ਕੈਪਟਨ ਦੀਆਂ ਸ਼ਾਹੀ ਆਦਤਾਂ ਕਾਰਨ ਪੰਜਾਬ ''ਚ ਕਾਂਗਰਸ ਦਾ ਕੰਮ ਖਰਾਬ ਹੋਇਆ: ਰਾਜਾ ਵੜਿੰਗ

Sunday, Nov 29, 2026 - 07:02 PM (IST)

ਕੈਪਟਨ ਦੀਆਂ ਸ਼ਾਹੀ ਆਦਤਾਂ ਕਾਰਨ ਪੰਜਾਬ ''ਚ ਕਾਂਗਰਸ ਦਾ ਕੰਮ ਖਰਾਬ ਹੋਇਆ: ਰਾਜਾ ਵੜਿੰਗ

ਲੁਧਿਆਣਾ: ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 'ਤੇ ਨਿਸ਼ਾਨਾ ਵਿੰਨ੍ਹਦਿਆਂ ਦੋਸ਼ ਲਗਾਇਆ ਹੈ ਕਿ ਪੰਜਾਬ ਵਿਚ ਕਾਂਗਰਸ ਦਾ ਕੰਮ ਕੈਪਟਨ ਨੇ ਹੀ ਖਰਾਬ ਕੀਤਾ ਹੈ। ਆਪਣੀ 'ਇਨਸਾਫ਼ ਯਾਤਰਾ' ਦੌਰਾਨ ਵੜਿੰਗ ਨੇ ਦਾਅਵਾ ਕੀਤਾ ਕਿ ਕੈਪਟਨ ਦੀ ਰੋਟੀ 'ਤੇ 5 ਲੱਖ ਰੁਪਏ ਤੱਕ ਖਰਚ ਹੁੰਦੇ ਸਨ ਅਤੇ ਉਨ੍ਹਾਂ ਲਈ ਮੱਛੀ ਵਰਗਾ ਖਾਣ-ਪੀਣ ਦਾ ਸਾਮਾਨ ਚੰਡੀਗੜ੍ਹ ਅਤੇ ਲੁਧਿਆਣਾ ਵਰਗੀਆਂ ਵੱਖ-ਵੱਖ ਥਾਵਾਂ ਤੋਂ ਮੰਗਵਾਇਆ ਜਾਂਦਾ ਸੀ।

ਵੜਿੰਗ ਨੇ ਕਿਹਾ ਕਿ ਕੈਪਟਨ ਤੋਂ ਪਹਿਲਾਂ ਕਾਂਗਰਸੀ ਨੇਤਾ ਬਲਾਕ ਪ੍ਰਧਾਨਾਂ ਦੇ ਘਰ ਰੋਟੀ ਖਾਂਦੇ ਸਨ ਅਤੇ ਜ਼ਿਲ੍ਹਾ ਪ੍ਰਧਾਨਾਂ ਦੇ ਘਰ ਸੌਂ ਜਾਂਦੇ ਸਨ। ਪਰ ਕੈਪਟਨ ਦੇ ਆਉਣ ਤੋਂ ਬਾਅਦ ਉਨ੍ਹਾਂ ਦੇ ਸੌਣ ਲਈ ਹੀ 3-4 ਕਮਰਿਆਂ ਦਾ ਪ੍ਰਬੰਧ ਕਰਨਾ ਪੈਂਦਾ ਸੀ, ਜਿਸ ਕਾਰਨ ਛੋਟੇ ਨੇਤਾਵਾਂ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾਉਣਾ ਹੀ ਛੱਡ ਦਿੱਤਾ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਕੈਪਟਨ ਨੂੰ ਮਿਲਣ ਲਈ ਇੱਤਰ ਲਗਾ ਕੇ ਅਤੇ ਮਾਵੇ ਵਾਲਾ ਕੁੜਤਾ-ਪਜਾਮਾ ਪਾ ਕੇ ਜਾਣਾ ਪੈਂਦਾ ਸੀ, ਨਹੀਂ ਤਾਂ ਉਹ ਅੰਦਰ ਨਹੀਂ ਆਉਣ ਦਿੰਦੇ ਸਨ।

ਰਾਜਾ ਵੜਿੰਗ ਦਾ ਇਹ ਤਿੱਖਾ ਬਿਆਨ ਗੁਰਦਾਸਪੁਰ ਤੋਂ ਕਾਂਗਰਸੀ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ, ਜਿਸ ਵਿਚ ਰੰਧਾਵਾ ਨੇ 2021 ਵਿਚ ਕੈਪਟਨ ਨੂੰ ਮੁੱਖ ਮੰਤਰੀ ਦੀ ਕੁਰਸੀ ਤੋਂ ਹਟਾਉਣ ਦੇ ਫੈਸਲੇ ਨੂੰ ਆਪਣੀ ਸਭ ਤੋਂ ਵੱਡੀ ਸਿਆਸੀ ਗਲਤੀ ਮੰਨਿਆ ਸੀ। ਰੰਧਾਵਾ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੇ ਪੁੱਤਰ ਦੇ ਵਿਆਹ ਵਿਚ ਕੈਪਟਨ ਨੂੰ ਪਰਿਵਾਰ ਦੇ ਮੁਖੀ ਵਜੋਂ ਵਿਸ਼ੇਸ਼ ਤੌਰ 'ਤੇ ਸੱਦਾ ਦੇਣਗੇ।


author

Anmol Tagra

Content Editor

Related News