ਆਰ. ਪੀ. ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੇ ਸ਼ਰਧਾਲੂਆਂ ਦਾ ਇਲਾਜ ਕਰਵਾਉਣ ਦੀ ਕੀਤੀ ਮੰਗ

Tuesday, May 05, 2020 - 10:33 AM (IST)

ਆਰ. ਪੀ. ਸਿੰਘ ਨੇ ਕੇਂਦਰੀ ਸਿਹਤ ਮੰਤਰੀ ਨੂੰ ਪੰਜਾਬ ਦੇ ਸ਼ਰਧਾਲੂਆਂ ਦਾ ਇਲਾਜ ਕਰਵਾਉਣ ਦੀ ਕੀਤੀ ਮੰਗ

ਜਲੰਧਰ (ਕਮਲੇਸ਼)— ਭਾਜਪਾ ਦੇ ਕੌਮੀ ਸਕੱਤਰ ਆਰ. ਪੀ. ਸਿੰਘ ਨੇ ਤਖਤ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਪਰਤੇ ਸ਼ਰਧਾਲੂਆਂ 'ਚੋਂ ਇਨਫੈਕਟਿਡ ਹੋਣ 'ਤੇ ਪੈਦਾ ਹੋਏ ਵਿਵਾਦ ਬਾਰੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਤੋਂ ਉਨ੍ਹਾਂ ਦੇ ਇਲਾਜ ਲਈ ਮੰਗ ਕੀਤੀ ਹੈ। ਆਰ. ਪੀ. ਸਿੰਘ ਨੇ ਟਵੀਟ ਕਰਦੇ ਹੋਏ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੂੰ ਕਿਹਾ ਕਿ ਸ਼ਰਧਾਲੂਆਂ ਨੂੰ ਬਿਹਤਰ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਲਈ ਮਾਹਰ ਡਾਕਟਰਾਂ ਦੀ ਇਕ ਟੀਮ ਨੂੰ ਪੰਜਾਬ ਭੇਜਿਆ ਜਾਵੇ।

ਆਰ. ਪੀ. ਸਿੰਘ ਨੇ ਕਿਹਾ ਕਿ ਜੇਕਰ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਨ੍ਹਾਂ ਦਾ ਇਲਾਜ ਕਰਨ 'ਚ ਅਸਮਰਥ ਹਨ ਤਾਂ ਉਨ੍ਹਾਂ ਨੂੰ ਕੇਂਦਰ ਦੀ ਮੋਦੀ ਸਰਕਾਰ ਅਤੇ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਕੋਲੋਂ ਸ਼ਰਧਾਲੂਆਂ ਦੇ ਬਿਹਤਰ ਇਲਾਜ ਲਈ ਮਾਹਰ ਡਾਕਟਰਾਂ ਦੀ ਟੀਮ ਭੇਜਣ ਬਾਰੇ ਮੰਗ ਕਰਨੀ ਚਾਹੀਦੀ ਹੈ, ਤਾਂ ਜੋ ਕੋਰੋਨਾ ਦੇ ਮਰੀਜ਼ਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਨਿਯਮਾਂ ਦੀਆਂ ਉੱਡੀਆਂ ਧੱਜੀਆਂ, ਭੀੜ ਨੂੰ ਦੇਖ ਲੱਗਦਾ ਨਹੀਂ ਲੋਕ 'ਕੋਰੋਨਾ' ਤੋਂ ਪਾਉਣਾ ਚਾਹੁੰਦੇ ਨੇ ਛੁਟਕਾਰਾ

ਉਨ੍ਹਾਂ ਕਿਹਾ ਕਿ ਪੰਜਾਬ 'ਚ ਅਚਾਨਕ ਵਧੇ ਕੋਰੋਨਾ ਮਰੀਜ਼ਾਂ ਦਾ ਮੁੱਖ ਕਾਰਨ ਸੂਬੇ ਦੀ ਕਾਂਗਰਸ ਸਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਸੁਸਤ ਅਤੇ ਲਾਪ੍ਰਵਾਹੀ ਵਾਲੀ ਲੀਡਰਸ਼ਿਪ ਹੈ। ਉਨ੍ਹਾਂ ਕਿਹਾ ਕਿ ਮਹਾਰਾਸ਼ਟਰ ਸਰਕਾਰ ਵਲੋਂ ਇਹ ਕਿਹਾ ਗਿਆ ਸੀ ਕਿ ਹਜ਼ੂਰ ਸਾਹਿਬ ਤੋਂ ਵਾਪਸ ਆਏ ਕਿਸੇ ਵੀ ਸ਼ਰਧਾਲੂ ਨੂੰ ਕੋਰੋਨਾ ਨਹੀਂ ਪਾਇਆ ਗਿਆ, ਜਦੋਂਕਿ ਸ਼ਰਧਾਲੂਆਂ ਦਾ ਦੋਸ਼ ਹੈ ਕਿ ਕੋਰੋਨਾ ਦੀ ਲਾਗ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਹੀ ਸਾਹਮਣੇ ਆਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਧਾਲੂਆਂ' 'ਤੇ ਦੋਸ਼ ਲਾਉਣ ਦੀ ਬਜਾਏ ਉਨ੍ਹਾਂ ਦਾ ਸਹੀ ਤਰੀਕੇ ਨਾਲ ਇਲਾਜ ਕਰਵਾਉਣ ਵੱਲ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਜਲਦ ਤੋਂ ਜਲਦ ਕੋਰੋਨਾ ਮੁਕਤ ਕਰਵਾਇਆ ਜਾ ਸਕੇ।

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਖ ਸ਼ਰਧਾਲੂਆਂ ਬਾਰੇ ਦਿਗਵਿਜੇ ਸਿੰਘ ਵੱਲੋਂ ਦਿੱਤੇ ਗਏ ਬਿਆਨ ਸੰਬੰਧੀ ਆਪਣਾ ਪੱਖ ਸਾਫ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਦਿਗਵਿਜੇ ਸਿੰਘ ਵਰਗੇ ਲੋਕ ਸਿੱਖ ਸਮਾਜ ਦਾ ਅਪਮਾਨ ਕਰ ਰਹੇ ਹਨ। ਇਸ ਨਾਲ ਮੁੜ ਕਾਂਗਰਸੀਆਂ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ ਹੋ ਗਿਆ ਹੈ।


author

shivani attri

Content Editor

Related News