ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮੀਂਹ ਨੇ ਮਚਾਈ ਤਬਾਹੀ, 31 ਮੌਤਾਂ

Monday, Jul 10, 2023 - 08:34 AM (IST)

ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮੀਂਹ ਨੇ ਮਚਾਈ ਤਬਾਹੀ, 31 ਮੌਤਾਂ

ਚੰਡੀਗੜ੍ਹ/ਨਵੀਂ ਦਿੱਲੀ (ਏਜੰਸੀਆਂ) - ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ’ਚ ਮਾਨਸੂਨ ਨੇ ਤਬਾਹੀ ਮਚਾ ਦਿੱਤੀ ਹੈ ਤੇ ਐਤਵਾਰ ਰਾਤ ਤੱਕ 31 ਜਾਨਾਂ ਜਾ ਚੁਕੀਆਂ ਸਨ। ਕਈ ਦਰਿਆਵਾਂ ਦੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ’ਤੇ ਪਹੁੰਚ ਗਿਆ ਹੈ। ਪਹਾੜਾਂ ’ਤੇ ਢਿੱਗਾਂ ਡਿੱਗਣ ਅਤੇ ਚੱਟਾਨਾਂ ਖਿਸਕਣ ਕਾਰਨ ਸੜਕਾਂ ਜਾਮ ਹੋ ਗਈਆਂ ਜਿਸ ਕਾਰਨ ਆਵਾਜਾਈ ਠੱਪ ਹੋ ਗਈ। ਰਾਹਗੀਰ ਰਸਤੇ ਵਿਚ ਹੀ ਫਸ ਗਏ। ਮੈਦਾਨੀ ਇਲਾਕਿਆਂ ਵਿੱਚ ਹੜ੍ਹ ਵਰਗੀ ਸਥਿਤੀ ਬਣੀ ਹੋਈ ਹੈ। ਭਾਰਤ ਵਿੱਚ ਹੀ ਨਹੀਂ, ਪਾਕਿਸਤਾਨ ਅਤੇ ਚੀਨ ਵਰਗੇ ਹੋਰ ਗੁਆਂਢੀ ਮੁਲਕਾਂ ਵਿੱਚ ਵੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ।

ਪੰਜਾਬ ਵਿੱਚ ਲਗਾਤਾਰ ਮੀਂਹ ਕਾਰਨ ਸਤਲੁਜ ਦਰਿਆ ਵਿੱਚ ਪਾਣੀ ਚੜ੍ਹ ਗਿਆ ਹੈ, ਜਿਸ ਕਾਰਨ 50 ਪਿੰਡਾਂ ਨੂੰ ਖਾਲੀ ਕਰਵਾਇਆ ਗਿਆ ਹੈ। ਗੋਤਾਖੋਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਭਾਰੀ ਮੀਂਹ ਕਾਰਨ ਭਾਖੜਾ ਡੈਮ ਪੁਲ ਤੋਂ ਥੋੜ੍ਹੀ ਦੂਰ ਨੈਣਾ ਦੇਵੀ ਮਾਰਗ ’ਤੇ ਸਥਿਤ ਚੈੱਕ ਪੋਸਟ ਨੇੜੇ ਲੈਂਡ ਸਲਾਈਡ ਹੋਣ ਕਾਰਨ ਸੜਕ ਅਗਲੇ ਨਿਰਦੇਸ਼ਾਂ ਤੱਕ ਬੰਦ ਕਰ ਦਿੱਤੀ ਗਈ ਹੈ। ਗਵਾਲਥਾਈ ਵਿੱਚ ਜ਼ਮੀਨ ਖਿਸਕਣ ਕਾਰਨ ਨੰਗਲ-ਭਾਖੜਾ ਮਾਰਗ ਵੀ ਬੰਦ ਹੋ ਗਿਆ ਹੈ। ਨੂਰਪੁਰਬੇਦੀ-ਗੜ੍ਹਸ਼ੰਕਰ ਮੁੱਖ ਮਾਰਗ ’ਤੇ ਪਿੰਡ ਕਾਹਨਪੁਰ ਖੂਹੀ ਨੇੜੇ ਲੰਘਦੇ ਇੱਕ ਸਾਈਫਨ ਵਿੱਚ ਬਰਸਾਤੀ ਪਾਣੀ ਦੇ ਤੇਜ਼ ਵਹਾਅ ਵਿੱਚ ਰੁੜ੍ਹ ਜਾਣ ਕਾਰਨ ਇੱਕ ਸਾਧੂ ਦੀ ਮੌਤ ਹੋ ਗਈ। ਸਾਧੂ ਮਾਹਿਲਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ।

