ਮਨੀ ਟਰਾਂਸਫਰ ਦੇ ਦਫਤਰ ''ਚੋਂ ਗੰਨ ਪੁਆਇੰਟ ''ਤੇ 4. 72 ਲੱਖ ਰੁਪਏ ਤੇ 10 ਹਜ਼ਾਰ ਡਾਲਰ ਲੁੱਟੇ

Saturday, Mar 31, 2018 - 07:51 AM (IST)

ਮਨੀ ਟਰਾਂਸਫਰ ਦੇ ਦਫਤਰ ''ਚੋਂ ਗੰਨ ਪੁਆਇੰਟ ''ਤੇ 4. 72 ਲੱਖ ਰੁਪਏ ਤੇ 10 ਹਜ਼ਾਰ ਡਾਲਰ ਲੁੱਟੇ

ਖਰੜ (ਰਣਬੀਰ, ਅਮਰਦੀਪ) - ਅੱਜ ਦਿਨ-ਦਿਹਾੜੇ ਸਥਾਨਕ ਪੁਰਾਣੀ ਸੰਨੀ ਇਨਕਲੇਵ ਖਰੜ-ਚੰਡੀਗੜ੍ਹ ਮੁੱਖ ਮਾਰਗ ਦੇ ਨੇੜੇ ਮੇਨ ਮਾਰਕੀਟ 'ਚ 2 ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ 4 ਵਿਅਕਤੀ ਵੈਸਟਰਨ ਯੂਨੀਅਨ ਮਨੀ ਟਰਾਂਸਫਰ ਦੇ ਦਫਤਰ ਅੰਦਰ ਦਾਖਲ ਹੋਏ ਤੇ ਪਿਸਤੌਲ ਦੀ ਨੋਕ 'ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਲੁਟੇਰੇ ਦਫਤਰ 'ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਨਾਲ ਲੈ ਗਏ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਐੱਸ. ਐੱਚ. ਓ. ਸਿਟੀ ਇੰਸਪੈਕਟਰ ਸਤਨਾਮ ਸਿੰਘ, ਸੰਨੀ ਇਨਕਲੇਵ ਪੁਲਸ ਚੌਕੀ ਇੰਚਾਰਜ ਅਵਤਾਰ ਸਿੰਘ ਪੁਲਸ ਪਾਰਟੀ ਸਮੇਤ ਮੌਕੇ 'ਤੇ ਪੁੱਜ ਗਏ ਤੇ ਜਾਂਚ ਸ਼ੁਰੂ ਕਰ ਦਿੱਤੀ। ਲੁਟੇਰਿਆਂ ਦਾ ਪਤਾ ਲਾਉਣ ਲਈ ਪੁਲਸ ਟੀਮਾਂ ਹਾਈਵੇ ਕੰਢੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਲਭਦੀਆਂ ਨਜ਼ਰ ਆਈਆਂ।
