ਰੱਖੜੀ ਬੰਨ੍ਹਣ ਜਾ ਰਹੇ ਪਰਿਵਾਰ ਦੀ ਚੱਲਦੀ ਕਾਰ ਨੂੰ ਲੱਗੀ ਅੱਗ, 5 ਜਣੇ ਵਾਲ-ਵਾਲ ਬਚੇ
Friday, Aug 28, 2026 - 04:34 PM (IST)
ਭਵਾਨੀਗੜ੍ਹ (ਵਿਕਾਸ ਮਿੱਤਲ) : ਭਵਾਨੀਗੜ੍ਹ-ਸੰਗਰੂਰ ਰੋਡ ’ਤੇ ਫੱਗੂਵਾਲਾ ਕੈਂਚੀਆਂ ਨੇੜੇ ਫਲਾਈਓਵਰ ’ਤੇ ਸ਼ੁੱਕਰਵਾਰ ਨੂੰ ਉਸ ਸਮੇਂ ਵੱਡਾ ਹਾਦਸਾ ਹੋਣੋਂ ਟਲ ਗਿਆ ਜਦੋਂ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਕਾਰ ਵਿਚ ਦੋ ਬੱਚਿਆਂ ਸਮੇਤ ਪੰਜ ਵਿਅਕਤੀ ਸਵਾਰ ਸਨ ਜੋ ਖੁਸ਼ਕਿਸਮਤੀ ਨਾਲ ਸਮੇਂ ਸਿਰ ਕਾਰ ਵਿਚੋਂ ਬਾਹਰ ਨਿਕਲ ਆਉਣ ਕਾਰਨ ਵਾਲ-ਵਾਲ ਬਚ ਗਏ। ਘਟਨਾ ਸਬੰਧੀ ਪਟਿਆਲਾ ਦੀ ਛੋਟੀ ਬਾਰਾਂਦਰੀ ਵਾਸੀ ਅਰੁਣ ਕੁਮਾਰ ਨੇ ਦੱਸਿਆ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਆਪਣੀ ਪਤਨੀ, ਭਰਾ ਤੇ ਦੋ ਬੱਚਿਆਂ ਸਮੇਤ ਨਿਸ਼ਾਨ ਸਨੀ ਕਾਰ ਵਿਚ ਆਪਣੇ ਸਹੁਰੇ ਪਰਿਵਾਰ ਨੂੰ ਮਿਲਣ ਲਈ ਧੂਰੀ ਜਾ ਰਹੇ ਸਨ। ਉਹ ਜਦੋਂ ਭਵਾਨੀਗੜ੍ਹ ਤੋਂ ਥੋੜ੍ਹਾ ਅੱਗੇ ਫੱਗੂਵਾਲਾ ਕੈਂਚੀਆਂ ਨੇੜੇ ਬਣੇ ਫਲਾਈਓਵਰ ’ਤੇ ਪਹੁੰਚੇ ਤਾਂ ਅਚਾਨਕ ਕਾਰ ਵਿਚੋਂ ਧੂੰਆਂ ਨਿਕਲਣਾ ਸ਼ੁਰੂ ਹੋ ਗਿਆ।
ਅਰੁਣ ਕੁਮਾਰ ਅਨੁਸਾਰ ਉਨ੍ਹਾਂ ਨੇ ਤੁਰੰਤ ਕਾਰ ਸੜਕ ਕਿਨਾਰੇ ਰੋਕ ਕੇ ਜਾਂਚ ਕੀਤੀ। ਇਸ ਦੌਰਾਨ ਕਾਰ ਨੂੰ ਹੌਲੀ-ਹੌਲੀ ਅੱਗ ਲੱਗ ਗਈ ਜੋ ਕੁਝ ਹੀ ਪਲਾਂ ਵਿਚ ਪੂਰੀ ਕਾਰ 'ਚ ਫੈਲ ਗਈ। ਹਾਲਾਂਕਿ ਸਮਾਂ ਰਹਿੰਦਿਆਂ ਉਨ੍ਹਾਂ ਨੇ ਤੁਰੰਤ ਆਪਣੇ ਪਰਿਵਾਰ ਨੂੰ ਕਾਰ ਵਿਚੋਂ ਬਾਹਰ ਕੱਢ ਕੇ ਪਰਿਵਾਰ ਦੀ ਜਾਨ ਬਚਾਈ। ਇਸ ਮਗਰੋਂ ਦੇਖਦੇ ਹੀ ਦੇਖਦੇ ਕਾਰ ਬੁਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ। ਅਰੁਣ ਕੁਮਾਰ ਨੇ ਦੱਸਿਆ ਕਿ ਉਹ ਰੱਖੜੀ ਦੇ ਤਿਉਹਾਰ ਮੌਕੇ ਪਰਿਵਾਰ ਸਮੇਤ ਆਪਣੇ ਸਹੁਰੇ ਘਰ ਧੂਰੀ ਜਾ ਰਹੇ ਸਨ ਪਰ ਰਸਤੇ ਵਿਚ ਵਾਪਰੀ ਇਸ ਘਟਨਾ ਕਾਰਨ ਉਨ੍ਹਾਂ ਨੂੰ ਭਾਰੀ ਨੁਕਸਾਨ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਖੁਸ਼ਕਿਸਮਤੀ ਨਾਲ ਕਾਰ ਵਿਚ ਸਵਾਰ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਹੋਇਆ। ਘਟਨਾ ਦੀ ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਮੌਕੇ ’ਤੇ ਪਹੁੰਚੀ ਤੇ ਕਾਫੀ ਜੱਦੋ-ਜਹਿਦ ਤੋਂ ਬਾਅਦ ਕਾਰ ਨੂੰ ਲੱਗੀ ਅੱਗ ’ਤੇ ਕਾਬੂ ਪਾਇਆ। ਇਸ ਦੌਰਾਨ ਐੱਸ.ਐੱਸ.ਐੱਫ. ਦੀ ਟੀਮ ਵੀ ਮੌਕੇ ’ਤੇ ਪਹੁੰਚ ਗਈ ਤੇ ਰਾਹਤ ਕਾਰਜ ਸ਼ੁਰੂ ਕਰ ਦਿੱਤੇ। ਹਾਦਸੇ ਕਾਰਨ ਕੁਝ ਸਮੇਂ ਲਈ ਆਵਾਜਾਈ ਵੀ ਪ੍ਰਭਾਵਿਤ ਹੋਈ। ਅਰੁਣ ਕੁਮਾਰ ਨੇ ਕਾਰ ਨੂੰ ਅੱਗ ਲੱਗਣ ਦਾ ਕਾਰਨ ਤਕਨੀਕੀ ਖ਼ਰਾਬੀ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਹੈ।
