ਪੰਜਾਬ ਦੇ ਸਕੂਲਾਂ ''ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ

Monday, Jun 30, 2025 - 08:54 AM (IST)

ਪੰਜਾਬ ਦੇ ਸਕੂਲਾਂ ''ਚ ਵਧਣਗੀਆਂ ਗਰਮੀ ਦੀਆਂ ਛੁੱਟੀਆਂ? ਪੜ੍ਹੋ ਵਿਭਾਗ ਦੇ ਤਾਜ਼ਾ ਹੁਕਮ

ਪਟਿਆਲਾ/ਰੱਖੜਾ (ਰਾਣਾ)- ਪੰਜਾਬ ਸਰਕਾਰ ਵੱਲੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਦੇ ਸਕੂਲਾਂ ਵਿਚ ਗੁਣਵੱਤਾ ਪੂਰਨ ਸਿੱਖਿਆ ਦੇਣ, ਵਿਦਿਆਰਥੀਆਂ ਦੀ ਹਾਜ਼ਰੀ ਵਿੱਚ ਵਾਧਾ ਕਰਨ ਅਤੇ ਬੱਚਿਆਂ ਦੇ ਵਿਅਕਤੀਗਤ ਵਿਕਾਸ ਨੂੰ ਨਵਾਂ ਮੋੜ ਦੇਣ ਲਈ ਨਵੇਂ ਉਪਰਾਲੇ ਸ਼ੁਰੂ ਕੀਤੇ ਜਾ ਰਹੇ ਹਨ। ਇਨ੍ਹਾਂ ਹੀ ਉਪਰਾਲਿਆਂ ਦੇ ਤਹਿਤ 1 ਜੁਲਾਈ ਨੂੰ ਸਾਰੇ ਸਰਕਾਰੀ ਸਕੂਲਾਂ ਵਿੱਚ “ਆਓ ਸਕੂਲ ਚੱਲੀਏ” ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ਤਹਿਤ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਵਿਚ ਨਵੇਂ ਜੋਸ਼ ਅਤੇ ਉਤਸ਼ਾਹ ਨਾਲ ਵਿਦਿਆਰਥੀਆਂ ਦਾ ਸਵਾਗਤ ਕੀਤਾ ਜਾਵੇਗਾ। ਇਸ ਨਾਲ ਇਹ ਗੱਲ ਵੀ ਸਾਫ਼ ਹੋ ਗਈ ਹੈ ਕਿ ਸਕੂਲਾਂ ਦੀਆਂ ਛੁੱਟੀਆਂ ਵਿਚ ਕੋਈ ਵਾਧਾ ਨਹੀਂ ਕੀਤਾ ਜਾ ਰਿਹਾ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਕੈਬਨਿਟ 'ਚ ਫੇਰਬਦਲ ਬਾਰੇ ਵੱਡੀ ਅਪਡੇਟ, 2 ਜੁਲਾਈ ਤੋਂ...

ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕਮਾ ਅਤੇ ਡਿਪਟੀ ਡੀ.ਈ.ਓ. ਡਾ. ਰਵਿੰਦਰਪਾਲ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਸਾਰੇ ਸਕੂਲਾਂ ਵਿਚ ਵਿਸ਼ੇਸ਼ ਕਾਰਜਕ੍ਰਮ ਆਯੋਜਿਤ ਕੀਤੇ ਜਾਣਗੇ। ਬੱਚਿਆਂ ਦਾ ਸਕੂਲ ਵਿਚ ਜੋਸ਼ ਨਾਲ ਸਵਾਗਤ ਕਰਦੇ ਹੋਏ ਉਨ੍ਹਾਂ ਲਈ ਖੇਡਾਂ, ਮਨੋਰੰਜਕ ਅਤੇ ਗਿਆਨਵਾਨ ਗਤੀਵਿਧੀਆਂ ਰੱਖੀਆਂ ਜਾਣਗੀਆਂ, ਜੋ ਕਿ ਬੱਚਿਆਂ ਦੇ ਮਨੋਵਿਗਿਆਨਿਕ ਵਿਕਾਸ ਲਈ ਲਾਭਕਾਰੀ ਸਾਬਤ ਹੋਣਗੀਆਂ।

