ਕਣਕ ਦੀ ਖਰੀਦ ਦੌਰਾਨ ਕੋਰੋਨਾ ਦੇ ਫੈਲਾਅ ਨੂੰ ਰੋਕਣ ’ਚ ਪੰਜਾਬ ਸਰਕਾਰ ਹੋਈ ਕਾਮਯਾਬ

Monday, May 18, 2020 - 01:30 AM (IST)

ਚੰਡੀਗੜ੍ਹ, (ਸ਼ਰਮਾ)- ਕੋਵਿਡ 19 ਦੇ ਖ਼ਤਰੇ ਦੇ ਬਾਵਜੂਦ ਦੇਸ਼ ਦੀ ਸਭ ਤੋਂ ਵੱਡੀ ਕਣਕ ਖਰੀਦ ਕਰਨ ਦੇ ਕਾਰਜ ਦੌਰਾਨ ਕੋਰੋਨਾ ਦੇ ਫੈਲਾਅ ਨੂੰ ਰੋਕਣ ’ਚ ਪੰਜਾਬ ਸਰਕਾਰ ਕਾਮਯਾਬ ਰਹੀ ਹੈ, ਜਿਸ ਸਦਕੇ ਮੰਡੀਆਂ ਰਾਹੀਂ ਕੋਰੋਨਾ ਫੈਲਣ ਦਾ ਇਕ ਵੀ ਮਾਮਲਾ ਸੂਬੇ ’ਚ ਸਾਹਮਣੇ ਨਹੀਂ ਆਇਆ। ਉਕਤ ਪ੍ਰਗਟਾਵਾ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਨੇ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਦੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵਲੋਂ ਸੂਬੇ ਦੀਆਂ ਮੰਡੀਆਂ ’ਚ 135 ਲੱਖ ਮੀਟ੍ਰਿਕ ਕਣਕ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ ਅਤੇ ਇਸ ਮਹਾਮਾਰੀ ਦੌਰਾਨ ਇੰਨੀ ਵੱਡੀ ਖਰੀਦ ਪ੍ਰਕ੍ਰਿਆ ਨੂੰ ਨੇਪਰੇ ਚਾੜ੍ਹਨ ’ਚ ਹਜ਼ਾਰਾਂ ਲੋਕਾਂ ਦੀ ਲੋੜ ਸੀ ਅਤੇ ਉਨ੍ਹਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਵੀ ਵੱਡੀ ਚੁਣੌਤੀ ਸੀ। ਉਨ੍ਹਾਂ ਕਿਹਾ ਕਿ ਹੁਣ ਤੱਕ 122.91 ਲੱਖ ਮੀਟ੍ਰਿਕ ਟਨ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ ਜੋ ਕਿ ਕੁਲ ਖਰੀਦ ਟੀਚੇ ਦਾ 92 ਫੀਸਦੀ ਤੋਂ ਵੱਧ ਹੈ। ਆਸ਼ੂ ਨੇ ਕਿਹਾ ਕਿ ਕੋਵਿਡ-19 ਦੀ ਮਹਾਮਾਰੀ ਦੇ ਮੱਦੇਨਜ਼ਰ ਕਿਸਾਨਾਂ, ਸਰਕਾਰੀ ਮੁਲਾਜ਼ਮਾਂ, ਆੜਤੀਆਂ, ਪੱਲੇਦਾਰਾਂ, ਟਰੱਕ ਡਰਾਈਵਰ ਅਤੇ ਇਸ ਕਾਰਜ ’ਚ ਲੱਗੇ ਲੋਕਾਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਮਕਸਦ ਨਾਲ ਰਾਜ ਸਰਕਾਰ ਵਲੋਂ ਕਣਕ ਦੀ ਖਰੀਦ ਲਈ ਬੀਤੇ ਵਰ੍ਹੇ ਨਾਲੋਂ ਖਰੀਦ ਕੇਂਦਰ ਦੀ ਗਿਣਤੀ ਨੂੰ ਵਧਾ ਕੇ 4000 ਕਰ ਦਿੱਤੀ ਗਈ । ਇਸ ਖਰੀਦ ਕਾਰਜ ’ਚ ਪੰਜਾਬ ਸਰਕਾਰ ਦੇ ਕਰੀਬ 5000 ਅਧਿਕਾਰੀ/ ਕਰਮਚਾਰੀ, 25000 ਆੜ੍ਹਤੀਏ, ਕਰੀਬ 30000 ਪੱਲੇਦਾਰ ਅਤੇ 28000 ਤੋਂ ਵੱਧ ਟਰੱਕ ਡਰਾਈਵਰ ਸ਼ਾਮਲ ਸਨ, ਜਿਨ੍ਹਾਂ ਦੀ ਸਿਹਤ ਸੁਰੱਖਿਆ ਲਈ ਰਾਜ ਦੀਆਂ ਮੰਡੀਆਂ ’ਚ ਸਖਤੀ ਨਾਲ ਸਮਾਜਿਕ ਦੂਰੀ ਬਣਾਏ ਰੱਖਣ ਲਈ ਉਪਰਾਲੇ ਕੀਤੇ ਗਏ ਹਨ, ਇਸ ਨੀਤੀ ਤਹਿਤ ਮੰਡੀਆਂ ’ਚ 2 ਮੀਟਰ ਦਾ ਫਾਸਲਾ ਰੱਖਦਿਆਂ 30 ਫੁੱਟ ਬਾਈ 30 ਫੁੱਟ ਦੇ ਬੋਕਸ ਦੇ ਨਿਸ਼ਾਨ ਲਗਾਏ ਗਏ, ਜਿਨ੍ਹਾਂ ’ਚ ਹੀ ਕਣਕ ਦੀ ਢੇਰੀ ਉਤਾਰੀ ਜਾਂਦੀ ਹੈ ਅਤੇ ਸੀਜ਼ਨ ਦੌਰਾਨ ਸਰਕਾਰ ਵਲੋਂ ਕਣਕ ਦੀ ਬੋਲੀ ਦਾ ਸਮਾਂ ਸਵੇਰੇ 10.00 ਵਜੇ ਤੋਂ 6.00 ਵਜੇ ਤੱਕ ਦਾ ਨਿਰਧਾਰਤ ਕੀਤਾ ਗਿਆ ਸੀ। ਕਣਕ ਦੀ ਬੋਲੀ ਲਗਾਉਣ ਸਮੇਂ ਉਚਿਤ ਦੂਰੀ ਰੱਖਦਿਆਂ ਕਣਕ ਦੀ ਬੋਲੀ ਲਗਾਉਣ ਦੀਆਂ ਹਦਾਇਤਾਂ ਦੀ ਇੰਨ ਬਿੰਨ ਪਾਲਣਾ ਹੋਈ ਹੈ। ਇਸ ਤੋਂ ਇਲਾਵਾ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦਾ ਕੋਵਿਡ-19 ਦੇ ਮੱਦੇਨਜ਼ਰ ਬੀਮਾ ਵੀ ਕਰਵਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ ਲੇਬਰ/ਢੋਆ ਢੋਆਈ ਦੇ ਠੇਕੇਦਾਰ ਵਲੋਂ ਲੇਬਰ ਨੂੰ ਲੋੜੀਂਦੇ ਮਾਸਕ ਮੁਹੱਈਆ ਕਰਵਾਏ ਗਏ। ਖਰੀਦ ਏਜੰਸੀਆਂ/ਮੰਡੀ ਬੋਰਡ ਦੇ ਨੁਮਾਇੰਦਿਆਂ ਵਲੋਂ ਮੰਡੀਆਂ ’ਚ ਕੰਮ ਰਹੀ ਲੇਬਰ ’ਤੇ ਧਿਆਨ ਰੱਖਿਆ ਗਿਆ। ਲੇਬਰ ਨੂੰ ਖੰਘ, ਜੁਕਾਮ ਅਤੇ ਬੁਖਾਰ ਆਦਿ ਦੀਆਂ ਮੈਡੀਕਲ ਟੀਮਾਂ ਵਲੋਂ ਲਗਾਤਾਰ ਜਾਂਚ ਕੀਤੀ ਗਈ। ਇਕ ਮੰਡੀ ਤੋਂ ਇਕ ਸਟੋਰੇਜ ਪੁਆਇੰਟ ’ਚ ਕਾਰ ਹੀ ਇਕ ਰੂਟ ’ਤੇ ਕਣਕ ਦੀ ਢੋਆ ਢੋਆਈ ਅਤੇ ਸਮੇਂ-ਸਮੇਂ ’ਤੇ ਸੈਨੇਟਾਈਜ਼ ਕਰਵਾਉਣ, ਟਰੱਕ ਡਰਾਈਵਰ/ਹੈਲਪਰ ਨੂੰ ਵੀ ਮੂੰਹ ਢੱਕਣ ਲਈ ਮਾਸਕ ਪਹਿਨਣ ਸਬੰਧੀ ਹਦਾਇਤਾਂ ਦੀ ਪਾਲਣਾ ਕਰਵਾਈ ਗਈ। ਇਸ ਤੋਂ ਇਲਾਵਾ ਆੜ੍ਹਤੀਆਂ ਵਲੋਂ ਵੀ ਖਰੀਦ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਤਾਲਾਬੰਦੀ ਅਤੇ ਕਰਫਿਊ ਦੌਰਾਨ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰਨਾਂ ਰਾਜਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵਲੋਂ ਹੁਣ ਤੱਕ 1350 ਵਿਸ਼ੇਸ਼ ਰੇਲ ਗੱਡੀਆਂ ਰਾਹੀਂ 34 ਲੱਖ ਮੀਟ੍ਰਿਕ ਟਨ ਕਣਕ ਅਤੇ ਚੌਲ ਲੋਡ ਕੀਤੇ ਗਏ ਹਨ, ਜਿਸ ’ਚ 23.5 ਲੱਖ ਮੀਟ੍ਰਿਕ ਟਨ ਚਾਵਲ ਅਤੇ 10.5 ਲੱਖ ਮੀਟ੍ਰਿਕ ਟਨ ਕਣਕ ਭੇਜੀ ਗਈ ਹੈ।

