ਲੁਧਿਆਣਾ ''ਚ ਸ਼ਰਮਨਾਕ ਮਾਮਲਾ, ਟਿਊਸ਼ਨ ਟੀਚਰ ਨੇ 6ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤਾ ਜਬਰ-ਜ਼ਿਨਾਹ
Wednesday, Mar 10, 2021 - 12:50 PM (IST)

ਲੁਧਿਆਣਾ (ਰਿਸ਼ੀ) : ਇੱਥੇ ਇਕ ਟਿਊਸ਼ਨ ਟੀਚਰ ਵੱਲੋਂ 6ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿਚ ਥਾਣਾ ਡਵੀਜ਼ਨ ਨੰਬਰ-6 ਦੀ ਪੁਲਸ ਨੇ ਮੁਲਜ਼ਮ ਖ਼ਿਲਾਫ਼ ਪੈਕਸੋ ਐਕਟ ਸਮੇਤ ਹੋਰ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਭਾਲ ਸ਼ੁਰੂ ਕਰ ਦਿੱਤੀ ਹੈ। ਐੱਸ. ਐੱਚ. ਓ. ਇੰਸ. ਅਮਨਦੀਪ ਸਿੰਘ ਬਰਾੜ ਅਨੁਸਾਰ ਮੁਲਜ਼ਮ ਦੀ ਪਛਾਣ ਸੰਨੀ (24) ਵਾਸੀ ਗੁਰੂ ਅਰਜਨ ਦੇਵ ਨਗਰ, ਢੋਲੇਵਾਲ ਚੌਂਕ ਦੇ ਰੂਪ ਵਿਚ ਹੋਈ ਹੈ।
ਪੁਲਸ ਨੂੰ ਦਿੱਤੇ ਬਿਆਨ ’ਚ 14 ਸਾਲ ਦੀ ਵਿਦਿਆਰਥਣ ਨੇ ਦੱਸਿਆ ਕਿ ਉਹ ਰੋਜ਼ਾਨਾ ਸਕੂਲ ਤੋਂ ਛੁੱਟੀ ਹੋਣ ਤੋਂ ਬਾਅਦ ਮੁਲਜ਼ਮ ਟੀਚਰ ਦੇ ਘਰ ਟਿਊਸ਼ਨ ਪੜ੍ਹਨ ਜਾਂਦੀ ਸੀ। ਸੋਮਵਾਰ ਨੂੰ ਪੜ੍ਹਾਈ ਖ਼ਤਮ ਹੋਣ ਤੋਂ ਬਾਅਦ ਮੁਲਜ਼ਮ ਧੋਖੇ ਨਾਲ ਪ੍ਰੈਕਟੀਕਲ ਦੀ ਕਾਪੀ ਲਿਆਉਣ ਦੇ ਬਹਾਨੇ ਆਪਣੇ ਨਾਲ ਹੀ ਉਸ ਨੂੰ ਇਕ ਦੋਸਤ ਦੇ ਘਰ ਲੈ ਗਿਆ ਅਤੇ ਸਾਰੀ ਰਾਤ ਉਸ ਨਾਲ ਜਬਰ-ਜ਼ਿਨਾਹ ਕਰਦਾ ਰਿਹਾ।
ਸਵੇਰੇ ਘਰ ਪੁੱਜਣ ’ਤੇ ਕੁੜੀ ਨੇ ਰਿਸ਼ਤੇਦਾਰਾਂ ਨੂੰ ਸਾਰੀ ਗੱਲ ਦੱਸੀ। ਇਸ ਸਬੰਧੀ ਮਾਮਲਾ ਦਰਜ ਕਰਵਾਉਂਦੇ ਸਮੇਂ ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ। ਇਸ ਮੌਕੇ ਪੁਲਸ ਅਧਿਕਾਰੀਆਂ ਨੇ ਕਿਹਾ ਕਿ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਲਦ ਹੀ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।