹੋ ਨਿਬੜੀ ਜਦੋਂ ਇਸ ਗੀਤ ਨੇ ਬਾਅਦ ਵਿੱਚ ਡੀ.ਜੇ. ਉਪਰ ਧੂੜਾਂ ਪੱਟੀਆਂ। ਯਾਰ ਬੋਲਦਾ ਬਾਰੇ ਇਕ ਗੱਲ ਉਹ ਦੱਸਦੇ ਹਨ ਕਿ ਇਹ ਗੀਤ ਅਤੁਲ ਸ਼ਰਮਾ ਦੇ ਕਹਿਣ ਉਪਰ ਲਿਖਿਆ ਸੀ ਅਤੇ ਇਸ ਗੀਤ ਨੂੰ ਲਿਖਦਿਆਂ ਉਸ ਦੇ ਸਾਹਮਣੇ ਸਿੱਧਵਾਂ ਬੇਟ ਦੇ ਰਹਿੰਦਾ ਉਨ੍ਹਾਂ ਦਾ ਗਰਾੲÄ ਬੂਟਾ ਵੈਲੀ ਦਾ ਪਾਤਰ ਅਚੇਤ ਰੂਪ ਵਿੱਚ ਘੁੰਮ ਰਿਹਾ ਸੀ। ਟਾਂਗਾ ਚਲਾਉਂਦੇ ਬੂਟੇ ਨੂੰ ਹਰ ਗੱਲ ਸੁਣਾਉਂਦਿਆਂ ਮੁੱਛਾਂ ਦੇ ਵੱਟ ਦਿੰਦਿਆਂ ‘ਥੋਡਾ ਵੀਰ’ ਕਹਿ ਕੇ ਬੋਲਣ ਦੀ ਆਦਤ ਸੀ। ਉਸ ਦਾ ਥਾਣੇਦਾਰ ਨਾਲ ਮੁਕਾਬਲਾ ਵੀ ਹੋਇਆ ਜਿਸ ਕਾਰਨ ‘ਯਾਰ ਬੋਲਦਾ’ ਵਿੱਚ ਪੈਰਾਂ ’ਚ ਥਾਣੇਦਾਰ ਰੋਲਦਾ ਲਿਖਿਆ। ਸੰਧੂ ਨਾਲ ਅਣਗਿਣਤ ਹੀ ਰਸਮੀ ਤੇ ਗੈਰ ਰਸਮੀ ਮਹਿਫ਼ਲਾਂ ਵਿੱਚ ਬੈਠਣ ਦਾ ਮੌਕਾ ਮਿਲਿਆ। ਸ਼ਾਇਦ ਹੀ ਕੋਈ ਅਜਿਹੀ ਮਹਿਫ਼ਲ ਹੋਵੇ ਜਿਸ ਵਿੱਚ ਬਿੰਦਰਖੀਆ ਦੀਆਂ ਗੱਲਾਂ ਦਾ ਜ਼ਿਕਰ ਨਾ ਹੋਇਆ ਹੋਵੇ। ਸੁਰਜੀਤ ਬਿੰਦਰੱਖੀਆ ਦੇ ਤੁਰ ਜਾਣ ਤੋਂ ਬਾਅਦ ਸੰਧੂ ਨੇ ਉਸ ਦੀ ਯਾਦ ਵਿੱਚ ਲਿਖਦਿਆਂ ਇਹ ਗੱਲ ਕਹੀ ਸੀ, ‘‘ਭਤੀਜੇ ਵਿੱਚੋਂ ਯਾਰ ਨੂੰ ਬੁਲਾਵਾਗੇਂ, ਦੁਪੱਟਾ ਸੱਤ ਰੰਗਾ ਫੇਰ ਲਹਿਰਾਵਾਗੇਂ’’ ਸੰਧੂ ਆਪਣੇ ਪੁੱਤਰ ਗਗਨ ਦੇ ਵਿਆਹ ਮੌਕੇ ਨਿਆਣੀ ਉਮਰੇ ਗੀਤਾਜ ਨੂੰ ਪੇਸ਼ ਕਰ ਕੇ ਆਪਣਾ ਕੀਤਾ ਵਾਅਦਾ ਪੂਰਾ ਕੀਤਾ।
ਸ਼ਮਸ਼ੇਰ ਸੰਧੂ ਪੰਜਾਬੀ ਫਿਲਮਾਂ ਦੀ ਵੀ ਜਿੰਦ-ਜਾਨ ਰਿਹਾ ਹੈ। ਵੱਡੇ ਗਾਇਕਾਂ ਲਈ ਗੀਤ ਲਿਖਣ ਤੋਂ ਇਲਾਵਾ ਸ਼ਮਸ਼ੇਰ ਨੇ ਪੰਜਾਬੀ ਦੀਆਂ ਕਈ ਪ੍ਰਸਿੱਧ ਫਿਲਮਾਂ ਲਈ ਵੀ ਗੀਤ ਲਿਖੇ ਹਨ ਜਿਨ੍ਹਾਂ ਵਿੱਚ ਵਿਜੇ ਟੰਡਨ ਦੀ ‘ਕਚਹਿਰੀ’, ਦਾਰਾ ਸਿੰਘ ਦੀ ‘ਰੱਬ ਦੀਆਂ ਰੱਖਾਂ’, ਬੂਟਾ ਸਿੰਘ ਸ਼ਾਦ ਦੀ ‘ਵੈਰੀ’, ਰਾਏ ਸਿੰਘ ਦੀ ‘ਜੱਟ ਯੋਧੇ’, ਵਾਲੀਆ ਦੀ ‘ਇਸ਼ਕ ਨਚਾਵੇ ਗਲੀ ਗਲੀ’। ਇਸ ਤੋਂ ਇਲਾਵਾ ‘ਅਣਖ ਜੱਟਾਂ ਦੀ’, ‘ਪੁੱਤ ਜੱਟਾਂ ਦੇ’, ‘ਤਬਾਹੀ’, ‘ਜੱਟ ਯੋਧੇ’, ‘ਸੁੱਚਾ ਸੂਰਮਾ’, ਜੱਟ ਜਿਉਣਾ ਮੌੜ’ ਆਦਿ ਸ਼ਾਮਲ ਹਨ। ਕਈ ਫਿਲਮਾਂ ਦੇ ਗੀਤ-ਸੰਗੀਤ ਦਾ ਉਹ ਇੰਚਾਰਜ ਰਿਹਾ ਹੈ। ਇਨ੍ਹਾਂ ਫਿਲਮਾਂ ਵਿੱਚ ਉਸੇ ਦੀ ਸਲਾਹ ਨਾਲ ਫੈਸਲਾ ਕੀਤਾ ਜਾਂਦਾ ਕਿ ਕਿਹੜਾ ਗਾਇਕ, ਕਿਹੜੇ ਗੀਤਕਾਰ ਦੇ ਗਾਣੇ ਗਾਓ, ਕਿਸਨੇ ਸੰਗੀਤ ਦੇਣਾ ਹੈ। ਜਗਜੀਤ ਚੂਹੜਚੱਕ, ਵਿਜੇ ਟੰਡਨ, ਇਕਬਾਲ ਢਿੱਲੋਂ, ਰਵਿੰਦਰ ਪੀਪਟ ਉਸ ਦੇ ਗੂੜ੍ਹੇ ਮਿੱਤਰ ਰਹੇ ਹਨ। ਸੰਧੂ ਸਦਕਾ ਪੰਜਾਬੀ ਦੀਆਂ ਕਈ ਹਿੱਟ ਫਿਲਮਾਂ ਲਈ ਬਿੰਦਰੱਖੀਆ ਦੇ ਅਖਾੜੇ ਸ਼ੂਟ ਕੀਤੇ ਗਏ। ਵਰਿੰਦਰ, ਪ੍ਰੀਤੀ ਸਪਰੂ, ਦਲਜੀਤ ਕੌਰ, ਰਮਾ ਵਿੱਜ ਵੀ ਉਸ ਦੇ ਬਹੁਤ ਕਰੀਬੀ ਰਹੇ। 
ਪੰਜਾਬੀ ਮਨੋਰੰਜਨ ਜਗਤ ਵਿੱਚ ਕਿਸੇ ਵੇਲੇ ਦੂਰਦਰਸ਼ਨ ਉਪਰ ਨਵੇਂ ਸਾਲ ਦੀ ਪੂਰਵ ਸੰਧਿਆ ਮੌਕੇ ਪੇਸ਼ ਕੀਤੇ ਜਾਂਦੇ ਪ੍ਰੋਗਰਾਮਾਂ ਦੀ ਬਹੁਤ ਚੜ੍ਹਤ ਹੁੰਦੀ ਸੀ ਜਿਨ੍ਹਾਂ ਨੂੰ ਦਰਸ਼ਕ ਕਈ ਮਹੀਨਿਆਂ ਤੋਂ ਉਡੀਕਣ ਲੱਗ ਜਾਂਦੇ ਸਨ। ਸੰਧੂ ਨੂੰ ਇਸ ਗੱਲ ਦਾ ਸਿਹਰਾ ਜਾਂਦਾ ਹੈ ਕਿ ਉਸ ਨੇ ਨਵੇਂ ਸਾਲ ਦੇ ਨਾਲ ਵਿਸਾਖੀ ਆਦਿ ਮੌਕਿਆਂ ਦੇ ਪ੍ਰੋਗਰਾਮਾਂ ਦੀ ਸ਼ੁਰੂਆਤ ਕੀਤੀ ਜਿਸ ਦੀਆਂ ਬਾਅਦ ਵਿੱਚ ਆਡੀਓ ਤੇ ਵੀਡੀਓ ਕੈਸਿਟਾਂ ਨੂੰ ਰਿਲੀਜ਼ ਕੀਤਾ ਜਾਂਦਾ। ਸੰਧੂ ਨੇ 1999 ਵਿੱਚ ਪਹਿਲੀ ਵਾਰ ਨਵੇਂ ਸਾਲ ਦਾ ਪ੍ਰੋਗਰਾਮ ‘ਮੇਲਾ ਮੇਲੀਆਂ ਦਾ’ ਪੇਸ਼ ਕੀਤਾ ਅਤੇ ਡੇਢ ਦਹਾਕੇ ਤੋਂ ਵੱਧ ਸਮਾਂ ਉਸ ਦੇ ਨਵੇਂ ਸਾਲ ਅਤੇ ਵਿਸਾਖੀ ਦੇ ਪ੍ਰੋਗਰਾਮਾਂ ਨੇ ਧਾਂਕ ਜਮਾਈ ਰੱਖੀ। ਬੱਬੂ ਮਾਨ ਨਾਲ ਮਿਲ ਕੇ ‘ਆਓ ਸਾਰੇ ਨੱਚੀਏ’ ਦੇ ਚਾਰ ਭਾਗ ਬਣਾਏ। ਸੰਧੂ ਨੇ ਜਦੋਂ ਨਵੇਂ ਸਾਲ/ਵਿਸਾਖੀ ਦੇ ਪ੍ਰੋਗਰਾਮ ਤਿਆਰ ਕੀਤੇ ਤਾਂ ਉਸ ਨੇ ਪ੍ਰੋਗਰਾਮ ਦੇ ਸ਼ੁਰੂ ਵਿੱਚ ਧਰਮਿੰਦਰ, ਦਲੀਪ ਕੁਮਾਰ, ਅਮਰੀਸ਼ ਪੁਰੀ, ਸ਼ਾਹਰੁਖ ਖਾਨ, ਸੁਭਾਸ਼ ਘਈ, ਹੇਮਾ ਮਾਲਿਨੀ, ਰਵੀਨਾ ਟੰਡਨ, ਸੁਖਵਿੰਦਰ, ਅਨੁਪਮ ਖੇਰ, ਗੋਵਿੰਦਾ, ਮਹਿਮਾ ਚੌਧਰੀ ਵਰਗੇ ਵੱਡੇ ਬਾਲੀਵੁੱਡ ਸਿਤਾਰਿਆਂ ਤੋਂ ਸ਼ੁਭ ਇੱਛਾਵਾਂ ਵਾਲੇ ਸੰਦੇਸ਼ ਵੀ ਰਿਕਾਰਡ ਕਰਵਾਏ। ਧਰਮਿੰਦਰ ਬਾਰੇ ਉਹ ਦੱਸਦੇ ਹਨ ਕਿ ਰਿਕਾਰਡਿੰਗ ਬਦਲੇ ਜਦੋਂ ਉਸ ਨੂੰ ਭੁਗਤਾਨ ਕਰਨਾ ਚਾਹਿਆ ਤਾਂ ਧਰਮਿੰਦਰ ਨੇ 25 ਹਜ਼ਾਰ ਰੁਪਏ ਦਾ ਚੈਕ ਗੂੰਗੇ ਬੋਲੇ ਬੱਚਿਆਂ ਦੇ ਨਾਂ ਕੱਟਣ ਨੂੰ ਕਹਿ ਦਿੱਤਾ। ਬਾਲੀਵੁੱਡ ਸਿਤਾਰਿਆਂ ਤੋਂ ਇਲਾਵਾ ਗੁਰਦਾਸ ਮਾਨ, ਜਸਵਿੰਦਰ ਭੱਲਾ, ਸਤਿੰਦਰ ਸੱਤੀ, ਦੀਪਕ ਰਾਜਾ, ਸੁਦੇਸ਼ ਲਹਿਰੀ ਨੇ ਵੀ ਉਸ ਦੇ ਪ੍ਰੋਗਰਾਮਾਂ ਨੂੰ ਚਾਰ ਚੰਨ ਲਾਏ। ਟੀ ਸੀਰੀਜ਼ ਨਾਲ ਨਵੇਂ ਸਾਲ ਦੇ ਸੱਤ ਅਤੇ ਵਿਸਾਖੀ ਦੇ 5 ਪ੍ਰੋਗਰਾਮ ਕਰਵਾਏ। ਬੱਬੂ ਮਾਨ ਨਾਲ ਮਿਲ ਕੇ ਉਸ ਦੀ ਕੰਪਨੀ ਪੁਆਇੰਟ ਜ਼ੀਰੋ ਲਈ ਵੀ ਨਵੇਂ ਸਾਲ ਦੇ ਚਾਰ ਪ੍ਰੋਗਰਾਮ ‘ਆਓ ਸਾਰੇ ਨੱਚੀਏ’ ਕਰਵਾਏ। ਜਲੰਧਰ ਦੂਰਦਰਸ਼ਨ ਲਈ ਐਂਕਰ ਵਜੋਂ ‘ਇੱਕ ਲੱਪ ਸੁਰਮੇ ਦੀ’, ‘ਕਾਵਿ ਸ਼ਾਰ’ ਤੇ ‘ਮੇਲੇ’ ਕੀਤਾ। 
ਸੰਧੂ ਦੇ ਲਿਖੇ ਹਿੱਟ ਗੀਤਾਂ ਦੀ ਗਿਣਤੀ ਵੀ ਬਹੁਤ ਲੰਬੀ ਹੈ। ਸੰਧੂ ਨੇ ਦੋਗਾਣੇ ਵੀ ਲਿਖੇ ਅਤੇ ਟੱਪੇ ਵੀ। ‘ਪੇਕੇ ਹੁੰਦੇ ਮਾਵਾਂ ਨਾਲ’ ਗੀਤ ਸੰਧੂ ਦੇ ਦਿਲ ਦੇ ਸਭ ਤੋਂ ਨੇੜੇ ਹੈ। ਸੰਧੂ ਦੇ ਲਿਖੇ ਮਕਬੂਲ ਗੀਤਾਂ ਵਿੱਚ ਸੁਰਜੀਤ ਬਿੰਦਰਖੀਆ ਦੇ ‘ਦੁਪੱਟਾ ਤੇਰਾ ਸੱਤ ਰੰਗ ਦਾ’, ‘ਤੇਰਾ ਯਾਰ ਬੋਲਦਾ’, ‘ਪੇਕੇ ਹੁੰਦੇ ਮਾਵਾਂ ਨਾਲ’, ‘ਮੁਖੜਾ ਦੇਖਕੇ’, ‘ਲੱਕ ਟੁਣੂ-ਟੁਣੂ’, ਹੰਸ ਰਾਜ ਹੰਸ ਦਾ ‘ਸੰਮੀ ਮੇਰੀ ਵਾਰ’, ‘ਨਾ ਧੁੱਪ ਨਾ ਛਾਂ’, ਗੁਰਦਾਸ ਮਾਨ ਦਾ ‘ਖੇਡਣ ਦੇ ਦਿਨ ਚਾਰ’, ਸਰਬਜੀਤ ਕੋਕੇ ਵਾਲੀ ਦਾ ‘ਮੈਂ ਅੰਗਰੇਜਨ ਬੂਟੀ’, ‘ਮਾਹੀ ਮੇਰਾ ਅੱਥਰਾ’, ‘ਮਾਝੇ ਦੀਏ ਮੋਮਬੱਤੀਏ’, ਜਗਮੋਹਨ ਕੌਰ ਦਾ ‘ਹਾਕ ਮਾਰੀ ਮਿੱਤਰਾਂ ਨੇ’, ‘ਇਸ਼ਕ ਤਮਾਸ਼ਾ’, ‘ਅੱਖ ਲੜ ਗਈ’, ਸਤਵਿੰਦਰ ਬਿੱਟੀ ਦਾ ‘ਦਿਲ ਦੀ ਛੱਤਰੀ’, ‘ਦੱਸ ਭਾਬੀਏ’, ‘ਦੱਸਣਾ ਪਟੋਲਾ ਬਣ ਕੇ’, ‘ਚੁਟਕੀ ਦੇ ਨਾਲ ਬੁਲਾਉਂਦਾ’, ਮਨਮੋਹਨ ਵਾਰਿਸ ਦਾ ‘ਹਟ ਕੇ ਖੜ੍ਹੀਂ ਹਰਨਾਮ ਕੁਰੇ’, ‘ਉਹਦੇ ’ਤੇ ਅੱਖ ਮਿੱਤਰਾਂ ਦੀ’ ਅਤੇ ਸੁਰਜੀਤ ਖਾਨ ਦਾ ‘ਹੀਲਾ’ ਪ੍ਰਮੁੱਖ ਹਨ।

