ਰਵਨੀਤ ਬਿੱਟੂ ਦਾ ਵੱਡਾ ਬਿਆਨ, ਪੰਜਾਬੀਓ ਪੱਗ ਦਾ ਸਵਾਲ ਹੈ, ਕਿਸਾਨ ਅੰਦੋਲਨ ’ਚ ਵਹੀਰਾਂ ਘੱਤ ਕੇ ਪੁੱਜੋ
Saturday, Jan 30, 2021 - 10:08 PM (IST)
ਚੰਡੀਗੜ੍ਹ (ਟੱਕਰ) - ਲੁਧਿਆਣਾ ਤੋਂ ਲੋਕ ਸਭਾ ਮੈਂਬਰ ਰਵਨੀਤ ਸਿੰਘ ਬਿੱਟੂ ਜੋ ਕਿ ਪਿਛਲੇ 55 ਦਿਨਾਂ ਤੋਂ ਦਿੱਲੀ ਜੰਤਰ-ਮੰਤਰ ਵਿਖੇ ਖੇਤੀਬਾੜੀ ਕਾਨੂੰਨ ਰੱਦ ਕਰਵਾਉਣ ਲਈ ਕਿਸਾਨਾਂ ਦੇ ਸਮਰਥਨ ਵਿਚ ਧਰਨੇ ’ਤੇ ਬੈਠੇ ਹਨ ਨੇ ਅੱਜ ਭਾਵੁਕ ਅਪੀਲ ਕਰਦਿਆਂ ਕਿਹਾ ਕਿ ਪੰਜਾਬੀਓ ਹੁਣ ਪੱਗ ਦਾ ਸਵਾਲ ਹੈ, ਕਿਸਾਨ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਪਾਰਟੀ ਪੱਧਰ ਤੋਂ ਉੱਪਰ ਉੱਠ ਵਹੀਰਾਂ ਘੱਤ ਕੇ ਸਿੰਘੂ ਬਾਰਡਰ ’ਤੇ ਪੁੱਜੋ। ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਅੰਦੋਲਨ ’ਚ ਸ਼ਾਂਤਮਈ ਮਾਹੌਲ ਬਣਾਈ ਰੱਖਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਨਾਲ ਅੰਦੋਲਨ ਸਫ਼ਲ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਹੁਣ ਵੀ ਪੰਜਾਬੀ ਨਾ ਜਾਗੇ, ਆਪਣੀ ਪੱਗ ਨਾ ਬਚਾ ਸਕੇ ਤਾਂ ਸਾਡੀਆਂ ਜ਼ਮੀਨਾਂ ਵੀ ਨਹੀਂ ਬਚਣਗੀਆਂ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਇਕੱਲੇ ਕਿਸਾਨ ਹੀ ਨਹੀਂ ਬਲਕਿ ਪੰਜਾਬ ਦੀਆਂ ਮਾਵਾਂ-ਭੈਣਾਂ ਵੀ ਸਮਾਨ ਬੰਨ੍ਹ ਕੇ ਸਿੰਘੂ ਤੇ ਟਿੱਕਰੀ ਬਾਰਡਰ ਆ ਜਾਣ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਦੇ ਹੱਕ ’ਚ ਪਿੰਡ ‘ਨਥੇਹਾ’ ਦੀ ਪੰਚਾਇਤ ਦਾ ਵੱਡਾ ਫ਼ੈਸਲਾ, ਪਾਸ ਕੀਤੇ ਇਹ ਮਤੇ
ਉਨ੍ਹਾਂ ਕਿਹਾ ਕਿ ਵਿਦੇਸ਼ਾਂ ’ਚ ਬੈਠੇ ਕੁਝ ਲੋਕਾਂ ਨੇ ਕੋਝੀ ਚਾਲ ਚੱਲੀ ਅਤੇ ਕੁਝ ਗੱਦਾਰਾਂ ਨੂੰ ਨਾਲ ਲੈ ਕੇ ਲਾਲ ਕਿਲ੍ਹੇ ’ਤੇ ਝੰਡਾ ਲਹਿਰਾਇਆ ਪਰ ਸਾਨੂੰ ਇਹ ਸਭ ਕੁਝ ਭੁਲਾ ਅੱਗੇ ਵਧਣ ਦੀ ਲੋੜ ਹੈ। ਐੱਮ.ਪੀ. ਰਵਨੀਤ ਸਿੰਘ ਬਿੱਟੂ ਨੇ ਇਹ ਵੀ ਕਿਹਾ ਕਿ ਬਜਟ ਸੈਸ਼ਨ ਦੌਰਾਨ ਦੇਸ਼ ਦੇ ਰਾਸ਼ਟਰਪਤੀ ਨੇ ਜਦੋਂ ਆਪਣਾ ਭਾਸ਼ਣ ਦਿੱਤਾ ਅਤੇ ਉਨ੍ਹਾਂ ਨੇ ਇਕ ਪੰਜਾਬ ਦੇ ਪੁੱਤ ਦਾ ਫ਼ਰਜ਼ ਨਿਭਾਉਂਦੇ ਹੋਏ ਕਿਸਾਨਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਅਕਾਲੀ ਦਲ ਦਾ ਪ੍ਰਧਾਨ ਤੇ ਐੱਮ.