ਰਮਸਾ ਅਧਿਆਪਕ ਤਨਖਾਹੋਂ ਵਾਂਝੇ

Tuesday, Aug 21, 2018 - 01:06 AM (IST)

ਰਮਸਾ ਅਧਿਆਪਕ ਤਨਖਾਹੋਂ ਵਾਂਝੇ

ਬਰਨਾਲਾ, (ਸਿੰਧਵਾਨੀ, ਰਵੀ)- ਪਿਛਲੇ ਦਸ ਸਾਲਾਂ ਤੋਂ ਪਾਰਦਰਸ਼ੀ ਢੰਗ ਨਾਲ  ਪੰਜਾਬ ਪੱਧਰ ਦੀ ਮੈਰਿਟ ਦੇ ਅਾਧਾਰ ’ਤੇ ਭਰਤੀ ਹੋਏ ਐੱਸ. ਐੱਸ. ਏ./ਰਮਸਾ ਅਧਿਆਪਕਾਂ ਨੂੰ ਸਰਕਾਰ ਨੇ ਰੈਗੂਲਰ ਤਾਂ ਕੀ ਕਰਨਾ ਸੀ ਸਗੋਂ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਅਧਿਆਪਕਾਂ ਨੂੰ ਤਨਖਾਹ ਵੀ ਨਸੀਬ ਨਹੀਂ ਹੋਈ, ਜਿਸ ਕਰਕੇ ਅਧਿਆਪਕ ਆਰਥਿਕ ਤੇ ਮਾਨਸਿਕ ਪੀਡ਼ਾ ਹੰਢਾਅ ਰਹੇ ਹਨ।   ਜ਼ਿਲਾ ਪ੍ਰਧਾਨ ਨਿਰਮਲ ਚੁਹਾਣਕੇ ਤੇ ਜ਼ਿਲਾ ਜਨਰਲ ਸਕੱਤਰ ਸੁਖਦੀਪ ਤਪਾ ਨੇ ਦੱਸਿਆ ਕਿ ਆਪਣੇ ਚੋਣ ਵਾਅਦੇ ਅਨੁਸਾਰ ਪੂਰੇ ਸਕੇਲ ’ਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਤੋਂ ਟਾਲ-ਮਟੋਲ ਕਰ ਕੇ ਡੰਗ ਟਪਾ ਰਹੀ ਪੰਜਾਬ ਸਰਕਾਰ ਤੋਂ ਸਮੇਂ ਸਿਰ ਅਧਿਆਪਕਾਂ ਦੀਆਂ ਤਨਖਾਹਾਂ ਵੀ ਨਹੀਂ ਦਿੱਤੀਆਂ ਜਾ ਰਹੀਆਂ, ਜਿਸ ਕਰਕੇ ਅਧਿਆਪਕ ਜਿਥੇ ਆਪਣੇ ਪਰਿਵਾਰ ਦਾ ਗੁਜ਼ਾਰਾ ਮੁਸ਼ਕਲ ਨਾਲ ਕਰ ਰਹੇ ਹਨ, ਉਥੇ ਰੱਖਡ਼ੀ ਦੇ ਤਿਉਹਾਰ ਤੋਂ ਲੈ ਕੇ ਲੋਹਡ਼ੀ ਤੱਕ ਹਰ ਤਿਉਹਾਰ ’ਤੇ ਅਹਿਮ ਦਿਹਾਡ਼ੇ ਸਮੇਂ ਤਨਖਾਹ ਨਾ ਮਿਲਣ ਕਾਰਨ ਇਹ ਦਿਨ ਤਿਉਹਾਰ ਫੋਕੇ ਹੀ ਲੰਘ ਜਾਂਦੇ ਹਨ, ਜਿਸ ਕਰਕੇ ਅਧਿਆਪਕਾਂ ਵਿਚ ਸਰਕਾਰ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ।  ਇਸ ਸਮੇਂ ਆਗੂਆਂ ਨੇ ਕਿਹਾ ਕਿ ਸਿੱਖਿਆ ਦਾ ਨਿੱਜੀਕਰਨ ਕਰਨ ਦੇ ਰਾਹ ਤੁਰੀ ਸਰਕਾਰ ਨੇ ਜਿਥੇ ਸਰਕਾਰੀ ਸਕੂਲਾਂ ਨੂੰ ਆਉਣ ਵਾਲੀਆਂ ਗ੍ਰਾਂਟਾਂ ’ਤੇ ਵੱਡਾ ਕੱਟ ਲਾ ਕੇ ਸਕੂਲਾਂ ਦੀ ਦਸ਼ਾ ਵਿਗਾਡ਼ੀ ਹੈ, ਉਥੇ ਅਧਿਆਪਕਾਂ ਨੂੰ ਵੀ ਤਨਖਾਹਾਂ ਤੋਂ ਤਰਸਾ ਕੇ ਨੌਜਵਾਨ ਪੀਡ਼੍ਹੀ ਨੂੰ ਵੀ ਸਰਕਾਰੀ ਅਧਿਆਪਕ ਬਣਨ ਤੋਂ ਤੌਬਾ ਕਰਵਾਉਣ ਦੇ ਰਾਹ ਤੁਰੀ ਹੋਈ ਹੈ, ਜਿਸ ਕਰਕੇ ਪਡ਼੍ਹੇ-ਲਿਖੇ ਨੌਜਵਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਨ ਦੀ ਬਜਾਏ ਵਿਦੇਸ਼ਾਂ ਨੂੰ ਜਾ ਰਹੇ ਹਨ ਅਤੇ ਸਰਕਾਰ ਹੌਲੀ-ਹੌਲੀ ਸਰਕਾਰੀ ਸੈਕਟਰ ਖਤਮ ਕਰ ਰਹੀ ਹੈ।  ਅੰਤ ’ਚ ਆਗੂਆਂ ਨੇ ਮੰਗ ਕੀਤੀ ਕਿ ਅਧਿਆਪਕਾਂ ਦੀਆਂ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ ਅਤੇ ਜਲਦ ਤੋਂ ਜਲਦ ਅਧਿਆਪਕਾਂ ਨੂੰ ਪੂਰੇ ਤਨਖਾਹ ਸਕੇਲਾਂ ਤੇ ਸਿੱਖਿਆ ਵਿਭਾਗ ਵਿਚ ਰੈਗੂਲਰ ਕੀਤਾ ਜਾਵੇ। ਇਸ ਮੌਕੇ ਰਾਜਿੰਦਰ ਮੂਲੋਵਾਲ, ਸੁਖਦੇਵ ਭਦੌਡ਼, ਅੰਮ੍ਰਿਤ ਹਰੀਗਡ਼੍ਹ, ਕਮਲਦੀਪ ਬਰਨਾਲਾ, ਪਲਵਿੰਦਰ ਠੀਕਰੀਵਾਲਾ ਤੇ ਸੋਹਣ ਬਰਨਾਲਾ ਆਦਿ ਹਾਜ਼ਰ ਸਨ।'


Related News