‘ਮੈਂ ਕੱਲ ਤੱਕ ਨਈਂ ਰਹਿਣਾ, ਵੇ ਮੈਂ ਤਿੜਕੇ ਘੜੇ ਦਾ ਪਾਣੀ’ 

ਬਿੰਦਰੱਖੀਆ ਵੱਲੋਂ ਗਾਇਆ ਆਖਰੀ ਗੀਤ ਹੋ ਨਿਬੜਿਆ। 

PunjabKesari


ਗੀਤਾਂ ਦੀ ਤੁਕਬੰਦੀ ਜੋੜਨ ਬਾਰੇ ਸੰਧੂ ਦੱਸਦਾ ਹੈ ਕਿ ਕਈ ਵਾਰ ਕਿਸੇ ਗੀਤ ਦੀ ਕੋਈ ਸਤਰ ਲਿਖਦਿਆਂ ਇਕ ਸ਼ਬਦ ਦੀ ਜਗ੍ਹਾਂ ਕਈ-ਕਈ ਸ਼ਬਦ ਬਦਲਵੇਂ ਤੌਰ ਉਤੇ ਲਿਖ ਲੈਂਦਾ ਸੀ ਅਤੇ ਬਾਅਦ ਵਿੱਚ ਰਿਕਾਰਡਿੰਗ ਸਮੇਂ ਤੈਅ ਕੀਤਾ ਜਾਂਦਾ ਸੀ ਕਿ ਕਿਹੜਾ ਸ਼ਬਦ ਵਰਤਣਾ ਹੈ। ਜਿਵੇਂ ਕਿ ‘ਯਾਰ ਬੋਲਦਾ’ ਗੀਤ ਵਿੱਚ ‘ਪੱਗ ਬੰਨ੍ਹਦਾ ਜਿਉਣੇ ਮੌੜ ਵਾਲੀ…..’’ ਲਿਖਦਿਆਂ ਸੰਧੂ ਨੇ ਜਿਉਣੇ ਮੌੜ ਵਾਲੀ, ਦੁੱਲੇ/ਜੱਗੇ/ਤੁਰਲੇ/ਫਰਲੇ ਵਾਲੀ ਲਿਖ ਲਿਆ ਅਤੇ ਅੰਤ ਵਿੱਚ ਜਿਉਣਾ ਮੌੜ ਚੁਣ ਲਿਆ ਗਿਆ। ਇਸੇ ਤਰ੍ਹਾਂ ਮਕੂਬਲ ਹੋਏ ਗੀਤ ‘ਦਪੁੱਟਾ ਸੱਤ ਰੰਗ ਦਾ’ ਲਿਖਦਿਆਂ ਸ਼ੁਰੂਆਤੀ ਸਮੇਂ ‘ਚੁੰਨੀ ਸੱਤ ਰੰਗ ਦੀ’ ਲਿਖੀ ਪਰ ਬਾਅਦ ਵਿੱਚ ‘ਚੁੰਨੀ’ ਦਾ ‘ਦੁਪੱਟਾ’ ਬਣ ਗਿਆ ਜਿਹੜਾ ਖੂਬ ਲਹਿਰਾਇਆ। 
ਗੀਤਕਾਰੀ ਤੋਂ ਇਲਾਵਾ ਸੰਧੂ ਦੀ ਵਾਰਤਕ ਸ਼ੈਲੀ ਬਹੁਤ ਹੀ ਰੌਚਕ ਹੈ ਜਿਸ ਨੂੰ ਪਾਠਕ ਨਿਰੰਤਰ ਪੜ੍ਹਦਾ ਹੋਇਆ ਬਿਲਕੁਲ ਵੀ ਉਕਦਾ ਨਹੀਂ ਹੈ। ਖੇਡ ਮੇਲਿਆਂ, ਗਾਇਕਾਂ, ਸਾਹਿਤਕਾਰਾਂ, ਭਲਵਾਨਾਂ-ਕਬੱਡੀ ਖਿਡਾਰੀਆਂ ਬਾਰੇ ਸ਼ਮਸ਼ੇਰ ਸੰਧੂ ਦੇ ਸਮੇਂ-ਸਮੇਂ ’ਤੇ ਛਪਦੇ ਲੇਖ ਨੂੰ ਪਾਠਕ ਅਖਬਾਰ ਫੜਦਿਆਂ ਹੀ ਝੱਟ ਪੜ੍ਹ ਕੇ ਨਿਬੇੜ ਲੈਂਦੇ ਹਨ। ਸੰਧੂ ਜਿੰਨੇ ਛੋਟੇ ਫਿਕਰੇ ਲਿਖਦਾ ਹੈ, ਉਨ੍ਹੇ ਹੀ ਹੱਥ ਲਿਖਤ ਵਿੱਚ ਵੱਡੇ ਅੱਖਰ ਲਿਖਦਾ ਹੈ। ਟ੍ਰਿਬਿਊਨ ਦਫਤਰ ਵਿੱਚ ਅਕਸਰ ਕਿਹਾ ਜਾਂਦਾ ਸੀ ਕਿ ਸ਼ਮਸ਼ੇਰ ਸੰਧੂ ਚਾਰ ਕਾਲਮ ਖਬਰ ਲਿਖਣ ਲੱਗਿਆਂ ਪੰਜ ਪੰਨੇ ਲਿਖ ਦਿੰਦੇ ਸਨ। ਉਸ ਵੇਲੇ ਰਾਮਿੰਦਰਜੀਤ ਵਾਸੂ ਵੀ ਸਬ ਐਡੀਟਰ ਸਨ ਜਿਹੜੇ ਪੰਜ ਕਾਲਮੀ ਖਬਰ ਨੂੰ ਇਕ ਪੰਨੇ ਉਪਰ ਲਿਖ ਦਿੰਦੇ ਸਨ। ਸੰਧੂ ਮੋਟੇ-ਮੋਟੇ ਅੱਖਰਾਂ ਨੂੰ ਖੁੱਲ੍ਹੇ-ਖੁੱਲ੍ਹੇ ਲਿਖਦਾ। 
ਸੰਧੂ ਲਿਖਦਾ ਹੋਇਆ ਕਿਸੇ ਦਾ ਲਿਹਾਜ਼ ਵੀ ਨਹੀਂ ਕਰਦਾ ਹੈ ਜੋ ਸੱਚਮੁੱਚ ਅੱਖਾਂ ਸਾਹਮਣੇ ਵਾਪਰਿਆਂ ਹੁੰਦਾ ਹੈ, ਉਸ ਨੂੰ ਸ਼ਬਦਾਂ ਰਾਹੀਂ ਕਾਗਜ਼ ਉਪਰ ਉਤਾਰ ਦਿੰਦਾ ਹੈ। ਉਹ ਆਪਣੇ ਮਿੱਤਰਾਂ-ਬੇਲੀਆਂ ਦੇ ਸੁਭਾਅ ਦੀਆਂ ਕਮਜ਼ੋਰੀਆਂ ਵੀ ਦਾਰੂ ਦੀ ਲੋਰ ਵਿੱਚ ਸਾਹਮਣੇ ਬਿਠਾ ਕੇ ਸੁਣਾ ਦਿੰਦਾ ਹੈ। ਕਈ ਵਾਰ ਉਸ ਦੀਆਂ ਲਿਖੀਆਂ ਕੌੜੀਆਂ ਗੱਲਾਂ ਕਈਆਂ ਨੂੰ ਹਜ਼ਮ ਵੀ ਨਹੀਂ ਹੁੰਦੀਆਂ। ਇਕ ਵਾਰ ਉਨ੍ਹਾਂ ਪੰਜਾਬੀ ਟ੍ਰਿਬਿਊਨ ਵਿੱਚ ਆਪਣਾ ਕਾਲਮ ‘ਮੇਰੇ ਸੰਪਾਦਕ’ ਸ਼ੁਰੂ ਕੀਤਾ ਜਿਸ ਵਿੱਚ ਪੰਜਾਬੀ ਟ੍ਰਿਬਿਊਨ ਦੇ ਰਹਿ ਚੁੱਕੇ ਸੰਪਾਦਕਾਂ ਨਾਲ ਵਾਪਰੀਆਂ ਦਿਲਚਸਪ ਘਟਨਾਵਾਂ ਸ਼ਾਮਲ ਹੁੰਦੀਆਂ ਸਨ। ਗੱਲਾਂ ਸੱਚੀਆਂ ਹੋਣ ਕਰਕੇ ਕੌੜੀਆਂ ਸਨ ਜਿਸ ਕਾਰਨ ਇਹ ਕਾਲਮ ਲੰਬਾ ਸਮਾਂ ਨਹÄ ਚੱਲ ਸਕਿਆ। ਜੇ ਇਹ ਕਾਲਮ ਚੱਲਦਾ ਰਹਿੰਦਾ ਤਾਂ ਸੰਧੂ ਨੂੰ ਕਈਆਂ ਦੀ ਨਰਾਜ਼ਗੀ ਝੱਲਣੀ ਪੈ ਜਾਣੀ ਸੀ। ਇਕ ਵਾਰ ਉਨ੍ਹਾਂ ਸੁਰਿੰਦਰ ਕੌਰ ਬਾਰੇ ਅਜਿਹਾ ਹੀ ਸੱਚ ਲਿਖ ਦਿੱਤਾ ਜਿਸ ’ਤੇ ਡੌਲੀ ਗੁਲੇਰੀਆ ਨੇ ਇਤਰਾਜ਼ ਕਹਿੰਦਾ। ਸੰਧੂ ਕਹਿੰਦਾ ਹਾਲੇ ਤਾਂ ਮੈਂ ਸੇਰ ’ਚੋਂ ਪੂਣੀ ਵੀ ਨਹੀਂ ਕੱਤੀ ਸੀ। ਸਤਿੰਦਰ ਸਰਤਾਜ ਬਾਰੇ ਵੀ ਅਜਿਹੀਆਂ ਕੌੜੀਆਂ ਪਰ ਸੱਚੀਆਂ ਗੱਲਾਂ ਲਿਖੀਆਂ ਜਿਹੜੀਆਂ ਸਰਤਾਜ ਨੂੰ ਹਜ਼ਮ ਨਹੀਂ ਹੋਈਆਂ। ਸੰਧੂ ਦੀਆਂ ਮਹਿਫਲਾਂ ਵਿੱਚ ਸੁਣਾਈ ਇਕ-ਇਕ ਗੱਲ ਅੱਜ ਦੇ ਸਮੇਂ ਦੀ ਵੱਡੀ ਬਰੇਕਿੰਗ ਨਿਊਜ਼ ਬਣ ਸਕਦੀ ਹੈ ਕਿਉਂਕਿ ਉਸ ਕੋਲ ਵੱਡੇ ਕਲਾਕਾਰਾਂ ਤੇ ਸਾਹਿਤਕਾਰਾਂ ਦੀਆਂ ਲੁਕੀਆਂ ਗੱਲਾਂ ਦਾ ਬੇਅੰਤ ਖਜ਼ਾਨਾ ਪਿਆ ਹੈ।

PunjabKesari
ਸੰਧੂ ਨੂੰ ਮਟਕਾ ਕੇ ਗੱਲਾਂ ਕਰਨ ਦੀ ਆਦਤ ਹੈ। ਉਸ ਨੂੰ ਇਸ ਦਾ ਵਲ ਹੈ ਕਿ ਕਿਵੇਂ ਮਹਿਫਲ ਵਿੱਚ ਬੈਠਿਆ ਗੱਲ ਸੁਣਾਉਣੀ ਹੈ ਅਤੇ ਕਿਵੇਂ ਸਾਰਿਆਂ ਦਾ ਧਿਆਨ ਖਿੱਚਣਾ ਹੈ। ਇਸੇ ਕਰਕੇ ਕਿਸੇ ਵੀ ਮਹਿਫਲ ਵਿੱਚ ਉਸ ਦੀ ਗੱਲ ਅਣਸੁਣੀ ਨਹੀਂ ਰਹਿੰਦੀ ਸਗੋਂ ਹਰ ਮਹਿਫਲ ਦਾ ਉਹ ਕੇਂਦਰ ਬਿੰਦੂ ਹੁੰਦਾ ਹੈ। ਜਿਸ ਨੂੰ ਹਰ ਕੋਈ ਗੱਲ ਸੁਣਾਉਣ ਦੀ ਫਰਮਾਇਸ਼ ਕਰਦਾ ਹੈ। ਉਹ ਕਿਸੇ ਕੋਲ ਵੀ ਬੈਠਾ ਹੋਵੇ ਤਾਂ ਉਹ ਕੋਈ ਵੀ ਮੋਬਾਈਲ ਕਾਲ ਰਿਸੀਵ ਨਹੀਂ ਕਰਦਾ। ਹਾਲਾਂਕਿ ਸੰਧੂ ਨੂੰ ਘੱਟ ਮਿਲਣ ਵਾਲਿਆਂ ਨੂੰ ਇਹ ਗਿਲਾ ਵੀ ਰਹਿੰਦਾ ਕਿ ਉਹ ਕਿਸੇ ਦਾ ਫੋਨ ਨਹੀਂ ਚੁੱਕਦੇ ਪਰ ਕੋਲ ਬੈਠਣ ਵਾਲਿਆਂ ਨੂੰ ਉਨ੍ਹਾਂ ਦੀ ਇਸ ਆਦਤ ਦਾ ਪਤਾ ਹੈ। ਸੰਧੂ ਹੁਰੀਂ ਵੀ ਅਕਸਰ ਹੀ ਕਹਿੰਦੇ ਹਨ ਕਿ ਜੇਕਰ ਕਿਸੇ ਵਿਅਕਤੀ ਨੂੰ ਕੋਲ ਬਿਠਾ ਕੇ ਆਪ ਮੋਬਾਈਲ ’ਤੇ ਦੂਜੇ ਪਾਸੇ ਗੱਲ ਕਰਦੇ ਰਹੀਏ ਤਾਂ ਸਾਹਮਣੇ ਬੈਠਣ ਵਾਲੇ ਦੀ ਕਿਰਕਿਰੀ ਹੋ ਜਾਂਦੀ ਹੈ। 
ਪੁਰਾਣੇ ਦੌਰ ਦੇ ਦਿੱਗਜ਼ ਗਾਇਕਾਂ ਨਾਲ ਜੁੜੀਆਂ ਅਣਗਿਣਤ ਗੈਰ ਰਸਮੀ ਗੱਲਾਂ ਦਾ ਖਜ਼ਾਨਾ ਸੰਧੂ ਕੋਲ ਪਿਆ ਜੋ ਉਹ ਅਕਸਰ ਮਹਿਫਲਾਂ ਵਿੱਚ ਸੁਣਾ ਕੇ ਵਾਹ-ਵਾਹ ਖੱਟਦੇ ਹਨ। ਸੰਧੂ ਨੇ ਗਾਇਕੀ ਦਾ ਹਰ ਯੁੱਗ ਆਪਣੇ ਅੱਖÄ ਵੇਖਿਆ। ਉਸਤਾਦ ਲਾਲ ਚੰਦ ਯਮਲਾ ਜੱਟ, ਸੁਰਿੰਦਰ ਕੌਰ, ਹਰਚਰਨ ਗਰੇਵਾਲ, ਮੁਹੰਮਦ ਸਦੀਕ, ਰਣਜੀਤ ਕੌਰ, ਕੁਲਦੀਪ ਮਾਣਕ, ਸੁਰਿੰਦਰ ਛਿੰਦਾ, ਚਾਂਦੀ ਰਾਮ, ਸ਼ਾਂਤੀ ਦੇਵੀ, ਸੀਮਾ ਗਰੇਵਾਲ, ਚਰਨਜੀਤ ਆਹੂਜਾ, ਜਗਮੋਹਨ ਕੌਰ ਤੋਂ ਲੈ ਕੇ ਅੱਜ ਦੇ ਯੁੱਗ ਦੇ ਗਾਇਕਾਂ ਨਾਲ ਜੁੜੇ ਕਈ ਦਿਲਚਸਪ ਕਿੱਸੇ ਉਸ ਦੇ ਮੂੰਹ ਜ਼ੁਬਾਨੀ ਯਾਦ ਹੈ। ਚਾਂਦੀ ਰਾਮ ਦੇ ਅਖਰੀਲੇ ਉਮਰ ਗੁਰਬਤ ਦਾ ਸ਼ਿਕਾਰ ਹੋਣ ਬਾਰੇ ਉਹ ਦੱਸਦਾ ਹੈ ਕਿ ਜਵਾਨੀ ਵਿੱਚ ਉਸ ਨੂੰ ਪੈਸੇ ਦੀ ਕਦਰ ਨਹੀਂ ਸੀ। ਚਾਂਦੀ ਰਾਮ ਨੋਟਾਂ ਨੂੰ ਸੁਲਗਾ ਕੇ ਸਿਗਰਟਾਂ ਪÄਦਾ ਸੰਧੂ ਨੇ ਅੱਖੀਂ ਦੇਖਿਆ।
ਦੀਦਾਰ ਸੰਧੂ ਜਿੱਥੇ ਉਸ ਦਾ ਗੋਤੀ ਅਤੇ ਗੁਆਂਢੀ ਪਿੰਡ ਦਾ ਸੀ ਉਥੇ ਸੰਧੂ ਦਾ ਜਿਗਰੀ ਯਾਰ ਵੀ ਸੀ। ਦੀਦਾਰ ਦੇ ਨਾਮ ਬਾਰੇ ਸੰਧੂ ਦੱਸਦਾ ਹੈ ਕਿ ਉਸ ਦਾ ਪਿਤਾ ਢਾਡੀ ਦੀਦਾਰ ਸਿੰਘ ਰਟੈਂਡਾ ਦਾ ਵੱਡਾ ਪ੍ਰਸੰਸਕ ਸੀ। ਇਕ ਵਾਰ ਬਾਰ ਦੇ ਇਲਾਕੇ (ਹੁਣ ਪਾਕਿਸਤਾਨ) ਵਿੱਚ ਰਟੈਂਡੇ ਨੂੰ ਸੁਣਦਿਆਂ ਦੀਦਾਰ ਸੰਧੂ ਦੇ ਪਿਤਾ ਨੇ ਸੁੱਖ ਸੁੱਖੀ ਕਿ ਕਿ ਜੇਕਰ ਉਸ ਦੇ ਘਰ ਪੁੱਤਰ ਹੋਵੇਗਾ ਤਾਂ ਉਹ ਉਸਦਾ ਨਾਂ ਦੀਦਾਰ ਰੱਖੇਗਾ। ਬਾਅਦ ਵਿੱਚ ਇਹੋ ਦੀਦਾਰ ਸੰਧੂ ਗਾਇਕੀ ਤੇ ਗੀਤਕਾਰੀ ਅੰਬਰ ਦਾ ਧਰੂ ਤਾਰਾ ਬਣਿਆ। ਦੀਦਾਰ ਨੂੰ ਪੰਜਾਬੀ ਗਾਇਕੀ ਦਾ ਕੇ.ਐਲ.ਸਹਿਗਲ ਕਿਹਾ ਜਾਂਦਾ ਸੀ। ਦੀਦਾਰ ਸੰਧੂ ਦੇ ਐਚ.ਐਮ.ਵੀ. ਨੇ 16 ਪੱਕੇ ਰਿਕਾਰਡ (ਦੋਵੇਂ ਸਾਈਡ ਇਕ-ਇਕ ਗੀਤ) ਰਿਲੀਜ਼ ਕੀਤੇ ਅਤੇ ਤਵਿਆਂ ਉਪਰ ਉਸ ਦੇ ਨਾਂ ਅੱਗੇ ‘ਜੱਟੋਂ ਕਾ ਸਹਿਗਲ’ ਲਿਖਿਆ। ਦੀਦਾਰ ਸੰਧੂ, ਇੰਦਰਜੀਤ ਹਸਨਪੁਰੀ ਤੇ ਇਕ ਨਾਮੀਂ ਗਾਇਕਾ ਨਾਲ ਜੁੜੀ ਇਕ ਗੱਲ ਉਹ ਸੁਣਾਉਂਦੇ ਹਨ। ਸਰਾਭਾ ਨਗਰ ਵਿੱਚ ਬੈਠਿਆਂ ਹਸਨਪੁਰੀ ਜਦੋਂ ਮਿਰਚ ਖਾਣ ਤੋਂ ਬਾਅਦ ‘ਸੀ..ਸੀ..’ ਕਰਨ ਲੱਗਦਾ ਤਾਂ ਔਰਤ ਗਾਇਕਾ ਨੇ ਤੁਰੰਤ ਹੀ ਹਸਨਪੁਰੀ ਨੂੰ ਖੰਡ ਦਾ ਫੱਕਾ ਮਰਵਾ ਦਿੰਦੀ ਹੈ। ਹਸਨਪੁਰੀ ਉਸ ਔਰਤ ਗਾਇਕਾ ਦੀ ਹੱਥ ਦੀ ਤਲੀ ਉਤੇ ਖੰਡ ਨੂੰ ਵੀ ਚੱਟ ਲੈਂਦਾ ਹੈ। ਸੰਧੂ ਦੀ ਆਖਤ ਉਸ ਵੇਲੇ ਗੁੱਸੇ ਵਿੱਚ ਭਰਿਆ ਪੀਤਾ ਬੈਠਾ ਦੀਦਾਰ ਕਹਿੰਦਾ ਉਹ ਹਸਨਪੁਰੀ ਦਾ ਸਿਰ ਤਾਂ ਪਾੜ ਨਹੀਂ ਸਕਦਾ ਪਰ ਗੀਤ ਰਾਹÄ ਜ਼ਰੂਰ ਆਪਣਾ ਬਦਲਾ ਲੈ ਸਕਦਾ ਸੀ। ਦੀਦਾਰ ਨੇ ਆਪਣੇ ਪਿੰਡ ਭਰੋਵਾਲ ਵਾਪਸ ਜਾਂਦਿਆਂ ਪੁੜੈਣ ਕੋਲ ਰੋਕਦਿਆਂ ਹੋਰ ਦਾਰੂ ਪੀਤੀ ਅਤੇ ਫੇਰ ਗੀਤ ਦੀਆਂ ਸਤਰਾਂ ਲਿਖੀਆਂ;

