ਪੰਜਾਬ ਪੁਲਸ ਨੇ ‘ਡਿਜੀਟਲ ਅਰੈਸਟ’ ਸਾਈਬਰ ਧੋਖਾਧੜੀ ’ਚ ਸ਼ਾਮਲ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼

Tuesday, Nov 19, 2024 - 04:08 AM (IST)

ਪੰਜਾਬ ਪੁਲਸ ਨੇ ‘ਡਿਜੀਟਲ ਅਰੈਸਟ’ ਸਾਈਬਰ ਧੋਖਾਧੜੀ ’ਚ ਸ਼ਾਮਲ ਅੰਤਰਰਾਜੀ ਗਿਰੋਹ ਦਾ ਕੀਤਾ ਪਰਦਾਫਾਸ਼

ਚੰਡੀਗੜ੍ਹ/ਜਲੰਧਰ (ਅੰਕੁਰ,ਧਵਨ)- ਪੰਜਾਬ ਪੁਲਸ ਦੀ ਸਾਈਬਰ ਕ੍ਰਾਈਮ ਡਵੀਜ਼ਨ ਨੇ ਡਿਜੀਟਲ ਅਰੈਸਟ ਸਾਈਬਰ ਧੋਖਾਧੜੀ ’ਚ ਸ਼ਾਮਲ ਅਸਾਮ ਦੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਇਕ ਅੰਤਰਰਾਜੀ ਸਾਈਬਰ ਧੋਖਾਧੜੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ।

ਜਾਣਕਾਰੀ ਦਿੰਦਿਆਂ ਡੀ.ਜੀ.ਪੀ. ਗੌਰਵ ਯਾਦਵ ਨੇ ਸੋਮਵਾਰ ਨੂੰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਨਜ਼ਰੁਲ ਅਲੀ ਅਤੇ ਮਿਦੁਲ ਅਲੀ ਵਜੋਂ ਹੋਈ ਹੈ ਤੇ ਦੋਵੇਂ ਆਸਾਮ ਦੇ ਕਾਮਰੂਪ ਦੇ ਰਹਿਣ ਵਾਲੇ ਹਨ।

ਡਿਜੀਟਲ ਅਰੈਸਟ, ਇਕ ਅਜਿਹੀ ਸਾਈਬਰ ਧੋਖਾਧੜੀ ਹੈ, ਜਿਸ ’ਚ ਧੋਖਾਧੜੀ ਕਰਨ ਵਾਲੇ ਲਾਅ ਇਨਫੋਰਸਮੈਂਟ ਏਜੰਸੀ ਦੇ ਅਧਿਕਾਰੀਆਂ ਦੇ ਰੂਪ ’ਚ ਪੀੜਤਾਂ ਨੂੰ ਇਹ ਵਿਸ਼ਵਾਸ ਦਿਵਾਉਂਦੇ ਹਨ ਕਿ ਉਨ੍ਹਾਂ ਨੇ ਕੋਈ ਗੰਭੀਰ ਅਪਰਾਧ ਕੀਤਾ ਹੈ ਤੇ ਪੀੜਤ ਨੂੰ ਉਨ੍ਹਾਂ (ਧੋਖੇਬਾਜਾਂ) ਦੀਆਂ ਮੰਗਾਂ ਪੂਰੀਆਂ ਹੋਣ ਤੱਕ ਆਨਲਾਈਨ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਤਾਂ ਜੋ ਡਰਾ-ਧਮਕਾ ਕੇ ਉਸ ਕੋਲੋਂ ਪੈਸੇ ਠੱਗੇ ਜਾ ਸਕਣ।

ਇਹ ਵੀ ਪੜ੍ਹੋ- ਪੰਜਾਬ 'ਚ ਅੱਧੀ ਰਾਤੀਂ ਹੋ ਗਈ ਵੱਡੀ ਵਾਰਦਾਤ, ਸ਼ਰੇਆਮ ਸੜਕ ਵਿਚਾਲੇ ਘੇਰ ਕੇ ਗੋਲ਼ੀਆਂ ਨਾਲ ਭੁੰਨ੍ਹ'ਤਾ ਨੌਜਵਾਨ

