ਵਧਦੀ ਮਹਿੰਗਾਈ : ਨਾਸ਼ਤਾ-ਡਿਨਰ, ਘਰ ਤੋਂ ਲੈ ਕੇ ਆਫਿਸ ਤੱਕ ਦੀਆਂ ਚੀਜ਼ਾਂ ਦੀਆਂ ਕੀਮਤਾਂ 100 ਫੀਸਦੀ ਤੱਕ ਵਧੀਆਂ

05/11/2022 5:59:16 PM

ਜਲੰਧਰ (ਪੁਨੀਤ) : ਪਿਛਲੇ ਦਿਨੀਂ ਰਸੋਈ ਗੈਸ ਦੀ ਕੀਮਤ ’ਚ 50 ਰੁਪਏ ਦੀ ਵਾਧੇ ਨੇ ਲੋਕਾਂ ਦਾ ਧਿਆਨ ਹਰ ਪਾਸਿਓਂ ਹਟਾ ਕੇ ਇਕ ਵਾਰ ਫਿਰ ਮਹਿੰਗਾਈ ’ਤੇ ਕੇਂਦਰਿਤ ਕਰ ਦਿੱਤਾ ਹੈ। ਰਸੋਈ ਦੇ ਸਾਮਾਨ ਦੀਆਂ ਕੀਮਤਾਂ ’ਚ ਪਿਛਲੇ 2 ਸਾਲਾਂ ਦੌਰਾਨ 90 ਫੀਸਦੀ ਤੋਂ ਵੱਧ ਵਾਧਾ ਹੋ ਚੁੱਕਾ ਹੈ। ਦਾਲਾਂ ਹੋਣ ਜਾਂ ਦਵਾਈਆਂ, ਨਾਸ਼ਤਾ ਹੋਵੇ ਜਾਂ ਡਿਨਰ, ਘਰ ਹੋਵੇ ਜਾਂ ਆਫਿਸ ਹਰ ਚੀਜ਼ ਦੀਆਂ ਵਧੀਆਂ ਕੀਮਤਾਂ ਨੇ ਆਮ ਆਦਮੀ ਦੀ ਜੇਬ ’ਤੇ ਡਾਕਾ ਮਾਰਿਆ ਹੈ। ਜਿਸ ਤਰ੍ਹਾਂ ਕੀਮਤਾਂ ਵਿਚ ਵਾਧਾ ਹੋਇਆ ਹੈ, ਉਸ ਨਾਲ ਬੱਚਤ ਕਰਨਾ ਤਾਂ ਦੂਰ ਦੀ ਗੱਲ, ਖਰਚ ਚਲਾ ਪਾਉਣਾ ਵੀ ਆਸਾਨ ਨਹੀਂ ਰਿਹਾ। ਜ਼ਰੂਰਤ ਦੀਆਂ ਕਈ ਚੀਜ਼ਾਂ ਦੀਆਂ ਕੀਮਤਾਂ ’ਚ 100 ਫੀਸਦੀ ਤੱਕ ਵਾਧਾ ਦੇਖਣ ਨੂੰ ਮਿਲਿਆ ਹੈ। ਅਜਿਹਾ ਕੋਈ ਸੈਕਟਰ ਨਹੀਂ ਬਚਿਆ, ਜਿਹੜਾ ਮਹਿੰਗਾਈ ਦੀ ਅੱਗ ਨਾਲ ਝੁਲਸ ਨਾ ਰਿਹਾ ਹੋਵੇ। ਜੀਵਨ ਰੱਖਿਅਕ ਦਵਾਈਆਂ ਦੀਆਂ ਕੀਮਤਾਂ ਵਿਚ ਵਾਧੇ ਨਾਲ ਲੋਕਾਂ ਦੀ ਹਾਅ ਨਿਕਲ ਚੁੱਕੀ ਹੈ। 40 ਰੁਪਏ ਕਿਲੋ ਵਿਕਣ ਵਾਲੀ ਸੋਇਆਬੀਨ (ਨਿਊਟਰੀ) ਦੀਆਂ ਕੀਮਤਾਂ ਵਿਚ 100 ਫੀਸਦੀ ਤੋਂ ਵਾਧਾ ਹੋਇਆ ਹੈ ਅਤੇ ਇਹ ਕੀਮਤਾਂ 90 ਤੋਂ 95 ਰੁਪਏ ਤੱਕ ਪਹੁੰਚ ਚੁੱਕੀਆਂ ਹਨ।

