ਰਵਨੀਤ ਬਿੱਟੂ ਵਲੋਂ ਗੋਦ ਲਏ ਪਿੰਡ ਦੇ ਲੋਕ ਡਾਹਢੇ ਦੁਖੀ, ਟੁੱਟੀਆਂ ਸਭ ਆਸਾਂ
Monday, Jun 11, 2018 - 09:54 AM (IST)
ਲੁਧਿਆਣਾ : ਹਲਕਾ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਵਲੋਂ 4 ਸਾਲ ਪਹਿਲਾਂ ਗੋਦ ਲਏ ਪਿੰਡ ਈਸੇਵਾਲ ਦੇ ਲੋਕ ਡਾਹਢੇ ਦੁਖੀ ਹਨ। ਪਹਿਲਾਂ ਪਹਿਲ ਉਨ੍ਹਾਂ ਨੂੰ ਪਿੰਡ ਦੇ ਵਿਕਾਸ ਦੀ ਆਸ ਬੱਝੀ ਸੀ ਪਰ ਚਾਰ ਸਾਲਾਂ ਬਾਅਦ ਉਨ੍ਹਾਂ ਦੀਆਂ ਸਭ ਆਸਾਂ ਟੁੱਟ ਗਈਆਂ ਹਨ ਕਿਉਂਕਿ ਪਿੰਡ ਹਾਲੇ ਵੀ ਸਹੂਲਤਾਂ ਦੀ ਥੁੜ੍ਹ ਨਾਲ ਜੂਝ ਰਿਹਾ ਹੈ।
ਜਾਣਕਾਰੀ ਮੁਤਾਬਕ ਪਰਮਵੀਰ ਚੱਕਰ ਵਿਜੇਤਾ ਸ਼ਹੀਦ ਨਿਰਮਲਜੀਤ ਸਿੰਘ ਸੇਖੋਂ ਦੇ ਪਿੰਡ ਈਸੇਵਾਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਕੀਮ ਤਹਿਤ ਰਵਨੀਤ ਬਿੱਟੂ ਨੇ ਗੋਦ ਲਿਆ ਸੀ। ਗੋਦ ਲੈਣ ਦਾ ਮਤਲਬ ਸੀ ਕਿ ਉਹ ਇਸ ਪਿੰਡ 'ਚ ਹਰ ਤਰ੍ਹਾਂ ਦਾ ਵਿਕਾਸ ਕਰਾਉਣਗੇ ਪਰ 4 ਸਾਲਾਂ ਬਾਅਦ ਵੀ ਇਸ ਪਿੰਡ ਦੇ ਹਾਲਾਤ 'ਚ ਕਈ ਬਹੁਤਾ ਫਰਕ ਨਹੀਂ ਪਿਆ।
ਬਿੱਟੂ ਨੇ ਸਿਰਫ 2 ਵਾਰ ਮਾਰਿਆ ਗੇੜਾ
ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਰਵਨੀਤ ਬਿੱਟੂ ਨੇ 4 ਸਾਲਾਂ 'ਚ ਸਿਰਫ 2 ਵਾਰ ਪਿੰਡ ਦਾ ਗੇੜਾ ਮਾਰਿਆ ਹੈ ਅਤੇ ਕੁੱਲ 10 ਲੱਖ ਰੁਪਏ ਦਾ ਫੰਡ ਪਿੰਡ 'ਚ ਵਿਕਾਸ ਕਾਰਜਾਂ ਦੇ ਨਾਂ 'ਤੇ ਦਿੱਤਾ ਹੈ। ਉਸ ਤੋਂ ਬਾਅਦ ਪਿੰਡ ਨੂੰ ਅਜੇ ਤੱਕ ਕੋਈ ਹੋਰ ਗ੍ਰਾਂਟ ਨਹੀਂ ਦਿੱਤੀ ਗਈ। ਪਿੰਡ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ ਅਤੇ ਹਰ ਪਾਸੇ ਕੂੜਾ ਪਿਆ ਹੈ। ਪਿੰਡ 'ਚ ਬਣੇ ਛੱਪੜ 'ਚ ਵੀ ਗੰਦਗੀ ਦੀ ਭਰਮਾਰ ਹੈ।
