ਰੇਲਵੇ ਸਟੇਸ਼ਨ ’ਤੇ ਟਰਾਲੇ ਹੇਠ ਆਉਣ ਨਾਲ 55 ਸਾਲਾ ਪੱਲੇਦਾਰ ਦੀ ਮੌਤ

Wednesday, Aug 26, 2026 - 04:03 PM (IST)

ਰੇਲਵੇ ਸਟੇਸ਼ਨ ’ਤੇ ਟਰਾਲੇ ਹੇਠ ਆਉਣ ਨਾਲ 55 ਸਾਲਾ ਪੱਲੇਦਾਰ ਦੀ ਮੌਤ

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ, ਖੁਰਾਣਾ) : ਸ੍ਰੀ ਮੁਕਤਸਰ ਸਾਹਿਬ ਦੇ ਰੇਲਵੇ ਸਟੇਸ਼ਨ ’ਤੇ ਵਾਪਰੇ ਇਕ ਭਿਆਨਕ ਹਾਦਸੇ ’ਚ 55 ਸਾਲਾ ਪੱਲੇਦਾਰ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਭਾਸ਼ ਕੁਮਾਰ ਵਾਸੀ ਮੋੜ ਰੋਡ ਵਜੋਂ ਹੋਈ ਹੈ, ਜੋ ਕਿ ਪਿਛਲੇ ਕਰੀਬ 30 ਸਾਲਾਂ ਤੋਂ ਰੇਲਵੇ ਸਟੇਸ਼ਨ ’ਤੇ ਪੱਲੇਦਾਰੀ ਦਾ ਕੰਮ ਕਰਕੇ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰ ਰਿਹਾ ਸੀ। ਜਾਣਕਾਰੀ ਅਨੁਸਾਰ ਇਹ ਹਾਦਸਾ ਦੁਪਹਿਰ ਕਰੀਬ 2:30 ਤੋਂ 3 ਵਜੇ ਦੇ ਵਿਚਕਾਰ ਵਾਪਰਿਆ। ਸੁਭਾਸ਼ ਕੁਮਾਰ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਰੇਲ ਗੱਡੀ ’ਚੋਂ ਮਾਲ ਦੇ ਗੱਟੇ ਉਤਾਰ ਰਿਹਾ ਸੀ। ਇਸੇ ਦੌਰਾਨ ਇਕ ਟਰਾਲਾ ਪਿੱਛੇ ਕੀਤਾ ਜਾ ਰਿਹਾ ਸੀ। ਮੌਕੇ ’ਤੇ ਮੌਜੂਦ ਹੋਰ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਰਾਲਾ ਚਾਲਕ ਨੂੰ ਰੋਕਣ ਲਈ ਕਈ ਆਵਾਜ਼ਾਂ ਵੀ ਮਾਰੀਆਂ ਪਰ ਚਾਲਕ ਨੇ ਟਰਾਲਾ ਨਹੀਂ ਰੋਕਿਆ। ਇਸ ਦੌਰਾਨ ਸੁਭਾਸ਼ ਕੁਮਾਰ ਟਰਾਲੇ ਦੀ ਲਪੇਟ ’ਚ ਆ ਗਿਆ। ਹਾਦਸਾ ਇੰਨਾ ਭਿਆਨਕ ਸੀ ਕਿ ਟਰਾਲਾ ਸੁਭਾਸ਼ ਕੁਮਾਰ ਦੇ ਉੱਪਰੋਂ ਲੰਘ ਗਿਆ, ਜਿਸ ਨਾਲ ਉਹ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਉਥੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਹਸਪਤਾਲ ਪਹੁੰਚਾਇਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਹਾਦਸੇ ਤੋਂ ਤੁਰੰਤ ਬਾਅਦ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਪਰਿਵਾਰਕ ਮੈਂਬਰਾਂ ਅਨੁਸਾਰ ਸੁਭਾਸ਼ ਕੁਮਾਰ ਹੀ ਘਰ ’ਚ ਇਕੱਲਾ ਕਮਾਉਣ ਵਾਲਾ ਸਹਾਰਾ ਸੀ। ਇਸ ਘਟਨਾ ਤੋਂ ਬਾਅਦ ਪਰਿਵਾਰ ਅਤੇ ਸਾਥੀ ਪੱਲੇਦਾਰਾਂ ’ਚ ਗਮ ਦਾ ਮਾਹੌਲ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਰੇਲਵੇ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਜਦਕਿ ਪੀੜਤ ਪਰਿਵਾਰ ਨੇ ਮੁਲਜ਼ਮ ਟਰਾਲਾ ਚਾਲਕ ਖ਼ਿਲਾਫ਼ ਸਖ਼ਤ ਕਾਰਵਾਈ ਅਤੇ ਇਨਸਾਫ਼ ਦੀ ਮੰਗ ਕੀਤੀ ਹੈ।


author

Gurminder Singh

Content Editor

Related News