ਸੜਕਾਂ ਉੱਤੇ ਡੁਲ੍ਹਦਾ ਖ਼ੂਨ

Saturday, Jul 18, 2020 - 06:41 PM (IST)

ਅਖਬਾਰ ਦੇ ਪਹਿਲੇ ਸਫ਼ੇ 'ਤੇ ਨਜ਼ਰ ਗਈ ਤਾਂ ਸੜਕ ਦੁਰਘਟਨਾਵਾਂ ਨਾਲ ਮਾਰੇ ਗਏ ਲੋਕਾਂ ਦੀਆ ਤਸਵੀਰਾਂ ਵੇਖੀਆਂ। ਮਨ ਸੋਚਣ ਲੱਗਾ “ਕੋਈ ਦਿਨ ਨਹੀਂ ਜਾਂਦਾ ਜਦੋਂ ਅਜਿਹੀਆਂ ਖ਼ਬਰਾਂ ਨਾ ਆਉਂਦੀਆਂ ਹੋਣ। ਸੋਚ ਹੀ ਰਿਹਾ ਸੀ ਕਿ ਫੋਨ ਆਇਆ ਕਿ ਛੋਟੇ ਭਰਾ ਦੀ ਕਾਰ ਦਾ ਹਾਦਸਾ ਹੋ ਗਿਆ ਹੈ। ਇਸ 'ਚ ਇਕ ਦੋਸਤ ਨੇ ਜਾਨ ਗਵਾ ਲਈ ਸੀ ਅਤੇ ਬਾਕੀ ਜ਼ਖਮੀ ਹੋ ਗਏ ਸਨ। ਹਸਪਤਾਲ ਦੇ ਬਾਹਰ ਜਦ ਮੈਂ ਖੜਾ ਹਾਦਸਿਆਂ ਬਾਰੇ ਸੋਚ ਕੇ ਰੱਬ ਨਾਲ ਸ਼ਿਕਵਾ ਕਰ ਰਿਹਾ ਸੀ ਤਾਂ ਅੱਖਾਂ ਸਾਹਮਣੇ ਇਕ ਜਵਾਨ ਮੋਟਰਸਾਈਕਲ ਸਵਾਰ ਦੀ ਟਰੱਕ ਨਾਲ ਟਕਰਾ ਕੇ ਮੌਤ ਹੋ ਗਈ। ਪਤਾ ਲੱਗਾ ਪਿਛਲੇ ਸਾਲ ਉਸ ਦੀ ਵੱਡੀ ਭੈਣ ਵੀ ਹਾਦਸੇ ਦਾ ਸ਼ਿਕਾਰ ਹੋ ਗਈ ਸੀ। ਵਿਧਵਾ ਮਾਂ ਦਾ ਇਕਲੌਤਾ ਪੁੱਤਰ ਵੀ ਚਲਾ ਗਿਆ ਸੀ। ਇਹ ਹਾਦਸੇ ਕੋਈ ਇਕ ਘਰ ਦੇ ਨਹੀਂ ਹਨ। ਭਾਰਤ 'ਚ ਹਰ ਚਾਰ ਮਿੰਟਾਂ ਅੰਦਰ ਇਕ ਇਨਸਾਨ ਸੜਕ ਹਾਦਸੇ 'ਚ ਇਕ ਜਾਨ ਗਵਾ ਲੈਂਦਾ ਹੈ। ਇਹ ਅੰਕੜਾ ਸਬ ਤੋਂ ਵੱਧ ਭਾਰਤ ਦਾ ਹੀ ਹੈ। ਇਸ ਦੇ ਲਗਭਗ ਤਿੰਨ ਗੁਣਾ ਲੋਕ ਅਪਾਹਿਜ ਹੋ ਜਾਂਦੇ ਹਨ।  