ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ ਗਈ ਗੋਲ਼ੀ, 4 ਗ੍ਰਿਫ਼ਤਾਰ

Sunday, May 31, 2026 - 03:18 PM (IST)

ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ ਗਈ ਗੋਲ਼ੀ, 4 ਗ੍ਰਿਫ਼ਤਾਰ

ਨੈਸ਼ਨਲ ਡੈਸਕ- ਹਿਮਾਚਲ ਪ੍ਰਦੇਸ਼ ਤੋਂ ਇਕ ਬੇਹੱਦ ਸਨਸਨੀਖੇਜ਼ ਖ਼ਬਰ ਸਾਹਮਣੇ ਆਈ ਹੈ, ਜਿੱਥੇ ਦੇ ਮਸ਼ਹੂਰ ਟੂਰਿਸਟ ਸਪਾਟ ਕਸੌਲ 'ਚ ਸ਼ਨੀਵਾਰ ਸ਼ਾਮ ਨੂੰ ਪੰਜਾਬ ਤੋਂ ਆਏ ਟੂਰਿਸਟਾਂ ਤੇ ਸਥਾਨਕ ਨੌਜਵਾਨਾਂ ਵਿਚਕਾਰ ਹੋਈ ਮਾਮੂਲੀ ਬਹਿਸ ਖ਼ੂਨੀ ਜੰਗ 'ਚ ਬਦਲ ਗਈ। ਹੋਟਲ ਦੀ ਪਾਰਕਿੰਗ 'ਚ ਹੋਏ ਝਗੜੇ ਦੌਰਾਨ ਪੰਜਾਬ ਦੇ ਇੱਕ ਸੈਲਾਨੀ ਨੇ ਪਿਸਤੌਲ ਕੱਢ ਕੇ ਗੋਲੀਆਂ ਚਲਾ ਦਿੱਤੀਆਂ, ਜਿਸ ਵਿੱਚ ਇੱਕ ਸਥਾਨਕ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਿਆ। ਇਸ ਘਟਨਾ ਤੋਂ ਬਾਅਦ ਪੂਰੇ ਇਲਾਕੇ ਵਿੱਚ ਦਹਿਸ਼ਤ ਫੈਲ ਗਈ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਪੰਜਾਬ ਦੇ 4 ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦੋਂ ਕਿ ਇੱਕ ਫ਼ਰਾਰ ਦੱਸਿਆ ਜਾ ਰਿਹਾ ਹੈ। 

ਪੁਲਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਸ਼ਨੀਵਾਰ ਸ਼ਾਮ ਲਗਭਗ 6 ਵਜੇ ਕਸੌਲ ਦੇ 'ਹੋਟਲ ਗ੍ਰੀਨ ਵੈਲੀ' ਨੇੜੇ ਵਾਪਰੀ। ਮੈਦਾਨੀ ਇਲਾਕਿਆਂ 'ਚ ਪੈ ਰਹੀ ਭਿਆਨਕ ਗਰਮੀ ਕਾਰਨ ਇਨ੍ਹੀਂ ਦਿਨੀਂ ਹਿੱਲ ਸਟੇਸ਼ਨਾਂ 'ਤੇ ਭਾਰੀ ਭੀੜ ਹੈ। ਹੋਟਲ ਕੋਲ ਗੱਡੀ ਖੜ੍ਹੀ ਕਰਨ ਦੇ ਮੁੱਦੇ ਨੂੰ ਲੈ ਕੇ ਅੰਮ੍ਰਿਤਸਰ-ਤਰਨਤਾਰਨ ਇਲਾਕੇ ਤੋਂ ਆਏ ਸੈਲਾਨੀਆਂ ਦੀ ਸਥਾਨਕ ਨੌਜਵਾਨਾਂ ਨਾਲ ਤਕਰਾਰ ਹੋ ਗਈ। ਦੇਖਦੇ ਹੀ ਦੇਖਦੇ ਗੱਲ ਹੱਥੋਪਾਈ ਤੱਕ ਪਹੁੰਚ ਗਈ ਅਤੇ ਗੁੱਸੇ ਵਿੱਚ ਆਏ ਇੱਕ ਸੈਲਾਨੀ ਨੇ ਗੋਲੀ ਚਲਾ ਦਿੱਤੀ, ਜੋ ਸਥਾਨਕ ਨੌਜਵਾਨ ਦੀ ਲੱਤ ਵਿੱਚ ਜਾ ਲੱਗੀ। 