ਇਹ ਵੀ ਪੜ੍ਹੋ: OMG! ਪਤੀ ਨੇ ਪਹਿਲਾਂ ਕੀਤਾ ਪਤਨੀ ਦਾ ਕਤਲ, ਫਿਰ ਖਾਧਾ ਦਿਮਾਗ ਤੇ ਐਸ਼ਟ੍ਰੇ ਵਜੋਂ ਵਰਤੀ ਖੋਪੜੀ

ਸ਼ਿਮਲਾ ਦੇ ਪਿੰਡ ਕੋਟਗੜ੍ਹ ’ਚ ਭਾਰੀ ਮੀਂਹ ਕਾਰਨ ਇਕ ਘਰ ਡਿੱਗਣ ਕਾਰਨ ਇਕ ਹੀ ਪਰਿਵਾਰ ਦੇ 3 ਵਿਅਕਤੀਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਐੱਨ. ਡੀ. ਆਰ.ਐੱਫ. ਦੀ ਟੀਮ ਨੇ ਕੁੱਲੂ ਜ਼ਿਲੇ ਦੇ ਚਾਰੂਡੂ ਪਿੰਡ ’ਚ ਬਿਆਸ ਦਰਿਆ ਦੇ ਪਾਣੀ ’ਚ ਡੁੱਬ ਰਹੇ 5 ਲੋਕਾਂ ਨੂੰ ਬਚਾਇਆ। ਕੁੱਲੂ ਕਸਬੇ ਵਿੱਚ ਜ਼ਮੀਨ ਖਿਸਕਣ ਕਾਰਨ ਇੱਕ ਆਰਜ਼ੀ ਮਕਾਨ ਨੂੰ ਨੁਕਸਾਨ ਪਹੁੰਚਿਆ। ਇੱਕ ਔਰਤ ਦੀ ਮੌਤ ਹੋ ਗਈ। ਚੰਬਾ ਤਹਿਸੀਲ ਦੇ ਕਟੀਆਂ ਵਿਖੇ ਜ਼ਮੀਨ ਖਿਸਕਣ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ। ਕੁੱਲੂ-ਮਨਾਲੀ ਰੋਡ ’ਤੇ ਕਈ ਥਾਵਾਂ ’ਤੇ ਪੱਥਰ ਡਿੱਗਣ ਕਾਰਨ ਅਟਲ ਸੁਰੰਗ ਅਤੇ ਰੋਹਤਾਂਗ ਵੱਲ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਰੋਕ ਦਿੱਤੀ ਗਈ ਹੈ। ਹਿਮਾਚਲ ਵਿੱਚ ਲਗਾਤਾਰ ਦੂਜੇ ਦਿਨ ਲਗਾਤਾਰ ਮੀਂਹ ਪੈਣ ਕਾਰਨ 700 ਤੋਂ ਵੱਧ ਥਾਵਾਂ ’ਤੇ ਸੜਕੀ ਸੰਪਰਕ ਟੁੱਟ ਗਿਆ।

