ਇਟਲੀ ਵਿਚ ਪੰਜਾਬੀ ਬੰਦੇ ਨਾਲ ਵਾਪਰੀ ਅਣਹੋਣੀ!

Sunday, Aug 23, 2026 - 07:08 PM (IST)

ਇਟਲੀ ਵਿਚ ਪੰਜਾਬੀ ਬੰਦੇ ਨਾਲ ਵਾਪਰੀ ਅਣਹੋਣੀ!

ਮੋਗਾ (ਜ.ਬ.): ਮੋਗਾ ਜ਼ਿਲ੍ਹੇ ਦੇ ਕਸਬਾ ਨਿਹਾਲ ਸਿੰਘ ਵਾਲਾ ਦੇ ਅਧੀਨ ਪੈਂਦੇ ਪਿੰਡ ਨੰਗਲ ਦੇ ਇਕ 44 ਸਾਲਾ ਪੰਜਾਬੀ ਵਿਅਕਤੀ ਰਣਵੀਰ ਸਿੰਘ ਦੀ ਇਟਲੀ ਵਿਚ ਇਕ ਭਿਆਨਕ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਇਸ ਮੰਦਭਾਗੀ ਖ਼ਬਰ ਦੇ ਮਿਲਦਿਆਂ ਹੀ ਪਿੰਡ ਨੰਗਲ ਅਤੇ ਪੂਰੇ ਨਿਹਾਲ ਸਿੰਘ ਵਾਲਾ ਹਲਕੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ, ਰਣਵੀਰ ਸਿੰਘ ਪਿਛਲੇ 26 ਸਾਲਾਂ ਤੋਂ ਇਟਲੀ ਦੇ ਕਾਸਤੀਜੋਨਾ ਸ਼ਹਿਰ ਵਿਚ ਸਥਿਤ ਇਕ ਜੁਰਾਬਾਂ ਬਣਾਉਣ ਵਾਲੀ ਫੈਕਟਰੀ ਵਿਚ ਕੰਮ ਕਰ ਰਿਹਾ ਸੀ। ਲੰਘੀ 21 ਅਗਸਤ ਦੀ ਰਾਤ ਨੂੰ ਉਹ ਆਪਣੀ ਪਤਨੀ ਅਤੇ ਦੋ ਬੱਚਿਆਂ ਨੂੰ ਨਾਲ ਲੈ ਕੇ ਬਾਜ਼ਾਰ ਵਿਚ ਬੱਚਿਆਂ ਦੀਆਂ ਕਿਤਾਬਾਂ ਦਿਵਾਉਣ ਲਈ ਗਿਆ ਹੋਇਆ ਸੀ। ਜਦੋਂ ਉਹ ਦੁਕਾਨ ਤੋਂ ਬਾਹਰ ਆ ਕੇ ਆਪਣੀ ਕਾਰ ਦਾ ਦਰਵਾਜ਼ਾ ਖੋਲ੍ਹਣ ਲੱਗਾ, ਤਾਂ ਦੂਜੇ ਪਾਸਿਓਂ ਆ ਰਹੀ ਇੱਕ ਤੇਜ਼ ਰਫ਼ਤਾਰ ਜੀਪ ਨੇ ਉਸ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਰਣਵੀਰ ਸਿੰਘ ਕਰੀਬ 5-6 ਫੁੱਟ ਦੀ ਉਚਾਈ ਤੱਕ ਉਛਲ ਕੇ ਹੇਠਾਂ ਡਿੱਗਿਆ, ਜਿਸ ਕਾਰਨ ਉਸ ਦੇ ਸਿਰ 'ਤੇ ਗੰਭੀਰ ਸੱਟ ਲੱਗੀ ਅਤੇ ਮੌਕੇ 'ਤੇ ਹੀ ਉਸ ਦੀ ਮੌਤ ਹੋ ਗਈ।

ਰਣਵੀਰ ਸਿੰਘ ਆਪਣੇ ਪਿੱਛੇ ਪਤਨੀ ਅਤੇ ਤਿੰਨ ਬੱਚੇ ਛੱਡ ਗਿਆ ਹੈ, ਜਿਨ੍ਹਾਂ ਵਿਚ ਦੋ ਧੀਆਂ (ਇੱਕ ਦੀ ਉਮਰ 19 ਸਾਲ ਅਤੇ ਦੂਜੀ ਦੀ ਉਮਰ 12 ਸਾਲ) ਅਤੇ ਇਕ 8 ਸਾਲ ਦਾ ਪੁੱਤਰ ਸ਼ਾਮਲ ਹੈ। ਉਸ ਦੇ ਬੱਚੇ ਉੱਥੇ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ ਅਤੇ ਵੱਡੀ ਧੀ ਪਾਇਲਟ ਦਾ ਕੋਰਸ ਕਰ ਰਹੀ ਹੈ। ਰਣਵੀਰ ਸਿੰਘ ਦੇ ਮਾਤਾ-ਪਿਤਾ ਅਤੇ ਦਾਦਾ ਪਿੰਡ ਨੰਗਲ (ਮੋਗਾ) ਵਿਚ ਰਹਿੰਦੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹ ਅਜੇ ਇਕ ਮਹੀਨਾ ਪਹਿਲਾਂ ਹੀ ਇਟਲੀ ਤੋਂ ਵਾਪਸ ਭਾਰਤ ਆਏ ਸਨ ਅਤੇ ਹਾਦਸੇ ਤੋਂ ਇਕ ਦਿਨ ਪਹਿਲਾਂ, ਯਾਨੀ 20 ਅਗਸਤ ਨੂੰ ਉਨ੍ਹਾਂ ਦੀ ਰਣਵੀਰ ਸਿੰਘ ਨਾਲ ਫ਼ੋਨ 'ਤੇ ਗੱਲਬਾਤ ਵੀ ਹੋਈ ਸੀ। ਉਨ੍ਹਾਂ ਨੇ ਸਰਕਾਰ ਤੋਂ ਗੁਹਾਰ ਲਗਾਈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ, ਤਾਂ ਜੋ ਪਰਿਵਾਰ ਆਪਣੇ ਹੱਥੀਂ ਉਸ ਦੀਆਂ ਅੰਤਿਮ ਰਸਮਾਂ ਪੂਰੀਆਂ ਕਰ ਸਕੇ।


author

Anmol Tagra

Content Editor

Related News