  
ਰੰਗ ’ਚ ਭੰਗ ਪਾਉਣ ਵਾਲੀਆਂ ਬਲਾਵਾਂ ਤੂੰ ਦੁਪਹਿਰ ਕੱਟ ਜਾਣ ਲਈ ਬੁਲਾ ਲਈਆਂ
ਜਿਹਦੇ ਚੱਟੇ ਹੋਏ ਹੁੰਦੇ ਰੁੱਖ ਵੀ ਨਾ ਹਰੇ ਉਹਤੋਂ ਹੱਥਾਂ ਦੀਆਂ ਤਲੀਆਂ ਚਟਾ ਲਈਆਂ


ਕੁਲਦੀਪ ਮਾਣਕ ਨਾਲ ਸ਼ਮਸ਼ੇਰ ਸੰਧੂ ਦੀ ਬਹੁਤ ਗੂੜ੍ਹੀ ਸਾਂਝ ਸੀ। ਚੰਡੀਗੜ੍ਹ ਵਾਲੇ ਘਰ ਦੀ ਚੱਠ ਤੋਂ ਲੈ ਕੇ ਬੇਟੀ ਸੁਖਮਨੀ ਦੇ ਵਿਆਹ ਤੱਕ ਸੰਧੂ ਦੇ ਘਰ ਹਰ ਖੁਸ਼ੀ ਦੇ ਸਮਾਗਮ ਮੌਕੇ ਮਾਣਕ ਨੇ ਅਖਾੜਾ ਲਾਇਆ। ਜਗਮੋਹਨ ਕੌਰ ਦੀਆਂ ਆਖਰੀ ਤਿੰਨ ਕੈਸਿਟਾਂ ‘ਹਾਕ ਮਾਰੀ ਮਿੱਤਰਾਂ ਨੇ’, ‘ਅੱਖ ਲੜ ਗਈ’ ਤੇ ‘ਇਸ਼ਕ ਤਮਾਸ਼ਾ’ ਸੰਧੂ ਨੇ ਹੀ ਪੇਸ਼ ਕੀਤੀਆਂ ਹਨ। ਗੁਰਦਾਸ ਮਾਨ ਬਾਰੇ ਦੱਸਦੇ ਹਨ ਕਿ ਜਦੋਂ ਉਹ ਪਟਿਆਲੇ ਪੰਜਾਬ ਰਾਜ ਬਿਜਲੀ ਬੋਰਡ ਵਿੱਚ ਨੌਕਰੀ ਕਰਦਾ ਹੁੰਦਾ ਸੀ ਤਾਂ ਕਿਸੇ ਜੋਤਸ਼ੀ ਨੇ ਉਸ ਸੋਮਵਾਰ ਨੂੰ ਗੁੱਸਾ ਨਾ ਕਰਨ ਦੀ ਸਲਾਹ ਦਿੱਤੀ ਸੀ। ਸੋਮਵਾਰ ਦੇ ਦਿਨ ਕੋਈ ਵੀ ਜਣਾ ਗੁਰਦਾਸ ਮਾਨ ਨੂੰ ਕਿੰਨਾ ਵੀ ਖਿਝਾ ਦਿੰਦਾ ਸੀ ਤਾਂ ਵੀ ਉਹ ਗੁੱਸਾ ਨਹੀਂ ਕਰਦਾ ਸੀ। ਸਰਦੂਲ ਸਿਕੰਦਰ ਨਵੇਂ ਸਾਲ ਦੇ ਪ੍ਰੋਗਰਾਮ ਦੌਰਾਨ ਬਹੁਤ ਤੰਗ ਕਰਦਾ ਹੁੰਦਾ ਸੀ। ਉਹ ਹਰ ਵਾਰ ਆਪਣੀਆਂ ਸ਼ਰਤਾਂ ਰੱਖਦਾ ਹੁੰਦਾ ਸੀ ਕਿ ਫਲਾਣੀ ਮਾਡਲ ਹੋਵੇ, ਫਲਾਣੀ ਥਾਂ ਸ਼ੂਟਿੰਗ ਕਰਨੀ ਹੈ। ਸੰਧੂ ਕਹਿੰਦਾ ਹੈ ਕਿ ਇਕ ਵਾਰ ਉਨ੍ਹਾਂ ਸਰਦੂਲ ਦੀ ਥਾਂ ਨਵੇਂ ਕੱਵਾਲਾਂ ਨੂੰ ਲੈ ਕੇ ਹੀ ਡੰਗ ਸਾਰ ਦਿੱਤਾ। ਸਰਦੂਲ ਬਾਰੇ ਇਕ ਹੋਰ ਗੱਲ ਸੰਧੂ ਦੱਸਦਾ ਹੈ ਕਿ ਉਸ ਨੂੰ ਗੀਤ ਵਿੱਚ ਨਾਂ ਵਾਲੇ ਅੰਤਰੇ ਵਿੱਚ ਆਪਣਾ ਨਾਮ ਧੱਕੇ ਨਾਲ ਪਾਉਣ ਦੀ ਆਦਤ ਸੀ, ਭਾਵੇਂ ਗੀਤ ਦੀ ਲੈਅ ਹੀ ਕਿਉਂ ਨਾ ਬਦਲ ਜਾਵੇ। ਇਕ ਵਾਰ ਸੰਧੂ ਨੇ ਜਦੋਂ ਗੀਤ ਲਿਖਦਿਆਂ ਹੀ ਪਹਿਲਾਂ ਹੀ ਸਰਦੂਲ ਦਾ ਨਾਮ ਪਾ ਦਿੱਤਾ ਤਾਂ ਗੀਤ ਸੁਣਨ ਵੇਲੇ ਸਰਦੂਲ ਹੈਰਾਨ ਹੋਇਆ ਕਿ ਇਸ ਵਾਰ ਪਹਿਲਾਂ ਹੀ ਉਸ ਦਾ ਨਾਮ ਪਾ ਦਿੱਤਾ ਗਿਆ ਜਿਸ ’ਤੇ ਸੰਧੂ ਨੇ ਵਿਅੰਗ ਕਰਦਿਆਂ ਕਿਹਾ ਕਿ ਉਸ ਨੇ ਗੀਤ ਦੀ ਲੈਅ ਵਿਗੜਨ ਤੋਂ ਬਚਾ ਲਿਆ। 
ਬਾਲੀਵੁੱਡ ਵਿੱਚ ਕੰਮ ਕਰਦੇ ਅਵਤਾਰ ਗਿੱਲ ਦੀਆਂ ਗੱਲਾਂ ਉਹ ਅਕਸਰ ਸੁਣਾਉਂਦੇ ਹੋਏ ਅਮਿਤਾਬ ਬੱਚਨ ਦੇ ਕਿੱਸੇ ਸੁਣਾਉਂਦੇ ਹਨ। ਸੰਧੂ ਪੰਜਾਬੀ ਫਿਲਮਾਂ ਦੇ ਪਿਛੋਕੜ ’ਤੇ ਝਾਤੀ ਮਾਰਦਾ ਹੈ ਤਾਂ ਰਾਣਾ ਜੰਗ ਬਹਾਦਰ ਤੇ ਅਮਰੀਕ ਗਿੱਲ ਨਾਲ ਜੁੜੀਆਂ ਅਨੇਕਾਂ ਗੱਲਾਂ ਦੀ ਪਟਾਰੀ ਖੋਲ੍ਹ ਲੈਂਦਾ ਹੈ। ਪਹਿਲਵਾਨਾਂ ਤੇ ਕਬੱਡੀ ਖਿਡਾਰੀਆਂ ਦੇ ਮੁਰੀਦ ਸੰਧੂ ਦਾਰਾ ਸਿੰਘ ਦੇ ਸਭ ਤੋਂ ਵੱਡੇ ਪ੍ਰਸੰਸਕ ਸਨ ਜਿਸ ਨੂੰ ਪਹਿਲੀ ਵਾਰ ਤੱਕਣ ਲਈ ਉਹ ਜਲੰਧਰ ਦੇ ਸਕਾਈਲਾਰਕ ਹੋਟਲ ਦੇ ਬਾਹਰ ਘੰਟਿਆਂ ਬੱਧੀ ਖੜ੍ਹੇ ਰਹੇ ਸਨ। ਉਸ ਵੇਲੇ ਦਾਰਾ ਸਿੰਘ ਤੇ ਗੁਡਿਆਂਕੋ ਦੀ ਕੁਸ਼ਤੀ ਜਲੰਧਰ ਵਿਖੇ ਹੋਈ ਸੀ। ਸੰਧੂ ਦੱਸਦਾ ਹੈ ਕਿ ਉਸ ਦੀ ਖੁਸ਼ੀ ਦਾ ਉਸ ਵੇਲੇ ਕੋਈ ਟਿਕਾਣਾ ਨਹੀਂ ਸੀ ਰਿਹਾ ਜਦੋਂ ਦਾਰਾ ਸਿੰਘ ਨੇ ਆਪਣੀ ਫਿਲਮ ‘ਰੱਬ ਦੀਆਂ ਰੱਖਾਂ’ ਬਣਾਉਣ ਵੇਲੇ ਸੰਧੂ ਨੂੰ ਉਸ ਦੇ ਗੀਤ ਲਿਖਣ ਲਈ ਮੁਹਾਲੀ ਸਥਿਤ ਦਾਰਾ ਸਟੂਡੀਓ ਵਿਖੇ ਬੁਲਾਇਆ। ਦਾਰਾ ਸਿੰਘ ਨੂੰ ਮਿਲਣ ਤੋਂ ਪਹਿਲਾਂ ਸੰਧੂ ਜਿੱਥੇ ਉਸ ਦੀ ਪਹਿਲਵਾਨੀ ਦਾ ਮੁਰੀਦ ਸੀ ਉਥੇ ਮਿਲਣ ਤੋਂ ਬਾਅਦ ਦਾਰਾ ਸਿੰਘ ਦੀ ਸਾਹਿਤਕ ਰੁੱਚੀਆਂ ਦਾ ਵੀ ਉਹ ਕਾਇਲ ਹੋ ਗਿਆ। ਸੰਧੂ ਅਨੁਸਾਰ ਦਾਰਾ ਸਿੰਘ ਨੇ ਨਾਨਕ ਸਿੰਘ ਦੇ ਸਾਰੇ ਨਾਵਲ ਪੜ੍ਹੇ ਹੋਏ ਸਨ। ਉਸ ਨੇ ਰਜਨੀਸ਼ ਓਸ਼ੋ ਵੀ ਪੜ੍ਹਿਆ ਹੋਇਆ ਸੀ। ਇਸੇ ਤਰ੍ਹਾ ਦਾਰਾ ਸਿੰਘ ਘੰਟਿਆਂ ਬੱਧੀ ਆਤਮਾ-ਪ੍ਰਮਾਤਮਾ ਬਾਰੇ ਗੱਲਾਂ ਕਰ ਸਕਦਾ ਸੀ।
ਸੰਧੂ ਨੇ ਪਹਿਲੀ ਵਾਰ 1996 ਵਿੱਚ ਵਿਦੇਸ਼ ਦੌਰਾ ਕੀਤਾ ਜਦੋਂ ਉਹ ਹੰਸ ਰਾਜ ਹੰਸ, ਮੇਹਰ ਮਿੱਤਲ, ਦੁਰਗਾ ਰੰਗੀਲਾ ਇਕੱਠੇ ਗਏ। ਇਸ ਤੋਂ ਬਾਅਦ ਤਾਂ ਚੱਲ ਸੋ ਚੱਲ ਸੀ। ਅਮਰੀਕਾ ਤੇ ਕੈਨੇਡਾ ਦੇ ਅੱਠ-ਅੱਠ ਅਤੇ ਇੰਗਲੈਂਡ ਦੇ ਚਾਰ ਟੂਰ ਲਗਾਏ। ਛਿਆਨਵੇਂ ਵਿੱਚ ਹੀ ਇੰਗਲੈਂਡ ਦੇ ਪ੍ਰਸਿੱਧ ਹਾਲ ‘ਵੈਂਬਲੇ ਐਰੀਨਾ’ ਵਿਖੇ  ਵਿਸਾਖੀ ਲੰਡਨ ਪ੍ਰੋਗਰਾਮ ਦੌਰਾਨ ‘ਦੁੁਪੱਟਾ ਸੱਤ ਰੰਗ ਦਾ’ ਦੀਆਂ ਸਾਰੀਆਂ ਟਿਕਟਾਂ ਹੀ ਐਡਵਾਂਸ ਵਿੱਚ ਵਿਕ ਗਈਆਂ ਸਨ। ਇਸ ਪ੍ਰੋਗਰਾਮ ਦੀ ਯਾਦ ਸਾਂਝੀ ਕਰਦਾ ਹੋਇਆ ਸੰਧੂ ਦੱਸਦਾ ਹੈ ਕਿ ਉਥੇ ਬਿੰਦਰਖੀਆ ਨੂੰ ਗਾਉਣ ਲਈ ਪ੍ਰੋਗਰਾਮ ਦੇ ਅਖੀਰ ਵਿੱਚ ਰੱਖਿਆ ਹੋਣ ਕਰ ਕੇ ਦਰਸ਼ਕਾਂ ਵਿੱਚ ਰੌਲਾ ਪੈ ਗਿਆ ਕਿ ਬਿੰਦਰਖੀਆ ਤਾਂ ਮੇਲੇ ਵਿੱਚ ਪਹੁੰਚਿਆ ਹੀ ਨਹੀਂ। ਇਸ ਤੋਂ ਪਹਿਲਾਂ ਕਿ ਦਰਸ਼ਕਾਂ ਦਾ ਗੁੱਸਾ ਪ੍ਰਬੰਧਕਾਂ ਉਤੇ ਫੁੱਟਦਾ, ਸੰਧੂ ਨੇ ਬਿੰਦਰਖੀਆ ਨੂੰ ਬਿਨਾਂ ਤਿਆਰ ਹੋਏ ਦਰਸ਼ਕਾਂ ਮੂਹਰੇ ਪੇਸ਼ ਕੀਤਾ ਤਾਂ ਫੇਰ ਜਾ ਕੇ ਕਿਤੇ ਦਰਸ਼ਕਾਂ ਨੂੰ ਝਕੀਨ ਬੱਝਿਆ। ਇਸੇ ਤਰ੍ਹਾਂ ਇਕ ਵਾਰ ਅਮਰੀਕਾ ਦੇ ਸ਼ਹਿਰ ਲਾਂਸ ਏਜਲਸ ਵਿਖੇ ਬਿੰਦਰਖੀਆ ਪੱਗ ਦੀ ਬਜਾਏ ਟੋਪੀ ਪਹਿਨੀ ਪੁੱਜ ਗਿਆ। ਗੁਜਰਾਤੀ ਪ੍ਰਮੋਟਰ ਨੂੰ ਝਕੀਨ ਨਾ ਆਵੇ ਕਿ ਇਹ ਅਸਲੀ ਬਿੰਦਰਖੀਆ ਹੈ। ਪ੍ਰਮੋਟਰ ਨੂੰ ਝਕੀਨ ਦਿਵਾਉਣ ਲਈ ਸੰਧੂ ਨੇ ਆਪਣੀ ਪੱਗ ਬਿੰਦਰਖੀਆ ਦੇ ਸਿਰ ਰੱਖੀ ਅਤੇ ਫੇਰ ਕਿਤੇ ਜਾ ਕੇ ਪ੍ਰਮੋਟਰ ਦੇ ਦਿਲ ਨੂੰ ਧਰਵਾਸ ਆਇਆ।

PunjabKesari


ਸੰਧੂ ਵੱਲੋਂ ਪੰਜਾਬੀ ਗਾਣਿਆਂ ਦੀ ਬਣਾਈਆਂ ਜਾਂਦੀਆਂ ਵੀਡਿਓ ਫਿਲਮਾਂ ਵੀ ਬਹੁਤ ਮਕਬੂਲ ਹੋਈਆਂ। ਇਹ ਸ਼ੁਰੂਆਤੀ ਦੌਰ ਦੀ ਗੱਲ ਹੈ ਜਦੋਂ ਗਾਣਿਆਂ ਦਾ ਫਿਲਮਾਂਕਣ ਦਾ ਕੰਮ ਟਾਂਵਾ-ਟਾਂਵਾ ਹੀ ਹੁੰਦਾ ਸੀ। ਇਨ੍ਹਾਂ ਵੀਡਿਓ ਫਿਲਮਾਂ ਦੀਆਂ ਸ਼ੂਟਿੰਗਾਂ ਨਾਲ ਜੁੜੇ ਕਿੱਸੇ ਸੁਣਾਉਂਦਾ ਹੋਇਆ ਸੰਧੂ ਦੱਸਦਾ ਹੈ ਕਿ ਇਕ ਵਾਰ ਪੰਚਕੂਲਾ ਦੇ ਪਾਰਕ ਵਿੱਚ ਸ਼ੂਟ ਚੱਲ ਰਿਹਾ ਸੀ ਤਾਂ ਸ਼ੂਟਿੰਗ ਲਈ ਸਮਾਂ ਨਿਰਧਾਰਤ ਸੀ। ਗਾਣਾ ਸਮੇਂ ਤੋਂ ਪਹਿਲਾਂ ਮੁੱਕਦਾ ਨਜ਼ਰ ਨਾ ਆਉਂਦਾ ਦੇਖ ਸੰਧੂ ਨੇ ਪਾਰਕ ਦੇ ਮਾਲੀ ਦੀ ਜੇਬ ਵਿੱਚ ਹਜ਼ਾਰ ਰੁਪਈਆ ਪਾਉਂਦਿਆਂ ਦੋ ਪੈਗ ਲਵਾ ਦਿੱਤੇ। ਉਸ ਤੋਂ ਬਾਅਦ ਮਾਲੀ ਨੇ ਅਜਿਹੀ ਖੁੱਲ੍ਹੀ ਛੋਟ ਦਿੱਤੀ ਕਿ ਇਕ ਵਾਰ ਤਾਂ ਉਹ ਸ਼ੂਟਿੰਗ ਦੇ ਵਿਚਾਲੇ ਆਉਂਦਾ ਹੋਇਆ ਕੈਮਰੇ ਮੂਹਰੇ ਆ ਕੇ ਬੋਲਣ ਲੱਗ ਪਿਆ, ‘‘ਹੁਣ ਤਾਂ ਸਾਰੀ ਰਾਤ ਇਵੇਂ ਹੀ ਚੱਲੂ।’’ 
ਇਕ ਕਿੱਸਾ ਹੋਰ ਸੁਣਾਉਂਦਾ ਹੋਇਆ ਸੰਧੂ ਦੱਸਦਾ ਹੈ ਕਿ ਸ਼ੂਟਿੰਗ ਦੇ ਵਧਦੇ ਦੌਰ ਨਾਲ ਪਿੰਡਾਂ ਵਾਲੇ ਕਿਸਾਨ ਵੀ ਕਮਰਸ਼ੀਅਲ ਹੋ ਗਏ ਜਿਹੜੇ ਆਪਣੇ ਖੇਤਾਂ ਵਿੱਚ ਸ਼ੂਟਿੰਗ ਬਦਲੇ ਕਿਰਾਇਆ ਵਸੂਲਣ ਲੱਗੇ। ਇਕੇਰਾਂ ਅਮਰ ਨੂਰੀ ਦੇ ਗੀਤ ‘ਪਾਣੀ ਪਾਣੀ ਹੋ ਗਈ ਮਿੱਤਰਾਂ’ ਦੀ ਸ਼ੂਟਿੰਗ ਲਈ ਚੰਡੀਗੜ੍ਹ ਨੇੜਲੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੀ ਬੁੱਕਲ ਵਿੱਚ ਜੈਅੰਤੀ ਮੰਦਿਰ ਵਾਲੇ ਪਾਸੇ ਕਿਸੇ ਖੂਹ ’ਤੇ ਸੈਟ ਲੱਗਿਆ ਸੀ। ਖੂਹ ਦੇ ਮਾਲਕ ਨੂੰ ਇਸ ਗੱਲ ਦਾ ਹਰਖ ਸੀ ਕਿ ਉਹ ਸ਼ੂਟਿੰਗਾਂ ਲਈ ਸ਼ਹਿਰਾਂ ਦੇ ਪਾਰਕਾਂ ਦਾ ਕਿਰਾਇਆ ਦਿੰਦੇ ਹਨ ਪ੍ਰੰਤੂ ਉਨ੍ਹਾਂ ਦੇ ਖੇਤਾਂ ਵਿੱਚ ਮੁਫਤ ਹੀ ਸ਼ੂਟਿੰਗ ਕਰ ਲੈ ਜਾਂਦੇ ਹੋ। ਉਸ ਨੇ ਜਦੋਂ ਕਿਹਾ ਕਿ ਗੁਰਦਾਸ ਮਾਨ ਨੇ ਸ਼ੂਟਿੰਗ ਲਈ 11 ਹਜ਼ਾਰ ਰੁਪਏ ਦਿੱਤੇ ਹਨ ਤਾਂ ਸੰਧੂ ਕਹਿੰਦਾ ਗੁਰਦਾਸ ਮਾਨ ਨੇ ਤਾਂ ਫਿਲਮ ਦੀ ਸ਼ੂਟਿੰਗ ਕੀਤੀ ਸੀ ਪਰ ਉਹ ਤਾਂ ਇਕ ਗੀਤ ਦੀ ਸ਼ੂਟਿੰਗ ਲਈ ਆਏ ਹਨ। ਖੇਤ ਵਾਲੇ ਨੇ ਹਾਲੇ 5000 ਰੁਪਏ ਕਿਰਾਇਆ ਮੰਗਿਆ ਹੀ ਸੀ ਕਿ ਪਿੱਛੋਂ ਉਸ ਦੀ ਘਰਵਾਲੀ ਆਉਂਦੀ ਹੋਈ ਬੋਲੀ ਕਿ ਇਸ ਨੂੰ ਕੀ ਪਤਾ, ਘੱਟੋ-ਘੱਟ 8000 ਰੁਪਏ ਕਿਰਾਇਆ ਲਵਾਂਗੇ। ਸੰਧੂ ਦੱਸਦਾ ਹੈ ਕਿ ਉਸ ਤੋਂ ਬਾਅਦ ਵੀ ਉਸ ਕਿਸਾਨ ਜੋੜੇ ਨੇ ਹਰ ਚੀਜ਼ ਦੀ ਕੀਮਤ ਤੈਅ ਕਰ ਦਿੱਤੀ। ਉਥੇ ਖੂਹ ਵਿੱਚੋਂ ਇਕ ਵਾਰ ਪਾਣੀ ਦੀ ਬਾਲਟੀ ਭਰਨ ਦੇ 50 ਰੁਪਏ, ਇਕ ਮੇਮਣੇ ਦੇ 100 ਰੁਪਏ ਅਤੇ ਬਲਦਾਂ ਦੀ ਜੋੜੀ ਉਤੇ ਫਿਲਮਾਉਣ ਦੇ 200 ਰੁਪਏ ਮੰਗੇ। ਇਕ ਵਾਰ ਜਦੋਂ ਸਤਵਿੰਦਰ ਬਿੱਟੀ ਦੇ ਗੀਤ ‘ਦਿਲ ਦੀ ਛੱਤਰੀ ’ਤੇ ਬਹਿ ਕੇ ਇਕ ਕਬੂਤਰ ਚੀਨਾ’ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ 70 ਕਬੂਤਰ ਇਕੱਠੇ ਕੀਤੇ ਗਏ। ਚਾਰ ਕਬੂਤਰ ਉਡ ਗਏ ਤਾਂ ਫੇਰ ਬਾਕੀਆਂ ਨੂੰ ਉਡਣ ਤੋਂ ਰੋਕਣ ਲਈ ਉਨ੍ਹਾਂ ਦੇ ਖੰਭ ਕੁਤਰਨੇ ਪਏ। ਸੰਧੂ ਦੱਸਦੇ ਹਨ, ‘‘ਇਕ ਹੋਰ ਦਿਲਚਸਪ ਵਾਕਿਆ ਵੀ ਵਾਪਰਿਆ। ਕਬੂਤਰਾਂ ਨੇ ਬਿੱਟੀ ਦੀ ਕਮੀਜ਼ ’ਤੇ ਬਿੱਠਾਂ ਵੀ ਕਰ ਦਿੱਤੀਆਂ ਜਿਸ ਕਾਰਨ ਸ਼ੂਟਿੰਗ ਵਿੱਚ ਫੇਰ ਵਿਘਨ ਪਿਆ।’’
ਜਿੰਨੇ ਕਿੱਸੇ ਸੰਧੂ ਕੋਲ ਕਲਾਕਾਰਾਂ ਬਾਰੇ ਹਨ, ਉਸ ਤੋਂ ਵੱਧ ਸਾਹਿਤਕਾਰਾਂ ਬਾਰੇ। ਸੰਧੂ ਦੇ ਗੂੜ੍ਹੇ ਮਿੱਤਰ ਰਹੇ ਇਨਕਲਾਬੀ ਪਾਸ਼ ਨਾਲ ਤਾਂ ਉਸ ਦੀਆਂ ਅਨੇਕਾਂ ਯਾਦਾਂ ਜੁੜੀਆਂ ਹੋਈਆਂ ਹਨ। ਮੇਲਿਆਂ ਦੇ ਸ਼ੌਕੀਨ ਸੰਧੂ ਨੇ ਹੀ ਪਾਸ਼ ਨੂੰ ਪਹਿਲੀ ਵਾਰ ਛਪਾਰ ਦਾ ਮੇਲਾ ਦਿਖਾਇਆ ਸੀ। ਪਾਸ਼ ਬਾਰੇ ਤਾਂ ਸੰਧੂ ਨੂੰ ਪੂਰੀ ਕਿਤਾਬ ‘ਇਕ ਪਾਸ਼ ਇਹ ਵੀ’ ਲਿਖੀ ਹੈ। ਪਾਸ਼ ਇਕ ਵਾਰ ਜਲੰਧਰ ਸਥਿਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਈਵਨਿੰਗ ਕਾਲਜ ਵਿੱਚ ਪ੍ਰੈਪ ਦਾ ਵਿਦਿਆਰਥੀ ਸੀ। ਉਸ ਸਮੇਂ ਉਹ ਕਿਸੇ ਕਵਿਤਾ ਉਚਾਰਨ ਮੁਕਾਬਲੇ ਵਿੱਚ ਹਿੱਸਾ ਲੈਣ ਗਿਆ ਜਿੱਥੇ ਸਿਰਫ ਆਪਣੀਆਂ ਮੌਲਿਕ ਕਵਿਤਾਵਾਂ ਹੀ ਪੇਸ਼ ਕਰਨੀਆਂ ਸਨ। ਇਹ ਮੁਕਾਬਲਾ ਬੰਗਾ ਦੇ ਸਿੱਖ ਨੈਸ਼ਨਲ ਕਾਲਜ ਵਿਖੇ ਸੀ ਜਿੱਥੇ ਸੰਧੂ ਪੰਜਾਬੀ ਪੜ੍ਹਾਉਂਦਾ ਸੀ। ਪਾਸ਼ ਦਾ ਕਾਲਜ ਦੇ ਰਿਕਾਰਡ ਵਿੱਚ ਉਸ ਦਾ ਨਾਮ ਅਵਤਾਰ ਸਿੰਘ ਸੰਧੂ ਸੀ ਜੋ ਕਿ ਉਸ ਦਾ ਅਸਲ ਨਾਮ ਸੀ। ਜਦੋਂ ਉਸ ਨੇ ਆਪਣੀ ਹੀ ਲਿਖੀ ਕਵਿਤਾ ‘ਚਿੜ੍ਹੀਆਂ ਦਾ ਚੰਬਾ’ ਪੇਸ਼ ਕੀਤੀ ਤਾਂ ਵਿਰੋਧੀ ਕਾਲਜਾਂ ਵੱਲੋਂ ਇਤਾਰਜ਼ ਆਇਆ ਕਿ ਅਵਤਾਰ ਸਿੰਘ ਸੰਧੂ ਨੇ ਪਾਸ਼ ਦੀ ਲਿਖੀ ਕਵਿਤਾ ਪੇਸ਼ ਕਰ ਦਿੱਤੀ। 
ਇਕੇਰਾਂ ਖਾਲਸਾ ਕਾਲਜ ਵਿਖੇ ਕਵੀ ਦਰਬਾਰ ਉਪਰੰਤ ਕਿਸੇ ਦੇ ਘਰ ਗੈਰ ਰਸਮੀ ਮਹਿਫਲ ਸਜੀ ਜਿਸ ਵਿੱਚ ਪਾਸ਼, ਸੰਤ ਸਿੰਘ ਸੇਖੋਂ, ਡਾ.ਹਰਿਭਜਨ, ਸੁਤਿੰਦਰ ਨੂਰ, ਸੁਰਜੀਤ ਪਾਤਰ, ਲੋਕ ਨਾਥ, ਹਰਭਜਨ ਹਲਵਾਰਵੀ, ਸ਼ਮਸ਼ੇਰ ਸੰਧੂ ਤੇਜਵੰਤ ਗਿੱਲ, ਦੇਵ ਚਿੱਤਰਕਾਰ, ਸਾਧੂ ਸਿੰਘ, ਸ.ਨ.ਸੇਵਕ, ਅਮਰਜੀਤ ਗਰੇਵਾਲ ਆਦਿ ਹਾਜ਼ਰ ਸਨ। ਮਹਿਫਲ ਵਿੱਚ ਪਾਸ਼ ਨੂੰ ਕੁਝ ਸੁਣਾਉਣ ਦੀ ਮੰਗ ਹੋਣ ਲੱਗੀ। ਪਾਸ਼ ਨੂੰ ਅਕਸਰ ਮਹਿਫਲਾਂ ਵਿੱਚ ਇਸ ਤਰ੍ਹਾਂ ਸੁਣਾਉਣ ਦਾ ਸ਼ੌਕ ਨਹੀਂ ਸੀ ਪ੍ਰੰਤੂ ਦੋਸਤਾਂ ਦੇ ਦਬਾਓ ਕਾਰਨ ਉਸ ਨੇ ਸੁਣਾਉਣ ਦਾ ਮਨ ਬਣਾਉਂਦਿਆਂ ਕੋਲ ਬੈਠੇ ਸੰਧੂ ਨੂੰ ਇਛਾਰੇ ਨਾਲ ਪੁੱਛਿਆ ਕਿ ਕਿਹੜੀ ਰਚਨਾ ਸੁਣਾਵਾਂ। ਸੰਧੂ ਦੇ ਕਹਿਣ ’ਤੇ ਪਾਸ਼ ਨੇ ‘ਸੰਕਲਪ’ ਵਿੱਚ ਛਪੀ ਤਾਜ਼ਾ ਰਚਨਾ ਸੁਣਾ ਦਿੱਤੀ ਜਿਸ ਨਾਲ ਮਹਿਫਲ ਵਿੱਚ ਇਕ ਵਾਰ ਤਾਂ ਪੂਰੀ ਤਰ੍ਹਾਂ ਸੰਨਾਟਾ ਛਾ ਗਿਆ ਸੀ। ਇਹ ਰਚਨਾ ਸੀ:- 


ਮੇਰੇ ਤੋਂ ਆਸ ਨਾ ਕਰਿਓ ਕਿ ਮੈਂ ਖੇਤਾਂ ਦਾ ਪੁੱਤ ਹੋ ਕੇ
ਤੁਹਾਡੇ ਚਗਲੇ ਹੋਏ ਸਵਾਦਾਂ ਦੀ ਦੱਲ ਕਰਾਂਗਾ
ਜਿਨ੍ਹਾਂ ਦੇ ਹੜ੍ਹਾਂ ਵਿੱਚ ਰੁੜ ਜਾਂਦੀ ਹੈ ਸਾਡੇ ਬੱਚਿਆਂ ਦੀ ਤੋਤਲੀ ਕਵਿਤਾ


