‘‘ਮੁਬਾਰਕ ਮਹੀਨਾ ਰਮਜ਼ਾਨ’’

04/27/2020 11:22:09 AM

ਅਲੀ ਰਾਜਪੁਰਾ

094176-79302 
   
ਇਸਲਾਮ ਧਰਮ ਦੇ ਹੇਠ ਲਿਖੇ ਬੁਨਿਆਦੀ ਪੰਜ ਫ਼ਰਜ਼ ਹਨ। ਜਿਵੇਂ (1) ਈਮਾਨ ਯਾਨੀ ਕਿ ਇਸ ਗੱਲ ਦਾ ਜ਼ੁਬਾਨ ਅਤੇ ਦਿਲੋਂ ਇਕਰਾਰ ਕਰਨਾ ਕਿ ਰੱਬ ਇਕ ਹੈ, ਤੇ ਉਹੀ ਪੂਜਨ ਯੋਗ ਹੈ ਅਤੇ ਹਜ਼ਰਤ ਮੁਹੰਮਦ ‘ਸੱਲਲਾਹ ਅਲੈਹਿ ਵਸੱਲਮ’ (ਸਲ.) ਅੱਲਾ ਦੇ ਸੱਚੇ ਰਸੂਲ (ਪੈਗੰਬਰ) ਹਨ। (2) ਨਮਾਜ਼ ਯਾਨੀ ਕਿ ਅੱਲਾ (ਰੱਬ) ਦੀ ਇਬਾਦਤ ਕਰਨਾ। (3) ਰਮਜ਼ਾਨ:- ਉਲ ਮੁਬਾਰਕ ਰੋਜ਼ੇ (ਵਰਤ) ਰੱਖਣਾ।(4) ਜਕਾਤ ਅਦਾ ਕਰਨਾ:- ਯਾਨੀ ਕਿ ਆਪਣੀ ਹੱਕ-ਹਲਾਲ ਦੀ ਕਮਾਈ ਵਿਚੋਂ ਸਲਾਨਾ ਬੱਚਤ ਚੋਂ ਢਾਈ ਫੀਸਦੀ ਗਰੀਬਾਂ ਅਤੇ ਯਤੀਮਾਂ ਨੂੰ ਦਾਨ ਕਰਨਾ। (5) ਹੱਜ:- ਯਾਨੀ ਕਿ ਬੈਤੁੱਲ੍ਹਾ (ਅੱਲ੍ਹਾ ਦਾ ਘਰ/ਮੱਕਾ ਸ਼ਰੀਫ਼) ਦੀ ਯਾਤਰਾ ਕਰਨਾ ਹੈ। ਉਪਰੋਤਕ ਦਰਜ ਰਮਜ਼ਾਨ ਦਾ ਮਹੀਨਾ ਇਬਾਦਤ ਤੇ ਪੱਵਿਤਰ ਮੰਨਿਆ ਗਿਆ ਹੈ, ਜਿਸ ਵਿਚੋਂ ਪੂਰੇ ਮਹੀਨੇ ਦੇ ਲਗਾਤਾਰ ਰੋਜ਼ੇ (ਵਰਤ) ਰੱਖੇ ਜਾਂਦੇ ਹਨ।