ਪਿੰਡ ਵਾਸੀਆਂ ਕਈ ਵਾਰ ਕੀਤੀ ਬਿੱਟੂ ਨਾਲ ਮੁਲਾਕਾਤ
ਪਿੰਡ ਦੀ ਪੰਚਾਇਥ ਦੇ ਮੈਂਬਰ ਕਈ ਵਾਰ ਰਵਨੀਤ ਬਿੱਟੂ ਕੋਲ ਗਏ ਸਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਪਿੰਡ 'ਚ ਨਾ ਤਾਂ ਹਸਪਤਾਲ ਹੈ ਅਤੇ ਨਾ ਹੀ ਕੋਈ ਹੋਰ ਮੁੱਢਲੀ ਸਹੂਲਤ। ਪਿੰਡ 'ਚ ਇਕ ਛੋਟਾ ਜਿਹਾ ਸਿਹਤ ਕੇਂਦਰ ਹੈ। ਸਰਪੰਚ ਸੁਰਜੀਤ ਕੌਰ ਨੇ ਦੱਸਿਆ ਕਿ ਪਿੰਡ 'ਚ ਆਉਣ-ਜਾਣ ਦਾ ਕੋਈ ਸਾਧਨ ਨਹੀਂ ਹੈ। ਪਿੰਡ ਦੇ ਕਿਸੇ ਵੀ ਵਿਅਕਤੀ ਨੂੰ ਬਾਹਰ ਜਾਣ ਲਈ ਪਹਿਲਾਂ ਢਾਈ ਕਿਲੋਮੀਟਰ ਤੱਕ ਪੈਦਲ ਚੱਲਣਾ ਪੈਂਦਾ ਹੈ ਜਾਂ ਫਿਰ ਕਿਸੇ ਤਰ੍ਹਾਂ ਮੁੱਖ ਸੜਕ 'ਤੇ ਪੁੱਜ ਕੇ ਬੱਸ ਫੜ੍ਹਨੀ ਪੈਂਦੀ ਹੈ।
ਕੀ ਕਹਿਣੈ ਰਵਨੀਤ ਬਿੱਟੂ ਦਾ
ਰਵਨੀਤ ਬਿੱਟੂ ਦਾ ਕਹਿਣਾ ਹੈ ਕਿ ਪਿੰਡ ਨੂੰ ਗੋਦ ਲੈਣ ਦੀ ਕੇਂਦਰ ਸਰਕਾਰ ਦੀ ਸਕੀਮ ਫੇਲ ਹੋ ਚੁੱਕੀ ਹੈ। ਸਰਕਾਰ ਨੇ ਪਿੰਡ ਦੇ ਵਿਕਾਸ ਲਈ ਕੋਈ ਗ੍ਰਾਂਟ ਨਹੀਂ ਦਿੱਤੀ। ਜਿੰਨੀ ਵਾਰ ਸਰਕਾਰ ਨੇ ਪੁੱਛਿਆ, ਉਨ੍ਹਾਂ ਨੇ ਵਿਕਾਸ ਕਾਰਜਾਂ ਦੀ ਪੂਰੀ ਯੋਜਨਾ ਕੇਂਦਰ ਸਰਕਾਰ ਨੂੰ ਦਿੱਤੀ ਸੀ ਪਰ ਸਰਕਾਰ ਨੇ ਕੋਈ ਪੈਸਾ ਨਹੀਂ ਦਿੱਤਾ। ਰਵਨੀਤ ਬਿੱਟੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕੋਟੇ 'ਚੋਂ ਪਿੰਡ ਲਈ 10 ਲੱਖ ਰੁਪਏ ਦੀ ਗ੍ਰਾਂਟ ਨਾਲ ਸੀਵਰੇਜ਼ ਦਾ ਕੰਮ ਸ਼ੁਰੂ ਕਰਾਇਆ ਸੀ।