ਸੰਧੂ ਦੇ ਕਹਾਣੀ ਸੰਗ੍ਰਹਿ ਦੀ ਭੂਮਿਕਾ ਜਦੋਂ ਪਾਸ਼ ਨੇ ਲਿਖੀ ਤਾਂ ਸੰਧੂ ਨਾਲ ਸ਼ਰੀਕਾਂ ਰੱਖਣ ਵਾਲੇ ਬਹੁਤ ਸਾਹਿਤਕਾਰਾਂ ਨੇ ਇਹ ਕਹਿ ਕੇ ਆਲੋਚਨਾ ਕੀਤੀ ਕਿ ਸੰਧੂ ਨੂੰ ਪਾਸ਼ ਦਾ ਸਹਾਰਾ ਲੈਣਾ ਪਿਆ। ਅਸਲ ਵਿੱਚ ਪਾਸ਼ ਤੋਂ ਕਿਸੇ ਪੁਸਤਕ ਦਾ ਮੁੱਖ-ਬੰਦ ਜਾਂ ਭੂਮਿਕਾ ਲਿਖਾਉਣਾ ਖਾਲਾ ਜੀ ਦਾ ਵਾੜਾ ਨਹੀਂ ਸੀ। ਪਾਸ਼ ਸੌਖਿਆ ਕਿਸੇ ਬਾਰੇ ਨਹÄ ਲਿਖਦਾ ਸੀ ਜਦੋਂ ਕਿ ਸੰਧੂ ਦੇ ਕਹਾਣੀ ਸੰਗ੍ਰਹਿ ਦੀ ਭੂਮਿਕਾ ਉਸ ਨੇ ਝੱਟ ਲਿਖ ਦਿੱਤੀ। ਅਸਲ ਵਿੱਚ ਪਾਸ਼ ਨੇ ਦੋਸਤੀ ਦੇ ਲਿਹਾਜ਼ ਨਾਲ ਨਹੀਂ ਲਿਖਿਆ ਸੀ ਸਗੋਂ ਸੰਧੂ ਦੀਆਂ ਕਹਾਣੀਆਂ ਤੋਂ ਪ੍ਰਭਾਵਿਤ ਹੋ ਕੇ ਲਿਖਿਆ ਸੀ। ਅਸਲ ਵਿੱਚ ਆਲੋਚਕ ਦੋਸਤਾਂ ਦੇ ਗਲੇ ਇਹ ਗੱਲ ਨਹੀਂ ਉਤਰ ਰਹੀ ਸੀ ਕਿ ਪਾਸ਼ ਨੇ ਸੰਧੂ ਨੂੰ ਕਹਾਣੀਕਾਰ ਐਲਾਨ ਦਿੱਤਾ। ‘ਭੂਆ ਖਤਮ ਕੌਰ’ ਸਮੇਤ ਹੋਰ ਕਹਾਣੀਆਂ ਵਿੱਚ ਔਰਤਾਂ ਪ੍ਰਤੀ ਹੇਜ਼ ਜਤਾਉਣ ਵਾਲੇ ਸੰਧੂ ਬਾਰੇ ਪਾਸ਼ ਨੇ ਟਿੱਪਣੀ ਕੀਤੀ ਕਿ ਜੇਕਰ ਇਹੋ ਕਹਾਣੀਆਂ ਮੋਹਨ ਕਾਹਲੋਂ, ਬਲਵੰਤ ਗਾਰਗੀ ਜਾਂ ਰਾਮ ਸਰੂਪ ਅਣਖੀ ਨੇ ਲਿਖੀਆਂ ਹੰੁਦੀਆਂ ਤਾਂ ਇਨ੍ਹਾਂ ਕਹਾਣੀਆਂ ਦੀ ਪਾਤਰ ਔਰਤ ਬਦਚਲਨ ਹੋ ਨਿਬੜਨੀ ਸੀ। ਸੰਧੂ ਨੇ ਕਦੇ ਆਲੋਚਕਾਂ ਦੀ ਪ੍ਰਵਾਹ ਨਹÄ ਕੀਤੀ ਸਗੋਂ ਉਹ ਆਲੋਚਕਾਂ ਬਾਰੇ ਮੈਕਸਿਮ ਗੋਰਕੀ ਦੇ ਵਿਚਾਰਾਂ ਦੀ ਹਾਮੀ ਭਰਦਾ ਹੈ ਜਿਸ ਵਿੱਚ ਗੋਰਕੀ ਕਹਿੰਦਾ ਹੈ ਕਿ ਆਲੋਚਕ ਅਜਿਹੇ ਘੋੜਾਮੱਖੀ ਵਾਲੇ ਹੁੰਦੇ ਹਨ ਜਿਹੜੇ ਚੰਗੇ ਸਰਪਟ ਦੌੜਦੇ ਘੋੜੇ ਦੀ ਖੁੱਚ ’ਤੇ ਬੈਠ ਕੇ ਉਸ ਦੀ ਲੈਅ ਵਿਗਾੜ ਦਿੰਦੇ ਹਨ।
ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਤੇ ਭੂਸ਼ਣ ਧਿਆਨਪੁਰੀ ਦਾ ਇਕ ਕਿੱਸਾ ਸੁਣਾਉਂਦੇ ਉਹ ਦੱਸਦੇ ਹਨ ਕਿ ਇਕ ਵਾਰ ਭੂਸ਼ਣ ਨੇ ਸ਼ਿਵ ਨੂੰ ਤਾਅਨਾ ਮਾਰਦਿਆਂ ਕਿਹਾ, ‘‘ ਉਹ ਕੀ ਗੀਤ ਲਿਖਦਾ ਹੈ, ਮੇਰੇ ਗੀਤ ਵਿੱਚ ਔਹ ਹੋਵੇ, ਮੇਰੇ ਗੀਤ ਵਿੱਚ ਆ ਹੋਵੇ। ਇਸ ਵਿੱਚ ਕੀ ਵੱਡੀ ਗੱਲ ਹੈ।’’ ਇਸ ’ਤੇ ਸ਼ਿਵ ਨੇ ਜਦੋਂ ਭੂਸ਼ਣ ਨੂੰ ਕੋਈ ਗੀਤ ਜਾਂ ਕਵਿਤਾ ਲਿਖਣ ਲਈ ਵੰਗਾਰਿਆ ਤਾਂ ਅੱਗਿਓ ਆਪਣੇ ਕਟਾਖਸ਼ ਵਿਅੰਗ ਲਈ ਜਾਣੇ ਜਾਂਦੇ ਭੂਸ਼ਣ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ, ‘‘ਮੇਰਾ ਪੱਧਰ ਥੋੜਾਂ ਉਪਰ ਹੈ, ਤੇਰੇ ਵਾਂਗੂ ਲਿਖਣ ਲਈ ਮੈਨੂੰ ਦੋ-ਤਿੰਨ ਪੌੜੀਆਂ ਹੇਠਾਂ ਉਤਰਨਾ ਪੈਣਾ।’’ ਵਿਦਿਆਰਥੀ ਜੀਵਨ ਵਿੱਚ ਗੁਰਭਜਨ ਗਿੱਲ ਨਾਲ ਮਿਲ ਕੇ ਸ਼ੁਰੂ ਕੀਤੇ ਰਸਾਲੇ ‘ਸੰਕਲਪ’ ਵਿੱਚ ਉਨ੍ਹਾਂ ਸੁਰਜੀਤ ਪਾਤਰ, ਸ਼ਿਵ ਕੁਮਾਰ ਬਟਾਲਵੀ, ਪਾਸ਼, ਭੂਸ਼ਣ ਧਿਆਨਪੁਰੀ, ਅਜਾਇਬ ਚਿੱਤਰਕਾਰ ਹੁਰਾਂ ਨੂੰ ਖੂਬ ਛਾਪਿਆ।
ਪੰਜਾਬ ਕਲਾ ਭਵਨ ਵਿਖੇ ਰੰਧਾਵਾ ਉਤਸਵ ਦੌਰਾਨ ਸੰਧੂ ਨੇ ਪਾਤਰ ਤੇ ਪਾਸ਼ ਬਾਰੇ ਤੁਲਨਾ ਕਰਦਿਆਂ ਕਿਹਾ ਕਿ ਉਹ ਇਸ ਗੱਲੋਂ ਖੁਸ਼ਕਿਸਮਤ ਹੈ ਕਿ ਪਾਸ਼ ਨਾਲ ਉਸ ਨੂੰ ਸਮਾਂ ਗੁਜ਼ਾਰਨ ਦਾ ਮੌਕਾ ਮਿਲਿਆ ਅਤੇ ਇਸ ਗੱਲੋਂ ਬਦਕਿਸਮਤ ਰਿਹਾ ਹੈ ਕਿ ਪਾਤਰ ਨਾਲ ਸਮਾਂ ਗੁਜ਼ਾਰਨ ਦਾ ਮੌਕਾ ਨਹੀਂ ਮਿਲਿਆ। ਇਕ ਵਾਰ ਉਹ ਪਾਸ਼ ਬਾਰੇ ਕਰਵਾਏ ਸਾਹਿਤਕ ਸਮਾਗਮ ਵਿੱਚ ਹਿੱਸਾ ਲੈਣ ਲਈ ਸੰਧੂ ਜਲੰਧਰ ਆਇਆ ਹੋਇਆ ਸੀ। ਪਾਸ਼ ਦੇ ਸਾਥੀ ਰਹੇ ਸੰਧੂ ਤੇ ਸੁਰਜੀਤ ਪਾਤਰ ਦੋਵੇਂ ਉਸ ਪ੍ਰੋਗਰਾਮ ਵਿੱਚ ਇਕੱਠੇ ਹੋਏ। ਵਾਪਸੀ ’ਤੇ ਸੰਧੂ ਨੇ ਚੰਡੀਗੜ੍ਹ ਅਤੇ ਪਾਤਰ ਨੇ ਲੁਧਿਆਣਾ ਜਾਣਾ ਸੀ। ਵੱਖ ਹੋਣ ਤੋਂ ਪਹਿਲਾਂ ੳਨ੍ਹਾਂ ਹਵੇਲੀ ਕੋਲ ਗੈਰ ਰਸਮੀ ਮਹਿਫਲ ਸਜਾ ਲਈ ਜਿੱਥੇ ਮੈਂ ਵੀ ਹਾਜ਼ਰ ਸੀ। ਹਵੇਲੀ ਆਉਣ-ਜਾਣ ਵਾਲੇ ਜਦੋਂ ਵੀ ਸਾਡੀ ਮਹਿਫਲ ਕੋਲੋਂ ਲੰਘਦੇ ਤਾਂ ਉਹ ਸੰਧੂ ਨੂੰ ਦੇਖ ਕੇ ਆਪਣੀ ਤੋਰ ਹੌਲੀ ਕਰ ਲੈਂਦੇ ਅਤੇ ਝਿਜਕਦੇ ਜਿਹੇ ਕੋਲ ਆ ਕੇ ਸੰਧੂ ਹੁਰਾਂ ਨਾਲ ਫੋਟੋ ਖਿਚਵਾਉਣ ਦੀ ਫਰਿਆਦ ਕਰਦੇ। ਉਸ ਵੇਲੇ ਅੱਜ-ਕੱਲ੍ਹ ਵਾਂਗ ਫਟਾਫਟ ਤਸਵੀਰਾਂ ਲੈਣ ਵਾਲੇ ਮੋਬਾਈਲ ਘੱਟ ਹੀ ਹੁੰਦੇ ਹੋਣ ਕਾਰਨ ਸੰਧੂ ਦੇ ਪ੍ਰਸੰਸਕ ਕੈਮਰੇ ਰਾਹੀਂ ਤਸਵੀਰ ਖਿਚਵਾਉਂਦੇ। ਦੇਖਦਿਆਂ-ਦੇਖਦਿਆਂ ਹੀ ਕਈ ਪ੍ਰਸੰਸਕ ਇਕੱਠੇ ਹੋ ਗਏ। ਉਹ ਤਸਵੀਰ ਖਿਚਵਾਉਂਦਿਆਂ ਸੰਧੂ ਹੁਰਾਂ ਕੋਲ ਖੜ੍ਹੇ ਸੁਰਜੀਤ ਪਾਤਰ ਨੂੰ ਥੋੜਾ ਜਿਹਾ ਪਾਸੇ ਹੋਣ ਨੂੰ ਕਹਿੰਦੇ। ਪਾਤਰ ਦੀ ਸਖਸ਼ੀਅਤ ਤੋਂ ਅਣਜਾਨ ਪ੍ਰਸੰਸਕਾਂ ਨੂੰ ਸ਼ਮਸ਼ੇਰ ਸੰਧੂ ਇਹੋ ਕਹਿੰਦੇ, ‘‘ਇਹ ਪਾਤਰ ਸਾਹਿਬ ਨੇ, ਵੱਡੇ ਸ਼ਾਇਰ। ਇਨ੍ਹਾਂ ਨੂੰ ਨਾਲ ਲੈ ਕੇ ਫੋਟੋ ਖਿਚਵਾਉਂਦੇ ਹਾਂ।’’ ਪ੍ਰਸੰਸਕ ਵੀ ਕੱਚੇ ਜਿਹੇ ਹੋ ਕੇ ਪਾਤਰ ਸਾਹਿਬ ਨੂੰ ਫਰੇਮ ਵਿੱਚ ਲੈ ਕੇ ਤਸਵੀਰ ਖਿਚਵਾ ਲੈਂਦੇ। ਕਾਫੀ ਸਮਾਂ ਇਹ ਸਿਲਸਿਲਾ ਚੱਲਣ ਤੋਂ ਬਾਅਦ ਜਦੋਂ ਸੰਧੂ ਤੇ ਪਾਤਰ ਆਪੋ-ਆਪਣੇ ਰਾਹ ਤੁਰਨ ਲੱਗੇ ਤਾਂ ਪਾਤਰ ਨੇ ਸੰਧੂ ਨੂੰ ਛੇੜਦਿਆਂ ਕਿਹਾ, ‘‘ਸ਼ਮਸ਼ੇਰ ਅੱਗੇ ਤੋਂ ਮੈਂ ਨਹÄ ਜਨਤਕ ਥਾਂ ’ਤੇ ਤੇਰੇ ਨਾਲ ਖੜ੍ਹਨਾ। ਤੇਰੇ ਨਾਲ ਖੜ੍ਹ ਕੇ ਤਾਂ ਚੰਗੇ ਭਲੇ ਬੰਦੇ ਦੀ ਬੇਇੱਜ਼ਤੀ ਹੋ ਜਾਂਦੀ ਹੈ।’’
ਸੰਧੂ ਨੇ ਕਹਾਣੀਆਂ ਛੱਡ ਗੀਤਕਾਰੀ ਨੂੰ ਪੱਕੇ ਤੌਰ ’ਤੇ ਜ਼ਰੂਰ ਅਪਣਾ ਲਿਆ ਸੀ ਪਰ ਉਸ ਦੀ ਗੀਤਕਾਰੀ ਵਿੱਚ ਸਾਹਿਤਕ ਟੱਚ ਜਿਉਂ ਦਾ ਤਿਉਂ ਰਿਹਾ। ਸੰਧੂ ਮੰਨਦਾ ਹੈ ਕਿ ਗੀਤਕਾਰੀ ਨੂੰ ਕਦੇ ਵੀ ਸਾਹਿਤਕ ਮਾਨਤਾ ਨਹੀਂ ਮਿਲੀ। ਚੋਟੀ ਦੇ ਗੀਤਕਾਰ ਗੁਰਦੇਵ ਮਾਨ, ਇੰਦਰਜੀਤ ਹਸਨਪੁਰੀ ਕਹਿੰਦੇ ਹੁੰਦੇ ਸਨ ਕਿ ਉਹ ਕਿਸੇ ਮਾਨਤਾ ਦੇ ਮੁਥਾਜ ਨਹੀਂ ਸਗੋਂ ਲੋਕ ਹੀ ਉਨ੍ਹਾਂ ਨੂੰ ਮਾਨਤਾ ਦਿੰਦੇ ਹਨ। ਪਹਿਲੇ ਪਹਿਲ ਉਸ ਨੂੰ ਕਹਾਣੀ ਲਿਖਣੀ ਸੌਖੀ ਲੱਗਦੀ ਸੀ ਤੇ ਗੀਤ ਔਖੇ। ਫੇਰ ਗੀਤ ਲਿਖਣੇ ਸੌਖੇ ਲੱਗਣ ਲੱਗੇ। ਸੰਧੂ ਸਾਹਿਤ ਸਭਾਵਾਂ ਜਾਂ ਹੋਰ ਕਿਸੇ ਪ੍ਰਕਾਰ ਦੀਆਂ ਸੰਸਥਾਵਾਂ ਦੀਆਂ ਅਹੁਦੇਦਾਰੀਆਂ ਤੋਂ ਦੂਰ ਹੀ ਰਹਿੰਦਾ ਹੈ ਅਤੇ ਉਸ ਦਾ ਕਹਿਣਾ ਹੈ ਕਿ ਇਸ ਨਾਲ ਮੌਲਿਕਤਾ ਦੂਜੇ ਪਾਸੇ ਚਲੀ ਜਾਂਦੀ ਹੈ। ਉਹ ਕਹਿੰਦਾ ਹੈ ਕਿ ਬਲਵੰਤ ਗਾਰਗੀ, ਕੁਲਵੰਤ ਵਿਰਕ ਵਰਗੇ ਕਿਸੇ ਵੋਟਾਂ ਦੇ ਚੱਕਰ ਵਿੱਚ ਨਹੀਂ ਪਏ। 
ਕਬੱਡੀ ਤੇ ਕੁਸ਼ਤੀ ਦੇ ਦੀਵਾਨੇਪਣ ਕਰਕੇ ਸੰਧੂ ਹੁਰਾਂ ਨਾਲ ਅਕਸਰ ਹੀ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਕਿ ਕੋਲ ਖੜ੍ਹਾ ਅਚੰਭੇ ਵਿੱਚ ਪੈ ਜਾਂਦਾ ਰਿਹਾ। ਹਕੀਮਪੁਰ ਵਿਖੇ ਪੁਰੇਵਾਲ ਭਰਾਵਾਂ ਵੱਲੋਂ ਹਰ ਸਾਲ ਕਰਵਾਏ ਜਾਂਦੇ ਖੇਡ ਮੇਲੇ ’ਤੇ ਸੰਧੂ ਸਾਹਿਬ ਦੇ ਨਾਲ ਜਾਣਾ ਮੇਰਾ ਸਾਲਾਨਾ ਰੁਟੀਨ ਹੁੰਦਾ ਸੀ। ਹਰ ਸਾਲ ਵਾਂਗ ਹੀ ਇਕ ਵਾਰ ਜਦੋਂ ਖੇਡ ਮੇਲੇ ਦੀ ਸਮਾਪਤੀ ਉਪਰੰਤ ਗੁਰਜੀਤ ਪੁਰੇਵਾਲ ਦੇ ਘਰ ਇਕੱਠਿਆਂ ਹੋਣਾ ਤਾਂ ਸੰਧੂ ਹੁਰੀਂ ਜਦੋਂ ਦੇਵੀ ਦਿਆਲ ਜਾਂ ਬਲਵਿੰਦਰ ਫਿੱਡੂ ਨੂੰ ਮਿਲਦੇ ਤਾਂ ਦੋਵੇਂ ਪਾਸਿਆਂ ਸੰਧੂ ਅਤੇ ਫਿੱਡੇ ਤੇ ਦੇਵੀ ਦਿਆਲ ਤੋਂ ਇਹੋ ਗੱਲ ਸੁਣਨ ਨੂੰ ਮਿਲਦੀ, ‘‘ਮੈਂ ਤੁਹਾਡਾ ਬਹੁਤ ਵੱਡਾ ਫੈਨ ਹਾਂ, ਮੈਂ ਤੁਹਾਡੇ ਨਾਲ ਫੋਟੋ ਖਿਚਵਾਉਣੀ ਹੈ’’ ਅਜਿਹੀ ਹੀ ਇਕ ਘਟਨਾ ਕੁਝ ਸਮਾਂ ਵਾਪਰੀ ਜਦੋਂ ਸ਼ਮਸ਼ੇਰ ਸੰਧੂ ਤੇ ਮੌਜੂਦਾ ਦੌਰ ਦਾ ਚੋਟੀ ਦਾ ਜਾਫੀ ਸੰਦੀਪ ਨੰਗਲ ਅੰਬੀਆਂ ਇਕ-ਦੂਜੇ ਨੂੰ ਮਿਲੇ। ਸੰਦੀਪ ਮਿਲਣਸਾਰ ਹੀ ਸੰਧੂ ਦਾ ਆਪਣੇ ਆਪ ਨੂੰ ਫੈਨ ਕਹਿੰਦਾ ਹੋਇਆ ਫੋਟੋ ਖਿਚਵਾਉਣ ਲੱਗਾ ਅਤੇ ਉਧਰੋਂ ਸੰਧੂ ਹੁਰੀਂ ਸੰਦੀਪ ਨੂੰ ਕਹੀ ਜਾਣ ਕਿ ਮੈਂ ਤੇਰਾ ਫੈਨ ਅਤੇ ਮੈਂ ਤੇਰੇ ਨਾਲ ਫੋਟੋ ਖਿਚਵਾਉਣੀ ਹੈ। ਸੰਦੀਪ ਨੇ ਜਦੋਂ ਆਪਣੇ ਪਿੰਡ ਨੰਗਲ ਅੰਬੀਆ ਵਿਖੇ ਕਬੱਡੀ ਕੱਪ ਕਰਵਾਇਆ ਤਾਂ ਸ਼ਮਸ਼ੇਰ ਸੰਧੂ ਨੂੰ ਹੁਰਾਂ ਨੂੰ ਵਿਸ਼ੇਸ਼ ਮਹਿਮਾਨ ਵਜੋਂ ਬੁਲਾਇਆ।
ਸੰਧੂ ਹੁਰਾਂ ਦਾ ਮਿਲਣਸਾਰ ਤੇ ਮਿਠ ਬੋਲੜੇ ਸੁਭਾਅ ਕਾਰਨ ਉਨ੍ਹਾਂ ਤੋਂ ਕੋਈ ਡਰ ਨਹੀਂ ਲੱਗਦਾ ਸੀ। ਡੈਸਕ ਦਾ ਹੋਰ ਕਈ ਵੀ ਪੱਤਰਕਾਰ ਚਾਹੇ ਉਹ ਸਬ ਐਡੀਟਰ ਹੀ ਕਿਉਂ ਨਾ ਹੋਵੇ, ਪੱਤਰਕਾਰਾਂ ਲਈ ਵੱਡੀ ਤੋਪ ਹੁੰਦਾ ਸੀ। ਸੰਧੂ ਹੁਰੀਂ ਭਾਵੇਂ ਅਖਬਾਰ ਦੇ ਡਿਪਟੀ ਨਿਊਜ਼ ਐਡੀਟਰ ਸਨ ਪਰ ਪੱਤਰਕਾਰਾਂ ਨਾਲ ਉਨ੍ਹਾਂ ਦਾ ਵਤੀਰਾ ਨਰਮੀ ਵਾਲਾ ਸੀ। ਜਲੰਧਰ ਆਉਂਦੇ-ਜਾਂਦੇ ਉਹ ਮੈਨੂੰ ਹਮੇਸ਼ਾ ਮਿਲ ਕੇ ਜਾਂਦੇ। ਮੇਰੀ ਖੇਡਾਂ ਵੱਲ ਰੁਚੀ ਹੋਣ ਕਾਰਨ ਉਹ ਮੈਨੂੰ ਅਕਸਰ ਹੀ ਮੇਰੇ ਨਾਲ ਪੁਰਾਣੇ ਖਿਡਾਰੀਆਂ ਬਾਰੇ ਗੱਲਾਂ ਕਰਦੇ ਰਹਿੰਦੇ ਸਨ। ਪਹਿਲਵਾਨ ਅਤੇ ਕਬੱਡੀ ਖਿਡਾਰੀਆਂ ਦੇ ਉਹ ਹੱਦ ਦਰਜੇ ਦੇ ਦੀਵਾਨੇ ਹਨ। ਸ਼ਾਮ ਨੂੰ ਕਿਧਰੇ ਜਦੋਂ ਉਨ੍ਹਾਂ ਪੈਗ ਲਗਾਇਆ ਹੁੰਦਾ ਤਾਂ ਮੇਰੇ ਨਾਲ ਲੰਬਾ ਸਮਾਂ ਫੋਨ ’ਤੇ ਗੱਲ ਕਰਦਿਆਂ ਪੁਰਾਣੇ ਪਹਿਵਾਨਾਂ ਤੇ ਕਬੱਡੀ ਖਿਡਾਰੀਆਂ ਦੇ ਕਿੱਸੇ ਸੁਣਾਉਣੇ। ਉਨ੍ਹੀਂ ਦਿਨੀਂ ਪੰਜਾਬੀ ਟ੍ਰਿਬਿਊਨ ਵਿੱਚ ਖੇਡ ਖਿਡਾਰੀ ਅੰਕ ਨੂੰ ਸ਼ਮਸ਼ੇਰ ਸੰਧੂ ਹੀ ਤਿਆਰ ਕਰਦੇ ਸਨ। ਉਨ੍ਹਾਂ ਅਕਸਰ ਹੀ ਮੈਨੂੰ ਕੋਈ ਵਿਸ਼ਾ ਦੱਸ ਕੇ ਲਿਖਣ ਨੂੰ ਕਹਿਣਾ। 
