ਪੰਜਾਬ ਵਾਸੀ ਧਿਆਨ ਦਿਓ! ਜਾਰੀ ਹੋਈ Advisory
Sunday, Dec 15, 2024 - 01:39 PM (IST)
ਪਟਿਆਲਾ/ਰੱਖੜਾ (ਰਾਣਾ)- ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਜੀ. ਡੀ. ਸਿੰਘ ਨੇ ਦੱਸਿਆ ਕਿ ਸਰਦੀਆਂ ਦੇ ਮੌਸਮ ਵਿਚ ਠੰਡ ਅਤੇ ਧੁੰਦ ਦੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਵਾਸਤੇ ਪਸ਼ੂਆਂ ਦੀ ਸੁਚੱਜੀ ਸਾਂਭ ਸੰਭਾਲ ਬਹੁਤ ਜ਼ਰੂਰੀ ਹੈ ਤਾਂ ਕਿ ਪਸ਼ੂਆਂ ਦੀ ਸਿਹਤ ਅਤੇ ਉਤਪਾਦਨ ਨੂੰ ਬਿਹਤਰ ਰੱਖਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਪਸ਼ੂ ਪਾਲਕ ਸ਼ੈੱਡਾਂ ਨੂੰ ਪਰਦੇ ਲਾ ਕੇ ਬੰਦ ਕਰਨ ਤਾਂ ਜੋ ਠੰਡੀਆਂ ਹਵਾ ਰੋਕੀ ਜਾ ਸਕੇ। ਪਰਦੇ ਬਨਾਉਣ ਲਈ ਤਰਪਾਲ, ਸੁੱਕਾ ਘਾਹ, ਪਰਾਲੀ ਜਾਂ ਬਾਂਸ ਆਦਿ ਵਰਤੇ ਜਾ ਸਕਦੇ ਹਨ। ਸ਼ੈੱਡਾਂ ਦੇ ਆਲੇ-ਦੁਆਲੇ ਖੜ੍ਹੇ ਰੁੱਖਾਂ ਨੂੰ ਛਾਂਗ ਦੇਣਾ ਚਾਹੀਦਾ ਹੈ ਤਾਂ ਕਿ ਧੁੱਪ ਸ਼ੈੱਡਾਂ ਜਾਂ ਢਾਰਿਆਂ ਦੇ ਅੰਦਰ ਤੱਕ ਪਹੁੰਚ ਸਕੇ। ਫਰਸ਼ ਨੂੰ ਵੀ ਸੁੱਕਾ ਰੱਖਣਾ ਚਾਹੀਦਾ ਹੈ ਤਾਂ ਜੋ ਪਸ਼ੂਆਂ ਨੂੰ ਠੰਢ ਲੱਗਣ ਤੋਂ ਬਚਾਇਆ ਜਾ ਸਕੇ।
ਇਹ ਖ਼ਬਰ ਵੀ ਪੜ੍ਹੋ - 4 ਦਿਨ ਬੰਦ ਰਹੇਗਾ ਇੰਟਰਨੈੱਟ, ਕਿਸਾਨ ਅੰਦੋਲਨ ਕਾਰਨ ਜਾਰੀ ਹੋਏ ਹੁਕਮ