‘ਕੁਰਆਨ ਮਜੀਦ ਅਨੁਵਾਦ ਅਤੇ ਸੰਖੇਪ ਟੀਕਾ ਸਾਹਿਤ ਦੇ ਪੰਜਾਬੀ ਅਨੁਵਾਦਕ ਜਨਾਬ ‘ਰਮਜ਼ਾਨ ਸਈਦ’ ਅਨੁਸਾਰ, ਇਸਲਾਮ ਦੇ ਬਹੁਤ ਸਾਰੇ ਹੁਕਮਾਂ ਵਾਂਗ ਰੋਜ਼ੇ ਵੀ ਸ਼ਹਿਜੇ-ਸ਼ਹਿਜੇ ਫ਼ਰਜ਼ ਕੀਤਾ ਗਿਆ ਹੈ। ਹਜ਼ਰਤ ਮੁਹੰਮਦ ਨੇ ਸ਼ੁਰੂ ਵਿਚ ਮੁਸਲਮਾਨਾਂ ਨੂੰ ਹਰ ਮਹੀਨੇ ਕੇਵਲ ਤਿੰਨ ਦਿਨਾਂ ਦੇ ਰੋਜ਼ੇ ਰੱਖਣ ਦੀ ਹਦਾਇਤ ਫਰਮਾਈ ਸੀ ਪਰ ਇਹ ਰੋਜ਼ੇ ਫਰਜ਼ ਨਹੀਂ ਸਨ। ਫਿਰ ਸੰਨ 2 ਹਿਜਰੀ (ਇਸਲਾਮਿਕ ਸਾਲ) ਵਿਚ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਦਾ ਇਹ ਹੁਕਮ ਕੁਰਆਨ ਪਾਕ ਵਿਚ ਨਾਜ਼ਲ ਹੋਇਆ, ਜਿਸ ਦਾ ਵਰਤ ਪਹੁ-ਫੁਟਾਲੇ ਤੋਂ ਲੈ ਕੇ ਸੂਰਜ ਛੁਪਣ ਤੱਕ ਹੁੰਦਾ ਹੈ। ਇਸਲਾਮ ਦਾ ਇਹ ਇਕ ਅਹਿਮ ਥੰਮ ਹੈ। ਮੁਸਲਮਾਨਾਂ ਲਈ ਰਮਜ਼ਾਨ ਦਾ ਮਹੀਨਾਂ ਬਹੁਤ ਵੱਡਾ ਇਨਾਮ ਮੰਨਿਆ ਗਿਆ ਹੈ। ਇਸੇ ਤਰ੍ਹਾਂ ਇਕ ਹਦੀਸ ਵਿਚ ਹਜਰਤ ਮੁਹੰਮਦ ਸਲੱਲਹੁਅਲੈਹਿ ਵਸੱਲਮ ਦੀ ਜੁਬਾਨ ਮੁਬਾਰਕ ਤੋਂ ਕਹੀ ਗਈ ਬਾਤ ਵਿਚੋਂ ਆਇਆ ਹੈ ਕਿ ਜੇਕਰ ਲੋਕਾਂ ਨੂੰ ਇਹ ਪਤਾ ਲੱਗ ਜਾਵੇ ਕਿ ਰਮਜ਼ਾਨ ਮਹੀਨਾ ਕੀ ਚੀਜ਼ ਹੈ ਤਾਂ ਮੇਰੀ ਉਮਤ ਇਹ ਇੱਛਾ ਕਰੇ ਕਿ ਸਾਰਾ ਸਾਲ ਰਮਜ਼ਾਨ ਹੀ ਹੋ ਜਾਵੇ। ਭਾਵੇਂ ਕਿ ਹਰ ਸਖਸ਼ ਇਹ ਸਮਝਦਾ ਹੈ ਕਿ ਸਾਲ ਭਰ ਦੇ ਰੋਜ਼ੇ ਰੱਖਣਾ ਮੁਸ਼ਕਲ ਹੈ। ਪਰ ‘ਰਮਜ਼ਾਨ-ਉਲ-ਮਬਾਰਕ’ ਦੇ ਸਵਾਬ (ਪੁੰਨ) ਦੇ ਮੁਕਾਬਲੇ ਵਿਚ ਹਜ਼ੂਰ, ‘ ਸੱਲਲਹੁਅਲੈਹਿ ਵਸੱਲਮ’ ਦੇ ਹੁਕਮ ਨੂੰ ਮੰਨਦੇ ਹੋਏ ਲੋਕ ਤਮੰਨਾ ਕਰਨ।’

ਪੜ੍ਹੋ ਇਹ ਵੀ ਖਬਰ - ਅਹਿਮ ਖਬਰ : ਪਲਾਜ਼ਮਾਂ ਥੈਰੇਪੀ ਨਾਲ ਕੋਰੋਨਾ ਵਾਇਰਸ ਦਾ ਇਲਾਜ ਸੰਭਵ (ਵੀਡੀਓ) 

ਪੜ੍ਹੋ ਇਹ ਵੀ ਖਬਰ - ਪੱਕੀ ਹੋਈ ਕਣਕ ਨੂੰ ਅੱਗ ਤੋਂ ਬਚਾਉਣ ਦੇ ਅਗੇਤੇ ਪ੍ਰਬੰਧ ਜ਼ਰੂਰੀ

ਇਸੇ ਤਰ੍ਹਾਂ ਇਕ ਹੋਰ ਹਦੀਸ ਵਿਚ ਦੱਸਿਆ ਮਿਲਦਾ ਹੈ ਕਿ ਰਮਜ਼ਾਨ ਪਾਕ ਦੇ ਰੋਜ਼ੇ ਰੱਖਣ ਦਿਲ ਦੀ ਖੋਟ ਅਤੇ ਗਲਤ ਖਿਆਲਾਂ ਨੂੰ ਦੂਰ ਕਰਦਾ ਹੈ। ‘ਹਜ਼ਰਤ ਸਲਮਾਨ ਰਜ਼ੀ ਅੱਲ੍ਹਾ ਹੁਆਹੁ ਕਹਿੰਦੇ ਹਨ ਕਿ ਨਬੀ ‘ਸਲੱਲਹੂ ਅਲੈਹਿ ਵਸੱਲਮ ਨੇ ਸ਼ੁਬਾਨ। ਰੁਮਜ਼ਾਨ ਤੋਂ ਪਹਿਲਾ ਇਸਲਾਮਿਕ ਮਹੀਨਾ, ਦੀ ਆਖਰੀ ਤਰੀਕ ਵਿੱਚੋਂ ਸਾਨੂੰ ਲੋਕਾਂ ਨੂੰ ਇਹ ਨਸੀਹਤ ਫੁਰਮਾਈ ਕਿ ਤੁਹਾਡੇ ਉਪਰ ਇੱਕ ਮਹੀਨਾ ਆ ਰਿਹਾ ਹੈ ਜਿਹੜਾ ਬਹੁਤ ਵੱਡੀ ਅਹਿਮੀਅਤ ’ਤੇ ਮੁਬਾਰਕ ਮਹੀਨਾ ਹੈ। ਇਸ ਮਹੀਨੇ ਵਿਚ ਇਕ ਰਾਤ ਸ਼ਬੇ ਕਦਰ ਹੈ, ਜਿਹੜੀ ਕਿ ਹਜ਼ਾਰ ਮਹੀਨਿਆ ਵੱਧ ਕੇ ਹੋਵੇਗੀ। ਅੱਲ੍ਹਾਂ ਤਾ ਅਲਾਨੇ ਇਸ ਮੁਬਾਰਕ ਮਹੀਨੇ ਦੇ ਰੋਜ਼ਿਆ ਨੂੰ ਫਰਜ਼ (ਜਰੂਰੀ) ਫੁਰਮਾਇਆ ਅਤੇ ਇਸ ਦੇ ਕਿਆਮ (ਤਰਾਵੀਂ ਦੀ ਨਮਾਜ਼ ਲਈ ਖੜ੍ਹੇ ਹੋਣਾ) ਬਹੁਤ ਹੀ ਸਵਾਬ ਦੀ ਚੀਜ਼ ਬਣਾਇਆ ਹੈ। ਜਿਹੜਾ ਸ਼ਖ਼ਸ਼ ਇਸ ਮਹੀਨੇ ਵਿਚ ਕਿਸੇ ਨੇਕੀ ਦੇ ਨਾਲ ਅੱਲ੍ਹਾ ਦੀ ਨਜਦੀਕੀ ਹਾਸਿਲ ਕਰੇ, ਉਹ ਇਸ ਤਰ੍ਹਾਂ ਹੈ। ਜਿਸ ਤਰ੍ਹਾਂ ਕਿ ਗੈਰ ਰਮਜ਼ਾਨ ਵਿਚ ਫ਼ਰਜ਼ ਅਰਜ਼ ਅਦਾ ਕਰੇ ਭਾਵ ਇਸ ਮਹੀਨੇ ਦੀ ਇਬਾਦਤ ਦਾ ਫਲ ਸੱਤਰ ਗੁਣਾ ਜ਼ਿਆਦਾ ਦੱਸਿਆ ਗਿਆ ਹੈ। ਇਸ ਮਹੀਨੇ ਨੂੰ ਸਬਰ ਦਾ ਮਹੀਨਾ ਮੰਨਿਆ ਗਿਆ ਹੈ।