ਇਹ ਵੀ ਪੜ੍ਹੋ : ਧਮਾਕਾ ਪੰਜਾਬ ਦੀ ਅਮਨ-ਸ਼ਾਂਤੀ ਨੂੰ ਭੰਗ ਕਰਨ ਦੀ ਸਾਜ਼ਿਸ਼ : ਰਾਘਵ ਚੱਢਾ

PunjabKesari

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 70 ਫੀਸਦੀ ਵਾਧੇ ਨੇ ਟਰਾਂਸਪੋਰਟਰਾਂ ਦੀ ਕਮਰ ਤੋੜ ਦਿੱਤੀ ਹੈ। ਇਸਦਾ ਸਿੱਧਾ ਅਸਰ ਆਮ ਜਨ-ਜੀਵਨ ’ਤੇ ਪੈ ਰਿਹਾ ਹੈ। ਸਾਲ 2020 ਨਾਲ ਤੁਲਨਾ ਕਰੀਏ ਤਾਂ ਜਿਸ ਰਫਤਾਰ ਨਾਲ ਮਹਿੰਗਾਈ ਵਧ ਰਹੀ ਹੈ, ਉਸ ਹਿਸਾਬ ਨਾਲ ਆਮਦਨੀ ਵਿਚ ਵਾਧਾ ਹੁੰਦਾ ਨਜ਼ਰ ਨਹੀਂ ਆ ਰਿਹਾ। ਅਾਮਦਨੀ ਅਤੇ ਖਰਚ ਵਿਚਾਲੇ ਵਧਦੀ ਦੂਰੀ ਕਾਰਨ ਲੋਕ ਪ੍ਰੇਸ਼ਾਨ ਹਨ। ਦਾਲ-ਰੋਟੀ ਜੁਟਾਉਣਾ ਮੁਸ਼ਕਲ ਹੋ ਚੁੱਕਾ ਹੈ। ਲੋਕਾਂ ਨੇ ਆਪਣੀ ਜ਼ਰੂਰਤ ਦੇ ਖਰਚ ’ਤੇ ਕੈਂਚੀ ਚਲਾ ਦਿੱਤੀ ਹੈ। ਹਾਲਤ ਇਹ ਬਣ ਚੁੱਕੀ ਹੈ ਕਿ ਲੋਕ ਜਿਵੇਂ-ਕਿਵੇਂ ਦਿਨ ਕੱਢ ਰਹੇ ਹਨ। ਅਜਿਹੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ, ਜਿਹੜੀ ਮਹਿੰਗਾਈ ਦੀ ਦਰ ਘੱਟ ਹੋਣ ਦਾ ਸਮਾਂ ਦੱਸ ਸਕੇ ਅਤੇ ਲੋਕਾਂ ਨੂੰ ਰਾਹਤ ਦਿੱਤੀ ਜਾ ਸਕੇ। ਹਰ ਪਾਸੇ ਲੋਕ ਮਹਿੰਗਾਈ ’ਤੇ ਰੋਕ ਲਾਉਣ ਦੀ ਮੰਗ ਕਰਦੇ ਦੇਖੇ ਜਾ ਸਕਦੇ ਹਨ। ਵਿਰੋਧੀ ਪਾਰਟੀਆਂ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੀਆਂ ਪਰ ਇਸਦੇ ਬਾਵਜੂਦ ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਮਾਰਕੀਟ ਵਿਚ 2 ਸਾਲ ਪੁਰਾਣੇ ਰੇਟ ਸੁਣ ਕੇ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਕੋਈ ਸੁਪਨਾ ਦੇਖ ਰਹੇ ਹਾਂ। ਇਹ ਤਾਂ ਪ੍ਰਮਾਤਮਾ ਹੀ ਜਾਣੇ ਕਿ ਮਹਿੰਗਾਈ ਘਟਣ ਦਾ ਸੁਪਨਾ ਕਦੋਂ ਪੂਰਾ ਹੋਵੇਗਾ ਪਰ ਅਜੇ ਤਾਂ ਮਹਿੰਗਾਈ ਨੇ ਹਰ ਪਾਸੇ ਹਾਹਾਕਾਰ ਮਚਾਈ ਹੋਈ ਹੈ।