ਸ਼ਮਸ਼ੇਰ ਸੰਧੂ ਨੇ ਇਕ ਵਾਰ ਦੇਰ ਸ਼ਾਮ ਫੋਨ ’ਤੇ ਗੱਲ ਕਰਦਿਆਂ ਮੇਹਰਦੀਨ ਪਹਿਲਵਾਨ ਬਾਰੇ ਦੱਸਣ ਲੱਗੇ। ਉਨ੍ਹਾਂ ਦੱਸਿਆ ਕਿ ਕਿਸੇ ਵੇਲੇ ਦਾ ਚੋਟੀ ਦਾ ਇਹ ਪਹਿਲਵਾਨ ਹੁਣ ਗੁੰਮਨਾਮੀ ਦੀ ਜ਼ਿੰਦਗੀ ਜਿਉਂ ਰਿਹਾ ਹੈ ਅਤੇ ਜੇਕਰ ਉਸ ਦੀ ਖੋਜ ਕਰ ਕੇ ਕੁਝ ਲਿਖਿਆ ਜਾਵੇ ਤਾਂ ਬਹੁਤ ਵਧੀਆ ਗੱਲ ਹੋਵੇਗੀ। ਉਨ੍ਹਾਂ ਸਿਰਫ ਇਹੋ ਦੱਸਿਆ ਕਿ ਮੇਹਰਦੀਨ ਸ਼ਾਹਕੋਟ ਦਾ ਰਹਿਣ ਵਾਲਾ ਸੀ। ਗੱਲ ਕਰਨ ਤੋਂ ਬਾਅਦ ਦੇਰ ਰਾਤ ਤੱਕ ਮੈਂ ਮੇਹਰਦੀਨ ਬਾਰੇ ਸੋਚੀ ਗਿਆ ਅਤੇ ਦਿਨ ਚੜ੍ਹਦਿਆਂ ਹੀ ਮੈਂ ਆਪਣੇ ਮਿੱਤਰ ਜੀ.ਐਨ.ਪਨੇਸਰ ਨਾਲ ਸ਼ਾਹਕੋਟ ਨੂੰ ਚਾਲੇ ਪਾ ਦਿੱਤੇ। ਪਨੇਸਰ ਸਹਾਰਾ ਚੈਨਲ ਦਾ ਪੱਤਰਕਾਰ ਸੀ।  ਸਵੇਰੇ ਛੇ ਵੱਜਦੇ ਨੂੰ ਅਸੀਂ ਸ਼ਾਹਕੋਟ ਪਹੁੰਚ ਗਏ ਜਿੱਥੇ ਕੁਝ ਮਿੰਟਾਂ ਵਿੱਚ ਹੀ ਪੁੱਛਦੇ-ਪੁਛਾਉਂਦੇ ਅਸੀਂ ਮੇਹਰਦੀਨ ਦੇ ਘਰ ਪਹੁੰਚ ਗਏ। ਗੁਰਬਤ ਦੀ ਜ਼ਿੰਦਗੀ ਬਤੀਤ ਕਰ ਰਹੇ ਮੇਹਰਦੀਨ ਦੀ ਦਸ਼ਾ ਦੇਖ ਕੇ ਸਾਡੇ ਹਿਰਦੇ ਵਲੂੰਧਰੇ ਗਏ। ਤਿੰਨ-ਚਾਰ ਘੰਟੇ ਕਰੀਬ ਮੇਹਰਦੀਨ ਨਾਲ ਗੱਲਬਾਤਾਂ ਕਰਨ ਉਪਰੰਤ ਵਾਪਸੀ ’ਤੇ ਮੈਂ ਸ਼ਮਸ਼ੇਰ ਸੰਧੂ ਨੂੰ ਫੋਨ ਕਰ ਕੇ ਮੇਹਰਦੀਨ ਅਤੇ ਉਸ ਨਾਲ ਕੀਤੀ ਇੰਟਰਵਿਊ ਦੀ ਸਾਰੀ ਵਿੱਥਿਆ ਦੱਸੀ। ਉਨ੍ਹਾਂ ਤੁਰੰਤ ਮੈਨੂੰ ਇਸ ਨੂੰ ਲਿਖ ਕੇ ਭੇਜਣ ਨੂੰ ਕਿਹਾ। ਸੰਧੂ ਹੁਰਾਂ ਨੇ ਖੇਡ ਖਿਡਾਰੀ ਅੰਕ ਵਿੱਚ ‘ਮੇਹਰਦੀਨ ਦੇ ਉਹ ਦਿਨ ਤੇ ਆਹ ਦਿਨ’ ਸਿਰਲੇਖ ਹੇਠ ਉਸ ਨੂੰ ਅੱਧੇ ਪੰਨੇ ਜਿੰਨੀ ਸਪੇਸ ’ਤੇ ਪ੍ਰਕਾਸ਼ਿਤ ਕੀਤੀ ਜਿਸ ਦੀ ਮੈਨੂੰ ਬਹੁਤ ਦਾਦ ਮਿਲੀ। ਕੁਝ ਕੁ ਮਹੀਨਿਆਂ ਬਾਅਦ ਕੁਸ਼ਤੀ ਦਾ ਸਿਤਾਰਾ ਮੇਹਰਦੀਨ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਿਆ। ਉਸ ਵੇਲੇ ਮੈਨੂੰ ਸ਼ਮਸ਼ੇਰ ਸੰਧੂ ਵੱਲੋਂ ਮਿਲੀ ਹੱਲਾਸ਼ੇਰੀ ਯਾਦ ਆਈ ਜਿਸ ਬਦੌਲਤ ਮੈਂ ਇਸ ਵੱਡੇ ਪਹਿਲਵਾਨ ਨੂੰ ਮਿਲ ਕੇ ਉਸ ਬਾਰੇ ਕੁਝ ਲਿਖ ਸਕਿਆ। 
ਗੁਰਬਖ਼ਸ਼ ਸ਼ੌਕੀ ਦਾ ਗਾਇਆ ਗੀਤ ‘ਅੱਜ ਕੱਲ੍ਹ ਕਰਦੀ ਨੇ ਪੂਰਾ ਸਾਲ ਲੰਘਾ ਦਿੱਤਾ’ ਬਾਰੇ ਸੰਧੂ ਅਕਸਰ ਹੀ ਜ਼ਿਕਰ ਕਰਦਾ ਹੈ ਜਦੋਂ ਕਿਸੇ ਕੰਮ ਦੀ ਘੌਲ ਹੋ ਜਾਵੇ। ਇਸ ਗੀਤ ਦੇ ਬੋਲ ਸੰਧੂ ਉਪਰ ਵੀ ਪੂਰੀ ਤਰ੍ਹਾਂ ਢੁੱਕਦੇ ਹਨ ਜਿਹੜਾ ਸੁਭਾਅ ਦਾ ਘੌਲੀ ਹੈ। ਸੰਧੂ ਨੂੰ ਜਾਣਨ ਵਾਲੇ ਅਕਸਰ ਇਹੋ ਤਾਹਨਾ ਮਾਰਦੇ ਹਨ ਕਿ ਜੇਕਰ ਉਹ ਆਪਣੇ ਕੋਲ ਇਕੱਠੇ ਮਸਾਲੇ ਨੂੰ ਕਿਤਾਬੀ ਰੂਪ ਦੇਵੇ ਤਾਂ ਪੰਜਾਬੀ ਦੇ ਪਾਠਕ ਉਸ ਨੂੰ ਹੱਥੀਂ ਛਾਵਾਂ ਕਰਨ। ਸਿੱਧੂ ਦਮਦਮੀ ਇਸ ਗੱਲੋਂ ਵਧਾਈ ਦੇ ਪਾਤਰ ਹਨ ਜਿਨ੍ਹਾਂ ਸੰਧੂ ਕੋਲੋਂ ਪਾਸ਼ ਬਾਰੇ ਕਾਲਮ ਸ਼ੁਰੂ ਕਰਵਾਇਆ ਜਿਹੜਾ ਬਾਅਦ ਵਿੱਚ ਕਿਤਾਬ ਦੇ ਰੂਪ ਵਿੱਚ ਸਾਹਮਣੇ ਆਇਆ। ਗੁਰਭਜਨ ਗਿੱਲ ਨੂੰ ਆਪਣੇ ਇਸ ਮਿੱਤਰ ਉਪਰ ਇਹੋ ਰੰਜ਼ ਹੈ ਕਿ ਉਹ ਜ਼ਿਆਦਾ ਸਮਾਂ ਮਹਿਫਲਾਂ ਵਿੱਚ ਗਵਾ ਦਿੰਦਾ ਹੈ। ਸੰਧੂ ਅਨੁਸਾਰ ਲਿਖਣ ਲਈ ਕੋਈ ਵੇਲਾ ਨਹੀਂ ਹੁੰਦਾ ਅਤੇ ਇਕੱਲਤਾ ਵਿੱਚ ਉਹ ਵਧੇਰੇ ਲਿਖਦਾ ਹੈ। ਬੱਸ ’ਚ ਸਫਰ ਕਰਦਿਆਂ ਵੀ ਲਿਖਿਆ ਹੈ ਅਤੇ ਚੁਤਾਲੀ ਸੈਕਟਰ ਦੇ ਪਾਰਕ ਵਿੱਚ ਸੈਰ ਕਰਦਿਆਂ ਵੀ ਗੀਤ ਝਰੀਟੇ ਹਨ। ਇਸੇ ਲਈ ਉਸ ਦੀ ਜੇਬ ਵਿੱਚ ਅਕਸਰ ਹੀ ਕਾਗਜ਼ਾਂ ਦੇ ਟੁਕੜੇ ਹੁੰਦੇ ਹਨ ਜਿਨ੍ਹਾਂ ਉਤੇ ਆਪਣੀ ਮੋਟੀ-ਮੋਟੀ ਲਿਖਾਈ ਵਿੱਚ ਗੀਤ ਲਿਖੇ ਹੁੰਦੇ ਹਨ।
ਸੰਧੂ ਨਾਲ ਬੈਠਿਆ ਮੈਂ ਜਦੋਂ ਵੀ ਉਨ੍ਹਾਂ ਕੋਲੋਂ ਗੀਤ ਲਿਖਣ ਦੀ ਕਲਾ ਜਾਂ ਇਸ ਨੂੰ ਲੱਗੇ ਸਮੇਂ ਬਾਰੇ ਪੁੱਛਣਾ ਤਾਂ ਉਨ੍ਹਾਂ ਤੁਰੰਤ ਜੇਬ ਵਿੱਚੋਂ ਕੁਝ ਪਰਚੀਆਂ ਦਿਖਾਉਂਦਿਆਂ ਕਹਿ ਦੇਣਾ, ‘‘ਆਹ ਦੇਖ ਲਾ ਅੱਜ ਪਾਰਕ ਵਿੱਚ ਸੈਰ ਕਰਦਿਆਂ ਦੋ ਗੀਤ ਝਰੀਟ ਦਿੱਤੇ।’’ ਸੰਧੂ ਦੀ ਆਖਤ ਕਿਧਰੇ ਮੂਡ ਬਣ ਜਾਵੇ ਤਾਂ ਕਈ-ਕਈ ਗੀਤ ਇਕੱਠਿਆਂ ਲਿਖੇ ਗਏ। ਸ਼ਮਸ਼ੇਰ ਸੰਧੂ ਨੂੰ ਗਾਇਕਾਂ ਵੱਲੋਂ ਪਿਆਰ ਵੀ ਬੜਾ ਮਿਲਦਾ ਆਇਆ ਹੈ। ਉਨ੍ਹਾਂ ਦੇ ਲੜਕੇ ਗਗਨ ਦੇ ਵਿਆਹ ਦਾ ਮੌਕਾ ਸੀ ਜਦੋਂ ਦਿਲਜੀਤ ਦੁਸਾਂਝ, ਗਿੱਪੀ ਗਰੇਵਾਲ, ਸੁਖਵਿੰਦਰ ਸੁੱਖੀ, ਰਾਜ ਬਰਾੜ ਜਿਹੇ ਚੋਟੀ ਦੇ ਗਾਇਕ ਸਟੇਜ ਕੋਲ ਖੜ੍ਹੇ ਆਪਣੀ ਵਾਰੀ ਹੀ ਉਡੀਕਦੇ ਰਹਿ ਗਏ। ਅੱਜ ਦੇ ਸਮੇਂ ਦਾ ਸਟਾਰ ਸ਼ੈਰੀ ਮਾਨ ਖੁਦ ਦੱਸਦਾ ਹੈ ਕਿ ਉਸ ਨੇ ਗਾਇਕੀ ਖੇਤਰ ਵਿੱਚ ਪੈਰ ਧਰਨ ਸਮੇਂ ਅਨੇਕਾਂ ਵਾਰ ਸ਼ਮਸ਼ੇਰ ਸੰਧੂ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਪਰ ਕਿਧਰੇ ਸਬੱਬ ਨਹੀਂ ਬਣਿਆ। ਸ਼ੈਰੀ ਮਾਨ ਸੰਧੂ ਨੂੰ ਆਪਣਾ ਆਦਰਸ਼ ਮੰਨਦਾ ਹੈ। ਪੰਜਾਬੀਆਂ ਦੀ ਵੱਡੀਆਂ ਫਿਲਮਾਂ ਬਣਾਉਂਦਿਆਂ ਸ਼ਮਸ਼ੇਰ ਸੰਧੂ ਦੀ ਸਲਾਹ ਨੂੰ ਸਭ ਤੋਂ ਅਹਿਮ ਮੰਨਿਆ ਜਾਂਦਾ ਸੀ। ਸੁਰਜੀਤ ਬਿੰਦਰਖੀਆ ਦੇ ਫਿਲਮਾਂ ਵਿੱਚ ਫਿਲਮਾਏ ਅਖਾੜਿਆਂ ਦਾ ਫਿਲਮਾਂ ਦੇ ਹਿੱਟ ਹੋਣ ਵਿੱਚ ਵੀ ਵੱਡਾ ਰੋਲ ਹੁੰਦਾ। ਇੰਨ੍ਹੀਂ ਦਿਨੀਂ ਸ਼ਮਸ਼ੇਰ ਸੰਧੂ ਗੀਤਕਾਰੀ ਦੇ ਨਾਲ ਸਾਹਿਤ ਵਾਲੇ ਪਾਸੇ ਵੀ ਮੋੜਾ ਪਾਉਣ ਦੇ ਮੂਡ ਵਿੱਚ ਹਨ। ਚੰਡੀਗੜ੍ਹ ਤੋਂ ਬਿਨਾਂ ਜ਼ਿਆਦਾਤਰ ਸਮਾਂ ਉਹ ਪੁਣੇ ਜਾਂ ਬੰਗਾ ਹੁੰਦੇ ਹਨ। ਸਾਲ ਛਿਮਾਹੀ ਅਮਰੀਕਾ ਦਾ ਗੇੜਾ ਮਾਰ ਕੇ ਗਗਨ ਨੂੰ ਵੀ ਮਿਲ ਆਉਂਦੇ ਹਨ।
ਸ਼ਮਸ਼ੇਰ ਸੰਧੂ ਹੁਰਾਂ ਨਾਲ ਨਿੱਜੀ ਜਾਣ-ਪਛਾਣ ਭਾਵੇਂ ਮੇਰੀ 15-16 ਵਰਿ੍ਹਆਂ ਦੀ ਹੈ ਪਰ ਉਨ੍ਹਾਂ ਦੇ ਲਿਖੇ ਗੀਤਾਂ ਨੂੰ ਮੈਂ ਆਪਣੀ ਸੁਰਤ ਸੰਭਾਲਣ ਵੇਲੇ ਤੋਂ ਹੀ ਸੁਣਦਾ ਆਇਆ ਹਾਂ। ਹੁਣ ਵੀ ਜਦੋਂ ਉਨ੍ਹਾਂ ਕੋਲ ਬੈਠਾ ਹੁੰਦਾ ਹਾਂ ਤਾਂ ਮੈਨੂੰ ਇਕੋਂ ਗੱਲ ਦਾ ਝੋਰਾ ਹੰੁਦਾ ਹੈ ਕਿ ਜਦੋਂ ਮੇਰੀ ਉਨ੍ਹਾਂ ਨਾਲ ਜਾਣ-ਪਛਾਣ ਹੋਈ ਤਾਂ ਸੰਧੂ ਦੇ ਲਿਖੇ ਗੀਤਾਂ ਨੂੰ ਆਪਣੇ ਬੋਲ ਦੇ ਕੇ ਸਦਾ ਅਮਰ ਕਰਨ ਵਾਲਾ ਸੁਰਜੀਤ ਬਿੰਦਰਖੀਆ ਇਸ ਦੁਨੀਆਂ ਵਿੱਚ ਨਹੀਂ ਹੈ। ਮੈਂ ਇਹ ਅਕਸਰ ਹੀ ਇਹ ਗੱਲ ਜਦੋਂ ਉਨ੍ਹਾਂ ਨਾਲ ਕਰਦਾ ਹਾਂ ਤਾਂ ਉਹ ਵੀ ਅੱਗੋਂ ਇਹ ਗੱਲ ਕਹਿ ਦਿੰਦੇ ਹਨ, ‘‘ਮੈਨੂੰ ਵੀ ਸਾਰੀ ਉਮਰ ਇਸੇ ਗੱਲ ਦਾ ਝੋਰਾ ਰਹੇਗਾ ਕਿ ਬਿੰਦਰਖੀਆ ਦੇ ਅਖਾੜੇ ਮੈਂ ਸੱਤ ਸਮੁੰਦਰ ਪਾਰ ਵੀ ਲਗਾ ਦਿੱਤੇ ਪਰ ਕਦੇਂ ਆਪਣੇ ਪਿੰਡ ਮਦਾਰਪੁਰੇ ਉਸ ਦਾ ਅਖਾੜਾ ਲਾਉਣ ਦਾ ਸਬੱਬ ਨਹੀਂ ਬਣਿਆ। ਜਾਂ ਫੇਰ ਇਹ ਕਹਿ ਲਓ ਕਿ ਅਜੇ ਸੋਚਿਆ ਵੀ ਨਹੀਂ ਸੀ ਕਿ ਬਿੰਦਰਖੀਆ ਅੱਧ ਵਿਚਕਾਰ ਵਿਛੋੜਾ ਦੇ ਜਾਵੇਗਾ।’’ 
ਸੰਧੂ ਨੇ ਆਪਣੇ ਲਿਖੇ ਸਾਰੇ ਮਕਬੂਲ ਗੀਤਾਂ ਅਤੇ ਉਨ੍ਹਾਂ ਨੂੰ ਆਵਾਜ਼ ਦੇਣ ਵਾਲੇ ਗਾਇਕਾਂ ਦਾ ਜ਼ਿਕਰ ਵੀ ਇਕੋ ਗੀਤ ‘ਗੀਤ ਲਿਖਣ ਮੈਂ ਬਹਿ ਜਾਂਦਾ ਹਾਂ’ ਵਿੱਚ ਕੀਤਾ ਹੈ। ਸੰਧੂ ਦੱਸਦਾ ਹੈ ਕਿ ਸ਼ੁਰੂਆਤੀ ਸਮੇਂ ਜਦੋਂ ਉਸ ਨੇ ਸਟੇਜ ਉਪਰ ਐਂਟਰੀ ਕਰਨੀ ਹੁੰਦੀ ਤਾਂ ਕੁਝ ਸਤਰਾਂ ਬੋਲਣੀਆਂ ਹੰੁਦੀਆਂ ਸਨ। 1996 ਵਿੱਚ ਉਨ੍ਹਾਂ ‘ਗੀਤ ਲਿਖਣ ਮੈਂ ਬਹਿ ਜਾਂਦਾ ਹਾਂ’ ਦੀਆਂ ਛੇ ਕੁ ਸਤਰਾਂ ਲਿਖੀਆਂ। ਇਸ ਤੋਂ ਬਾਅਦ ਸਮਾਂ ਬੀਤਦਿਆਂ ਜਿਵੇਂ ਜਿਵੇਂ ਗੀਤਾਂ ਤੇ ਗਾਇਕਾਂ ਦੀ ਗਿਣਤੀ ਵਧਦੀ ਗਈ, ਮਾਣ-ਸਨਮਾਨ ਹੋਰ ਮਿਲਦੇ ਗਏ ਤਾਂ ਇਸ ਗੀਤ ਦੀਆਂ ਸਤਰਾਂ ਵਿੱਚ ਵਾਧਾ ਹੁੰਦਾ ਗਿਆ। ਹੁਣ ਇਹ ਇਕ ਵੱਡ ਅਕਾਰੀ ਗੀਤ ਬਣ ਗਿਆ ਹੈ। ਗੁਰਦਾਸ ਮਾਨ ਹੱਥੋਂ ਪੀ.ਟੀ.ਸੀ. ਵੱਲੋਂ ਦਿੱਤੇ ਲਾਈਫ ਟਾਈਮ ਅਚੀਮਵੈਂਟ ਐਵਾਰਡ ਨੂੰ ਹਾਸਲ ਕਰਦਿਆਂ ਵੀ ਸੰਧੂ ਨੇ ਸਟੇਜ ਉਪਰ ਇਹੋ ਗੀਤ ਦੀਆਂ ਸਤਰਾਂ ਬੋਲੀਆਂ। 
ਸ਼ਮਸ਼ੇਰ ਸੰਧੂ ਭਾਵੇਂ ਸਥਾਪਤ ਸਫਲ ਗੀਤਕਾਰ ਵਜੋਂ ਹੋਇਆ ਪਰ ਉਨ੍ਹਾਂ ਦੀ ਵਾਰਤਕ ਨੇ ਹਮੇਸ਼ਾ ਪਾਠਕਾਂ ਦੀ ਵਾਹ ਵਾਹ ਖੱਟੀ। ਸੰਧੂ ਹੁਰਾਂ ਵੱਲੋਂ ਸਮੇਂ-ਸਮੇਂ ’ਤੇ ਲਿਖੇ ਲੇਖਾਂ ਨੂੰ ਵੱਡੀ ਦਾਦ ਮਿਲਣੀ। ਪਾਸ਼ ਬਾਰੇ ਲਿਖੇ ਲੜੀਵਾਰ ਲੇਖਾਂ ਨੂੰ ਅਜਿਹਾ ਹੁੰਗਾਰਾ ਮਿਲਿਆ ਕਿ ਮੇਰੇ ਵਰਗੇ ਅਨੇਕਾਂ ਪਾਠਕਾਂ ਨੇ ਉਨ੍ਹਾਂ ਨੂੰ ਪਾਸ਼ ਬਾਰੇ ਮੁਕੰਮਲ ਪੁਸਤਕ ਲਿਖਣ ਦੀਆਂ ਫਰਮਾਇਸ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਸੰਧੂ ਇਹ ਖੁਦ ਵੀ ਮੰਨਦਾ ਹੈ ਕਿ ਉਸ ਦੇ ਅਜਿਹੇ ਕਈ ਪ੍ਰਾਜੈਕਟ ਅਜਿਹੇ ਅੱਧ ਵਿਚਕਾਰ ਪਏ ਜਿਨ੍ਹਾਂ ’ਤੇ ਹਾਲੇ ਕੰਮ ਕਰਨਾ ਹੈ। ਪਾਸ਼ ਬਾਰੇ ‘ਇਕ ਪਾਸ਼ ਇਹ ਵੀ’ ਪੁਸਤਕ ਲਿਖ ਕੇ ਉਨ੍ਹਾਂ ਮੇਰੇ ਵਰਗੇ ਪਾਠਕਾਂ ਨਾਲ ਕੀਤਾ ਵਾਅਦਾ ਪੂਰਾ ਕੀਤਾ। ਸੁਰਜੀਤ ਬਿੰਦਰਖੀਆ ਬਾਰੇ ਪੁਸਤਕ ਦਾ ਵਾਅਦਾ ਹਾਲੇ ਸੰਧੂ ਵੱਲੋਂ ਪੂਰਾ ਕਰਨਾ ਬਾਕੀ ਹੈ। ਸੰਧੂ ਨਾਲ ਬੈਠਿਆ ਜਦੋਂ ਪੁਰਾਣੀਆਂ ਗੱਲਾਂ ਦੀ ਚਰਚਾ ਛਿੜ ਜਾਂਦੀ ਹੈ ਤਾਂ ਉਹ ਅਕਸਰ ਹੀ ਕੋਈ ਗੱਲ ਸੁਣਾ ਕੇ ਕਹਿੰਦੇ ਹਨ, ‘‘ਅਜੇ ਕੱਲ੍ਹ ਦੀ ਗੱਲ ਹੈ’’। ਇਕ ਵਾਰ ਇਸੇ ਸਿਰਲੇਖ ਹੇਠ ਉਨ੍ਹਾਂ ਪੁਰਾਣੀਆਂ ਯਾਦਾਂ ਤਾਜ਼ਾ ਕਰਦਿਆਂ ਲਿਖ ਵੀ ਲਿਖਿਆ। ਸੰਧੂ ਹੁਰਾਂ ਦਾ ਵਾਹ ਗਾਇਕੀ ਦੇ ਕਈ ਯੁੱਗਾਂ ਨਾਲ ਰਿਹਾ। ਦੀਦਾਰ ਸਿੰਘ, ਸੁਰਿੰਦਰ ਛਿੰਦਾ ਤੋਂ ਲੈ ਕੇ ਅਜੋਕੇ ਦੌਰ ਦੇ ਗੀਤਾਜ ਬਿੰਦਰਖੀਆ ਵਰਗੇ ਗਾਇਕਾਂ ਦੇ ਦੌਰ ਦੇਖਣ ਵਾਲੇ ਸ਼ਮਸ਼ੇਰ ਸੰਧੂ ਕੋਲ ਬੈਠਿਆ ਜਦੋਂ ਪੁਰਾਣੇ ਦੌਰ ਦੀ ਗੱਲ ਤੁਰ ਪੈਂਦੀ ਹੈ ਤਾਂ ਗੱਲਾਂ ਦੀ ਲੜੀ ਤੁਰ ਪੈਂਦੀ ਹੈ। 
ਸ਼ਮਸ਼ੇਰ ਸੰਧੂ ਯਾਰਾਂ ਦਾ ਯਾਰ ਹੈ। ਯਾਰੀਆਂ ਨਿਭਾਉਣੀਆਂ ਸਿੱਖਣੀਆਂ ਹੋਣ ਤਾਂ ਸੰਧੂ ਤੋਂ ਸਿੱਖਿਆ ਜਾਵੇ। ਸੰਧੂ ਦੇ ਮਿੱਤਰਾਂ ਦੇ ਘੇਰਾ ਅਜਿਹਾ ਹੈ ਕਿ ਹਰ ਕੋਈ ਇਕ-ਦੂਜੇ ਤੋਂ ਭਲੀਭਾਂਤ ਜਾਣੂੰ ਹੈ। ਸੰਧੂ ਜੇ ਲੁਧਿਆਣਾ ਗਿਆ ਹੋਵੇ ਤਾਂ ਹਰਿੰਦਰ ਕਾਕਾ, ਗੁਰਭਜਨ ਗਿੱਲ, ਬੰਗਾ ਗਏ ਹੋਣ ਤਾਂ ਹਰਬੰਸ ਹੀਉਂ, ਜਲੰਧਰ ਵਿਖੇ ਅਜੀਤ ਪਾਲ ਜੀਤੀ, ਮੋਹਾਲੀ ਵਿਖੇ ਹਰਜੀਤ ਨਾਗਰਾ, ਚੰਡੀਗੜ੍ਹ ਵਿਖੇ ਡਾ.ਨਾਹਰ ਸਿੰਘ ਉਨ੍ਹਾਂ ਦੇ ਸਾਥੀ ਹੁੰਦੇ ਹਨ। ਵਿਜੇ ਟੰਡਨ, ਪਿ੍ਰੰਸੀਪਲ ਸਰਵਣ ਸਿੰਘ ਪੰਜਾਬ ਆਏ ਹੋਣ ਤਾਂ ਉਹ ਸ਼ਮਸ਼ੇਰ ਸੰਧੂ ਨੂੰ ਮਿਲੇ ਬਿਨਾਂ ਨਹੀਂ ਜਾਂਦੇ। ਇਕੇਰਾਂ ਉਨ੍ਹਾਂ ਸਮਾਗਮ ਵਿੱਚ ਬੋਲਦਿਆਂ ਕਿਹਾ ਸੀ ਕਿ ਜਿਵੇਂ ਇਕ ਵਾਰ ਖੁਸ਼ਵੰਤ ਸਿੰਘ ਕੋਲੋਂ ਚੋਟੀ ਦੀਆਂ ਪੰਜ ਸਖਸ਼ੀਅਤਾਂ ਦੇ ਨਾਮ ਪੁੱਛੇਗਾ ਤਾਂ ਅੱਗੋਂ ਖੁਸ਼ਵੰਤ ਸਿੰਘ ਨੇ ‘ਰੰਧਾਵਾ, ਰੰਧਾਵਾ, ਰੰਧਾਵਾ...’ ਜਵਾਬ ਦਿੱਤਾ। ਉਵੇਂ ਹੀ ਉਹ ਵੀ ਆਪਣੀਆਂ ਪੰਜ ਸਿਖਰਲੀਆਂ ਸਖਸ਼ੀਅਤਾਂ ਦੇ ਨਾਮ ‘ਸਰਵਣ ਸਿੰਘ, ਸਰਵਣ ਸਿੰਘ, ਸਰਵਣ ਸਿੰਘ...’ ਹੀ ਲਿਖੇਗਾ। 

