ਐਤਵਾਰ ਸਵੇਰੇ ਪੰਜਾਬ ''ਚ ਵਾਪਰਿਆ ਭਿਆਨਕ ਹਾਦਸਾ! ਵਿਛ ਗਈਆਂ ਲਾਸ਼ਾਂ

Sunday, Nov 29, 2026 - 01:30 PM (IST)

ਐਤਵਾਰ ਸਵੇਰੇ ਪੰਜਾਬ ''ਚ ਵਾਪਰਿਆ ਭਿਆਨਕ ਹਾਦਸਾ! ਵਿਛ ਗਈਆਂ ਲਾਸ਼ਾਂ

ਲੁਧਿਆਣਾ (ਰਾਜ): ਮਹਾਨਗਰ ਦੇ ਥਾਣਾ ਲਾਡੋਵਾਲ ਦੇ ਅਧੀਨ ਆਉਂਦੇ ਹੰਬੜਾਂ ਰੋਡ 'ਤੇ ਐਤਵਾਰ ਸਵੇਰੇ ਇਕ ਬੇਹੱਦ ਦਰਦਨਾਕ ਸੜਕ ਹਾਦਸਾ ਵਾਪਰ ਗਿਆ। ਸਾਹਮਣਿਓਂ ਆ ਰਹੇ ਇਕ ਤੇਜ਼ ਰਫ਼ਤਾਰ ਟਰੱਕ ਅਤੇ ਆਟੋ ਵਿਚਾਲੇ ਆਹਮੋ-ਸਾਹਮਣੀ ਭਿਆਨਕ ਟੱਕਰ ਵਿਚ ਆਟੋ ਚਾਲਕ ਸਮੇਤ 3 ਲੋਕਾਂ ਦੀ ਮੌਤ ਹੋ ਗਈ। ਟੱਕਰ ਇੰਨੀ ਜ਼ੋਰਦਾਰ ਸੀ ਕਿ ਆਟੋ ਦੇ ਪਰਖੱਚੇ ਉੱਡ ਗਏ ਤੇ ਉਸ ਵਿਚ ਸਵਾਰ ਤਿੰਨ ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ। ਦੂਜੇ ਪਾਸੇ, ਹਾਦਸੇ ਨੂੰ ਅੰਜਾਮ ਦੇਣ ਮਗਰੋਂ ਮੁਲਜ਼ਮ ਟਰੱਕ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। 

ਹਾਦਸੇ ਦੀ ਜਾਣਕਾਰੀ ਦਿੰਦਿਆਂ ਥਾਣਾ ਲਾਡੋਵਾਲ ਦੇ ਐੱਸ. ਐੱਚ. ਓ. ਨੇ ਦੱਸਿਆ ਕਿ ਪੁਲਸ ਨੂੰ ਸਵੇਰੇ ਤਕਰੀਬਨ ਸਵਾ 9 ਵਜੇ ਇਸ ਭਿਆਨਕ ਹਾਦਸੇ ਦੀ ਸੂਚਨਾ ਮਿਲੀ ਸੀ। ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਆਟੋ ਹੰਬੜਾਂ ਤੋਂ ਦਾਖਾ ਵੱਲ ਜਾ ਰਿਹਾ ਸੀ। ਆਟੋ ਵਿਚ ਚਾਲਕ ਤੋਂ ਇਲਾਵਾ 2 ਸਵਾਰੀਆਂ ਮੌਜੂਦ ਸਨ। ਇਸੇ ਦੌਰਾਨ ਰਾਹ ਵਿਚ ਸਾਹਮਣਿਓਂ ਆ ਰਹੇ ਇਕ ਟਰੱਕ ਦੇ ਨਾਲ ਆਟੋ ਦੀ ਸਿੱਧੀ ਤੇ ਜ਼ੋਰਦਾਰ ਟੱਕਰ ਹੋ ਗਈ, ਜਿਸ ਵਿਚ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦਿਆਂ ਹੀ ਥਾਣਾ ਲਾਡੋਵਾਲ ਦੀ ਪੁਲਸ ਟੀਮ ਤੁਰੰਤ ਮੌਕੇ 'ਤੇ ਪਹੁੰਚੀ ਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। 

ਪੁਲਸ ਨੇ ਹਾਦਸਾਗ੍ਰਸਤ ਟਰੱਕ ਨੂੰ ਮੌਕੇ 'ਤੇ ਹੀ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਫ਼ਰਾਰ ਟਰੱਕ ਡਰਾਈਵਰ ਦੀ ਗ੍ਰਿਫ਼ਤਾਰੀ ਲਈ ਭਾਲ ਤੇਜ਼ ਕਰ ਦਿੱਤੀ ਗਈ ਹੈ। ਪੁਲਸ ਨੇ ਤਿੰਨਾਂ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾ ਦਿੱਤਾ ਹੈ ਤੇ ਮ੍ਰਿਤਕਾਂ ਦੀ ਪਰਿਵਾਰਾਂ ਨੂੰ ਸੂਚਨਾ ਦੇ ਦਿੱਤੀ ਹੈ। ਪੁਲਸ ਅਫ਼ਸਰਾਂ ਮੁਤਾਬਕ, ਮ੍ਰਿਤਕਾਂ ਵਿਚੋਂ ਇਕ ਵਿਅਕਤੀ ਪ੍ਰਵਾਸੀ ਦੱਸਿਆ ਜਾ ਰਿਹਾ ਹੈ, ਜਿਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਪੁਲਸ ਉਸ ਦੀ ਸ਼ਨਾਖ਼ਤ ਲਈ ਕੋਸ਼ਿਸ਼ ਕਰ ਰਹੀ ਹੈ ਤੇ ਮਾਮਲੇ ਵਿਚ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ। 


author

Anmol Tagra

Content Editor

Related News