ਇਹ ਵੀ ਪੜ੍ਹੋ : ਮੋਹਾਲੀ ’ਚ ਧਮਾਕੇ ਤੋਂ ਬਾਅਦ ਕਾਂਗਰਸ ਦੀ ਮਾਨ ਨੂੰ ਸਲਾਹ, ਆਪਣੀਆਂ ਪ੍ਰਾਥਮਿਕਤਾਵਾਂ ਨੂੰ ਸਹੀ ਦਿਸ਼ਾ ’ਚ ਬਦਲੋ

ਘਰੇਲੂ ਗੈਸ ਦੀ ਕੀਮਤ ’ਚ 418 ਰੁਪਏ ਦਾ ਵਾਧਾ : ਬਜਟ ਵਿਗੜਿਆ
ਆਮ ਆਦਮੀ ਘਰ ਵਿਚ ਹੋਰ ਕਿਸੇ ਚੀਜ਼ ਦੀ ਵਰਤੋਂ ਬੰਦ ਕਰ ਸਕਦਾ ਹੈ ਪਰ ਰਸੋਈ ਗੈਸ ਦੀ ਵਰਤੋਂ ਚਾਹ ਕੇ ਵੀ ਬੰਦ ਨਹੀਂ ਕੀਤੀ ਜਾ ਸਕਦੀ। ਰਸੋਈ ਗੈਸ ਮੁੱਢਲੀਆਂ ਲੋੜਾਂ ਵਿਚੋਂ ਇਕ ਬਣ ਚੁੱਕੀ ਹੈ ਅਤੇ ਪਿਛਲੇ 2 ਸਾਲਾਂ ਦੌਰਾਨ ਇਸ ਦੀਆਂ ਕੀਮਤ 418 ਰੁਪਏ ਤੱਕ ਵਧ ਚੁੱਕੀ ਹੈ, ਜਿਸ ਨਾਲ ਘਰਾਂ ਦਾ ਬਜਟ ਵਿਗੜ ਚੁੱਕਾ ਹੈ। 2020 ਦੇ ਵਿਚਕਾਰ ਰਸੋਈ ਗੈਸ ਦੀ ਕੀਮਤ 580 ਰੁਪਏ ਦੇ ਲਗਭਗ ਸੀ, ਜੋ ਕਿ 2020 ਦੇ ਆਖਿਰ ਵਿਚ 594 ਰੁਪਏ ’ਤੇ ਜਾ ਪੁੱਜੀ। ਫਰਵਰੀ 2021 ਵਿਚ 719, ਮਈ ਵਿਚ 809, ਅਕਤੂਬਰ ਵਿਚ 899, ਮਾਰਚ ਵਿਚ 949 ਅਤੇ ਹੁਣ ਕੀਮਤ 1000 ਦਾ ਅੰਕੜਾ ਪਾਰ ਕਰ ਚੁੱਕੀ ਹੈ। 15 ਹਜ਼ਾਰ ਰੁਪਏ ਤਨਖਾਹ ਲੈਣ ਵਾਲੇ ਵਿਅਕਤੀ ਦੇ ਘਰ 2 ਸਿਲੰਡਰਾਂ ਦੀ ਖਪਤ ਹੁੰਦੀ ਹੈ ਤਾਂ ਉਸਦੀ ਆਮਦਨੀ ਦਾ ਵੱਡਾ ਹਿੱਸਾ ਰਸੋਈ ਗੈਸ ’ਤੇ ਖਰਚ ਹੋ ਜਾਵੇਗਾ, ਜੋ ਕਿ ਕਿਸੇ ਹਮਲੇ ਤੋਂ ਘੱਟ ਨਹੀਂ।