ਉਨ੍ਹਾਂ ਦੱਸਿਆ ਕਿ ਸਕੂਲਾਂ ਵਿਚ ਖਾਸ ਤੌਰ ‘ਤੇ ਕਸਰਤਾਂ, ਗੋਲ ਚੱਕਰ ਵਿਚ ਖੇਡਾਂ, ਵਿਦਿਆਰਥੀਆਂ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਕੀਤੀਆਂ ਯਾਤਰਾਵਾਂ ਅਤੇ ਉਨ੍ਹਾਂ ਦੇ ਅਨੁਭਵਾਂ ਨੂੰ ਸਾਂਝਾ ਕਰਨ ਦੀ ਪ੍ਰੇਰਣਾ ਦਿੱਤੀ ਜਾਵੇਗੀ। ਇਸ ਦੇ ਨਾਲ-ਨਾਲ ਵਿਦਿਆਰਥੀਆਂ ਨਾਲ ਉਨ੍ਹਾਂ ਦੇ ਜੀਵਨ ਦੇ ਉਦੇਸ਼ਾਂ ਉਤੇ ਵੀ ਖੁੱਲ੍ਹੀ ਚਰਚਾ ਕਰਵਾਈ ਜਾਵੇਗੀ, ਤਾਂ ਜੋ ਉਹ ਆਪਣੇ ਟੀਚਿਆਂ ਵੱਲ ਪੂਰੀ ਸੰਜੀਦਗੀ ਨਾਲ ਧਿਆਨ ਦੇ ਸਕਣ।

ਇਸ ਦੇ ਇਲਾਵਾ, 1 ਜੁਲਾਈ ਨੂੰ ਸਕੂਲਾਂ ਵਿਚ ਡਾਕਟਰ ਦਿਵਸ ਵੀ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਿਹਤ ਸੇਵਾਵਾਂ ਲਈ ਡਾਕਟਰਾਂ ਦਾ ਧੰਨਵਾਦ ਕੀਤਾ ਜਾਵੇਗਾ। ਵਿਦਿਆਰਥੀਆਂ ਨੂੰ ਡਾਕਟਰਾਂ ਦੇ ਯੋਗਦਾਨ ਬਾਰੇ ਜਾਣੂ ਕਰਵਾਇਆ ਜਾਵੇਗਾ ਅਤੇ ਉਨ੍ਹਾਂ ਦਾ ਧੰਨਵਾਦ ਪ੍ਰਗਟ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਣਗੇ।

ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਪੱਧਰ ਤੇ ਨਿਰੀਖਣ ਟੀਮਾਂ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਜੋ ਸਕੂਲਾਂ ਦੀ ਤਿਆਰੀ, ਵਿਦਿਆਰਥੀਆਂ ਦੀ ਹਾਜ਼ਰੀ ਅਤੇ ਮੁਹਿੰਮ ਦੀ ਲਾਗੂ ਕਰਨ ਦੀ ਵਿਵਸਥਾ ਦੀ ਸਮੀਖਿਆ ਕਰਨਗੀਆਂ। ਜ਼ਿਲ੍ਹਾ ਸਿੱਖਿਆ ਅਫ਼ਸਰ ਸੰਜੀਵ ਸ਼ਰਮਾ ਨੇ ਸਾਰੇ ਸਕੂਲ ਮੁਖੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਵਿਦਿਆਰਥੀਆਂ ਲਈ ਆਨੰਦਮਈ ਵਾਤਾਵਰਣ ਬਣਾਉਣ, ਪ੍ਰੇਰਕ ਚਰਚਾਵਾਂ ਅਤੇ ਸਵਾਗਤੀ ਕਾਰਜਕ੍ਰਮ ਰਾਹੀਂ ਸਕੂਲ ਦੇ ਪਹਿਲੇ ਦਿਨ ਨੂੰ ਯਾਦਗਾਰ ਬਣਾਉਣ ਵਿਚ ਆਪਣਾ ਯੋਗਦਾਨ ਪਾਉਣ।

ਇਹ ਖ਼ਬਰ ਵੀ ਪੜ੍ਹੋ - ਬੁਢਾਪਾ ਪੈਨਸ਼ਨ ਨੂੰ ਲੈ ਕੇ ਪੰਜਾਬ ਸਰਕਾਰ ਦਾ ਵੱਡਾ ਕਦਮ!

ਇਹ ਮੁਹਿੰਮ ਨਾ ਸਿਰਫ਼ ਵਿਦਿਆਰਥੀਆਂ ਨੂੰ ਸਕੂਲ ਵੱਲ ਵਾਪਸ ਖਿੱਚਣ ਦਾ ਉਦੇਸ਼ ਰੱਖਦੀ ਹੈ, ਬਲਕਿ ਉਨ੍ਹਾਂ ਵਿਚ ਇਕ ਨਵਾਂ ਉਤਸ਼ਾਹ, ਨਵੀਂ ਲਗਨ ਅਤੇ ਸਿੱਖਣ ਪ੍ਰਤੀ ਰੁਚੀ ਜਗਾਉਣ ਦੀ ਕੋਸ਼ਿਸ਼ ਵੀ ਕਰ ਰਹੀ ਹੈ। ‘ਆਓ ਸਕੂਲ ਚੱਲੀਏ’ ਜਿਵੇਂ ਉਪਰਾਲੇ ਸਕੂਲੀ ਸਿੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਣਗੇ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News