PunjabKesari
ਗੁਰਭਜਨ ਗਿੱਲ ਤੇ ਪਿ੍ਰੰਸੀਪਲ ਸਰਵਣ ਸਿੰਘ ਨਾਲ ਜਵਾਨੀ ਦੇ ਦਿਨਾਂ ਦੀ ਸਾਂਝ ਕਾਰਨ ਜਦੋਂ ਵੀ ਕਿਧਰੇ ਸਾਰੇ ਇਕੱਠੇ ਹੁੰਦੇ ਤਾਂ 70ਵੇੇਂ, 80ਵੇਂ ਦਹਾਕਿਆਂ ਦੀ ਗੱਲਾਂ ਛੇੜ ਕੇ ਮੇਰੇ ਵਰਗਿਆਂ ਮੂਹਰੇ ਪੁਰਾਣਾ ਅੱਖੀਂ ਦਿਖਾ ਦਿੰਦੇ ਹਨ। ਪ੍ਰੋ.ਮੋਹਨ ਸਿੰਘ ਮੇਲੇ ਦਾ ਇਤਿਹਾਸ ਉਹ ਬੈਠਿਆਂ-ਬੈਠਿਆਂ ਸੁਣਾ ਦਿੰਦੇ ਹਨ। ਗੁਰਭਜਨ ਗਿੱਲ ਤੇ ਬਟਾਲੇ ਵਾਲੇ ਬਾਜਵੇ ਫੋਟੋਗ੍ਰਾਫਰ ਦੀ ਗੱਲ ਸੁਣਾਉਂਦੇ ਉਹ ਦੱਸਦੇ ਹਨ, ‘‘ਇਕ ਵਾਰ ਪ੍ਰੋ. ਮੋਹਨ ਸਿੰਘ ਮੇਲੇ ’ਤੇ ਹਰ ਸਾਲ ਦੀ ਤਰ੍ਹਾਂ ਬਾਜਵਾ ਅੱਡੀਆਂ ਚੁੱਕ-ਚੁੱਕ ਕੇ ਤਸਵੀਰਾਂ ਖਿੱਚੀ ਜਾ ਰਿਹਾ ਸੀ। ਮੈਂ ਤੇ ਗੁਰਭਜਨ ਨੇ ਉਸ ਨੂੰ ਆਵਾਜ਼ ਮਾਰ ਤੇ ਕਿਹਾ, ਸਾਡੀ ਵੀ ਫੋਟੋ ਖਿੱਚ ਦੇ। ਅਸੀਂ ਵੀ ਕਿਤੇ ਮਸ਼ਹੂਰ ਹੋਵਾਂਗੇ ਅਤੇ ਤੂੰ ਕਿਹਾ ਕਰੇਗਾ ਕਿ ਮੈਂ ਇਨ੍ਹਾਂ ਦੀ ਫੋਟੋ ਖਿੱਚੀ ਸੀ।’’ ਸੰਧੂ ਹੁਰੀਂ ਦੱਸਦੇ ਹਨ ਕਿ ਬਾਜਵਾ ਨੇ ਫੋਟੋ ਤਾਂ ਖਿੱਚ ਦਿੱਤੀ ਪਰ ਸਾਨੂੰ ਹਾਲੇ ਤੱਕ ਨਹੀਂ ਉਹ ਫੋਟੋ ਮਿਲੀ। ਬਾਜਵਾ ਜਦੋਂ ਵੀ ਹੁਣ ਕਿਧਰੇ ਸ਼ਮਸ਼ੇਰ ਸੰਧੂ ਨੂੰ ਮਿਲਦਾ ਹੈ ਤਾਂ ਇਹੋਂ ਕਹਿੰਦਾ ਹੈ, ‘‘ਤੂੰ ਤਾਂ ਮਸ਼ਹੂਰ ਹੋਣ ਵਾਲਾ ਆਪਣਾ ਵਾਅਦਾ ਪੂਰਾ ਕਰ ਦਿੱਤਾ ਪਰ ਗੁਰਭਜਨ ਨੇ ਨਹੀਂ ਵਾਅਦਾ ਪੂਰਾ ਕੀਤਾ।’’ ਬਾਜਵਾ ਇਹੋ ਗੱਲ ਗੁਰਭਜਨ ਗਿੱਲ ਨੂੰ ਕਹਿੰਦਾ ਅਤੇ ਸ਼ਮਸ਼ੇਰ ’ਤੇ ਮਸ਼ਹੂਰ ਹੋਣ ਵਾਲਾ ਵਾਅਦਾ ਨਾ ਪੂਰਾ ਕਰਨ ਦਾ ਤਾਅਨਾ ਮਾਰਨਾ। ਬਾਜਵੇ ਵਾਂਗ ਸੰਤੋਖ ਮੰਡੇਰ ਨੇ ਵੀ ਸੰਧੂ ਦੀਆਂ ਵੱਖ-ਵੱਖ ਯਾਦਾਂ ਨੂੰ ਕੈਮਰੇ ਵਿੱਚ ਸਮੇਟਿਆ ਹੈ ਪਰ ਬਾਜਵੇ ਵਾਂਗ ਉਸ ਨੇ ਵੀ ਕਦੇ ਫੋਟੋ ਨਹੀਂ ਦਿੱਤੀ। 
ਸ਼ਮਸ਼ੇਰ ਸੰਧੂ ਦੀ ਇਕ ਵੱਡੀ ਸਿਫ਼ਤ ਇਹ ਵੀ ਹੈ ਕਿ ਉਸ ਦੀ ਚਾਹੇ ਜਿੰਨੀ ਵੀ ਪ੍ਰਸਿੱਧੀ ਹੈ ਪਰ ਉਹ ਜਨਤਕ ਸਮਾਗਮਾਂ ਵਿੱਚ ਨਿਮਾਣੇ ਵਿਚਰਦੇ ਹਨ। ਟੀ.ਵੀ.ਚੈਨਲਾਂ ਦੇ ਐਵਾਰਡ ਸਮਾਰੋਹਾਂ ਮੌਕੇ ਜਿੱਥੇ ਨਵੇਂ ਉਭਰਦੇ ਕਲਾਕਾਰ ਜਾਂ ਗੀਤਕਾਰ ਫੁਕਰੀਆਂ ਮਾਰਦੇ ਸੀਟਾਂ ਬਦਲਦੇ ਮੂਹਰਲੀਆਂ ਸੀਟਾਂ ’ਤੇ ਧੱਕੇ ਨਾਲ ਬੈਠਦੇ ਆਮ ਦੇਖੇ ਜਾਂਦੇ ਹਨ ਉਥੇ ਸ਼ਮਸ਼ੇਰ ਸੰਧੂ ਬਿਨਾਂ ਕਿਸੇ ਦਿਖਾਵੇ ’ਤੇ ਚੁੱਪਚਾਪ ਇਕੋ ਸੀਟ ’ਤੇ ਬੈਠ ਕੇ ਪੂਰਾ ਪ੍ਰੋਗਰਾਮ ਦੇਖਣ ਨੂੰ ਤਰਜੀਹ ਦਿੰਦੇ। ਪੁਰੇਵਾਲ ਖੇਡ ਮੇਲੇ ’ਤੇ ਪੂਰਾ ਦਿਨ ਉਹ ਕਬੱਡੀ ਵਾਲੇ ਸਰਕਲ ਦੇ ਕੰਢੇ ਬਣੇ ਕੁਰਸੀਆਂ ’ਤੇ ਬੈਠ ਕੇ ਮੈਚਾਂ ਦਾ ਆਨੰਦ ਮਾਣਦੇ। ਸਟੇਜ ਉਪਰ ਹੁੰਦੀ ਪੂਰੀ ਕਾਰਵਾਈ ਤੋਂ ਉਹ ਦੂਰ ਹੀ ਰਹਿੰਦੇ। ਸਰਕਾਰੇ-ਦਰਬਾਰੇ ਜਾਂ ਰਾਜਸੀ ਲੀਡਰਾਂ ਨਾਲ ਉਠਣ ਬੈਠਣ ਤੋਂ ਵੀ ਸ਼ਮਸ਼ੇਰ ਸੰਧੂ ਪਰਹੇਜ਼ ਹੀ ਕਰਦਾ ਹੈ। ਜਦੋਂ ਵੀ ਕਿਧਰੇ ਰਾਜਸੀ ਆਗੂਆਂ ਨਾਲ ਇਕੱਠੇ ਹੋਣ ਦਾ ਸਬੱਬ ਬਣਦਾ ਤਾਂ ਉਹ ਪਾਸਾ ਵੱਟਣ ਨੂੰ ਮਿੰਟ ਲਾਉਂਦੇ। ਸਰਵਣ ਸਿੰਘ ਫਿਲੌਰ ਸੰਧੂ ਹੁਰਾਂ ਦੇ ਪੁਰਾਣੇ ਸਮਿਆਂ ਦੇ ਮਿੱਤਰ ਹਨ। ਸਰਵਣ ਫਿਲੌਰ ਨੇ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ ਤਾਂ ਉਨ੍ਹਾਂ ਨੂੰ ਮਹਿਕਮਾ ਵੀ ਸੱਭਿਆਚਾਰ ਵਾਲਾ ਮਿਲਿਆ। ਮੈਂ ਉਨ੍ਹਾਂ ਨਾਲ ਸੰਧੂ ਹੁਰਾਂ ਬਾਰੇ ਜ਼ਿਕਰ ਕੀਤਾ ਤਾਂ ਅੱਗਿਓ ਫਿਲੌਰ ਸਾਹਿਬ ਨੇ ਵੀ ਗੱਲ ਕਰਨ ਦੀ ਇੱਛਾ ਜਤਾਈ। ਮੈਂ ਆਪਣੇ ਮੋਬਾਈਲ ਤੋਂ ਸ਼ਮਸ਼ੇਰ ਸੰਧੂ ਦਾ ਨੰਬਰ ਮਿਲਾ ਕੇ ਗੱਲ ਕਰਾਈ ਤਾਂ ਫਿਲੌਰ ਸਾਹਿਬ ਨੇ ਸੰਧੂ ਨੂੰ ਕਿਤੇ ਮਿਲਣ ਨੂੰ ਕਿਹਾ। ਇਸ ਨੂੰ ਸ਼ਮਸ਼ੇਰ ਸੰਧੂ ਦੀ ਘੌਲ ਕਹੋ ਜਾਂ ਰਾਜਸੀ ਖੇਤਰ ਤੋਂ ਦੂਰ ਰਹਿਣ ਦਾ ਸੁਭਾਅ,ਉਨ੍ਹਾਂ ਅੱਜ ਤੱਕ ਮਿਲਣ ਦਾ ਪ੍ਰੋਗਰਾਮ ਨਾ ਬਣਾਇਆ। ਨਹੀਂ ਤਾਂ ਅੱਜ ਦੇ ਸਮੇਂ ਜਿੱਥੇ ਕੋਈ ਵਿਅਕਤੀ ਰਾਜਸੀ ਆਗੂਆਂ ਨੂੰ ਮਿਲਣ ਦੇ ਬਹਾਨੇ ਲੱਭਦਾ ਹੈ ਉਥੇ ਸੰਧੂ ਇਸ ਖਿੱਚ ਤੋਂ ਹਮੇਸ਼ਾ ਦੂਰ ਰਿਹਾ ਹੈ।