PunjabKesari

ਸਬਰ ਦਾ ਬਦਲਾ ਜਨੰਤ ਹੈ। ਇਸ ਪਾਕ ਮਹੀਨੇ ਵਿਚ ਮੁਸਲਮਾਨਾਂ ਦਾ ਰਿਜ਼ਕ ਵਧਾ ਦਿੱਤਾ ਜਾਂਦਾ ਹੈ। ਜਿਵੇਂ ਕੋਈ ਨੇਕ ਸ਼ਖ਼ਸ਼ ਕਿਸੇ ਰੋਜ਼ੇ ਰੱਖਣ ਵਾਲੇ ਦਾ ਰੋਜ਼ਾ ਇਫਤਾਰ ਕਰਾਏ, ਉਸਦੇ ਲਈ ਗੁਨਾਂਹ ਦੇ ਮਾਫ ਹੋਣ ’ਤੇ ਆਜ਼ਾਬ ਦੀ ਅੱਗ ਤੋਂ ਖਲਾਸੀ ਦਾ ਸਵਾਬ ਹੋਵੇਗਾ ਅਤੇ ਰੋਜ਼ੇਦਾਰ ਦੇ ਸਵਾਬ ਦੇ ਬਰਾਬਰ ਉਸ ਨੂੰ ਸਵਾਬ ਨਸੀਬ ਹੋਵੇਗਾ ਪਰ ਰੋਜ਼ੇਦਾਰ ਦੇ ਸਵਾਬ ਵਿਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਸਹਾਬਾ ਰਜ਼ੀਅੱਲਾਹ ਅਨੁਹੁਮ ਅਜ਼ਮਈਨ ਨੇ ਫਰਮਾਇਆ ਹੈ ਕਿ ਯਾ ਰਸੂਲੱਲਾਹ ਸਾਡੇ ਵਿਚੋਂ ਹਰ ਸ਼ਖ਼ਸ਼ ਤਾਂ ਇੰਨੀ ਹਿੰਮਤ ਨਹੀਂ ਰੱਖਦਾ ਕਿ ਉਹ ਰੋਜ਼ੇਦਾਰ ਦਾ ਰੋਜਾ ਇਫਤਾਰ ਕਰਾ ਸਕੇ ਭਾਵ ਖਾਣਾ ਖਿਲਾ ਸਕੇ। ਤਾਂ ਹਜ਼ਰਤ ਸਲੱਲਾਅਲੈਹਿ ਵਸੱਲਮ ਨੇ ਅਰਜ਼ ਕੀਤਾ ਕਿ ਪੇਟ ਭਰਕੇ ਖਿਲਾਉਣਾ ਜ਼ਰੂਰੀ ਨਹੀਂ।  ਇਹ ਪੁੰਨ ਤਾਂ ਇਕ ਤਾਂ ਖਜ਼ੂਰ ਜਾਂ ਇਕ ਘੁੱਟ ਪਾਣੀ ਜਾਂ ਲੱਸੀ ਪਿਲਾ ਕੇ ਵੀ ਹਾਸਿਲ ਕੀਤਾ ਜਾ ਸਕਦਾ ਹੈ। ਇਸ ਮੁਬਾਰਕ ਮਹੀਨੇ ਦੀ ਅਹਿਮੀਅਤ ਇਸ ਕਰਕੇ ਵੀ ਮੰਨੀ ਜਾਦੀ ਹੈ, ਕਿਉਂਕਿ ਅੱਲ੍ਹਾਂ-ਤਾਅਲਾ ਦੀਆਂ ਸਾਰੀਆਂ ਕਿਤਾਬਾਂ ਇਸੇ ਮਹੀਨੇ ਦੁਨੀਆਂ ’ਤੇ ਉਤਾਰੀਆਂ ਗਈਆਂ ਹਨ। ਜਿਵੇਂ ਕੁਰਆਨ ਪਾਕ ਪੱਵਿਤਰ ਮਹੀਨੇ ਵਿਚ ਨਾਜ਼ਲ ਸ਼ੁਰੂ ਹੋਇਆ ਜਿਸ ਨੂੰ ਪੂਰੇ ਤੇਈ ਸਾਲ ਲੱਗੇ।