ਇਹ ਵੀ ਪੜ੍ਹੋ- ਦੇਸ਼ ਨੂੰ ਮਿਲ ਗਿਆ ਨਵਾਂ CDS ! ਹੁਣ ਜਨਰਲ NS ਰਾਜਾ ਸੁਬਰਾਮਣੀ ਸੰਭਾਲਣਗੇ ਦੇਸ਼ ਦੀਆਂ ਫ਼ੌਜਾਂ ਦੀ ਕਮਾਨ

ਇਸ ਘਟਨਾ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਦਿਖਾਈ ਦੇ ਰਿਹਾ ਹੈ ਕਿ ਜਦੋਂ ਇੱਕ ਸਥਾਨਕ ਵਿਅਕਤੀ ਜ਼ਖ਼ਮੀ ਨੌਜਵਾਨ ਨੂੰ ਆਪਣੀ ਪਿੱਠ 'ਤੇ ਚੁੱਕ ਕੇ ਹਸਪਤਾਲ ਵੱਲ ਭੱਜ ਰਿਹਾ ਸੀ, ਤਾਂ ਹਮਲਾਵਰ ਹੱਥ ਵਿੱਚ ਪਿਸਤੌਲ ਲਹਿਰਾਉਂਦੇ ਹੋਏ ਸ਼ਰੇਆਮ ਬਜ਼ਾਰ ਵਿੱਚ ਉਨ੍ਹਾਂ ਦੇ ਪਿੱਛੇ ਦੌੜਿਆ ਅਤੇ ਦੁਬਾਰਾ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ, ਪਰ ਉਸ ਦੇ ਸਾਥੀਆਂ ਨੇ ਉਸ ਨੂੰ ਰੋਕ ਲਿਆ। ਜ਼ਖ਼ਮੀ ਨੌਜਵਾਨ ਨੂੰ ਤੁਰੰਤ ਨੇੜਲੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਹ ਖ਼ਤਰੇ ਤੋਂ ਬਾਹਰ ਹੈ।

ਮਾਮਲੇ ਦੀ ਸੂਚਨਾ ਮਿਲਦੇ ਹੀ ਮਣੀਕਰਨ ਪੁਲਸ ਚੌਕੀ ਦੀ ਟੀਮ ਮੌਕੇ 'ਤੇ ਪਹੁੰਚੀ ਅਤੇ ਹਮਲੇ ਵਿੱਚ ਵਰਤੀ ਗਈ ਪਿਸਤੌਲ ਅਤੇ ਗੱਡੀ ਨੂੰ ਜ਼ਬਤ ਕਰਕੇ 4 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਹੈ, ਜਿਨ੍ਹਾਂ ਦੀ ਪਛਾਣ ਮਨਪ੍ਰੀਤ ਸਿੰਘ (29) ਨਿਵਾਸੀ ਤਰਨਤਾਰਨ, ਅਮਨ ਰੰਧਾਵਾ (22) ਨਿਵਾਸੀ ਅੰਮ੍ਰਿਤਸਰ, ਸੁਖਮਨਦੀਪ ਸਿੰਘ (17) ਨਿਵਾਸੀ ਫ਼ਿਰੋਜ਼ਪੁਰ ਤੇ ਕਰਨਦੀਪ ਸਿੰਘ (22) ਨਿਵਾਸੀ ਗੁਰਦਾਸਪੁਰ ਵਜੋਂ ਹੋਈ ਹੈ। 

ਮਾਮਲੇ 'ਚ ਸ਼ਾਮਲ 5ਵਾਂ ਮੁਲਜ਼ਮ ਤਾਮਨ (ਨਿਵਾਸੀ ਬਟਾਲਾ, ਗੁਰਦਾਸਪੁਰ) ਮੌਕੇ ਤੋਂ ਫ਼ਰਾਰ ਹੋਣ ਵਿੱਚ ਕਾਮਯਾਬ ਰਿਹਾ, ਜਿਸ ਦੀ ਗ੍ਰਿਫ਼ਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਕੁੱਲੂ ਪੁਲਸ ਨੇ ਸਾਰੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆ ਸੰਹਿਤਾ (BNS) ਅਤੇ ਅਸਲਾ ਐਕਟ (Arms Act) ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।  

ਇਹ ਵੀ ਪੜ੍ਹੋ- 'ਮਨ ਕੀ ਬਾਤ' 'ਚ PM ਮੋਦੀ ਨੇ ਨਾਗਰਿਕਾਂ ਨੂੰ ਕੀਤੀ ਖ਼ਾਸ ਅਪੀਲ ! ਫ਼ਲਾਂ ਦੇ ਰਾਜੇ 'ਅੰਬ' ਦਾ ਵੀ ਕੀਤਾ ਜ਼ਿਕਰ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News