PunjabKesari

34 ਰੁਪਏ ਤੱਕ ਵਧੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
ਡੀਜ਼ਲ ਦੀ ਕੀਮਤ ਵਧਣ ਨਾਲ ਹਰ ਚੀਜ਼ ਮਹਿੰਗੀ ਹੁੰਦੀ ਹੈ ਕਿਉਂਕਿ ਜਦੋਂ ਵੀ ਮਾਲ-ਭਾੜਾ ਵਧਦਾ ਹੈ ਤਾਂ ਹਰ ਚੀਜ਼ ਦੂਜੀ ਥਾਂ ’ਤੇ ਪਹੁੰਚਦੇ-ਪਹੁੰਚਦੇ ਮਹਿੰਗੀ ਹੋ ਜਾਂਦੀ ਹੈ। ਪਿਛਲੇ 2 ਸਾਲਾਂ ਦੌਰਾਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿਚ 34 ਰੁਪਏ ਤੋਂ ਵੱਧ ਦਾ ਵਾਧਾ ਹੋਇਆ ਹੈ। ਇਨ੍ਹਾਂ ਦੀਆਂ ਕੀਮਤਾਂ ਵਿਚ ਅਜੇ ਵੀ ਸਥਿਰਤਾ ਨਹੀਂ ਕਹੀ ਜਾ ਸਕਦੀ ਕਿਉਂਕਿ ਕੀਮਤਾਂ ਵਧਾਉਣ ਦੀ ਕੋਈ ਨਿਸ਼ਚਿਤ ਤਰੀਕ ਜਾਂ ਮਾਪਦੰਡ ਨਹੀਂ ਹੈ। ਮਈ 2020 ਵਿਚ ਡੀਜ਼ਲ ਦੀ ਕੀਮਤ 62.29 ਰੁਪਏ ਦੇ ਲਗਭਗ ਸੀ, ਜਿਹੜੀ ਮਾਰਚ 2021 ਵਿਚ 91.17 ਰੁਪਏ ਤੱਕ ਪਹੁੰਚ ਗਈ। ਅਪ੍ਰੈਲ ਦੀ ਸ਼ੁਰੂਆਤ ਵਿਚ ਇਸ ਦੀ ਕੀਮਤ 93 ਰੁਪਏ ਦੇ ਲਗਭਗ ਰਹੀ, ਜਦੋਂ ਕਿ ਹੁਣ ਰਾਜਧਾਨੀ ਦਿੱਲੀ ਵਿਚ ਇਸਦੀ ਕੀਮਤ ਇਸ ਸਮੇਂ 96.67 ਰੁਪਏ ਤੱਕ ਪਹੁੰਚ ਚੁੱਕੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਡੀਜ਼ਲ ਦੀ ਕੀਮਤ ਘਟਣ ਨਾਲ ਜਨਤਾ ਨੂੰ ਵੱਡੀ ਰਾਹਤ ਮਿਲ ਸਕਦੀ ਹੈ, ਇਸ ਲਈ ਸਰਕਾਰ ਨੂੰ ਇਸ ਪ੍ਰਤੀ ਉਚਿਤ ਕਦਮ ਚੁੱਕਣਾ ਚਾਹੀਦਾ ਹੈ।

PunjabKesari

ਦਾਲਾਂ ਦੀਆਂ ਕੀਮਤਾਂ ਨੇ ਸੰਤੁਲਿਤ ਖਾਣੇ ਤੋਂ ਕੀਤਾ ਦੂਰ
ਦਾਲਾਂ ਨੂੰ ਸੰਤੁਲਿਤ ਖਾਣਾ ਕਿਹਾ ਜਾਂਦਾ ਹੈ ਪਰ ਦਾਲਾਂ ਦੀਆਂ ਕੀਮਤਾਂ ਨੇ ਜਿਸ ਤਰ੍ਹਾਂ ਬਜਟ ਵਿਗਾੜਿਆ ਹੈ, ਉਸ ਨਾਲ ਹਰ ਵਿਅਕਤੀ ਪ੍ਰੇਸ਼ਾਨੀ ਝੱਲਣ ਨੂੰ ਮਜਬੂਰ ਹੈ। ਖਾਣ ਵਾਲੇ ਤੇਲ ਦੀਆਂ ਕੀਮਤਾਂ ਨੇ ਜ਼ਾਇਕਾ ਵਿਗਾੜਿਆ ਹੋਇਆ ਹੈ। ਮਸਾਲੇ ਮਹਿੰਗੇ ਹੋ ਚੁੱਕੇ ਹਨ ਅਤੇ ਖਰੀਦਦਾਰੀ ਲਈ ਜਾਣ ਵਿਅਕਤੀ ਦੇ ਚਿਹਰੇ ਤੋਂ ਮੁਸਕਰਾਹਟ ਦੂਰ ਹੋ ਚੁੱਕੀ ਹੈ। ਛੋਲਿਆਂ ਦੀ ਦਾਲ 50 ਤੋਂ 75, ਡਾਲਰ ਚਨੇ 90 ਤੋਂ 120, ਰਾਜਮਾਂਹ 100 ਤੋਂ 140, ਮਾਂਹ ਦੀ ਦਾਲ 70 ਤੋਂ 100, ਮਸਰਾਂ ਦੀ ਦਾਲ 75 ਤੋਂ 100, ਮੂੰਗੀ ਧੋਤੀ 75 ਤੋਂ 95 ਰੁਪਏ ਤੱਕ ਪਹੁੰਚ ਚੁੱਕੀ ਹੈ। ਜਦੋਂ ਦਾਲਾਂ ਮਹਿੰਗੀਆਂ ਹੁੰਦੀਆਂ ਹਨ ਤਾਂ ਵਿਅਕਤੀ ਸਬਜ਼ੀਆਂ ਖਰੀਦਣ ਲੱਗਦਾ ਹੈ ਪਰ ਇਸ ਸਮੇਂ ਸਬਜ਼ੀਆਂ ਦੇ ਭਾਅ ਵੀ ਆਸਮਾਨ ਨੂੰ ਛੂਹ ਰਹੇ ਹਨ, ਜਿਸ ਨਾਲ ਲੋਕਾਂ ਕੋਲ ਕੋਈ ਬਦਲ ਨਹੀਂ ਬਚਿਆ।