ਮਾਨਸਿਕ ਸੰਤਾਪ ਦਾ ਤਾਂ ਕੋਈ ਅੰਤ ਹੀ ਨਹੀਂ ਹੈ। ਆਰਥਿਕਤਾ ਦੀ ਵੱਡੀ ਸੱਟ ਵੱਜਦੀ ਹੈ। ਘਰਾਂ ਦਾ ਤਾਣਾ-ਬਾਣਾ ਖ਼ਰਾਬ ਹੋ ਜਾਂਦਾ ਹੈ। ਵੱਡੀ ਗੱਲ ਇਹ ਕਿ ਜਾਣ ਵਾਲਿਆਂ 'ਚ ਬਹੁਤ ਗਿਣਤੀ ਨੌਜਵਾਨ ਵਰਗ ਦੀ ਹੁੰਦੀ ਹੈ। ਉਹ ਲੋਕ ਜਿਨ੍ਹਾਂ 'ਚ ਜ਼ਿੰਦਗੀ ਠਾਠਾਂ ਮਾਰ ਰਹੀ ਸੀ, ਬਸ ਚਟਕੇ 'ਚ ਖਤਮ ਹੋ ਜਾਂਦੀ ਹੈ ਪਰ ਇਨ੍ਹਾਂ ਬੇ-ਸਮੇਂ ਮੌਤਾਂ ਨੂੰ ਰੱਬ ਦਾ ਭਾਣਾ ਨਹੀਂ ਕਿਹਾ ਜਾ ਸਕਦਾ। ਇਸ ਦੇ ਲਈ ਅਸੀਂ ਜ਼ਿੰਮੇਵਾਰ ਹਾਂ।

ਭਾਰਤ ਵਿਚ ਹਰ ਸਾਲ ਸੜਕਾਂ 'ਤੇ ਟੋਏ-ਟਿੱਬਿਆਂ ਨਾਲ ਇੰਨੀਆਂ ਮੌਤਾਂ ਹੋ ਜਾਂਦੀਆਂ ਹਨ, ਜਿੰਨੀਆਂ ਅੱਤਵਾਦੀਆਂ ਦੇ ਹਮਲੇ 'ਚ ਵੀ ਨਹੀਂ ਹੁੰਦੀਆਂ ਪਰ ਅੱਤਵਾਦ ਤਾਂ ਮੁੱਦਾ ਬਣ ਗਿਆ ਪਰ ਇਹ ਜ਼ਾਲਿਮ 'ਟੋਏ' ਮੁੱਦਾ ਨਹੀਂ ਬਣ ਸਕੇ। ਅਸਲ 'ਚ ਸੜਕ ਦੁਰਘਟਨਾਵਾਂ ਵਿਚ ਦੋਸ਼ੀ ਤੈਅ ਕਰਨਾ ਮੁਸ਼ਕਿਲ ਹੁੰਦਾ ਹੈ। ਸੋ ਅਸੀਂ ਰੱਬ ਦਾ ਭਾਣਾ ਮਨ ਕੇ ਭੁੱਲਣ ਦੀ ਕੋਸ਼ਿਸ਼ ਕਰਦੇ ਹਾਂ ਪਰ ਖੋਜਣ 'ਤੇ ਅਸਲ ਕਾਰਨਾਂ ਦਾ ਪਤਾ ਲੱਗ ਜਾਂਦਾ ਹੈ। ਬਦ ਕਿਸਮਤੀ ਨਾਲ ਅਸੀਂ ਅਧਿਐਨ ਕਰਨਾ ਛੱਡ ਦਿਤੱ ਹੈ, ਜਿਸ ਦਾ ਫਾਇਦਾ ਹੁਕਮਰਾਨ ਲੈ ਜਾਂਦੇ ਹਨ। ਅਸੀਂ ਕਿਸਮਤ ਸਿਰ ਗੱਲ ਬੰਨ ਕੇ, ਰੱਬ ਦਾ ਭਾਣਾ ਮੰਨ ਕੇ ਆਤਮਿਕ ਸ਼ਾਂਤੀ ਪ੍ਰਾਪਤ ਕਰਨ ਦਾ ਯਤਨ ਕਰਦੇ ਹਾਂ। ਇਹ ਠੀਕ ਹੈ ਕਿ ਜਾਨ ਵਾਲੇ ਵਾਪਸ ਨਹੀਂ ਆਉਂਦੇ ਪਰ ਜੇ ਕਾਰਨਾਂ 'ਤੇ ਵਿਚਾਰ, ਅਤੇ ਹੱਲ 'ਤੇ ਅਮਲ ਕਰੀਏ ਤਾਂ ਕਈ ਭਵਿੱਖ ਦੇ ਹਾਦਸੇ ਟਲ ਸਕਦੇ ਹਨ।

