ਨਰਮੇ ਦੀ ਖੇਤੀ ਦੇ ਮਸ਼ੀਨੀਕਰਨ ਦਾ ਪਾਇਲਟ ਪ੍ਰੋਜੈਕਟ ਜ਼ਿਲਾ ਸ੍ਰੀ ਮੁਕਤਸਰ ਸਾਹਿਬ ''ਚ ਸ਼ੁਰੂ

11/22/2017 5:48:43 PM

ਸ੍ਰੀ ਮੁਕਤਸਰ ਸਾਹਿਬ (ਤਰਸੇਮ ਢੁੱਡੀ) - ਪੰਜਾਬ ਸਰਕਾਰ ਵਲੋਂ ਨਰਮੇ ਦੀ ਖੇਤੀ ਨੂੰ ਉਤਸ਼ਾਹਿਤ ਕਰਨ ਲਈ ਇਸਦੀ ਖੇਤੀ ਦੇ ਮਸ਼ੀਨੀਕਰਨ ਦਾ ਇਕ ਪ੍ਰੋਜੈਕਟ ਸੂਬੇ ਦੇ ਦੱਖਣੀ ਪੱਛਮੀ ਜ਼ਿਲਿਆਂ 'ਚ ਆਰੰਭਿਆ ਗਿਆ ਹੈ, ਜਿਸ ਤਹਿਤ ਅੱਜ ਜ਼ਿਲੇ ਦੇ ਪਿੰਡ ਬਾਂਮ 'ਚ ਮਸ਼ੀਨ ਨਾਲ ਨਰਮੇ ਦੀ ਚੁਗਾਈ ਕੀਤੀ ਗਈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਸੁਮੀਤ ਜਾਰੰਗਲ ਆਈ. ਏ. ਐੱਸ. ਨੇ ਕਿਹਾ ਕਿ ਸਰਕਾਰ ਦੀ ਕੋਸ਼ਿਸ਼ ਹੈ ਕਿ ਕਿਸਾਨਾਂ ਦੇ ਲਾਗਤ ਖਰਚੇ ਘੱਟਣ ਅਤੇ ਉਨ੍ਹਾਂ ਦੀ ਆਮਦਨ 'ਚ ਵਾਧਾ ਹੋਵੇ। ਉਨ੍ਹਾਂ ਦੱਸਿਆ ਕਿ ਸਰਕਾਰ ਨੇ ਤਿੰਨ ਨਰਮਾ ਚੁਗਾਈ ਮਸ਼ੀਨਾਂ ਦੀ ਖਰੀਦ ਕੀਤੀ ਹੈ ਤੇ ਇਸ ਤਕਨੀਕ ਨਾਲ ਨਰਮੇ ਦੀ ਬਿਜਾਈ ਕਰਨ ਲਈ ਸਬਸਿਡੀ ਤੇ ਬੀਜ ਉਪਲਬੱਧ ਕਰਵਾਇਆ ਜਾਂਦਾ ਹੈ। 
ਇਸ ਨਵੀਂ ਤਕਨੀਕ ਬਾਰੇ ਜ਼ਿਲਾ ਖੇਤੀਬਾੜੀ ਅਫ਼ਸਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਇਸ ਤਕਨੀਕ ਤਹਿਤ ਪ੍ਰਤੀ ਏਕੜ 3 ਕਿਲੋ ਬੀਜ ਪਾਇਆ ਜਾਂਦਾ ਹੈ ਤੇ ਪ੍ਰਤੀ ਏਕੜ ਪੌਦਿਆਂ ਦੀ ਗਿਣਤੀ 28000 ਤੋਂ 32000 ਤੱਕ ਹੁੰਦੀ ਹੈ ਜਦ ਕਿ ਪੁਰਾਣੀ ਤਕਨੀਕ ਤਹਿਤ ਪ੍ਰਤੀ ਏਕੜ 5000 ਪੌਦੇ ਹੀ ਹੁੰਦੇ ਸਨ। ਇਸ ਤਰ੍ਹਾਂ ਸੰਘਣੀ ਖੇਤੀ ਹੋਣ ਕਾਰਨ ਕਿਸਾਨ ਦਾ ਨਦੀਨਾਂ ਦੀ ਰੋਕਥਾਮ ਦਾ ਖਰਚਾ ਘੱਟ ਹੁੰਦਾ ਹੈ। ਫਸਲ ਦੇ ਵਾਧੇ ਵਾਲੇ ਸਮੇਂ ਦੌਰਾਨ ਫਸਲ ਦੀ ਉਚਾਈ ਨੂੰ ਨਿਯੰਤਰਨ ਹੇਠ ਰੱਖਣ ਲਈ ਦਵਾਈਆਂ ਦਾ ਛਿੜਕਾਅ ਕੀਤਾ ਜਾਂਦਾ ਹੈ ਅਤੇ ਪੌਦਿਆਂ ਦੀ ਉਚਾਈ ਸਾਢੇ 3 