ਕੈਪਟਨ ਸਰਕਾਰ ਨੇ ਜਾਣ ਬੁੱਝ ਕੇ ਠੱਪ ਕੀਤੇ ਰੋਪੜ ਦੇ ਵਿਕਾਸ ਕਾਰਜ : ਡਾ. ਦਲਜੀਤ ਚੀਮਾ

01/31/2020 4:42:21 PM

ਰੂਪਨਗਰ (ਸੱਜਣ ਸੈਣੀ, ਵਿਜੇ ਸ਼ਰਮਾ) - ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ, ਬੁਲਾਰੇ ਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਦੋਸ਼ ਲਾਇਆ ਕਿ ਕੈਪਟਨ ਸਰਕਾਰ ਨੇ ਜਾਣਬੁੱਝ ਕੇ ਰੂਪਨਗਰ ਸ਼ਹਿਰ ਦੇ ਵਿਕਾਸ ਕਾਰਜ ਠੱਪ ਕਰ ਦਿੱਤੇ ਹਨ। ਇਸ ਤੋਂ ਇਲਾਵਾ ਕੇਂਦਰ ਸਰਕਾਰ ਤੋਂ ਆਈ ਗ੍ਰਾਂਟ ਵਰਤਣ ਵਾਸਤੇ ਵੀ ਸਰਕਾਰ ਵਲੋਂ ਪ੍ਰਵਾਨਗੀ ਨਹੀਂ ਦਿੱਤੀ ਜਾ ਰਹੀ। ਜਾਣਕਾਰੀ ਅਨੁਸਾਰ ਰੂਪਨਗਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਡਾ. ਚੀਮਾ ਨੇ ਕਿਹਾ ਕਿ ਇਸ ਸ਼ਹਿਰ ’ਚ ਨਗਰ ਕੌਂਸਲ ਅਕਾਲੀ ਦਲ ਤੇ ਭਾਜਪਾ ਕੋਲ ਹੈ, ਜਿਸ ਕਾਰਨ ਸਰਕਾਰ ਜਾਣ ਬੁੱਝ ਕੇ ਕੰਮਾਂ ’ਚ ਅੜਿੱਕਾ ਪਾ ਰਹੀ ਹੈ। ਕੇਂਦਰ ਸਰਕਾਰ ਦੀ 14ਵੇਂ ਵਿੱਤ ਕਮਿਸ਼ਨ ਦੀ 3 ਕਰੋੜ ਰੁਪਏ ਦੀ ਗ੍ਰਾਂਟ 1 ਸਾਲ ਤੋਂ ਵੱਧ ਸਮੇਂ ਤੋਂ ਪ੍ਰਾਪਤ ਹੋਈ ਸੀ ਪਰ ਵਿਕਾਸ ਕਾਰਜਾਂ ਦੇ ਮਤਿਆਂ ’ਤੇ ਵਿਭਾਗ ਨੇ ਰੋਕ ਲਗਾ ਦਿੱਤੀ, ਜਿਸ ਕਾਰਨ ਗ੍ਰਾਂਟ ਅਣਵਰਤੀ ਪਈ ਹੈ। 

ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ 1 ਕਰੋੜ ਰੁਪਏ ਜੀ.ਐੱਸ.ਟੀ ਸਰਕਾਰ ਵੱਲ ਬਕਾਏ ਪਏ ਹਨ, ਜਿਸ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ। ਇਸੇ ਤਰ੍ਹਾਂ 1 ਕਰੋੜ ਰੁਪਏ ਆਬਕਾਰੀ ਡਿਊਟੀ ਬਣਦੀ ਹੈ, ਜੋ ਮਈ ਤੋਂ ਦਸੰਬਰ ਮਹੀਨੇ ’ਚ ਆ ਜਾਂਦੀ ਹੈ, ਦੀ ਵੀ ਅਦਾਇਗੀ ਨਹੀਂ ਹੋਈ। ਡਾ. ਚੀਮਾ ਦੇ ਦੱਸਿਆ ਕਿ ਜਨਵਰੀ 2019 ਤੋਂ ਨਗਰ ਕੌਂਸਲ ਦੀ ਨਿੱਜੀ ਆਮਦਨ ’ਤੇ ਡਾਕਾ ਮਾਰਿਆ ਜਾ ਰਿਹਾ ਹੈ। 50 ਲੱਖ ਰੁਪਏ ਨਕਸ਼ਿਆਂ ਦੀ ਫੀਸ ਸੀ, ਜੋ ਸਰਕਾਰ ਨੇ ਵਾਪਸ ਨਹੀਂ ਕੀਤੀ, ਜਦਕਿ ਗਊ ਸੈਸ ’ਚੋਂ ਨਗਰ ਕੌਂਸਲ ਨੂੰ ਇਕ ਧੇਲਾ ਨਹੀਂ ਦਿੱਤਾ। ਲੋਕ ਸਭਾ ਚੋਣਾਂ ਤੋਂ ਪਹਿਲਾਂ ਸਰਕਾਰ ਨੇ ਡੇਢ ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਸੀ, ਜਿਸ ’ਚੋਂ ਹੁਣ ਤੱਕ 37.50 ਲੱਖ ਰੁਪਏ ਹੀ ਜਾਰੀ ਕੀਤੇ ਗਏ ਹਨ। ਪੈਸੇ ਦੀ ਅਣਹੋਂਦ ਕਾਰਨ ਕੰਮ ਮੁਕੰਮਲ ਠੱਪ ਹੋ ਗਏ ਹਨ। ਸਾਰੇ ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਕਿਉਂਕਿ ਪੀ.ਡਬਲਿਊ.ਡੀ. ਨੇ ਪਿਛਲੇ 3 ਸਾਲਾ ’ਚ 1 ਵੀ ਸੜਕ ਰਿਪੇਅਰ ਨਹੀਂ ਕੀਤੀ।

