27 ਅਗਸਤ ਨੂੰ ਪੰਜਾਬ ਬੰਦ ਦੀ ਤਿਆਰੀ, ਜਾਣੋ ਕੀ ਹੈ ਪੂਰਾ ਮਾਮਲਾ
Wednesday, Aug 12, 2026 - 05:55 PM (IST)
ਅੰਮ੍ਰਿਤਸਰ (ਦਲਜੀਤ) : ਪੰਜਾਬ ਪੈਨਸ਼ਨਰਜ਼ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ 27 ਅਗਸਤ ਦੇ ਪੰਜਾਬ ਬੰਦ ਦੀ ਤਿਆਰੀ ਸਬੰਧੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਬਲਰਾਜ ਸਿੰਘ ਭੰਗੂ ਦੀ ਅਗਵਾਈ ਹੇਠ ਕੀਤੀ ਗਈ। ਮੀਟਿੰਗ ਵਿਚ ਮਜ਼ਦੂਰ, ਮੁਲਾਜ਼ਮ ਤੇ ਕਿਸਾਨ ਆਗੂ ਬਲਕਾਰ ਵਲਟੋਹਾ ਅਤੇ ਪੰਜਾਬ ਦੇ ਡਿਪਟੀ ਜਨਰਲ ਸਕੱਤਰ ਸਤਿਆਪਾਲ ਗੁਪਤਾ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਏ। ਮੀਟਿੰਗ ਦੌਰਾਨ ਪੈਨਸ਼ਨਰਾਂ ਨੇ ਪੰਜਾਬ ਸਰਕਾਰ ਵੱਲੋਂ ਪੈਨਸ਼ਨਰਾਂ ਦੇ ਮਸਲਿਆਂ ਸਬੰਧੀ ਕੀਤੇ ਜਾ ਰਹੇ ਕਥਿਤ ਪ੍ਰਚਾਰ ਅਤੇ ਹਾਈਕੋਰਟ ਵਿਚ ਪੇਸ਼ ਕੀਤੇ ਦਸਤਾਵੇਜ਼ਾਂ ’ਤੇ ਸਖ਼ਤ ਰੋਸ ਪ੍ਰਗਟਾਇਆ। ਆਗੂਆਂ ਨੇ ਕਿਹਾ ਕਿ ਮਹਿੰਗਾਈ ਭੱਤਾ ਪੈਨਸ਼ਨਰਾਂ ਦਾ ਹੱਕ ਹੈ ਅਤੇ ਇਸ ਸਬੰਧੀ ਸਰਕਾਰ ਨੂੰ ਆਪਣਾ ਰੁਖ਼ ਸਪੱਸ਼ਟ ਕਰਨਾ ਚਾਹੀਦਾ ਹੈ।
ਪੈਨਸ਼ਨਰ ਆਗੂਆਂ ਨੇ ਐਲਾਨ ਕੀਤਾ ਕਿ 27 ਅਗਸਤ ਨੂੰ ਪੰਜਾਬ ਮਹਾਂਬੰਦ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋ ਕੇ ਸਰਕਾਰ ਨੂੰ ਆਪਣੀ ਏਕਤਾ ਅਤੇ ਤਾਕਤ ਦਾ ਅਹਿਸਾਸ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਰਕਾਰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਲਵੇ। ਇਸ ਮੌਕੇ ਅਜਨਾਲਾ ਤਹਿਸੀਲ ਤੋਂ ਸੁਖਦੇਵ ਸਿੰਘ ਢਿੱਲੋਂ, ਪਰਮਜੀਤ ਸਿੰਘ ਨਿੱਝਰ, ਹਰਜੀਤ ਸਿੰਘ ਉਪਲ, ਬਲੌਰ ਸਿੰਘ ਅਤੇ ਰਣਜੀਤ ਸਿੰਘ ਸਮੇਤ ਹੋਰ ਆਗੂ ਹਾਜ਼ਰ ਹੋਏ। ਜਥੇਬੰਦੀ ਵਿਚ ਨਵੇਂ ਸ਼ਾਮਲ ਹੋਏ ਸੰਦੀਪ ਸਿੰਘ ਲੈਕਚਰਾਰ, ਕੁਲਦੀਪ ਕੁਮਾਰ ਅਧਿਆਪਕ, ਰਘਬੀਰ ਸਿੰਘ ਅਤੇ ਬਲਦੇਵ ਸਿੰਘ ਜਲ ਸਪਲਾਈ ਵਿਭਾਗ ਨੂੰ ਹਾਰ ਪਾ ਕੇ ਸਨਮਾਨਿਤ ਕੀਤਾ ਗਿਆ।
ਅੰਤ ਵਿਚ ਪੈਨਸ਼ਨਰਾਂ ਨੇ ਵਿੱਤ ਮੰਤਰੀ ਵੱਲੋਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਸਬੰਧੀ ਕੀਤੀ ਗਈ ਕਥਿਤ ਭੱਦੀ ਸ਼ਬਦਾਵਲੀ ਲਈ ਮੁਆਫ਼ੀ ਮੰਗਣ ਦੀ ਮੰਗ ਕੀਤੀ। ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ 2027 ਦੀਆਂ ਚੋਣਾਂ ਦੂਰ ਨਹੀਂ ਹਨ ਅਤੇ ਪੈਨਸ਼ਨਰ ਆਪਣੇ ਹੱਕਾਂ ਲਈ ਸੰਘਰਸ਼ ਜਾਰੀ ਰੱਖਣਗੇ। ਇਸ ਮੌਕੇ ਸਤਿੰਦਰ ਕੁਮਾਰ, ਰਾਮ ਮੂਰਤੀ, ਹੰਸ ਕੌਰ, ਬਲਦੇਵ ਰਾਜ, ਮਨਮੋਹਨ ਸਿੰਘ, ਅੰਚਲ ਕੁਮਾਰ, ਜਸਬੀਰ ਸਿੰਘ, ਗੁਰਦੇਵ ਸਿੰਘ, ਕੇਵਲ ਸਿੰਘ ਅਤੇ ਸਲਵਿੰਦਰ ਪਾਲ ਸਮੇਤ ਵੱਡੀ ਗਿਣਤੀ ਵਿਚ ਪੈਨਸ਼ਨਰ ਹਾਜ਼ਰ ਸਨ।