ਉਨ੍ਹਾਂ ਦੱਸਿਆ ਕਿ ਠੰਡ ਨਾਲ ਪਸ਼ੂਆਂ ਨੂੰ ਬੁਖਾਰ, ਨਮੂਨੀਆ ਅਤੇ ਮੋਕ ਆਦਿ ਹੋ ਸਕਦੀ ਹੈ। ਫਰਸ਼ ਨੂੰ ਠੰਢਿਆਂ ਹੋਣ ਤੋਂ ਬਚਾਉਣ ਲਈ ਸੁੱਕਾ ਘਾਹ, ਪਰਾਲੀ, ਤੂਡ਼ੀ ਜਾਂ ਚੌਲਾਂ ਦੀ ਫੱਕ ਆਦਿ ਵਿਛਾਉਣੀ ਚਾਹੀਦੀ ਹੈ। ਪਸ਼ੂਆਂ ਦੇ ਸਰੀਰ ’ਤੇ ਝੁੱਲ ਵੀ ਪਾਏ ਜਾ ਸਕਦੇ ਹਨ, ਜਿਸ ਨਾਲ ਉਨ੍ਹਾਂ ਦੇ ਸਰੀਰ ਦੀ ਗਰਮੀ ਬਣੀ ਰਹੇਗੀ। ਸ਼ੈੱਡਾਂ ਨੂੰ ਦਿਨ ਵਿਚ ਦੋ ਵਾਰ ਸਾਫ ਕਰਨਾ ਚਾਹੀਦਾ ਹੈ ਤੇ ਪਾਣੀ, ਗੋਹੇ ਦੇ ਨਿਕਾਸੀ ਪ੍ਰਬੰਧ ਦਰੁਸਤ ਰੱਖਣੇ ਚਾਹੀਦੇ ਹਨ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਪਸ਼ੂਆਂ ਨੂੰ ਨਹਾਉਣ ਤੋਂ ਪ੍ਰਹੇਜ਼ ਕਰਦਿਆਂ ਸੁੱਕੇ ਕੱਪੜੇ ਜਾਂ ਪਰਾਲੀ ਨਾਲ ਸਫਾਈ ਕਰ ਦੇਣੀ ਚਾਹੀਦੀ ਹੈ। ਜੇਕਰ ਲੋੜ ਪਵੇ ਤਾਂ ਪਸ਼ੂ ਨੂੰ ਕੋਸੇ ਪਾਣੀ ਨਾਲ ਨਹਾਉਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਨੂੰ ਪੌਸ਼ਟਿਕ ਅਤੇ ਸੰਤੁਲਿਤ ਖੁਰਾਕ ਦੇਣੀ ਚਾਹੀਦੀ ਹੈ। ਇਸ ਮੌਸਮ ਵਿਚ ਬਰਸੀਮ ਦੇ ਪੱਠਿਆਂ ਦੀ ਕਾਫੀ ਬਹੁਤਾਤ ਹੁੰਦੀ ਹੈ ਅਤੇ ਇਸ ਵਿਚ ਪ੍ਰੋਟੀਨ ਅਤੇ ਪਾਣੀ ਦੀ ਕਾਫੀ ਮਾਤਰਾ ਮਿਲ ਜਾਂਦੀ ਹੈ। ਬਰਸੀਮ ਦੇ ਚਾਰੇ ਨੂੰ ਤੂੜੀ ਵਿਚ ਮਿਲਾ ਕੇ ਪਾਇਆ ਜਾਣਾ ਚਾਹੀਦਾ ਹੈ। ਦੁਧਾਰੂ ਪਸ਼ੂਆਂ ਲਈ ਇਹ ਬਹੁਤ ਫਾਇਦੇਮੰਦ ਹੁੰਦਾ ਹੈ। ਜੇਕਰ ਹਰੇ ਚਾਰਿਆਂ ਦੀ ਘਾਟ ਹੋਵੇ ਤਾਂ 25-30 ਕਿੱਲੋ ਫ਼ਲੀਦਾਰ ਚਾਰਿਆਂ ਵਿਚ 5 ਤੋਂ 10 ਕਿੱਲੋ ਤੂੜੀ ਮਿਲਾ ਕੇ ਪਸ਼ੂ ਨੂੰ ਦੇਣੀ ਚਾਹੀਦੀ ਹੈ।