ਫੁੱਟ ਤੱਕ ਸੀਮਤ ਰੱਖੀ ਜਾਂਦੀ ਹੈ। ਪੌਦਿਆਂ ਦੀ ਉਚਾਈ ਘੱਟ ਹੋਣ ਕਾਰਨ ਇਸ ਤੇ ਕੀਟਨਾਸ਼ਕਾਂ ਦੀ ਹੋਣ ਵਾਲੀ ਸਪ੍ਰੇਅ ਵਧੇਰੇ ਪ੍ਰਭਾਵੀ ਤਰੀਕੇ ਨਾਲ ਪੌਦੇ ਦੇ ਸਾਰੇ ਹਿੱਸਿਆ ਤੱਕ ਹੁੰਦੀ ਹੈ ਅਤੇ ਇਸ ਨਾਲ ਪੌਦੇ ਦੀ ਕੀਟ ਸੁੱਰਖਿਆ 'ਤੇ ਵੀ ਲਾਗਤ ਖਰਚੇ ਘੱਟਦੇ ਹਨ।
ਇਸ ਪ੍ਰੋਜੈਕਟ ਨਾਲ ਜੁੜੇ ਸੁਖਦੇਵ ਸਿੰਘ ਬਰਾੜ ਨੇ ਦੱਸਿਆ ਕਿ ਫਸਲ ਦੇ ਪੱਕ ਜਾਣ 'ਤੇ ਇਸ ਦੇ ਪੱਤੇ ਝਾੜਨ ਲਈ ਲਈ ਇਕ ਸਪਰੇਅ ਕੀਤੀ ਜਾਂਦੀ ਹੈ, ਜਿਸ ਨਾਲ ਪੱਤੇ ਝੜ ਜਾਂਦੇ ਹਨ ਅਤੇ ਫਸਲ ਛੇਤੀ ਚੁਗਾਈ ਲਈ ਤਿਆਰ ਹੋ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਮਸ਼ੀਨ ਨਾਲ ਚੁਗਾਈ ਦਾ ਖਰਚ ਪ੍ਰਤੀ ਕਿਲੋ ਢਾਈ ਰੁਪਏ ਆਉਂਦਾ ਹੈ ਜਦ ਕਿ ਆਮ ਹੱਥ ਨਾਲ ਚੁਗਾਈ ਦਾ ਖਰਚ ਔਸਤ 5 ਤੋਂ 6 ਰੁਪਏ ਕਿਲੋ ਦਾ ਆਉਂਦਾ ਹੈ। ਉਨ੍ਹਾਂ ਅਨੁਸਾਰ ਇਸ ਤੋਂ ਬਾਅਦ ਮਲੋਟ ਵਿਖੇ ਸਰਕਾਰ ਵਲੋਂ ਸਥਾਪਿਤ ਪ੍ਰੀਕਲੀਨਰ ਨਾਲ ਚੁਗੇ ਗਏ ਨਰਮੇ ਦੀ ਸਫਾਈ ਕਰ ਲਈ ਜਾਂਦੀ ਹੈ।
ਕਿਸਾਨ ਲਾਲਜੀਤ ਸਿੰਘ ਦਾ ਕਹਿਣਾ ਹੈ ਕਿ ਇਸ ਤਕਨੀਕ ਨਾਲ ਚੁਗਿਆ ਗਿਆ ਨਰਮਾ ਅੰਤਰਰਾਸ਼ਟਰੀ ਪੱਧਰ ਦਾ ਹੁੰਦਾ ਹੈ। ਉਨ੍ਹਾਂ ਅਨੁਸਾਰ ਇਹ ਤਕਨੀਕ ਕਿਸਾਨਾਂ ਲਈ ਬਹੁਤ ਲਾਭਕਾਰੀ ਸਿੱਧ ਹੋ ਸਕਦੀ ਹੈ। ਇਸ ਤਕਨੀਕ ਨੂੰ ਲਗਾਤਾਰ ਲਾਗੂ ਕਰਨ ਨਾਲ ਇਹ ਤਕਨੀਕ ਕਿਸਾਨਾਂ 'ਚ ਲੋਕ ਪ੍ਰਿਆ ਹੋਵੇਗੀ ਅਤੇ ਇਸ ਨਾਲ ਕਿਸਾਨਾਂ ਦੇ ਲਾਗਤ ਖਰਚੇ ਘੱਟਣਗੇ ਅਤੇ ਝਾੜ ਵਧੇਗਾ ਕਿਉਂਕਿ ਪ੍ਰਤੀ ਏਕੜ ਪੌਦਿਆਂ ਦੀ ਗਿਣਤੀ ਵੱਧ ਹੋਣ ਕਾਰਨ ਝਾੜ ਵੱਧ ਹੁੰਦਾ ਹੈ। ਇਸ ਮੌਕੇ ਖੇਤੀਬਾੜੀ ਵਿਕਾਸ ਅਫ਼ਸਰ ਸੁਖਮੰਦਰ ਸਿੰਘ, ਜਗਤਾਰ ਸਿੰਘ, ਕਰਨਜੀਤ ਸਿੰਘ ਸਮੇਤ ਖੇਤੀ ਅਧਿਕਾਰੀ ਹਾਜ਼ਰ ਸਨ।


Related News