ਪੀ. ਸੁਖਬੀਰ ਸਿੰਘ ਬਾਦਲ, ਉਸਦੀ ਪਤਨੀ ਹਰਸਿਮਰਤ ਕੌਰ ਬਾਦਲ, ‘ਆਪ’ ਦੇ ਐੱਮ.ਪੀ. ਭਗਵੰਤ ਸਿੰਘ ਮਾਨ ਦੀਆਂ ਕੁਰਸੀਆਂ ਸੈਸ਼ਨ ਦੀ ਸ਼ੁਰੂਆਤ ਦੌਰਾਨ ਲੱਗੀਆਂ ਸਨ ਪਰ ਉਹ ਨਹੀਂ ਆਏ ਜਿਸ ਤੋਂ ਸਾਫ਼ ਜ਼ਾਹਿਰ ਹੈ ਕਿ ਉਹ ਮੋਦੀ ਅਤੇ ਅਮਿਤ ਸ਼ਾਹ ਤੋਂ ਕਿੰਨਾ ਡਰਦੇ ਹਨ।
ਇਹ ਵੀ ਪੜ੍ਹੋ : ਕਿਸਾਨਾਂ ਨੇ ਘੇਰਿਆ ਭਾਜਪਾ ਦਾ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ, ਦਿੱਤੀ ਚਿਤਾਵਨੀ
ਬਿੱਟੂ ਨੇ ਕਿਹਾ ਕਿ ਬਾਦਲਾਂ ਤੇ ਭਗਵੰਤ ਮਾਨ ਵਲੋਂ ਸੈਸ਼ਨ ਦੇ ਬਾਹਰ ਤਖ਼ਤੀਆਂ ਫੜ ਕੇ ਨਾਅਰੇਬਾਜ਼ੀ ਕਰਕੇ ਸਿਰਫ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਕਿ ਉਹ ਕਿਸਾਨਾਂ ਦੇ ਹੱਕ ਵਿਚ ਹਨ ਜਦਕਿ ਚਾਹੀਦਾ ਇਹ ਸੀ ਕਿ ਉਹ ਅੰਦਰ ਜਾ ਕੇ ਰਾਸ਼ਟਰਪਤੀ ਦੇ ਭਾਸ਼ਣ ਦੌਰਾਨ ਕਾਲੇ ਕਾਨੂੰਨਾਂ ਦਾ ਵਿਰੋਧ ਕਰਦੇ।
ਇਹ ਵੀ ਪੜ੍ਹੋ : ਪਟਿਆਲਾ ’ਚ ਕਿਸਾਨਾਂ ਨੇ ਫਿਰ ਰੁਕਵਾਈ ਜਾਨਵੀ ਕਪੂਰ ਦੀ ਫ਼ਿਲਮ ਦੀ ਸ਼ੂਟਿੰਗ, ਪਈਆਂ ਭਾਜੜਾਂ
ਉਨ੍ਹਾਂ ਕਿਹਾ ਕਿ ਬਾਦਲਾਂ ਤੇ ਮਾਨ ਨੇ ਕਿਸਾਨਾਂ ਨਾਲ ਗੱਦਾਰੀ ਕੀਤੀ ਹੈ ਕਿਉਂਕਿ ਲੋਕਾਂ ਉਨ੍ਹਾਂ ਨੂੰ ਪਾਰਲੀਮੈਂਟ ਭੇਜਿਆ ਸੀ ਪਰ ਉਹ ਉੱਥੇ ਜਾ ਕੇ ਉਨ੍ਹਾਂ ਦੇ ਹੱਕ ’ਚ ਅਵਾਜ਼ ਬੁਲੰਦ ਨਾ ਕਰ ਸਕੇ। ਉਨ੍ਹਾਂ ਕਿਹਾ ਕਿ ਪਾਰਲੀਮੈਂਟ ਅੰਦਰ ਕੇਵਲ ਇਕੱਲੇ ਸਨ ਜਿਨ੍ਹਾਂ ਨੇ ਕਿਸਾਨਾਂ ਦੇ ਹੱਕ ’ਚ ਅਵਾਜ਼ ਉਠਾਈ ਜਦਕਿ ਬਾਦਲ ਤੇ ਮਾਨ ਬਾਹਰ ਖੜ ਮੀਡੀਆ ਤੋਂ ਫੋਟੋਆਂ ਖਿਚਵਾ ਖਾਨਾਪੂਰਤੀ ਕਰਦੇ ਦਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਅਜੇ ਵੀ ਲੋਕ ਸਭਾ ਸੈਸ਼ਨ ਚੱਲਣਾ ਹੈ, ਇਸ ਲਈ ਉਹ ਪੰਜਾਬੀਆਂ ਦੇ ਨੁਮਾਇੰਦੇ ਹੋਣ ਨਾਤੇ ਪਾਰਲੀਮੈਂਟ ’ਚ ਆ ਕੇ ਡੱਟ ਕੇ ਕਿਸਾਨਾਂ ਦੇ ਹੱਕ ਅਤੇ ਕਾਲੇ ਕਾਨੂੰਨ ਰੱਦ ਕਰਵਾਉਣ ਲਈ ਆਵਾਜ਼ ਬੁਲੰਦ ਕਰਨ।
ਇਹ ਵੀ ਪੜ੍ਹੋ : 26 ਜਨਵਰੀ ਨੂੰ ਹੋਈ ਲਾਲ ਕਿਲ੍ਹੇ ਵਾਲੀ ਘਟਨਾ ’ਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਦਾ ਵੱਡਾ ਬਿਆਨ
ਨੋਟ - ਰਵਨੀਤ ਬਿੱਟੂ ਦੇ ਬਿਆਨ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?