ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

Tuesday, Dec 31, 2024 - 12:14 PM (IST)

ਦਿਲਜੀਤ ਦੋਸਾਂਝ ਕਾਰਨ ਪੰਜਾਬ ਸਰਕਾਰ ਹੋਵੇਗੀ ਮਾਲਾ-ਮਾਲ, ਜਾਣੋ ਕਿਵੇਂ

ਐਂਟਰਟੇਨਮੈਂਟ ਡੈਸਕ - ਪੰਜਾਬ ਸਰਕਾਰ ਨੂੰ ਨਵੇਂ ਸਾਲ 2025 ਦੇ ਸਮਾਗਮਾਂ ਨੂੰ ਲੈ ਕੇ ਹੋਣ ਵਾਲੇ ਗਾਇਕਾਂ ਦੇ ਸ਼ੋਅਜ਼ ਤੋਂ ਕਰੋੜਾਂ ਦੀ ਕਮਾਈ ਹੋਣ ਦਾ ਅਨੁਮਾਨ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਦਾ ਅੱਜ ਯਾਨੀਕਿ 31 ਦਸੰਬਰ ਨੂੰ ਲੁਧਿਆਣਾ ਦੀ ਖੇਤੀ ਯੂਨੀਵਰਸਿਟੀ ਦੇ ਫੁੱਟਬਾਲ ਗਰਾਊਂਡ ਵਿਚ ਪ੍ਰੋਗਰਾਮ ਹੋ ਰਿਹਾ ਹੈ। ਸੂਬਾ ਸਰਕਾਰ ਨੂੰ ਇਸ ਸ਼ੋਅ ਤੋਂ ਟੈਕਸਾਂ ਦੇ ਰੂਪ ਵਿਚ 4.50 ਕਰੋੜ ਦੀ ਆਮਦਨ ਹੋਣ ਦੀ ਉਮੀਦ ਹੈ। ਪੰਜਾਬ ਸਰਕਾਰ ਦੀ ਵਿੱਤੀ ਸਿਹਤ ਬਹੁਤੀ ਠੀਕ ਨਹੀਂ ਹੈ ਅਤੇ ਇਸੇ ਕਰਕੇ ਸਰਕਾਰ ਹਰ ਪਾਸਿਓਂ ਆਸਰਾ ਤੱਕ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਕਰੋੜਾਂ-ਅਰਬਾਂ ਦੇ ਮਾਲਕ ਦਿਲਜੀਤ ਦੋਸਾਂਝ, ਔਖੇ ਵੇਲੇ ਜਿਗਰੀ ਦੋਸਤ ਦੇ 150 ਰੁਪਏ ਨੇ ਬਦਲ 'ਤੀ ਤਕਦੀਰ

25 ਕਰੋੜ ਦੀਆਂ ਟਿਕਟਾਂ ਵਿਕੀਆਂ!
ਦਿਲਜੀਤ ਦੋਸਾਂਝ ਨੇ ਪਹਿਲਾਂ ਭਾਰਤ ਦੇ ਵੱਖ-ਵੱਖ ਸੂਬਿਆਂ ਵਿਚ ਕੰਸਰਟ ਕੀਤੇ ਹਨ। ਇਸੇ ਲੜੀ ਤਹਿਤ ਪੰਜਾਬ ’ਚ ਇਹ ਦਿਲਜੀਤ ਦਾ ਪਹਿਲਾ ਸ਼ੋਅ ਹੈ। ਪੰਜਾਬ ਸਰਕਾਰ ਵੱਲੋਂ ਜੋ ਵੇਰਵੇ ਇਕੱਠੇ ਕੀਤੇ ਗਏ ਹਨ, ਉਨ੍ਹਾਂ ਅਨੁਸਾਰ ਦਿਲਜੀਤ ਦੋਸਾਂਝ ਦੇ ਲੁਧਿਆਣਾ ਸ਼ੋਅ ਦੀਆਂ ਕਰੀਬ 25 ਕਰੋੜ ਦੀਆਂ ਟਿਕਟਾਂ (ਸਮੇਤ ਜੀ. ਐੱਸ. ਟੀ) ਦੀ ਵਿਕਰੀ ਹੋਣ ਦਾ ਅਨੁਮਾਨ ਹੈ, ਜਿਸ ਤੋਂ ਸੂਬਾ ਸਰਕਾਰ ਨੂੰ ਕਰੀਬ 4.50 ਕਰੋੜ ਦੀ ਆਮਦਨ ਹੋਵੇਗੀ। ਸੂਬਾ ਸਰਕਾਰ ਦਾ ਅਨੁਮਾਨ ਹੈ ਕਿ ਇਸ ਸ਼ੋਅ ਲਈ 50 ਹਜ਼ਾਰ ਟਿਕਟਾਂ ਦੀ ਵਿਕਰੀ ਹੋ ਚੁੱਕੀ ਹੈ। ਇੱਕ ਟਿਕਟ ਦੀ ਕੀਮਤ ਪੰਜ ਤੋਂ ਛੇ ਹਜ਼ਾਰ ਰੁਪਏ ਹੈ ਪਰ ਸੂਤਰ ਦੱਸਦੇ ਹਨ ਕਿ ਟਿਕਟਾਂ ਦੀ ਬਲੈਕ ਕੀਮਤ ਇਸ ਤੋਂ ਕਿਤੇ ਵੱਧ ਹੈ। ਜ਼ੋਮੈਟੋ ਲਾਈਵ ਵੱਲੋਂ ਟਿਕਟਾਂ ਦੀ ਆਨਲਾਈਨ ਵਿਕਰੀ ਕੀਤੀ ਗਈ ਹੈ। ਮੈਸਰਜ਼ ਸਾਰੇਗਾਮਾ ਇੰਡੀਆ ਲਿਮਟਿਡ ਪ੍ਰਮੁੱਖ ਇਸ ਦਾ ਈਵੈਂਟ ਮੈਨੇਜਰ ਹੈ, ਜਦਕਿ ਮੈਸਰਜ਼ ਐੱਸਈ ਇੰਟਰਨੈਸ਼ਨਲ ਐਂਟਰਟੇਨਮੈਂਟ ਸਹਾਇਕ ਮੈਨੇਜਰ ਹੈ।