ਉਨ੍ਹਾਂ ਦੱਸਿਆ ਕਿ 10 ਕਿੱਲੋ ਤੱਕ ਦੁੱਧ ਦੇਣ ਵਾਲੇ ਪਸ਼ੂ ਨੂੰ ਤਿੰਨ ਕਿੱਲੋ ਦਾਣਾ ਅਤੇ 40-50 ਕਿੱਲੋ ਚਾਰੇ ਦੀ ਲੋੜ ਹੁੰਦੀ ਹੈ। ਨਾਈਟ੍ਰੇਟ ਜ਼ਹਿਰਬਾਦ ਤੋਂ ਬਚਾਉਣ ਲਈ ਫ਼ਲੀਦਾਰ ਅਤੇ ਗੈਰ-ਫ਼ਲੀਦਾਰ ਚਾਰਿਆਂ ਨੂੰ ਤੂਡ਼ੀ ਨਾਲ ਮਿਲਾ ਕੇ ਹੀ ਪਸ਼ੂ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਇਲਾਵਾ ਸਰਦੀਆਂ ਵਿਚ ਕੁਲ ਖੁਰਾਕ ਦਾ ਦੋ ਪ੍ਰਤੀਸ਼ਤ ਧਾਤਾਂ ਦਾ ਚੂਰਾ ਅਤੇ ਇਕ ਪ੍ਰਤੀਸ਼ਤ ਲੂਣ ਵੀ ਪਸ਼ੂ ਨੂੰ ਦੇਣਾ ਜਰੂਰੀ ਹੈ। ਪਸ਼ੂ ਨੂੰ ਸਾਫ, ਤਾਜਾ ਅਤੇ ਕੋਸਾ (ਨਿਘਾ) ਪਾਣੀ ਮੁਹੱਈਆ ਕਰਨਾ ਚਾਹੀਦਾ ਹੈ।
ਇਹ ਖ਼ਬਰ ਵੀ ਪੜ੍ਹੋ - ਗੋਲਡੀ ਬਰਾੜ ਦੀ Zoom ਮੀਟਿੰਗ! ਦੇ ਦਿੱਤੀ ਵੱਡੀ ਧਮਕੀ
ਜੇਕਰ ਪਸ਼ੂਆਂ ਨੂੰ ਮਲ੍ਹੱਪ ਰਹਿਤ ਕੀਤੇ ਤਿੰਨੇ ਮਹੀਨੇ ਤੋਂ ਵੱਧ ਟਾਈਮ ਹੋ ਗਿਆ ਤਾਂ ਉਨ੍ਹਾਂ ਨੂੰ ਮਲ੍ਹੱਪ ਰਹਿਤ ਕੀਤਾ ਜਾਵੇ। ਪਸ਼ੂ ਨੂੰ ਮਲ੍ਹੱਪ ਰਹਿਤ ਕਰਨ ਦੀ ਦਵਾਈ ਇੱਕ ਵਾਰ ਦੇਣ ਤੋਂ ਬਾਅਦ 21 ਦਿਨ ਬਾਅਦ ਦੁਬਾਰਾ ਦੇਣੀ ਚਾਹੀਦੀ ਹੈ। ਚਿੱਚਡ਼ਾਂ ਤੋਂ ਬਚਾਉਣ ਲਈ ਸ਼ੈੱਡਾਂ ’ਚ ਚਿੱਚਡ਼ ਮਾਰ ਦਵਾਈ ਵਰਤਣੀ ਚਾਹੀਦੀ ਹੈ। ਸਮੂਹ ਪਸ਼ੂਆਂ ਨੂੰ ਮੂੰਹ ਖੁਰ ਅਤੇ ਗਲ ਘੋਟੂ ਦਾ ਟੀਕਾਕਰਨ ਕਰਾਉਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਦੱਸਿਆ ਕਿ ਵਧੇਰੇ ਜਾਣਕਾਰੀ ਲਈ ਨਜ਼ਦੀਕੀ ਪਸ਼ੂ ਸੰਸਥਾ, ਸੀਨੀਅਰ ਵੈਟਨਰੀ ਅਫਸਰ ਜਾਂ ਜ਼ਿਲਾ ਪੱਧਰ ’ਤੇ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8