ਕਾਂਗਰਸ ਸਰਕਾਰ ’ਚ ਫੈਲੀ ਅਰਾਜਕਤਾ ਦੀ ਭਾਰੀ ਕੀਮਤ ਚੁਕਾ ਰਿਹੈ ਪੰਜਾਬ : ਚੁੱਘ

09/28/2021 9:23:57 PM

ਚੰਡੀਗੜ੍ਹ (ਬਿਊਰੋ)-ਭਾਜਪਾ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪੰਜਾਬ ਕਾਂਗਰਸ ਸੱਤਾ ਦੀ ਲੜਾਈ ਨਾਲ ਪੂਰੀ ਤਰ੍ਹਾਂ ਤਬਾਹ ਹੋ ਚੁੱਕੀ ਹੈ, ਜਿਸ ਕਾਰਨ ਸੂਬਾ ਸਰਕਾਰ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੰਗੂ ਹੈ। ਚੁੱਘ ਨੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੱਧੂ ਦੇ ਅਸਤੀਫੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਪੰਜਾਬ ਕਾਂਗਰਸ ਸਰਕਾਰ ’ਚ ਫੈਲੀ ਅਰਾਜਕਤਾ ਦੀ ਭਾਰੀ ਕੀਮਤ ਚੁਕਾ ਰਿਹਾ ਹੈ। ਚੁੱਘ ਨੇ ਪੰਜਾਬ ਨੂੰ ਸੰਕਟ ਦੇ ਕੰਢੇ ’ਤੇ ਲਿਆਉਣ ਲਈ ਏ. ਆਈ. ਸੀ. ਸੀ. ਹਾਈਕਮਾਂਡ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਵਾਡਰਾ ’ਤੇ ਚੁਟਕੀ ਲੈਂਦਿਆਂ ਕਿਹਾ, ‘‘ਮੰਤਰੀ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਆਪਣੇ ਦਫਤਰਾਂ ’ਚ ਨਹੀਂ ਆਏ, ਜਿਸ ਕਾਰਨ ਲੋਕ ਹਿੱਤ ਦੇ ਕੰਮ ਰੁਕੇ ਹੋਏ ਹਨ।’’
ਚੁੱਘ ਨੇ ਕਿਹਾ ਕਿ ਸਿੱਧੂ ਦਾ ਅਸਤੀਫਾ ਇਕ ਸਿਆਸੀ ਡਰਾਮਾ ਹੈ, ਸਿੱਧੂ ਦਬਾਅ ਬਣਾ ਕੇ ਦਲਿਤ ਮੁੱਖ ਮੰਤਰੀ ਦਾ ਅਪਮਾਨ ਕਰ ਰਹੇ ਹਨ। ਸਿੱਧੂ ਨਾਪ-ਤੋਲ ਕੇ ਵੀ ਦਲ-ਬਦਲੀ ਕਰ ਸਕਦੇ ਹਨ।

ਇਹ ਵੀ ਪੜ੍ਹੋ : ਪਰਗਟ ਸਿੰਘ ਦਾ ਵੱਡਾ ਬਿਆਨ, ਅਸਤੀਫ਼ਾ ਦਿੱਤੇ ਬਿਨਾਂ ਸਿੱਧੂ ਨੂੰ ਮਨਾਵਾਂਗਾ

ਉਨ੍ਹਾਂ ਕਿਹਾ ਕਿ ਕਈ ਦਿਨਾਂ ਤਕ ਕੈਪਟਨ ਅਮਰਿੰਦਰ ਸਿੰਘ ਦੇ ਉੱਤਰਾਧਿਕਾਰੀ ’ਤੇ ਕੋਈ ਫੈਸਲਾ ਨਹੀਂ ਹੋ ਸਕਿਆ ਅਤੇ ਬਾਅਦ ’ਚ ਕਾਂਗਰਸ ਹਾਈਕਮਾਂਡ ਨੇ ਕੈਬਨਿਟ ਮੰਤਰੀਆਂ ਅਤੇ ਉਨ੍ਹਾਂ ਦੇ ਵਿਭਾਗਾਂ ਬਾਰੇ ਫ਼ੈਸਲਾ ਕਰਨ ’ਚ ਇਕ ਹਫ਼ਤੇ ਦਾ ਲੰਬਾ ਸਮਾਂ ਲਾ ਦਿੱਤਾ। ਚੁੱਘ ਨੇ ਕਿਹਾ ਕਿ ਪੰਜਾਬ ਨੇ ਇਸ ਤੋਂ ਪਹਿਲਾਂ ਇਸ ਤਰ੍ਹਾਂ ਦਾ ਪ੍ਰਬੰਧਕੀ ਖਲਾਅ ਕਦੇ ਨਹੀਂ ਵੇਖਿਆ ਸੀ। ਉਨ੍ਹਾਂ ਨੇ ਪੰਜਾਬ ’ਚ ਸਿਆਸੀ ਕਾਲੇ ਦਿਨਾਂ ਦੀ ਸ਼ੁਰੂਆਤ ਕਰਨ ਲਈ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦੀ ਪੂਰੀ ਤਰ੍ਹਾਂ ਆਲੋਚਨਾ ਕੀਤੀ। ਚੁੱਘ ਨੇ ਕਿਹਾ, ‘‘ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ ਪੰਜਾਬ ਦੇ ਲੋਕ ਕਾਂਗਰਸ ਨੂੰ ਉਸ ਪਾਪ ਲਈ ਕਰਾਰੀ ਹਾਰ ਦੇਣਗੇ, ਜੋ ਉਸ ਨੇ ਰਾਜ ’ਚ ਪ੍ਰਸ਼ਾਸਨ ਅਤੇ ਸੱਤਾਧਾਰੀ ਪਾਰਟੀ ਨੂੰ ਵੱਖ-ਵੱਖ ਮਾਫੀਆ ਦੇ ਗੁਲਾਮ ਬਣਾ ਕੇ ਕੀਤਾ ਹੈ।’’

ਇਹ ਵੀ ਪੜ੍ਹੋ : ਪੰਜਾਬ ਕਾਂਗਰਸ ’ਚ ਘਮਾਸਾਨ ਦਰਮਿਆਨ CM ਚੰਨੀ ਨੇ ਕੱਲ ਸੱਦੀ ਕੈਬਨਿਟ ਮੀਟਿੰਗ

Manoj

This news is Content Editor Manoj