ਸੀ. ਐੱਲ. ਯੂ. ਮਾਮਲੇ 'ਚ ਦੋਸ਼ੀ ਪਾਇਆ ਗਿਆ ਤਾਂ ਸਜ਼ਾ ਭੁਗਤਣ ਲਈ ਤਿਆਰ : ਆਸ਼ੂ
Monday, Feb 25, 2019 - 11:38 AM (IST)

ਚੰਡੀਗੜ੍ਹ (ਸ਼ਰਮਾ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਆਖਰੀ ਦਿਨ ਦੀ ਕਾਰਵਾਈ ਸਵਾਲ-ਜਵਾਬ ਨਾਲ ਸ਼ੁਰੂ ਹੋ ਚੁੱਕੀ ਹੈ। ਕਾਰਵਾਈ ਸ਼ੁਰੂ ਹੁੰਦਿਆਂ ਹੀ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਵਲੋਂ ਲੁਧਿਆਣਾ ਸੀ. ਐੱਲ. ਯੂ. (ਜ਼ਮੀਨ ਵਰਤੋਂ ਦੀ ਤਬਦੀਲੀ) ਮਾਮਲੇ 'ਚ ਸਰਕਾਰ ਅਤੇ ਮੰਤਰੀ ਭਾਰਤ ਭੂਸ਼ਣ ਆਸ਼ੂ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ 'ਤੇ ਜਵਾਬ ਦਿੰਦਿਆਂ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਜੇਕਰ ਉਹ ਸੀ. ਐੱਲ. ਯੂ. ਮਾਮਲੇ 'ਚ ਦੋਸ਼ੀ ਪਾਏ ਗਏ ਤਾਂ ਸਜ਼ਾ ਭੁਗਤਣ ਲਈ ਤਿਆਰ ਹਨ।
ਜਾਣੋ ਕੀ ਹੈ ਪੂਰਾ ਮਾਮਲਾ
ਲੁਧਿਆਣਾ ਦੇ ਇਕ ਮਕਾਨ ਉਸਾਰੀ ਪ੍ਰਾਜੈਕਟ ਨੂੰ ਦਿੱਤੀ ਸੀ. ਐੱਲ. ਯੂ. (ਜ਼ਮੀਨ ਵਰਤੋਂ ਦੀ ਤਬਦੀਲੀ) ਦੀ ਮਨਜ਼ੂਰੀ ਦੇ ਮਾਮਲੇ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਤੇ ਭਾਰਤ ਭੂਸ਼ਣ ਆਸ਼ੂ ਵਿਚਕਾਰ ਮਤਭੇਦ ਪੈਦਾ ਹੋ ਗਏ ਸਨ, ਜਿਸ 'ਤੇ ਆਸ਼ੂ ਨੇ ਸਿੱਧੂ ਨੂੰ ਕਿਹਾ ਸੀ ਕਿ ਉਹ ਇਸ ਵਿਵਾਦ 'ਚ ਉਨ੍ਹਾਂ ਦੀ ਸ਼ਮੂਲੀਅਤ ਦੀ ਗੱਲ ਸਿੱਧ ਕਰ ਕੇ ਦਿਖਾਉਣ। ਇਸ ਤੋਂ ਬਾਅਦ ਇਹ ਮਾਮਲਾ 'ਆਪ' ਵਿਧਾਇਕਾ ਸਰਬਜੀਤ ਕੌਰ ਮਾਣੂਕੇ ਨੇ ਵਿਧਾਨ ਸਭਾ 'ਚ ਚੁੱਕਿਆ ਸੀ ਅਤੇ ਭਾਰਤ ਭੂਸ਼ਣ ਆਸ਼ੂ ਦਾ ਅਸਤੀਫਾ ਮੰਗਿਆ ਸੀ, ਜਿਸ ਕਾਰਨ 'ਆਪ' ਵਿਧਾਇਕਾਂ ਨੇ ਨਾਅਰੇਬਾਜ਼ੀ ਕਰਦੇ ਹੋਏ ਅੱਜ ਸਦਨ 'ਚੋਂ ਵਾਕਆਊਟ ਕਰ ਦਿੱਤਾ।