ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਨੂੰ ਵਿਸ਼ੇਸ਼ ਹੁਕਮ ਕੀਤੇ ਜਾਰੀ

Friday, Oct 11, 2024 - 06:36 PM (IST)

ਫ਼ਿਲਮ ‘ਪੰਜਾਬ 95’ ਨੂੰ ਲੈ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ SGPC ਨੂੰ ਵਿਸ਼ੇਸ਼ ਹੁਕਮ ਕੀਤੇ ਜਾਰੀ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਉਹ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ‘ਪੰਜਾਬ 95’ ਦੀ ਵੱਖ-ਵੱਖ ਪੱਖਾਂ ਤੋਂ ਘੋਖ ਕਰਨ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਇਕ ਉੱਚ ਪੱਧਰੀ ਪੈਨਲ ਗਠਿਤ ਕਰੇ। 

ਇਹ ਵੀ ਪੜ੍ਹੋ- ਭਿਆਨਕ ਹਾਦਸੇ ਨੇ ਉਜਾੜਿਆ ਪਰਿਵਾਰ, ਛੁੱਟੀ ਲੈ ਕੇ ਘਰ ਆ ਰਹੇ ਫੌਜੀ ਦੀ ਮੌਤ

ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਤੋਂ ਜਾਰੀ ਲਿਖਤੀ ਬਿਆਨ ਵਿਚ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਬੀਬੀ ਪਰਮਜੀਤ ਕੌਰ ਖਾਲੜਾ, ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਆਗੂ ਤੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੇ ਗਏ ਪੱਤਰਾਂ ਵਿਚ ਸ਼ੰਕਾ ਜਤਾਈ ਗਈ ਹੈ ਕਿ 1984 ਤੋਂ 1995 ਤੱਕ ਚੱਲੇ ਸਿੱਖ ਸੰਘਰਸ਼ ਵੇਲੇ ਹੋਏ ਸਰਕਾਰੀ ਜ਼ਬਰ ਅਤੇ ਝੂਠੇ ਪੁਲਸ ਮੁਕਾਬਲਿਆਂ ਸਬੰਧੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੁਆਰਾ ਨੰਗੇ ਕੀਤੇ ਸੱਚ ਨੂੰ ਲੁਕਾਉਣ ਲਈ ਭਾਰਤੀ ਫਿਲਮ ਸੈਂਸਰ ਬੋਰਡ ਵਲੋਂ 120 ਦੇ ਲਗਭਗ ਕੱਟ ਲਗਾ ਕੇ ਭਾਰਤੀ ਸੁਪਰੀਮ ਕੋਰਟ, ਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਪ੍ਰਮਾਣਿਤ ਕੀਤੇ ਤੱਥਾਂ ਅਤੇ ਕੇਂਦਰੀ ਮਨੁੱਖੀ ਅਧਿਕਾਰ ਕਮਿਸ਼ਨ ਦੀਆਂ ਰਿਪੋਰਟਾਂ ਨੂੰ ਬਦਲਣ ਦੇ ਯਤਨ ਕੀਤੇ ਗਏ ਹਨ।

ਇਹ ਵੀ ਪੜ੍ਹੋ- ਪੰਜਾਬ 'ਚ ਸਵੇਰੇ-ਸ਼ਾਮ ਸੀਤ ਲਹਿਰ ਸ਼ੁਰੂ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦੇ ਪਰਿਵਾਰ ਵਲੋਂ ਜਿਸ ਅਸਲੀ ਰੂਪ ਵਿਚ ਭਾਈ ਖਾਲੜਾ ਦੇ ਜੀਵਨ ‘ਤੇ ਫਿਲਮ ਬਣਾਉਣ ਦੀ ਫਿਲਮ ਨਿਰਮਾਤਾਵਾਂ ਨੂੰ ਸਹਿਮਤੀ ਦਿੱਤੀ ਗਈ ਸੀ, ਸੈਂਸਰ ਬੋਰਡ ਵਲੋਂ ਲਗਾਏ ਕੱਟਾਂ ਤੋਂ ਬਾਅਦ ਫਿਲਮ ਦਾ ਰੂਪ ਉਸ ਤੋਂ ਬਿਲਕੁਲ ਬਦਲ ਗਿਆ ਹੈ, ਜਿਸ ਬਾਰੇ ਵੀ ਖਾਲੜਾ ਪਰਿਵਾਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਭੇਜੀ ਦਰਖਾਸਤ ਵਿਚ ਦੁੱਖ ਜਤਾਇਆ ਹੈ। 

ਇਹ ਵੀ ਪੜ੍ਹੋ-  ਸੋਸ਼ਲ ਮੀਡੀਆ ਇਨਫਲੂਏਂਸਰ ਹਨੀ ਸੇਠੀ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਕਿਸੇ ਵੀ ਇਤਿਹਾਸਕ ਪੱਖ ‘ਤੇ ਬਣਨ ਵਾਲੀ ਫਿਲਮ ਵਿਚੋਂ ਅਦਾਲਤਾਂ, ਮਨੁੱਖੀ ਅਧਿਕਾਰ ਸੰਸਥਾਵਾਂ ਅਤੇ ਮੀਡੀਆ ਦੁਆਰਾ ਪ੍ਰਮਾਣਿਤ ਕੀਤੇ ਇਤਿਹਾਸਕ ਤੱਥਾਂ ਨੂੰ ਬਦਲਣਾ ਮੌਲਿਕਤਾ ਦੇ ਅਧਿਕਾਰ ਅਤੇ ਜਮਹੂਰੀਅਤ ਦਾ ਘਾਣ ਕਰਨ ਬਰਾਬਰ ਹੈ। ਉਨ੍ਹਾਂ ਕਿਹਾ ਕਿ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਸਿੱਖ ਕੌਮ ਦੇ ਸ਼ਹੀਦ ਅਤੇ ਮਨੁੱਖੀ ਅਧਿਕਾਰਾਂ ਦੇ ਨਾਇਕ ਸਨ। ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਲਿਖਤੀ ਪੱਤਰ ਭੇਜ ਕੇ ਆਦੇਸ਼ ਕੀਤਾ ਹੈ ਕਿ ਖਾਲੜਾ ਪਰਿਵਾਰ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਜਤਾਏ ਜਾ ਰਹੇ ਸ਼ੰਕਿਆਂ ਦੀ ਰੌਸ਼ਨੀ ਵਿਚ ਸ਼ਹੀਦ ਭਾਈ ਖਾਲੜਾ ਦੇ ਜੀਵਨ ‘ਤੇ ਆਧਾਰਿਤ ਫਿਲਮ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਸਾਰੇ ਪੱਖਾਂ ਤੋਂ ਘੋਖਣ ਲਈ ਤੁਰੰਤ ਸਿੱਖ ਵਿਦਵਾਨਾਂ ਦਾ ਉੱਚ ਪੱਧਰੀ ਪੈਨਲ ਬਣਾਇਆ ਜਾਵੇ ਅਤੇ ਫਿਲਮ ਨੂੰ ਅਸਲ ਰੂਪ ਵਿਚ ਰਿਲੀਜ਼ ਕਰਵਾਉਣ ਲਈ ਢੁੱਕਵੇਂ ਯਤਨ ਕੀਤੇ ਜਾਣ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News