PunjabKesari
ਸ਼ਮਸ਼ੇਰ ਸੰਧੂ ਨੂੰ ਬਹੁਤ ਮਾਣ ਸਨਮਾਨ ਮਿਲੇ ਪ੍ਰੰਤੂ ਜਦੋਂ ਉਸ ਨੂੰ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਉਤੇ ‘ਵਾਰਿਸ਼ ਸ਼ਾਹ ਐਵਾਰਡ’ ਨਾਲ ਸਨਮਾਨ ਹੋਇਆ ਤਾਂ ਉਹ ਭਾਵੁਕ ਹੋ ਗਿਆ ਕਿਉਂਕਿ ਇਸੇ ਮੇਲੇ ’ਤੇ ਉਹ ਨਿਆਣੀ ਉਮਰੇ ਆਪਣ ਪਿਤਾ ਦੇ ਮੋਢਿਆਂ ’ਤੇ ਚੜ੍ਹ ਕੇ ਜਾਂਦਾ ਹੁੰਦਾ ਸੀ ਅਤੇ ਤੂੰਬੀ ਵੀ ਇਸੇ ਮੇਲੇ ਤੋਂ ਖਰੀਦੀ ਸੀ। ਜਗਰਾਵਾਂ ਦੇ ਰੌਸ਼ਨੀ ਦੇ ਮੇਲੇ ਨੂੰ ਦੇਖਦਿਆਂ ਨਿੱਕੀ ਅੱਖ ਨਾਲ ਵੱਡੇ ਸੁਫਨੇ ਲਏ ਅਤੇ ਫੇਰ ਮੇਲਿਆਂ ਦੀ ਰੂਹ-ਏ-ਰਵਾਂ ਬਣਿਆ। ਸ਼ਮਸ਼ੇਰ ਸੰਧੂ ਨੂੰ ਸਭ ਤੋਂ ਵੱਧ ਟੀ.ਵੀ. ਚੈਨਲਾਂ ਲਈ ਮੇਲੇ ਕਰਵਾਉਣ ਦਾ ਮਿਲਿਆ ਅਤੇ ਸ਼ਮਸ਼ੇਰ ਸੰਧੂ ਨੂੰ ਇਹ ਗੁੜਤੀ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਤੋਂ ਹੀ ਮਿਲੀ ਸੀ। ਮੇਲੇ ਵਿੱਚ ਕਈ ਵਰ੍ਹੇ ਮੇਲੀ ਬਣ ਕੇ ਘੁੰਮਣ ਵਾਲੇ ਸ਼ਮਸ਼ੇਰ ਸੰਧੂ ਨੇ ਇਸੇ ਮੇਲੇ ਵਿੱਚ ਰਾਜਸੀ ਸਖਸ਼ੀਅਤਾਂ, ਖਿਡਾਰੀਆਂ, ਸਾਹਿਤਕਾਰਾਂ, ਕਲਾਕਾਰਾਂ ਨੂੰ ਦੇਖਿਆ ਅਤੇ ਬਾਅਦ ਵਿੱਚ ਖੁਦ ਇਨ੍ਹਾਂ ਖੇਤਰਾਂ ਵਿੱਚ ਸਰਗਰਮੀ ਨਾਲ ਭੂਮਿਕਾ ਨਿਭਾਈ। ਸ਼ਮਸ਼ੇਰ ਸੰਧੂ ਦੱਸਦਾ ਹੈ ਕਿ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਵਿੱਚ ਹੀ ਪਹਿਲੀ ਵਾਰ ਸੰਤ ਫਤਹਿ ਸਿੰਘ, ਜਗਦੇਵ ਸਿੰਘ ਤਲਵੰਡੀ, ਲਛਮਣ ਸਿੰਘ ਗਿੱਲ, ਬਲਰਾਜ ਸਾਹਨੀ, ਜਸਵੰਤ ਕੰਵਲ, ਪਹਿਲਵਾਨ ਮੇਹਰਦੀਨ ਜਿਹੀਆਂ ਵੱਡੀਆਂ ਹਸਤੀਆਂ ਨੂੰ ਦੇਖਿਆ ਸੀ। ਸੰਧੂ ਨੂੰ ਮਿਲੇ ਐਵਾਰਡ-ਸਨਮਾਨਾਂ ਦੀ ਗੱਲ ਕਰੀਏ ਤਾਂ ਜਗਰਾਵਾਂ ਦੀ ਰੌਸ਼ਨੀ ਦੇ ਮੇਲੇ ਉਤੇ ‘ਵਾਰਿਸ਼ ਸ਼ਾਹ ਐਵਾਰਡ’, ਗੀਤਕਾਰੀ ਵਿੱਚ ਸਟੇਟ ਅÎੈਵਾਰਡ, ਪੀ.ਟੀ.ਸੀ. ਵੱਲੋਂ ‘ਲਾਈਫ ਟਾਈਮ ਅਚੀਵਮੈਂਟ ਐਵਾਰਡ’, ਪ੍ਰੋ. ਮੋਹਨ ਸਿੰਘ ਮੇਲੇ ’ਤੇ ਸਨਮਾਨ, ਹਕੀਮਪੁਰ ਦੀਆਂ ਪੁਰੇਵਾਲ ਖੇਡਾਂ, ਜਰਖੜ ਖੇਡ ਮੇਲੇ ਤੇ ਲਲਤੋਂ ਖੇਡ ਮੇਲੇ ਵਿੱਚ ਵਿਸ਼ੇਸ਼ ਸਨਮਾਨ ਅਤੇ ਇੰਗਲੈਂਡ ’ਚ ਬੀ.ਬੀ.ਸੀ. ਚੈਨਲ ਵੱਲੋਂ ‘ਦੁਪੱਟਾ ਤੇਰਾ ਸੱਤ ਰੰਗ ਦਾ’ ਐਵਾਰਡ ਨਾਲ ਸਨਮਾਨਿਆ ਗਿਆ। ਇਸ ਤੋਂ ਇਲਾਵਾ ਅਮਰੀਕਾ, ਕੈਨੇਡਾ, ਇੲੰਗਲੈਂਡ ਤੇ ਪਾਕਿਸਤਾਨ ਦੇ ਵਿਦੇਸ਼ ਦੌਰਿਆਂ ਮੌਕੇ ਮਿਲੇ ਇਨਾਮ-ਸਨਮਾਨਾਂ ਦੀ ਗਿਣਤੀ ਬਹੁਤ ਲੰਬੀ ਹੈ।


jasbir singh

News Editor

Related News