ਇਹ ਖ਼ਬਰ ਵੀ ਪੜ੍ਹੋ - ਮਨਮੋਹਨ ਸਿੰਘ ਦੀ ਮੌਤ ਨਾਲ ਸਦਮੇ 'ਚ ਦਿਲਜੀਤ ਤੇ ਕਪਿਲ, ਕਿਹਾ- ਆਪਣੇ ਪਿੱਛੇ ਤਰੱਕੀ ਤੇ ਉਮੀਦ ਦੀ ਛੱਡ ਗਏ ਵਿਰਾਸਤ

20 ਲੱਖ ਤੋਂ ਜ਼ਿਆਦਾ ਗਰਾਊਂਟ ਦਾ ਕਿਰਾਇਆ
ਇਸ ਸ਼ੋਅ ਲਈ ਪੰਜਾਬ ਖੇਤੀ ’ਵਰਸਿਟੀ ਨੂੰ ਗਰਾਊਂਡ ਆਦਿ ਦੇ ਕਿਰਾਏ ਵਜੋਂ 20.65 ਲੱਖ ਰੁਪਏ ਵੱਖਰੇ ਮਿਲਣਗੇ, ਜਿਸ ਤੋਂ ਸਰਕਾਰ ਨੂੰ 3.15 ਲੱਖ ਰੁਪਏ ਟੈਕਸ ਦੇ ਰੂਪ ਵਿਚ ਮਿਲਣਗੇ। ਦਿਲਜੀਤ ਦੋਸਾਂਝ ਦੇ ਸ਼ੋਅ ਲਈ 25 ਦਸੰਬਰ ਤੋਂ ਤਿੰਨ ਜਨਵਰੀ ਤੱਕ ਖੇਤੀ ’ਵਰਸਿਟੀ ਤੋਂ ਗਰਾਊਂਡ ਕਿਰਾਏ ’ਤੇ ਲਿਆ ਗਿਆ ਹੈ। ਦਿਲਜੀਤ ਦੇ ਸ਼ੋਅ ਦੇ ਸਪਾਂਸਰ, ਖਾਣ ਪੀਣ ਤੇ ਹੋਰ ਉਤਪਾਦਾਂ ਦੀ ਇਸ਼ਤਿਹਾਰੀ ਕਮਾਈ ’ਤੇ ਵੀ ਮੈਸਰਜ਼ ਸਾਰੇਗਾਮਾ ਇੰਡੀਆ ਨੂੰ 18 ਫ਼ੀਸਦੀ ਜੀ. ਐੱਸ. ਟੀ. ਤਾਰਨਾ ਪਵੇਗਾ। ਨਵੇਂ ਵਰ੍ਹੇ ਦੇ ਪ੍ਰੋਗਰਾਮ ਪੰਜਾਬ ਦੇ ਵੱਡੇ-ਛੋਟੇ ਸ਼ਹਿਰਾਂ ਵਿਚ ਹੋ ਰਹੇ ਹਨ, ਜਿੱਥੇ ਛੋਟੇ ਅਤੇ ਵੱਡੇ ਗਾਇਕ ਰੰਗ ਬੰਨ੍ਹਣਗੇ, ਇਨ੍ਹਾਂ ਤੋਂ ਜੋ ਸਰਕਾਰੀ ਖ਼ਜ਼ਾਨੇ ਨੂੰ ਕਮਾਈ ਹੋਵੇਗੀ, ਉਹ ਵੱਖਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

sunita

Content Editor

Related News