ਏ. ਜੀ. ਪ੍ਰਾਪਰਟੀ ਦੇ ਮਾਲਕ ਅਮਿਤ ਸੈਣੀ ਨੇ ਦੱਸਿਆ ਕਿ ਉਹ ਪ੍ਰਾਪਰਟੀ ਦੇ ਨਾਲ-ਨਾਲ ਦਫਤਰ 'ਚ ਵੈਸਟਰਨ ਯੂਨੀਅਨ ਦੀ ਏਜੰਸੀ ਵੀ ਚਲਾਉਂਦਾ ਹੈ। ਅੱਜ ਦੁਪਹਿਰ 3 ਵਜੇ ਉਹ ਖਾਣਾ ਖਾਣ ਲਈ ਸੰਨੀ ਇਨਕਲੇਵ ਵਿਖੇ ਹੀ ਸਥਿਤ ਆਪਣੇ ਘਰ ਗਿਆ ਸੀ ਤੇ ਪਿੱਛੇ ਉਸਦਾ ਛੋਟਾ ਭਰਾ ਸੁਮਿਤ ਦਫਤਰ 'ਚ ਇਕੱਲਾ ਹੀ ਸੀ। ਸੁਮਿਤ ਮੁਤਾਬਕ ਪੌਣੇ 4 ਵਜੇ ਇਕ ਨੌਜਵਾਨ, ਜਿਸਨੇ ਟੋਪੀ ਤੇ ਕਾਲੇ ਰੰਗ ਦੀ ਟੀ-ਸ਼ਰਟ ਪਾਈ ਸੀ, ਨੇ ਅੰਦਰ ਆ ਕੇ ਡਾਲਰ ਦਾ ਰੇਟ ਪੁੱਛਿਆ। ਅਜੇ ਉਹ ਰੇਟ ਦੱਸ ਹੀ ਰਿਹਾ ਸੀ ਕਿ ਉਸਦੇ ਪਿੱਛੇ 3 ਹੋਰ ਵਿਅਕਤੀ ਵੀ ਅੰਦਰ ਆ ਗਏ, ਜਿਨ੍ਹਾਂ ਵਿਚੋਂ ਇਕ ਨੇ ਮੂੰਹ 'ਤੇ ਰੁਮਾਲ ਬੰਨ੍ਹਿਆ ਹੋਇਆ ਸੀ ਤੇ 2 ਨੇ ਹੈਲਮੇਟ ਪਾਏ ਸਨ। ਉਕਤ ਤਿੰਨਾਂ ਨੇ ਰਿਵਾਲਵਰ ਕੱਢ ਲਏ ਤੇ ਉਸ 'ਤੇ ਤਾਣ ਦਿੱਤੇ, ਇਸੇ ਦੌਰਾਨ ਉਨ੍ਹਾਂ ਗੱਲੇ ਵਿਚ ਰੱਖੀ 4 ਲੱਖ 72 ਹਜ਼ਾਰ ਦੀ ਨਕਦੀ ਤੇ 10 ਹਜ਼ਾਰ ਦੇ ਡਾਲਰ ਉਥੋਂ ਕੱਢ ਲਏ। ਉਨ੍ਹਾਂ ਉਸਦਾ ਮੋਬਾਇਲ ਫੋਨ ਵੀ ਖੋਹ ਲਿਆ ਤੇ ਦਫਤਰ ਅੰਦਰੋਂ ਸੀ. ਸੀ. ਟੀ. ਵੀ. ਕੈਮਰੇ ਦੀ ਡੀ. ਵੀ. ਆਰ. ਵੀ ਚੁੱਕ ਲਈ ਪਰ ਉਹ ਜਾਣ ਲੱਗੇ ਉਸਦਾ ਮੋਬਾਇਲ ਉਥੇ ਹੀ ਤੇ ਦਫਤਰ ਦਾ ਸ਼ਟਰ ਥੱਲੇ ਸੁੱਟ ਕੇ ਮੋਟਰਸਾਈਕਲਾਂ 'ਤੇ ਫਰਾਰ ਹੋ ਗਏ। ਉਸਨੇ ਇਸਦੀ ਜਾਣਕਾਰੀ ਤੁਰੰਤ ਆਪਣੇ ਭਰਾ ਅਮਿਤ ਨੂੰ ਫੋਨ 'ਤੇ ਦਿੱਤੀ, ਜਿਸਨੇ ਮੌਕੇ 'ਤੇ ਪੁੱਜ ਕੇ ਇਸਦੀ ਜਾਣਕਾਰੀ ਪੁਲਸ ਨੂੰ ਦਿੱਤੀ। ਐੱਸ. ਐੱਚ. ਓ. ਸਤਨਾਮ ਸਿੰਘ ਨੇ ਦੱਸਿਆ ਕਿ ਵਾਰਦਾਤ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ। ਆਸ-ਪਾਸ ਦੇ ਦੁਕਾਨਦਾਰਾਂ ਆਦਿ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ, ਤਾਂ ਜੋ ਕਿਸੇ ਤਰ੍ਹਾਂ ਦਾ ਕੋਈ ਸੁਰਾਗ ਹੱਥ ਲਗ ਸਕੇ।


Related News