ਡਾ. ਚੀਮਾ ਨੇ ਦੱਸਿਆ ਕਿ ਸਰਕਾਰ ਵਲੋਂ ਭਰਤੀ ਮੁਕੰਮਲ ਬੰਦ ਕੀਤੇ ਹੋਣ ਕਾਰਨ ਨਗਰ ਕੌਂਸਲ ’ਚ ਕਈ ਅਹੁਦੇ ਖਾਲੀ ਪਏ ਹਨ। ਆਟਾ-ਦਾਲ ਸਕੀਮ ’ਚ ਘਿਓ ਤੇ ਚੀਨੀ ਦੇਣ ਦਾ ਵਾਅਦਾ ਕਰਨ ਵਾਲੀ ਕਾਂਗਰਸ ਸਰਕਾਰ ਨੇ ਅਪ੍ਰੈਲ 2019 ਤੋਂ ਹੁਣ ਤੱਕ ਗਰੀਬਾਂ ਨੂੰ ਆਟਾ ਨਹੀਂ ਦਿੱਤਾ, ਜਦਕਿ ਦਾਲ ਪਿਛਲੇ 3 ਸਾਲ ਤੋਂ ਬੰਦ ਹੈ। ਬਿੰਦਰਖ ਨੇੜੇ ਸੰਗਰਾਓ ਨਦੀ ਦੇ ਪੁੱਲ ਲਈ ਅਕਾਲੀ ਭਾਜਪਾ ਸਰਕਾਰ ਵਲੋਂ ਦਿੱਤੇ 6.5 ਕਰੋੜ ਰੁਪਏ ਜਾਰੀ ਕੀਤੇ ਗਏ ਸਨ, ਜੋ ਸਰਕਾਰ ਨੇ ਵਾਪਸ ਮੰਗਵਾ ਲਏ ਹਨ। ਇਸੇ ਤਰ੍ਹਾਂ ਸਫ਼ਰ-ਏ-ਸ਼ਹਾਦਤ ਪ੍ਰਾਜੈਕਟ ਦਾ ਕੰਮ ਬੰਦ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਸਿਆਸੀ ਬਦਲਾਖੋਰੀ ਛੱਡ ਵਿਕਾਸ ਕਾਰਜਾਂ ਵੱਲ ਧਿਆਨ ਦਿੱਤਾ ਜਾਵੇ ਅਤੇ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣ ਤਾਂ ਜੋ ਲੋਕਾਂ ਦਾ ਜੀਵਨ ਸੁਖਾਲਾ ਹੋ ਸਕੇ। ਚੀਮਾ ਨੇ ਪੰਜਾਬ ਸਰਕਾਰ ਨੂੰ ਚਿਤਾਵਨੀ ਦਿੰਦੇ ਕਿਹਾ ਕਿ ਜੇਕਰ ਉਨ੍ਹਾਂ ਨੇ ਨਗਰ ਕੌਂਸਲ ਦੇ ਬਣਦੇ ਫੰਡ ਨਾ ਜਾਰੀ ਕੀਤੇ ਤਾਂ ਸ਼ਹਿਰ ’ਚ ਸਰਕਾਰ ਦੇ ਖਿਲਾਫ ਰੋਸ ਮਾਰਚ ਕਰਕੇ ਵਿਸ਼ਾਲ ਰੈਲੀ ਕੱਢੀ ਜਾਵੇਗੀ ।


rajwinder kaur

Content Editor

Related News