ਪਾਣੀ ਭਰਨ ਕਾਰਨ ਸ਼ਿਮਲਾ-ਕਾਲਕਾ ਵਿਰਾਸਤੀ ਰੇਲ ਮਾਰਗ ’ਤੇ ਰੇਲ ਆਵਾਜਾਈ ਰੱਦ ਕਰ ਦਿੱਤੀ ਗਈ ਹੈ। ਨੈਸ਼ਨਲ ਹਾਈਵੇਅ 154 ’ਤੇ ਸਥਿਤ ਮਹੱਤਵਪੂਰਨ ਚੱਕੀ ਪੁਲ ਨੂੰ ਅਗਲੇ ਹੁਕਮਾਂ ਤੱਕ ਵਾਹਨਾਂ ਦੀ ਆਵਾਜਾਈ ਲਈ ਬੰਦ ਕਰ ਦਿੱਤਾ ਗਿਆ ਹੈ। ਇਹ ਪੁਲ ਪੰਜਾਬ ਨੂੰ ਹਿਮਾਚਲ ਪ੍ਰਦੇਸ਼ ਨਾਲ ਜੋੜਦਾ ਹੈ। ਕੁੱਲੂ ਜ਼ਿਲ੍ਹੇ ਦੇ ਬੰਜਰ ਨੂੰ ਓਟ ਨਾਲ ਜੋੜਨ ਵਾਲਾ 40 ਸਾਲ ਪੁਰਾਣਾ ਪੁਲ ਢਹਿ ਗਿਆ। ਉੱਤਰਾਖੰਡ ਵਿੱਚ ਭਾਰੀ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਮਕਾਨ ਢਹਿਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 6 ਹੋਰ ਜ਼ਖ਼ਮੀ ਹੋ ਗਏ। ਚਾਰਧਾਮ ਯਾਤਰਾ ਵਿੱਚ ਵੀ ਅੜਿੱਕਾ ਪੈ ਰਿਹਾ ਹੈ। ਗੰਗਾ ਵਿਚ ਪਾਣੀ ਚੜ੍ਹਿਆ ਹੋਇਆ ਹੈ। ਟੀਹਰੀ ਗੜ੍ਹਵਾਲ ਜ਼ਿਲੇ ਦੇ ਮੁਨੀ ਕੀ ਰੇਤੀ ਖੇਤਰ ਵਿੱਚ ਕੇਦਾਰਨਾਥ ਤੋਂ ਵਾਪਸ ਆ ਰਹੀ ਇੱਕ ਜੀਪ ਤੜਕੇ ਬੇਕਾਬੂ ਹੋ ਕੇ ਗੰਗਾ ਨਦੀ ’ਚ ਜਾ ਡਿੱਗੀ, ਜਿਸ ਵਿੱਚ ਸਵਾਰ ਛੇ ਸ਼ਰਧਾਲੂ ਡੁੱਬ ਗਏ। ਊਧਮ ਸਿੰਘ ਨਗਰ ਜ਼ਿਲੇ ਦੇ ਕਾਸ਼ੀਪੁਰ ਇਲਾਕੇ ਦੇ ਪਿੰਡ ਮਿਸਰਵਾਲਾ ਵਿੱਚ ਦੋ ਘਰ ਢਹਿ ਜਾਣ ਕਾਰਨ ਇੱਕ ਜੋੜੇ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਕੀ ਤੁਸੀਂ ਵੀ ਹਾਸਲ ਕਰਨਾ ਚਾਹੁੰਦੇ ਹੋ ਅਮਰੀਕਾ ਦੀ ਨਾਗਰਿਕਤਾ ਤਾਂ ਪੜ੍ਹੋ ਇਹ ਖ਼ਬਰ, ਸਰਕਾਰ ਨੇ ਬਦਲੇ ਨਿਯਮ