ਸੜਕ ਹਾਦਸਿਆਂ ਦੇ ਹਲ ਬਹੁਪੱਖੀ ਹਨ, ਜਿਵੇਂ, ਹੈਲਮੇਟ ਪਾਉਣਾ ਚਾਹੀਦਾ ਹੈ, ਸੀਟ ਬੈਲਟ ਲਾਉਣੀ ਚਾਹੀਦੀ ਹੈ, ਹੌਲੀ ਚੱਲਣਾ, ਨਸ਼ਾ ਨਾ ਕਰਨਾ, ਇਕ ਪਾਸੜ ਸੜਕਾਂ, ਸੜਕਾਂ 'ਤੇ ਜਾਨਵਰਾਂ ਨੂੰ ਨਾ ਆਉਣ ਦੇਣਾ, ਐਮਰਜੈਂਸੀ ਐਂਮਬੂਲੈਂਸ ਦੀ ਉਪਲੱਬਧਤਾ, ਸੜਕਾਂ 'ਤੇ ਟੋਏ-ਟਿੱਬੇ ਪੂਰਨੇ, ਸਪੀਡ ਜ਼ੋਨ ਬਣਾਉਣੇ ਆਦਿ। ਗੱਲ ਸਿਰਫ ਹੱਲ ਦੀ ਨਹੀਂ, ਹੱਲ ਨੂੰ ਲਾਗੂ ਕਰਨ ਦੀ ਹੈ। ਜੋ ਡਰਾਈਵਰ ਭਾਰਤ 'ਚ ਅੰਨ੍ਹੇਵਾਹ ਗੱਡੀ ਚਲਾਉਂਦੇ ਹਨ, ਉਨ੍ਹਾਂ ਨੂੰ ਬਾਹਲੇ ਮੁਲਕਾਂ 'ਚ ਵਧੀਆ ਡਰਾਈਵਰ ਮੰਨਿਆ ਜਾਂਦਾ ਹੈ। ਕਾਰਣ 'ਡੰਡਾ' ਹੈ, ਜਦੋਂ ਕਾਨੂੰਨ ਸਖ਼ਤੀ ਨਾਲ ਲਾਗੂ ਹੋਣਗੇ ਤਾਂ ਲੋਕ ਪਾਲਣ ਵੀ ਕਰਨਗੇ। ਜੇ ਇਨਸਾਨ ਹੀ ਸੁਲਝ ਜਾਵੇ ਤਾਂ ਸਮੱਸਿਆ ਕਾਹਦੀ ਪਰ ਨਾ ਇਨਸਾਨ ਸੁਲਝੇ ਨਾ ਸਮੱਸਿਆ ਹੱਲ ਹੋਵੇ। ਇਨਸਾਨੀ ਮੰਨ ਸ਼ੁਰੂ ਤੋਂ ਹੀ ਆਜ਼ਾਦ ਖਿਆਲੀ ਹੈ। ਉਹ ਆਪਣੇ ਆਪ ਨਿਯਮਾਂ ਦੀ ਪਾਲਣਾ ਘਟ ਹੀ ਕਰੇਗਾ। ਬਾਹਰਲੇਮੁਲਕਾਂ 'ਚ ਗ਼ਲਤ ਪਾਰਕਿੰਗ ਦਾ ਹਰਜ਼ਾਨਾ300 ਡਾਲਰ ਭਾਵ ਲਗਭਗ15,000ਰੁਪਏ ਹੈ।

ਜਦੋਂ ਇਕ ਵਾਰ ਹਰਜ਼ਾਨਾ ਭਰਨਾ ਪੈਂਦਾ ਹੈ ਤਾਂ ਇਨਸਾਨ ਅੱਗੇ ਤੋਂ ਗਲਤੀ ਕਰਨ ਤੋਂ ਪਹਿਲਾਂ ਕਈ ਵਾਰ ਸੋਚਦਾ ਹੈ। ਇਸ ਲਈ ਵੱਧ ਜ਼ਿੰਮੇਵਾਰੀ ਸਰਕਾਰ ਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਸੜਕ ਹਾਦਸਿਆਂ ਲਈ ਖਾਸ ਅਦਾਰਾ (authority )ਬਣਾਵੇ, ਜਿਸ 'ਤੇ ਹਰ ਹਾਦਸੇ ਦੀ ਜਵਾਬਦੇਹੀ ਤੈਅ ਕੀਤੀ ਜਾਵੇ। ਉਹ ਹੀ ਕਾਰਣ ਤਲਾਸ਼ੇ, ਪਾਲਿਸੀ ਬਣਾਵੇ, ਨਿਯਮ ਬਣਾਵੇ ਅਤੇ ਲਾਗੂਕਰਵਾਵੇ। ਜ਼ਾਵਾਬ ਦੇਹੀ ਅਤੇ ਜ਼ਿੰਮੇਵਾਰੀ ਤੈਅ ਹੋਣ 'ਤੇ ਕੰਮ ਸੁਚਾਰੂ ਢੰਗ ਨਾਲ ਚੱਲੇਗਾ। ਸਿੱਟੇ ਵੀ ਸਾਰਥਕ ਆਉਣਗੇ ਪਰ ਸਰਕਾਰ ਨੂੰ ਕਿ ਪਈ ਹੈ ਕਿ ਉਹ ਇੰਨੀ ਸਿਰ ਦਰਦੀ ਲਵੇ। ਉਸ ਨੂੰ ਪਤਾ ਹੈ ਕਿਉਂਕਿ ਉਸ ਨੂੰ ਵੋਟ ਹੋਰ ਢੰਗਾਂ ਨਾਲ ਮਿਲਜਾਣੀ ਹੈ, ਜਿਵੇਂ; ਨੌਕਰੀ ਲਗਵਾ ਕੇ, ਮਸਲੇ ਸੁਲਝਾ ਕੇ, ਧਰਮ-ਜਾਤ ਦੇ ਨਾਮ 'ਤੇ, ਗਵਾਂਢੀ ਮੁਲਕ ਜਾਂ ਪ੍ਰਾਂਤ ਨੂੰ ਦੁਸ਼ਮਣ ਦਿਖਾ ਕੇ, ਧਾਰਮਿਕ ਸਮਾਗਮ ਜਾਂ ਦਾਨ-ਪੁੰਨ ਕਰਕੇ, ਪੈਸੇ ਦ ੇਕੇ, ਭਾਵ ਕਿਸੇ ਵੀ ਤਰ੍ਹਾਂ ਜਨਤਾ ਦਾ ਦਿਲ ਜਿੱਤ ਕੇ... ਆਦਿ। ਲੋਕਤੰਤਰ 'ਚ ਅਸਲੀ ਤਾਕਤ ਜਨਤਾ ਦੇ ਹੱਥ ਹੁੰਦੀ ਹੈ। ਜਨਤਾ ਸਰਕਾਰ ਨੂੰ ਚੁਣਦੀ ਹੈ, ਸਰਕਾਰ ਜਨਤਾ ਦੀ ਨੁਮਾਇੰਦਗੀ ਕਰਦੀ ਹੋਈ ਰਾਜ ਕਰਦੀ ਹੈ। ਸੋਸ਼ਲ ਕੰਟ੍ਰੈਕਟ ਥਿਊਰੀ ਅਧੀਨ ਜਨਤਾ ਆਪਣੀ ਆਜ਼ਾਦੀ ਨੂੰ ਸਰਕਾਰ ਅਧੀਨ ਕਰਦੀ ਹੈ। ਸਰਕਾਰ ਬਦਲੇ 'ਚ ਉਨ੍ਹਾਂ ਦੇ ਅਧਿਕਾਰਾਂ ਦੀ ਰੱਖਿਆ ਕਰਦੀ ਹੈ। ਸਰਕਾਰ ਦਾ ਫਰਜ਼ ਬਣਦਾ ਹੈ ਉਹ ਜਨਤਾ ਦੇ ਜਾਨ-ਮਾਲ ਦੀ ਰੱਖਿਆ ਕਰੇ ਪਰ ਇਸ ਲਈ ਜਨਤਾ ਨੂੰ ਸਰਕਾਰ 'ਤੇ ਦਬਾਅ ਬਣਾਉਣਾ ਪਵੇਗਾ ਪਰ ਜਨਤਾ ਨੂੰ ਆਪਣੇ ਅਧਿਕਾਰਾਂ ਅਤੇ ਸਰਕਾਰ 'ਤੇ ਦਬਾਅ ਪਾਉਣ ਦੇ ਤਰੀਕਿਆਂ ਦਾ ਹੀ ਨਹੀਂ ਪਤਾ। ਇਸ ਲਈ ਪਹਿਲਾ ਕਦਮ ਗਿਆਨ ਲੈਣਾ ਹੈ। ਦੂਜਾ ਕਦਮ ਗਿਆਨ ਨੂੰ ੂਵਰਤਣਾ ਹੈ। ਗਿਆਨ ਸੰਵਿਧਾਨ ਦਾ, ਰਾਜਨੀਤੀ ਦਾ, ਸਿਸਟਮ ਦਾ, ਕਾਨੂੰਨ ਦਾ, RTI (Right To Information) ਦਾ…ਆਦਿ। ਇਨ੍ਹਾਂ ਮੁੱਦਿਆਂ 'ਤੇ ਆਪਸ 'ਚ ਵਿਚਾਰ ਕਰਨਾ ਚਾਹੀਦਾ ਹੈ। ਸੰਗਠਿਤ ਹੋਣੀ ਵੀ ਬੇਹੱਦ ਜ਼ਰੂਰੀ ਹੈ। ਸੰਗਠਿਤ ਲੋਕਾਂ ਦੀ ਆਵਾਜ਼ ਨੂੰ ਸਰਕਾਰ ਨਜ਼ਰ ਅੰਦਾਜ਼ ਨਹੀਂ ਕਰ ਸਕਦੀ। ਦਿੱਲੀ ਗੈਂਗਰੇਪ ਮਾਮਲੇ 'ਚ ਫਾਂਸੀ ਦੀ ਸਜਾਉਪਲਬੱਧ ਨਹੀਂ ਸੀ ਪਰ ਜਨਤਾ ਦੇ ਗੁੱਸੇ ਕਾਨੂੰਨ ਵੀ ਬਦਲਣਾ ਪਿਆ ਅਤੇ ਸਾਰੇ ਦੋਸ਼ੀ ਸੂਲੀ 'ਤੇ ਟੰਗੇ ਜਾ ਚੁੱਕੇ ਹਨ। ਹਾਲਾਂਕਿ ਮੈਂ ਵਿਅਕਤੀਗਤ ਰੂਪ 'ਚ ਮੌਤ ਦੀ ਸਜ਼ਾ ਦਾ ਪੱਖਦਾਰ ਨਹੀਂ ਹਾਂ। ਇਸ ਵਿਸ਼ੇ 'ਤੇ ਫੇਰ ਕਦੀ ਗੱਲ ਕਰਾਂਗੇ। ਸਿਸਟਮ ਅਤੇ ਸਰਕਾਰ ਦਾ ਡੰਡਾ, ਸਰਕਾਰ ਅਤੇ ਗਿਆਨਵਾਨ ਜਨਤਾ ਦਾ ਡੰਡਾ। ਇਸ ਫਾਰਮੂਲੇ ਨਾਲ ਹੀ ਸਮੱਸਿਆਵਾਂ ਦਾ ਹੱਲ ਲੱਭਿਆ ਜਾ ਸਕਦਾ ਹੈ। ਪ੍ਰਸਿੱਧ ਪੰਜਾਬੀ ਕਵੀ ਲਾਲ ਸਿੰਘ ਦਿਲ ਦਾ ਕਥਨ ਹੈ:
“ਜੋ ਲੜਨਾ ਨਹੀਂ ਜਾਣਦੇ,
ਜੋ ਲੜਨਾ ਨਹੀਂ ਚਾਹੁੰਦੇ
ਉਹ ਗੁਲਾਮ ਬਣਾ ਲਏ ਜਾਂਦੇ ਹਨ''
ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਗੁਲਾਮ ਬਣੇ ਰਹਿਣਾ ਹੈ ਜਾਂ ਗਿਆਨਵਾਨ ਹੋ ਕੇ ਵਿਗੜੇ ਹੋਏ ਸਿਸਟਮ ਖ਼ਿਲਾਫ਼ ਲੜਨਾ ਹੈ।
ਪਰਗਟ ਸਿੰਘ, ਟਾਂਡਾ ਉੜਮੁੜ


shivani attri

Content Editor

Related News