ਜਾਣਕਾਰੀ ਅਨੁਸਾਰ ਇਕ 76 ਸਾਲਾ ਸੇਵਾਮੁਕਤ ਸਰਕਾਰੀ ਅਧਿਕਾਰੀ ਨੇ ਸਟੇਟ ਸਾਈਬਰ ਕ੍ਰਾਈਮ ਡਵੀਜ਼ਨ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਮੁੰਬਈ ਸਾਈਬਰ ਕ੍ਰਾਈਮ ਦੇ ਅਧਿਕਾਰੀ ਹੋਣ ਦਾ ਦਾਅਵਾ ਕਰਨ ਵਾਲੇ ਕੁਝ ਵਿਅਕਤੀਆਂ ਨੇ ਉਸ ਨੂੰ ਵ੍ਹਟਸਐਪ ਕਾਲ ਰਾਹੀਂ ਡਿਜੀਟਲ ਅਰੈਸਟ ਦੇ ਤਹਿਤ 76 ਲੱਖ ਰੁਪਏ ਦੀ ਠੱਗੀ ਮਾਰੀ ਹੈ। ਕਾਲਰ ਨੇ ਪੀੜਤ ’ਤੇ ਮਨੀ ਲਾਂਡਰਿੰਗ ’ਚ ਸ਼ਾਮਲ ਇਕ ਅਪਰਾਧੀ ਨਾਲ ਮਿਲੀਭੁਗਤ ਕਰਨ ਦਾ ਦੋਸ਼ ਲਾਇਆ ਤੇ ਇਹ ਵੀ ਦਾਅਵਾ ਕੀਤਾ ਕਿ ਮੁੰਬਈ ਹਾਈ ਕੋਰਟ ਵਲੋਂ ਉਸ ਦੇ ਨਾਂ ’ਤੇ ਨੋਟਿਸ ਜਾਰੀ ਕੀਤਾ ਗਿਆ ਹੈ। 

ਮੁੰਬਈ ਸਾਈਬਰ ਕ੍ਰਾਈਮ ਦੇ ਪੁਲਸ ਅਧਿਕਾਰੀ ਵਜੋਂ ਧੋਖਾਧੜੀ ਕਰਨ ਵਾਲੇ ਕਾਲਰ ਨੇ ਉਸ ਨੂੰ ਵੱਖ-ਵੱਖ ਬੈਂਕਾਂ ਦੇ ਖਾਤਾ ਨੰਬਰ ਦਿੱਤੇ ਤੇ ਉਸ ਨੂੰ ਦੋਸ਼ਾਂ ਤੋਂ ਮੁਕਤ ਕਰਨ ਲਈ ਉਕਤ ਬੈਂਕਾਂ ’ਚ ਪੈਸੇ ਜਮ੍ਹਾਂ ਕਰਨ ਲਈ ਮਜਬੂਰ ਕੀਤਾ। ਕਾਲਰ ਦੀਆਂ ਹਦਾਇਤਾਂ ਅਨੁਸਾਰ ਪੀੜਤ ਨੇ ਵੱਖ-ਵੱਖ ਬੈਂਕ ਖਾਤਿਆਂ ਵਿਚ 76 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ।

ਇਹ ਵੀ ਪੜ੍ਹੋ- ਵੱਡੀ ਖ਼ਬਰ ; ਦਮੋਰੀਆ ਪੁਲ 3 ਮਹੀਨੇ ਲਈ ਹੋਇਆ ਬੰਦ

ਡੀ.ਜੀ.ਪੀ. ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ ਗ੍ਰਿਫ਼ਤਾਰ ਮੁਲਜ਼ਮਾਂ ਦੇ ਹੋਰ ਸਾਈਬਰ ਧੋਖਾਧੜੀ ’ਚ ਅੰਤਰਰਾਜੀ ਸਬੰਧਾਂ ਦਾ ਖੁਲਾਸਾ ਹੋਇਆ ਹੈ ਕਿਉਂਕਿ ਗ੍ਰਿਫ਼ਤਾਰ ਮੁਲਜ਼ਮਾਂ ਦੇ ਬੈਂਕ ਖਾਤੇ ਨੇ 7 ਸੂਬਿਆਂ ’ਚ ਫੈਲੇ ਘੱਟੋ-ਘੱਟ 11 ਹੋਰ ਸਾਈਬਰ ਧੋਖਾਧੜੀ ਦੇ ਮਾਮਲਿਆਂ ’ਚ ਉਨ੍ਹਾਂ ਦੀ ਸ਼ਮੂਲੀਅਤ ਦਾ ਸੰਕੇਤ ਦਿੱਤਾ ਹੈ, ਜਿਸ ਵਿਚ ਕਰੀਬ 15 ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ। 

ਵ੍ਹਟਸਐਪ ਅਤੇ ਸਕਾਈਪ ਵਲੋਂ ਦਿੱਤੇ ਗਏ ਆਈ.ਪੀ. ਲੌਗਸ ਦੀ ਜਾਂਚ ਤੋਂ ਇਹ ਵੀ ਸਾਹਮਣੇ ਆਇਆ ਹੈ ਕਿ ਫਰਜ਼ੀ ਧਮਕੀ ਇਹ ਸਬੰਧੀ ਕਾਲਾਂ ਕੰਬੋਡੀਆ ਅਤੇ ਹਾਂਗਕਾਂਗ ਤੋਂ ਆਈਆਂ ਸਨ। ਮਾਮਲੇ ’ਚ ਦੋਵਾਂ ਮੁਲਜ਼ਮਾਂ ਨੂੰ ਪੁੱਛਗਿੱਛ ਲਈ ਟਰਾਂਜ਼ਿਟ ਰਿਮਾਂਡ ’ਤੇ ਮੋਹਾਲੀ ਲਿਆਂਦਾ ਗਿਆ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

Harpreet SIngh

Content Editor

Related News