ਇਸ ਕਾਰਜ 'ਚ ਵੀ ਵੱਡੀ ਗਿਣਤੀ ’ਚ ਸਰਕਾਰੀ ਅਧਿਕਾਰੀ ਅਤੇ ਕਰਮਚਾਰੀ ਤੋਂ ਇਲਾਵਾ ਵੱਡੀ ਗਿਣਤੀ ’ਚ ਪੱਲੇਦਾਰਾਂ ਸ਼ਾਮਲ ਸਨ, ਜਿਨ੍ਹਾਂ ਦੀ ਸਿਹਤ ਸੁਰੱਖਿਆ ਲਈ ਵੀ ਵਿਭਾਗ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ। ਜਿਸ ਕਾਰਨ ਇਸ ਕਾਰਜ ਦੌਰਾਨ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਗਈ ਜਿਸ ਸਦਕਾ ਇਸ ਕਾਰਜ ਦੌਰਾਨ ਵੀ ਕੋਰੋਨਾ ਫੈਲਣ ਦੀ ਕੋਈ ਘਟਨਾ ਨਹੀਂ ਵਾਪਰੀ। ਉਨ੍ਹਾਂ ਕਿਹਾ ਕਿ ਖਰੀਦੀ ਗਈ ਕਣਕ ਨੂੰ ਗੁਦਾਮਾਂ ’ਚ ਪਹੁੰਚਾਉਣ ਅਤੇ ਤਾਲਾਬੰਦੀ ਅਤੇ ਕਰਫਿਊ ਦੌਰਾਨ ਦੇਸ਼ ਦੀ ਖੁਰਾਕ ਸੁਰੱਖਿਆ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਹੋਰਨਾਂ ਰਾਜਾਂ ਦੀ ਸਹਾਇਤਾ ਲਈ ਪੰਜਾਬ ਸਰਕਾਰ ਵਲੋਂ ਅਨਾਜ ਭੇਜਣ ਲਈ ਵਰਤੋਂ ’ਚ ਲਿਆਂਦੀਆਂ ਗੱਡੀਆਂ ਨੂੰ ਵੀ ਸੈਨੇਟਾਈਜ ਕਰਨਾ ਯਕੀਨੀ ਬਣਾਇਆ ਗਿਆ ਸੀ। ਆਸ਼ੂ ਨੇ ਕਿਹਾ ਕਿ ਖੁਰਾਕ ਵਿਭਾਗ ਨੇ ਇਸ ਤੋਂ ਇਲਾਵਾ ਕਿਸਾਨਾਂ, ਆੜਤੀਆਂ ਅਤੇ ਸਰਕਾਰੀ ਮੁਲਾਜ਼ਮਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਕਣਕ ਦੀ ਖਰੀਦ ਦੌਰਾਨ ਅਤੇ ਸੂਬੇ ’ਚ ਅਨਾਜ ਦੀ ਵੰਡ ਮੌਕੇ ਈਪੋਸ ਮਸ਼ੀਨ ਦੀ ਵਰਤੋਂ ਤੇ ਰੋਕ ਲਗਾ ਦਿੱਤੀ ਗਈ ਸੀ ਤਾਂ ਜੋ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਿਆ ਜਾ ਸਕੇ।


Bharat Thapa

Content Editor

Related News