PunjabKesari

ਰਮਜ਼ਾਨ ਮੁਬਾਰਕ ਵਿਚ ਕੁਰਆਨ ਸ਼ਰੀਫ ਨੂੰ ਬਹੁਤ ਜ਼ਿਆਦਾ ਪੜ੍ਹਿਆ ਅਤੇ ਤਰਾਵੀਹ ਦੀ ਨਮਾਜ ਵਿਚੋਂ ਸੁਣਾਇਆ ਜਾਂਦਾ ਹੈ। ਰੋਜ਼ੇ ਦਾ ਮਤਲਬ ਇਹ ਨਹੀਂ ਕਿ ਖਾਣਾ-ਪੀਣਾ ਛੱਡ ਦਿੱਤਾ ਜਾਵੇ, ਰੋਜ਼ੇ ਦਾ ਅਸਲ ਭਾਵ ਅਰਥ ਇਹ ਕਿ (ੳ) ਆਪਣੀ ਨਜ਼ਰ ਦੀ ਹਿਫਾਜ਼ਤ ਕੀਤੀ ਜਾਵੇ।(ਅ) ਆਪਣੀ ਜ਼ੁਬਾਨ ਦੀ ਹਿਫ਼ਾਜ਼ਤ ਕੀਤੇ ਜਾਵੇ, ਮਤਲਬ ਕਿ ਝੂਠ, ਚੂਗਲਖੋਰੀ ਤੋਂ ਗਰੇਜ਼ ਕੀਤਾ ਜਾਵੇ। (ੲ) ਦਿਲ ਦੀ ਹਿਫਾਜ਼ਤ ਯਾਨੀ ਕਿ ਦਿਲ ਵਿਚੋਂ ਗਲਤ ਕਿਸਮ ਦੇ ਖਿਆਲਾਤ ਨਾ ਪੈਦਾ ਹੋਣ। (ਸ) ਕੰਨ ਦੀ ਹਿਫ਼ਾਜਤ ਭਾਵ ਕੰਨ ਤੋਂ ਗਲਤ ਅਤੇ ਨਾਜਾਇਜ਼ ਜਾਂ ਕਿਸੇ ਦੀਆਂ ਚੁਗਲੀਆਂ, ਬੁਰਾਈ ਨਾ ਸੁਣਨਾ। (ਹ) ਸਰੀਰ ਦੇ ਬਾਕੀ ਹਿੱਸੇ ਜਿਵੇਂ ਹੱਥ ਨਾਜਾਇਜ਼ ਚੀਜ ਨੂੰ ਫੜ੍ਹਨ ਪੈਰ ਨੂੰ ਨਾਜਾਇਜ਼ ਚੀਜ ਵੱਲ ਚੱਲਣ ਤੋਂ ਰੋਕਣਾ ਆਦਿ। (ਕ) ਇਫਤਾਰੀ ਦੇ ਵਕਤ ਹਲਾਲ ਮਾਲ (ਮਿਹਨਤ ਦੀ ਕਮਾਈ) ਨਾਲ ਰੋਜ਼ੇ ਖੋਲਣਾ ਅਤੇ ਫਿਰ ਵੀ ਇੰਨਾ ਜ਼ਿਆਦਾ ਨਾ ਖਾਣਾ ਕਿ ਪੇਟ ਜ਼ਿਆਦਾ ਭਰ ਜਾਵੇ। (ਖ) ਰੋਜੇਦਾਰ ਲਈ ਜਰੂਰੀ ਹੈ ਕਿ ਰੋਜ਼ੇ ਤੋਂ ਬਾਅਦ ਵੀ ਡਰਦੇ ਰਹਿਣਾ ਕਿ ਪਤਾ ਨਹੀਂ ਰੋਜ਼ਾ ਕਬੂਲ ਹੋਇਆ ਜਾਂ ਨਹੀਂ।

ਜਿਵੇਂ ਪੜ੍ਹ ਆਏ ਕਿ ਆਪਣੀ ਮਿਹਨਤ ਦੀ ਨੇਕ ਕਮਾਈ ’ਚੋਂ ਸਲਾਨਾ ਬੱਚਤ ਦਾ ਢਾਈ ਫੀਸਦੀ ਹਿੱਸਾ ਯਤੀਮਾਂ ਨੂੰ ਦੇਣਾ ਜਰੂਰੀ ਹੈ। ਇਸ ਤੋਂ ਇਲਾਵਾ ਇਕ ਹੋਰ ਦਾਨ ਦਿੱਤਾ ਜਾਂਦਾ ਹੈ, ਜਿਸ ਨੂੰ ਫਿਤਰਾ ਕਿਹਾ ਜਾਂਦਾ ਹੈ। ਇਹ ਦਾਨ ਘਰ ਦੇ ਪਰ ਜੀਆਂ ਪਿੱਛੇ ਲਗਭਗ ਪੌਣੇ ਦੋ ਕਿਲੋਂ ਅਨਾਜ਼ ਜਾਂ ਇਸ ਦੀ ਕੀਮਤ ਦਾ ਪੈਸਾ ਗਰੀਬ ਨੂੰ ਈਦ ਦੀ ਨਮਾਜ਼ ਤੋਂ ਪਹਿਲਾ-ਪਹਿਲਾ ਦੇਣਾ ਚਾਹੀਦਾ ਹੈ। ਤਾਂ ਜੋ ਉਹ ਵੀ ਖੁਸ਼ੀ-ਖੁਸ਼ੀ ਆਪਣਾ ਈਦ ਦਾ ਮੁਬਾਰਕ ਤਿਉਹਾਰ ਮਨਾ ਸਕਣ। ਇਸੇ ਤਰ੍ਹਾਂ ਇਹ ਮਹੀਨਾਂ ਰੂਹਾਨੀਅਤ ਪੱਖੋਂ ਤਾਂ ਲਾਭ ਦਾਇਕ ਹੈ ਹੀ ਦੂਜੇ ਪਾਸੇ ਵਿਗਿਆਨਿਕ ਤੇ ਸਮਾਜਿਕ ਤੌਰ ’ਤੇ ਵੀ ਲਾਭਦਾਇਕ ਹੈ। 

