ਰਾਜ ਹੱਠ ਨੂੰ ਛੱਡ ਕੇ ਮੋਦੀ ਸਰਕਾਰ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ : ਬਾਜਵਾ
Monday, Dec 07, 2020 - 10:12 PM (IST)
ਬਟਾਲਾ,(ਬੇਰੀ, ਮਠਾਰੂ, ਸਾਹਿਲ)-ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਾਂਝੇ ਤੌਰ 'ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਰਾਜ ਹੱਠ ਨੂੰ ਛੱਡ ਕੇ ਕਿਸਾਨਾਂ ਦੀ ਗੱਲ ਮੰਨਦਿਆਂ ਖੇਤੀ ਸੁਧਾਰਾਂ ਦੇ ਨਾਮ 'ਤੇ ਬਣਾਏ ਕਾਲੇ ਕਾਨੂੰਨਾਂ ਨੂੰ ਤੁਰੰਤ ਰੱਦ ਕਰੇ। ਅੱਜ ਹਲਕਾ ਸ੍ਰੀ ਹਰਗੋਬਿੰਦਪੁਰ ਦੇ ਪਿੰਡ ਢਪੱਈ ਵਿਖੇ ਪਹੁੰਚੇ ਕੈਬਨਿਟ ਮੰਤਰੀ ਬਾਜਵਾ ਅਤੇ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਦੇਸ਼ ਦੇ ਅਵਾਮ ਦੀ ਆਵਾਜ਼ ਸੁਣਦਿਆਂ ਆਪਣਾ ਤਾਨਾਸ਼ਾਹੀ ਰਵੱਈਆ ਛੱਡਣਾ ਚਾਹੀਦਾ ਹੈ।
ਮੰਤਰੀ ਬਾਜਵਾ ਨੇ ਕਿਹਾ ਕਿ ਇਸ ਸਮੇਂ ਸਾਰੇ ਦੇਸ਼ ਦੇ ਕਿਸਾਨ ਮੋਦੀ ਦੇ ਕਾਲੇ ਕਾਨੂੰਨਾਂ ਖਿਲਾਫ ਉੱਠ ਖੜ੍ਹੇ ਹੋਏ ਹਨ ਅਤੇ ਹਣ ਮੋਦੀ ਕੋਲ ਸਿਵਾਏ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਦੇ ਹੋਰ ਕੋਈ ਰਾਹ ਨਹੀਂ ਬਚਿਆ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਸਰਕਾਰਾਂ 'ਚ ਹੱਠਬਾਜ਼ੀਆਂ ਨਹੀਂ ਚੱਲਦੀਆਂ ਅਤੇ ਸਰਕਾਰ ਹਮੇਸ਼ਾਂ ਲੋਕਾਂ ਦੀ ਸਹਿਮਤੀ ਨਾਲ ਚੱਲਦੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਿਸਾਨਾਂ ਦੇ ਨਾਲ ਹੈ ਅਤੇ 8 ਦਸੰਬਰ ਦੇ ਭਾਰਤ ਬੰਦ ਦਾ ਉਹ ਸਮਰਥਨ ਕਰਦੇ ਹਨ। ਇਸ ਮੌਕੇ ਮੰਤਰੀ ਬਲਬੀਰ ਸਿੱਧੂ ਨੇ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਖੇਤੀ ਬਿੱਲਾਂ ਨੂੰ ਠੀਕ ਨਹੀਂ ਮੰਨਦੇ ਤਾਂ ਕੇਂਦਰ ਸਰਕਾਰ ਜਾਣ-ਬੁੱਝ ਕੇ ਕਿਉਂ ਇਨ੍ਹਾਂ ਬਿੱਲਾਂ ਨੂੰ ਬਦੋ-ਬਦੀ ਲਾਗੂ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਕਿਸਾਨ ਅੰਦੋਲਨ ਨੂੰ ਖਤਮ ਕਰਨਾ ਚਾਹੁੰਦੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਖੁਦ ਮੀਟਿੰਗ ਵਿਚ ਆ ਕੇ ਕਿਸਾਨਾਂ ਦੀ ਗੱਲ ਸੁਣਨੀ ਚਾਹੀਦੀ ਹੈ ਅਤੇ ਬਿਨਾਂ ਸ਼ਰਤ ਕਾਲੇ ਕਾਨੂੰਨਾਂ ਨੂੰ ਰੱਦ ਕਰਨਾ ਚਾਹੀਦਾ ਹੈ। ਇਸ ਮੌਕੇ ਵਿਧਾਇਕ ਬਲਵਿੰਦਰ ਸਿੰਘ ਲਾਡੀ, ਐੱਸ. ਡੀ. ਐੱਮ. ਬਲਵਿੰਦਰ ਸਿੰਘ, ਸਿਕੰਦਰ ਸਿੰਘ ਸਰਪੰਚ, ਮਨਜੀਤ ਸਿੰਘ ਖਾਲਸਾ, ਕਾਬਲ ਸਿੰਘ, ਗੁਰਭੇਜ ਸਿੰਘ, ਬਲਰਾਜ ਸਿੰਘ, ਰਿਟਾ. ਡੀ. ਐੱਸ. ਪੀ. ਅਜਮੇਰ ਸਿੰਘ, ਕ੍ਰਿਪਾਲ ਸਿੰਘ ਨੰਬਰਦਾਰ, ਗੁਰਮੇਜ ਸਿੰਘ ਨੰਬਰਦਾਰ, ਦਿਲਬਾਗ ਸਿੰਘ, ਸੰਦੀਪ ਸਿੰਘ, ਸਾਹਿਬ ਸਿੰਘ, ਸਿਕੰਦਰ ਸਿੰਘ ਪੀ. ਏ., ਯਾਦਵਿੰਦਰ ਸਿੰਘ, ਡਾ. ਸੁਜਾਨ ਸਿੰਘ, ਲਖਵਿੰਦਰ ਸਿੰਘ ਪੰਚ, ਮਿੰਟੂ, ਪੰਚ ਲਾਭ ਸਿੰਘ ਆਦਿ ਹਾਜ਼ਰ ਸਨ।