ਹੁਨਰ ਵਿਕਾਸ ਤੇ ਸਿਖਲਾਈ ਲਈ ਪੰਜਾਬ ਅਤੇ ਯੂ. ਕੇ. ਵਿਚਕਾਰ ਸਮਝੌਤਾ ਸਹੀਬੱਧ

06/30/2017 1:56:23 PM

ਚੰਡੀਗੜ੍ਹ (ਬਿਊਰੋ)-ਪੰਜਾਬ ਸਰਕਾਰ ਤੇ ਯੂ. ਕੇ. ਨੇ ਪੰਜਾਬ ਦੇ ਨੌਜਵਾਨਾਂ ਨੂੰ ਅੰਤਰਰਾਸ਼ਟਰੀ ਪੱਧਰ ਦੀ ਹੁਨਰ ਵਿਕਾਸ ਸਿਖਲਾਈ ਮੁਹੱਈਆ ਕਰਾਉਣ ਲਈ ਅੱਜ ਸਮਝੌਤਾ ਸਹੀਬੱਧ ਕੀਤਾ। ਯੂ. ਕੇ. ਵਲੋਂ ਬ੍ਰਿਟੇਸ਼ ਡਿਪਟੀ ਹਾਈ ਕਮਿਸ਼ਨਰ ਚੰਡੀਗੜ੍ਹ ਐਂਡਰਿਊ ਆਯਰ ਅਤੇ ਪੰਜਾਬ ਸਰਕਾਰ ਵਲੋਂ ਪੰਜਾਬ ਦੇ ਵਧੀਕ ਮੁੱਖ ਸਕੱਤਰ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਜੀ. ਵਜਰਾਲਿੰਗਮ ਨੇ ਤਕਨੀਕੀ ਸਿੱਖਿਆ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਸਮਝੌਤਾ ਸਹੀਬੱਧ ਕੀਤਾ। ਇਸ ਮੌਕੇ ਡਾ. ਸੰਦੀਪ ਸਿੰਘ ਕੌੜਾ, ਸਲਾਹਕਾਰ, ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ, ਪੰਜਾਬ ਵੀ ਹਾਜ਼ਰ ਸਨ। 
ਇਸ ਮੌਕੇ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵਿਦੇਸ਼ੀ ਰੋਜ਼ਗਾਰ ਲਈ ਪੰਜਾਬੀ ਨੌਜਵਾਨਾਂ ਨੂੰ ਮਿਆਰੀ ਹੁਨਰ ਸਿਖਲਾਈ ਦੇਣ ਲਈ ਪੰਜਾਬ ਵਿਚ ਅੰਤਰਰਾਸ਼ਟਰੀ ਹੁਨਰ ਸਿਖਲਾਈ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਤਕਨੀਕੀ ਸਿੱਖਿਆ ਮੰਤਰੀ ਨੇ ਕਿਹਾ ਕਿ ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨ ਚੰਡੀਗੜ੍ਹ ਨੇ ਵਿਭਾਗ, ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਅਤੇ ਯੂ. ਕੇ. ਦੇ ਹੁਨਰ ਪ੍ਰੋਵਾਈਡਰਜ਼ ਵਿਚਕਾਰ ਸੰਬੰਧਾਂ ਨੂੰ ਬਣਾਉਣ ਵਿਚ ਸੁਵਿਧਾਜਨਕ ਭੂਮਿਕਾ ਨਿਭਾਉਣ ਦਾ ਭਰੋਸਾ ਦਿੱਤਾ ਹੈ। ਚੰਨੀ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਯੂ. ਕੇ. ਵਿਚ ਤਕਨੀਕੀ ਸਿੱਖਿਆ ਅਤੇ ਹੁਨਰ ਵਿਕਾਸ ਕਾਲਜ ਸਥਾਪਿਤ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ, ਜਿਥੇ ਪੰਜਾਬੀ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ਦੇ ਅਧਿਆਪਕਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਸਬੰਧੀ ਯੂ. ਕੇ. ਅੰਬੈਸੀ ਦੇ ਨਾਲ ਸ਼ੁਰੂਆਤੀ ਗੱਲਬਾਤ ਚੱਲ ਰਹੀ ਹੈ ਅਤੇ ਪੰਜਾਬ ਤਕਨੀਕੀ ਸਿੱਖਿਆ ਵਿਭਾਗ ਨੂੰ ਯੂ. ਕੇ. ਦੇ ਪ੍ਰਤੀਨਿਧਾਂ ਵਲੋਂ ਸਾਕਾਰਾਤਮਕ ਹੁੰਗਾਰਾ ਮਿਲਿਆ ਹੈ। ਬ੍ਰਿਟਿਸ਼ ਡਿਪਟੀ ਹਾਈ ਕਮਿਸ਼ਨਰ ਟੌਨਡੀਅਰ ਐਂਡਰਿਊ ਨੇ ਇਸ ਮੌਕੇ ਕਿਹਾ ਕਿ ਸਕਿੱਲ ਡਿਵੈੱਲਪਮੈਂਟ ਦੇ ਖੇਤਰ ਵਿਚ ਪੰਜਾਬ ਸਰਕਾਰ ਨਾਲ ਇਸ ਕਿਸਮ ਦਾ ਪਹਿਲਾ ਸਮਝੌਤਾ ਹੋਇਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਪੰਜਾਬ ਦੀ ਨਵੀਂ ਸਰਕਾਰ ਨਾਲ ਮਜ਼ਬੂਤ ਭਾਈਵਾਲੀ ਬਣਾਉਣ ਦਾ ਪਹਿਲਾ ਪੜਾਅ ਹੈ, ਜੋ ਪੰਜਾਬ ਅਤੇ ਯੂ. ਕੇ. ਦੇ ਮਜ਼ਬੂਤ ਸੰਬੰਧਾਂ ਨੂੰ ਹੋਰ ਅੱਗੇ ਲਿਜਾਣ ਵਿਚ ਕਾਰਗਰ ਸਾਬਤ ਹੋਵੇਗਾ।


Related News