ਲੱਦਾਖ ’ਚ ਬੇਮੌਸਮੀ ਬਰਫਬਾਰੀ ਅਤੇ ਭਾਰੀ ਬਾਰਿਸ਼ ਕਾਰਨ ਮੌਸਮ ਵਿਭਾਗ ਨੇ ਖੇਤਰ ’ਚ ਰੈੱਡ ਅਲਰਟ ਜਾਰੀ ਕੀਤਾ ਹੈ। ਕਾਰਗਿਲ ਦੇ ਰੰਗਦਮ ਪਿੰਡ ’ਚ ਕਰੀਬ 3 ਇੰਚ ਬਰਫ ਪਈ ਜਦਕਿ ਕਾਰਗਿਲ ਦੇ ਆਲੇ-ਦੁਆਲੇ ਪੰਸੀ ਲਾ, ਜ਼ਾਂਸਕਰ ਅਤੇ ਪਹਾੜੀ ਖੇਤਰ ਵੀ ਬਰਫ ਨਾਲ ਢੱਕੇ ਹੋਏ ਹਨ। ਲੇਹ-ਕਾਰਗਿਲ-ਸ਼੍ਰੀਨਗਰ ਰਾਸ਼ਟਰੀ ਰਾਜਮਾਰਗ ’ਤੇ ਲਾਮਾਯੁਰੂ ਵਿਖੇ ਜ਼ਮੀਨ ਖਿਸਕਣ ਕਾਰਨ ਆਵਾਜਾਈ ਲਈ ਰਣਨੀਤਕ ਤੌਰ ’ਤੇ ਮਹੱਤਵਪੂਰਨ ਸੜਕ ਨੂੰ ਬੰਦ ਕਰ ਦਿੱਤਾ ਗਿਆ ਹੈ। ਲਾਮਾਯੁਰੂ ਵਿਖੇ ਜ਼ਮੀਨ ਖਿਸਕਣ ਕਾਰਨ ਲੇਹ-ਕਾਰਗਿਲ ਹਾਈਵੇਅ ਦੇ ਨਾਲ ਕਾਰਗਿਲ-ਜ਼ਾਂਸਕਰ ਰੋਡ ’ਤੇ ਆਵਾਜਾਈ ਬੰਦ ਕਰ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ’ਚ ਲਗਾਤਾਰ ਦੂਜੇ ਦਿਨ ਭਾਰੀ ਮੀਂਹ ਪਿਆ, ਜਿਸ ਕਾਰਨ ਕਈ ਇਲਾਕਿਆਂ ’ਚ ਪਾਣੀ ਭਰ ਗਿਆ। ਇਸ ਨਾਲ ਆਵਾਜਾਈ ਪ੍ਰਭਾਵਿਤ ਹੋਈ।

ਬਾਰਿਸ਼ ਕਾਰਨ ਦਿੱਲੀ ਦੇ ਵੱਖ-ਵੱਖ ਇਲਾਕਿਆਂ ’ਚ 15 ਘਰ ਢਹਿ ਗਏ। ਮੀਂਹ ਕਾਰਨ ਬਿਜਲੀ ਦਾ ਕਰੰਟ ਲੱਗਣ ਅਤੇ ਹੋਰ ਹਾਦਸਿਆਂ ਕਾਰਨ 6 ਲੋਕਾਂ ਦੀ ਮੌਤ ਹੋ ਗਈ। ਸ੍ਰੀਨਿਵਾਸਪੁਰੀ ਵਿੱਚ ਇੱਕ ਸਰਕਾਰੀ ਸਕੂਲ ਦੀ ਚਾਰਦੀਵਾਰੀ ਦਾ ਇੱਕ ਹਿੱਸਾ ਐਤਵਾਰ ਨੂੰ ਭਾਰੀ ਮੀਂਹ ਕਾਰਨ ਢਹਿ ਗਿਆ। ਸਕੂਲ ਦੀ ਇਮਾਰਤ ਦੀ 4 ਮਹੀਨੇ ਪਹਿਲਾਂ ਮੁਰੰਮਤ ਕੀਤੀ ਗਈ ਸੀ। ਸਕੂਲ ਦੀ ਕੰਧ 35 ਸਾਲ ਪੁਰਾਣੀ ਸੀ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਲਗਾਤਾਰ ਬਾਰਿਸ਼ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਾਰੇ ਸਕੂਲ ਸੋਮਵਾਰ ਨੂੰ ਬੰਦ ਰੱਖਣ ਦੇ ਹੁਕਮ ਦਿੱਤੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News