PunjabKesari

ਜਿਵੇਂ ਰੋਜ਼ਾ ਰੱਖਣ ਨਾਲ ਪੂਰੇ ਜਿਸਮ ਦੀ ਮੈਡੀਕਲ ਪੱਖੋ ਵੀ ਅੰਦਰੂਨੀ ਸਫਾਈ ਹੋ ਜਾਂਦੀ ਹੈ, ਜਿਸ ਕਰਕੇ ਸਾਨੂੰ ਬਹੁਤ ਸਾਰੀਆਂ ਬੀਮਾਰੀਆਂ ਤੋਂ ਨਿਜ਼ਾਤ ਮਿਲ ਜਾਦੀ ਹੈ। ਰੋਜੇ ਦੀ ਹਾਲਤ ਵਿਚ ਰੋਜ਼ੇਦਾਰ ਨੂੰ ਜਦੋਂ ਭੁੱਖ-ਪਿਆਸ ਲਗਦੀ ਹੈ ਤਾਂ ਇਸ ਨੂੰ ਉਨ੍ਹਾਂ ਗਰੀਬ ਲੋੜਵੰਦਾਂ ਦੀ ਜਿਨ੍ਹਾਂ ਨੂੰ ਪੇਟ ਭਰ ਕੇ ਰੋਟੀ ਨਸੀਬ ਨਹੀਂ ਹੁੰਦੀ, ਉਨ੍ਹਾਂ ਨੂੰ ਭੁੱਖ ਅਤੇ ਪਿਆਸ ਦਾ ਅਹਿਸਾਸ ਹੋ ਜਾਂਦਾ ਹੈ। ਉਨ੍ਹਾਂ ਦੀ ਮਦਦ ਕਰਨ ਦਾ ਜ਼ਜਬਾ ਪੈਦਾ ਹੁੰਦਾ ਹੈ। ਇਨ੍ਹਾਂ ਸਾਰੀਆਂ ਇਬਾਦਾਤਾਂ ਮੁਕੰਮਲ ਹੋ ਜਾਣ ਉਪਰੰਤ ਰਮਜ਼ਾਨ ਮਹੀਨਾ ਮੁਕੰਮਲ ਹੋ ਜਾਂਦਾ ਹੈ। ਤਾਂ ਈਦ ਦਾ ਚੰਦ ਨਜ਼ਰ ਆਉਣ ਉਪਰੰਤ ਖੁਸ਼ੀ ਵਿਚੋਂ ਈਦ-ਉਲ-ਫੀਤਰ ਦਾ ਤਿਉਹਾਰ ਮਨਾਇਆ ਜਾਂਦਾ ਹੈ। ਮਿੱਠੀਆਂ ਸੇਮੀਆਂ ਆਢ-ਗੁਆਂਢ ਸਕੇ ਸਬੰਧੀਆਂ ਵਿਚ ਵੰਡੀਆਂ ਜਾਂਦੀਆਂ ਹਨ। ਇਸ ਨੂੰ ਮਿੱਠੀ ਈਦ ਵੀ ਕਹਿ ਲਿਆ ਜਾਂਦਾ ਹੈ। ਮਸਜਿਦ ਵਿਚ ਜਾ ਕੇ ਈਦ-ਉਲ-ਫਿਤਰ ਦੀ ਨਮਾਜ਼ ਅਦਾ ਕੀਤੀ ਜਾਦੀ ਹੈ। 


rajwinder kaur

Content Editor

Related News