PunjabKesari

ਬੱਚਿਆਂ ਦੀਆਂ ਫੀਸਾਂ ਭਰਨਾ ਹੋ ਰਿਹੈ ਮੁਸ਼ਕਲ
ਰੋਜ਼ਾਨਾ ਦੀਆਂ ਲੋੜਾਂ ਦੇ ਸਾਮਾਨ ਨੂੰ ਮਹਿੰਗਾਈ ਦੀ ਅੱਗ ਨੇ ਜਿਸ ਤਰ੍ਹਾਂ ਝੁਲਸਾਇਆ ਹੈ, ਉਹ ਚਿੰਤਾ ਦਾ ਵਿਸ਼ਾ ਹੈ। ਮਹਿੰਗਾਈ ਇੰਨੀ ਹੈ ਕਿ ਪੈਸੇ ਭਾਫ ਵਾਂਗ ਉੱਡ ਰਹੇ ਹਨ। ਹਫਤੇ ਭਰ ਵਿਚ ਹੀ ਮਹੀਨੇ ਦਾ ਬਜਟ ਖਤਮ ਹੋਈ ਜਾ ਰਿਹਾ ਹੈ, ਜਿਸ ਨਾਲ ਲੋਕ ਪ੍ਰੇਸ਼ਾਨ ਹਨ। 1000 ਨੂੰ ਪਾਰ ਕਰ ਚੁੱਕੀ ਰਸੋਈ ਗੈਸ ਦੀ ਕੀਮਤ ਨਾਲ ਆਮ ਆਦਮੀ ਦੀ ਰਸੋਈ ਦਾ ਬਜਟ ਵਿਗੜ ਗਿਆ ਹੈ। ਹੁਣ ਹਰ ਛੋਟੀ-ਵੱਡੀ ਚੀਜ਼ ਖਰੀਦਣ ਤੋਂ ਪਹਿਲਾਂ ਦੂਰ ਦੀ ਸੋਚਣੀ ਪੈਂਦੀ ਹੈ ਤਾਂ ਕਿ ਲੋੜ ਦੀਆਂ ਚੀਜ਼ਾਂ ਖਰੀਦਣ ਤੋਂ ਪਹਿਲਾਂ ਬਜਟ ਖਤਮ ਨਾ ਹੋ ਜਾਵੇ। ਹਾਲ ਇਹ ਹੈ ਕਿ ਬਹੁਤ ਮੁਸ਼ਕਲਾਂ ਝੱਲ ਕੇ ਮਹੀਨੇ ਦੇ 10-15 ਹਜ਼ਾਰ ਰੁਪਏ ਕਮਾਉਣ ਵਾਲੇ ਵਿਅਕਤੀ ਲਈ ਬੱਚਿਆਂ ਦੀਆਂ ਫੀਸਾਂ ਭਰਨਾ ਵੀ ਮੁਸ਼ਕਲ ਹੋ ਰਿਹਾ ਹੈ।

ਇਹ ਵੀ ਪੜ੍ਹੋ :  ਸੱਸ ਤੇ ਪਤੀ ਤੋਂ ਦੁੱਖੀ ਔਰਤ ਨੇ ਕੀਤੀ ਆਤਮ ਹੱਤਿਆ, ਕੇਸ ਦਰਜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


Anuradha

Content Editor

Related News